More Punjabi Kahaniya  Posts
ਅੱਧੀ ਗੁੱਤ


ਸਾਡੀ ਮੁੱਢੋਂ ਹੀ ਇੱਕ ਆਦਤ ਬਣੀ ਹੋਈ ਹੈ ਕਿ ਅਸੀਂ ਵਕ਼ਤ ਨਾਲ ਸਿਰ ਜੋੜ ਲੜਨ ਤੋਂ ਪਹਿਲਾਂ ਹੀ ਹਾਰ ਕਬੂਲ ਕਰ ਲੈਂਣੇ ਆ, ਹਾਲਾਂ ਕਿ ਕੋਈ ਵੀ ਬੁਰਾ ਵਕਤ ਸਾਨੂੰ ਜਿੰਦਗੀ ਵਿੱਚ ਕੁਝ ਨਾ ਕੁਝ ਸਿਖਾਉਣ ਲਈ ਹੀ ਬੋਹੜਦਾ ਹੈ,
ਹੈਰਾਨ ਹੋ ਜਾਈਦਾ ਏ , ਅਸੀਂ ਜਿਹਨਾਂ ਨੂੰ ਵੇਖ ਜਿਉਣਾ ਸਿੱਖਣ ਦੀਆਂ ਆਸਾਂ ਲਾਏ ਬੈਠੇ ਹੋਈਏ,ਜਦ ਉਹ ਹੀ ਸਾਨੂੰ ਆ ਕੇ ਕਹਿਣ ਕੇ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ, ਪਤਾ ਨਹੀਂ ਇਹ ਦੁੱਖਾਂ, ਮੁਸੀਬਤਾਂ ਦੀ ਪੰਡ ਕਦ ਸਾਡੇ ਸਿਰ ਤੋਂ ਲੱਥਣੀ ਏ, ਬੜਾ ਅਸਚਰਜ ਹੋ ਜਾਈਦਾ ਇਹ ਸੁਣ ਕੇ, ਫੇਰ ਤੁਰੰਤ ਹੀ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਦੁਨੀਆਂ ਉੱਪਰ ਤੁਸੀਂ ਅੱਜ ਤੀਕ ਤੁਸੀਂ ਕੋਈ ਐਸਾ ਵਿਅਕਤੀ ਵੇਖਿਆ ਹੈ, ਜਿਸ ਨੂੰ ਜ਼ਿੰਦਗੀ ਵਿਚ ਕੋਈ ਵੀ ਮੁਸੀਬਤ ਜਾਂ ਦੁੱਖ ਤਕਲੀਫ਼ ਨਾ ਹੋਈ ਹੋਵੇ, ਜਵਾਬ ਤੁਹਾਡੇ ਸਾਹਮਣੇ ਹੈ, ਫੇਰ ਤੁਸੀਂ ਇਹ ਕਿਉਂ ਭੁੱਲ ਜਾਣੇ ਹੋ ਕਿ, ਆਪਾਂ ਵੀ ਤਾਂ ਇਸ ਦੁਨੀਆਂ ਦਾ ਹੀ ਹਿੱਸਾ ਹਾਂ,ਪਰ ਕੁਝ ਲੋਕ ਦੁਨੀਆਂ ਵਿੱਚ ਅਜਿਹੇ ਵੀ ਹੁੰਦੇ ਨੇ,ਜੋ ਇਹਨਾਂ ਲੋਕਾਂ ਲਈ ਮਿਸਾਲ ਬਣਦੇ ਨੇ,ਜੋ ਹਰ ਪਲ਼ ਤੋਂ ਕੁਝ ਨਾ ਕੁਝ ਸਿੱਖਣ ਦੀ ਤਾਂਘਣਾ ਰੱਖਦੇ ਨੇ,ਜੋ ਜ਼ਿੰਦਗੀ ਦੇ ਮੇਲੇ ਨੂੰ ਹੱਸ ਕੇ ਵੇਖਦੇ ਨੇ…
ਅਜਿਹੇ ਹੀ ਕੁਝ ਖਾਸ ਲੋਕਾਂ ਵਿਚੋਂ ਇੱਕ ਖਾਸ ਅੰਬਰੀਂ ਪਰਿੰਦਾ,ਉੱਡਦਾ ਉੱਡਦਾ ਮੇਰੇ ਖਿਆਲਾਂ ਦੇ ਬਨੇਰੇ ਤੇ ਆ ਬੈਠਾ, ਜਿਸ ਨੇ ਆਪਣੀ ਜ਼ਿੰਦਗੀ ਦੇ ਕੁਝ ਪਲ਼ ਮੇਰੇ ਨਾਲ ਸਾਂਝੇ ਕਰੇ,ਤੇ ਜਿਹਨਾਂ ਨੂੰ ਮੈਂ ਤੁਹਾਡੇ ਅੱਗੇ ਹੂਬਹੂ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ…
ਯਾਦ ਨਹੀਂ ਉਸ ਦਿਨ ਪੰਦਰਾਂ ਅਗਸਤ ਸੀ ਜਾਂ ਊੰ ਕੋਈ ਪ੍ਰੋਗਰਾਮ ਸੀ ਸਕੂਲ ਵਿੱਚ,ਮੈਂ ਇੱਕ ਔਰਤ ਦੀ ਜ਼ਿੰਦਗੀ ਤੇ ਭਾਸ਼ਣ ਦਿੱਤਾ,ਸਾਰੇ ਜਾਣੇ ਮੇਰਾ ਬੋਲਿਆ ਭਾਸ਼ਣ ਵੇਖ ਕੇ ਹੈਰਾਨ ਰਹਿ ਗਏ,ਐਨਾ ਸੋਹਣਾ ਤੇ ਐਨਾ ਡੂੰਘੇ ਖਿਆਲ ਨਾਲ ਤੇ ਐਨੇ ਸਲੀਕੇ ਨਾਲ ਪੇਸ਼ ਜੋ ਕੀਤਾ ਸੀ,ਉਸ ਦਿਨ ਸਕੂਲ ਦੇ ਪ੍ਰਿੰਸੀਪਲ ਵੱਲੋਂ ਦਿੱਤੀ ਮੈਨੂੰ ਉਹ ਮੇਰੀ ਆਖ਼ਰੀ ਟਰਾਫ਼ੀ ਹੋਵੇਗੀ, ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀ,ਪਰ ਸਿਆਣੇ ਕਹਿੰਦੇ ਹੁੰਦੇ ਨੇ ਨਾ, ਆਪਣੀ ਜ਼ਿੰਦਗੀ ਵਿਚ ਹੁੰਦਾ ਉਹੀ ਹੈ,ਜੋ ਕਿਸਮਤ ਨੂੰ ਕਬੂਲ ਹੋਵੇ, ਸ਼ਾਇਦ ਕਿਸਮਤ ਨੂੰ ਏਹੀ ਕਬੂਲ ਸੀ,।
ਜਦੋਂ ਛੁੱਟੀ ਹੋਣ ਦੀ ਘੰਟੀ ਵੱਜੀ, ਮੈਂ ਬੜੀ ਖੁਸ਼ ਸੀ, ਕਿ ਜੋ ਟਰਾਫ਼ੀ ਅੱਜ ਮੈਨੂੰ ਮਿਲੀ ਹੈ,ਉਹ ਘਰ ਜਾ ਕੇ ਮੈਂ ਸਾਰਿਆਂ ਨੂੰ ਵਿਖਾਵਾਂਗੀ, ਮੇਰੇ ਅੰਦਰ ਇਕ ਵੱਖਰਾ ਜਿਹਾ ਚਾਅ ਦਾ ਪੰਛੀ ਉੱਡ ਰਿਹਾ ਸੀ, ਮੇਰੇ ਅੰਦਰ ਬਹੁਤ ਹੀ ਜ਼ਿਆਦਾ ਖੁਸ਼ੀ ਸੀ,ਜੋ ਵੱਸ ਬੋਲ ਕੇ ਨਹੀਂ ਦੱਸੀ ਜਾ ਸਕਦੀ ਸੀ, ਪਰ ਜਦੋਂ ਮੈਂ ਘਰ ਗੲੀ ਤਾਂ ਵੇਖਿਆ ਕਿ ਸਾਡੇ ਘਰ ਮੇਰੇ ਵੱਡੇ ਤਾਇਆ ਜੀ ਦੀ ਕੁੜੀ ਤੇ ਉਸਦਾ ਘਰਵਾਲਾ ਆਏ ਹੋਏ ਸਨ,ਮੇਰੀ ਖੁਸ਼ੀ ਉਹਨਾਂ ਨੂੰ ਵੇਖਦੇ ਸਾਰ ਹੀ ਰੰਗ ਵਟਾ ਗਈ, ਕੲੀ ਵਾਰ ਏਦਾਂ ਹੀ ਹੁੰਦਾ,ਮਨ ਬਿਨਾਂ ਗੱਲੋਂ ਹੀ ਉਦਾਸ ਹੋ ਜਾਂਦਾ,ਬਸ ਉਹਨਾਂ ਨੂੰ ਵੇਖਦੇ ਸਾਰ ਵੀ ਕੁਝ ਏਦਾਂ ਦਾ ਹੀ ਹੋਇਆ, ਉਹ ਅੱਧੇ ਕੁ ਘੰਟੇ ਬਾਅਦ ਚੱਲੇ ਗੲੇ, ਮੈਂ ਸਕੂਲ ਵਾਲ਼ੀ ਵਰਦੀ ਬਦਲ ਕੇ ਸਕੂਲ ਦਾ ਦਿੱਤਾ ਲਿਖਤੀ ਕੰਮ ਪੂਰਾ ਕਰਨ ਲੱਗ ਪਈ, ਮੈਂ ਪੇਟੀਆਂ ਵਾਲ਼ੀ ਸਬਾਤ ਵਿਚ ਬੈਠੀ ਕੰਮ‌ ਕਰ ਰਹੀ ਸੀ,ਤੇ ਦੋਵੇਂ ਛੋਟੀਆਂ ਭੈਣਾਂ ਵੀ ਮੇਰੇ ਕੋਲ ਹੀ ਬੈਠੀਆਂ ਸੀ, ਤੇ ਵੀਰਾ ਘਰ ਆਉਂਦੇ ਸਾਰ ਹੀ ਬਸਤਾ ਸੁੱਟ ਬਾਹਰਾਂ ਨੂੰ ਦੋੜ ਗਿਆ ਸੀ,ਮੇਰੀ ਦਾਦੀ ਮੇਰੇ ਪਿਓ ਤੇ ਮੇਰੀ ਮਾਂ ਨੂੰ ਕੁਝ ਕਹਿ ਰਹੀ ਸੀ,ਜੋ ਮੈਨੂੰ ਹਲਕਾ ਜਿਹਾ ਸੁਣਿਆ… ਮੇਰੀ ਗੱਲ ਤੁਸੀਂ ਮੰਨਣੀ ਤਾਂ ਹੈ ਨਹੀਂ…ਪਰ ਕੁੜੀ ਦੀ ਉਮਰ ਹੈ ਵਿਆਹੁਣ ਵਾਲੀ… ਅੱਜ ਨਹੀਂ ਤੇ ਕੱਲ੍ਹ ਵਿਆਹੁਣਾ ਤਾਂ ਪਵੇਗਾ ਹੀ… ਨਾਲ਼ੇ ਅਗਲੇ ਮੰਗਦੇ ਨਹੀਂ ਹੈਗੇ ਡੱਕਾ… ਨਹੀਂ ਤਾਂ ਔਤਰਿਆਂ ਦੀ ਅੱਗ ਪੲੀ ਹੈ,ਮੇਰੀ ਮਾਂ ਨੇ ਕਿਹਾ… ਬੇਬੇ ਕੁੜੀ ਨੂੰ ਹਾਲੇ ਸੋਲ੍ਹਵਾਂ ਵਰ੍ਹਾ ਉੱਤਰਿਆ ਵੀ ਨਹੀਂ ਹੈ …ਦਾਦੀ ਨੇ ਗੁੱਸੇ ਵਿਚ ਕਿਹਾ…ਨਾ ਤੈਨੂੰ ਮੇਰੇ ਨਾਲੋਂ ਵੱਧ ਪਤਾ… ਮੈਂ ਆਵਦੀ ਅੱਧੀ ਉਮਰ ਏਹੀ ਕੁਝ ਕਰਦੀ ਨੇ ਕੱਢੀ ਹੈ, ਬਾਕੀ ਤੁਹਾਡੀ ਮਰਜ਼ੀ ਹੈ,ਪਰ ਜੇ ਇਹ ਰਿਸ਼ਤਾ ਨਹੀਂ ਕਰਨਾ ਤਾਂ ਮੈਨੂੰ ਅੱਡ ਕਰ ਕੇ ਬਠਾ ਦੇਵੋ, ਮੈਂ ਨੀਂ ਰਹਿ ਸਕਦੀ ਫੇਰ ਸੋਡੇ ਨਾਲ….ਮੇਰਾ ਭਾਪਾ ( ਪਿਤਾ ) ਬੋਲਿਆ… ਨਹੀਂ ਬੇਬੇ ਜੇ ਲੋਟ ਲੱਗਦਾ ਆਪਾਂ ਕਰ ਦੇਨੇਂ ਆਂ, ਨਾਲ਼ੇ ਤੈਨੂੰ ਤੇ ਪਤਾ ਹੀ ਆ ਸਭ…ਇਹ ਤਾਂ ਉਈਂ ਬੋਲੀ ਜਾਂਦੀ ਰਹਿੰਦੀ ਹੈ,
ਮੈਂ ਗੱਲ ਨੂੰ ਬੇਧਿਆਨੀ ਵਿਚ ਕਰਕੇ ਸਕੂਲ ਦੇ ਕੰਮ ਕਰਨ ਵਿਚ ਜੁਟ ਗਈ,ਮੇਰਾ ਬਾਪੂ ਸ਼ਾਮ ਨੂੰ ਰੋਟੀ ਖਾਣ ਤੋਂ ‌ਬਾਅਦ ਅੰਦਰਲੇ ਘਰ ਚਲਾ ਗਿਆ ਤੇ ਸਾਰੀ ਸਲਾਹਬਾੜੀ ਦੱਸ ਆਇਆ, ਉਦੋਂ ਮੋਬਾਇਲ ਫੋਨ ਤੇ ਘੱਟ ਹੀ ਹੁੰਦੇ ਸੀ,ਪਰ ਪਿੰਡਾਂ ਵਿਚ ਐੱਸ.ਟੀ.ਡੀ ਹੁੰਦੀ ਸੀ, ਭੈਣ ਦੇ ਘਰਵਾਲ਼ੇ ਨੇ ਆਪਣੇ ਪਿੰਡ ਫੋਨ ਕਰ ਦਿੱਤਾ… ਅਗਲੇ ਹੀ ਦਿਨ ਦਾ ਸ਼ਗਨ ਰੱਖ ਦਿੱਤਾ,
ਮੈਨੂੰ ਸਵੇਰੇ ਮੇਰੀ ਮਾਂ ਨੇ ਜਲਦੀ ਉਠਾ ਦਿੱਤਾ,ਉਹ ਮੈਨੂੰ ਪਹਿਲਾਂ ਵੀ ਜਲਦੀ ਹੀ ਉਠਾ ਦੇਂਦੀ ਸੀ, ਕਿਉਂਕਿ ਕਿ ਘਰ ਦਾ ਸਵੇਰੇ ਦਾ ਸਾਰਾ ਕੰਮ ਕਾਜ ਮੈਂ ਹੀ ਕਰਨਾ ਹੁੰਦਾ ਸੀ, ਮੈਂ ਸੁਵਖਤੇ ਹੀ ਹਰਰੋਜ਼ ਵਾਂਗ ਜਲਦੀ ਜਲਦੀ ਕੰਮ ਨਬੇੜ ਦਿੱਤਾ, ਸਾਢ਼ੇ ਸੱਤ ਵੱਜ ਗਏ ਸਨ, ਮੈਂ ਅਜੇ ਰੋਟੀਆਂ ਬਣਾ ਕੇ ਹਟੀ ਸੀ, ਦੋਵੇਂ ਭੈਣਾਂ ਤੇ ਵੀਰਾ ਤਾਂ ਸਕੂਲ ਚਲੇ ਵੀ ਗੲੇ ਸੀ,ਪਰ ਮੈਂ ਰੋਜ਼ ਵਾਂਗ ਲੇਟ ਹੀ ਸੀ, ਮੈਂ ਰੋਟੀਆਂ ਮਾਂ ਨੂੰ ਡੱਬੇ ਵਿੱਚ ਸਾਂਭਣ ਦਾ ਕਹਿ ਕੇ, ਨਹਾਉਣ ਲਈ ਚਲੀ ਗਈ, ਮੈਂ ਨਹਾ ਕੇ ਬਾਹਰ ਆ ਹੀ ਰਹੀ ਸੀ,ਕਿ ਉਹੀ ਮੇਰੇ ਤਾਏ ਦੀ ਕੁੜੀ ਮੇਰੀ ਦਾਦੀ ਕੋਲ ਬੈਠੀ ਸੀ ਤੇ ਮੈਨੂੰ ਵੇਖਦੀ ਸਾਰ ਹੀ ਬੈਠੀ ਬੈਠੀ ਭੱਜਣ ਵਾਲਿਆਂ ਵਾਂਗ ਤੁਰ ਪਈ ਤੇ ਕਹਿਣ ਲੱਗੀ ਕਿ ਬੇਬੇ ਮੈਂ ਜਾਣੀਂ ਆਂ, ਫੇਰ ਤਿਆਰੀ ਵੀ ਕਰਨੀ ਹੋਊ, ਮੈਂ ਦਾਦੀ ਨਾਲ ਬਿਨਾਂ ਬੋਲੇ ਸਾਹਮਣੇ ਆਲ਼ੇ ਵਿਚ ਪੲੇ ਕੰਘੇ ਨੂੰ ਚੁੱਕ ਕੇ ਆਪਣੇ ਵਾਲ ਵਾਹੁਣੇ ਸ਼ੁਰੂ ਕਰ ਦਿੱਤੇ, ਮੈਂ ਇੱਕ ਗੁੱਤ ਤਾਂ ਕਰ ਲਈ ਸੀ,ਪਰ ਦੂਜੀ ਗੁੱਤ ਅੱਧੀ ਰਹਿੰਦੀ ਸੀ,ਮੇਰੀ ਦਾਦੀ ਜੋ ਚਿਰਾਂ ਤੋਂ ਅੰਦਰੋਂ ਅੰਦਰੀ ਖਿੱਚੜੀ ਉਬਾਲ ਰਹੀ ਸੀ,ਉਹ ਬੋਲੀ…ਕੀ ਆ ਗੁੱਤਾਂ ਜੀਆਂ ਕਰੀ ਜਾਣੀਂ ਆ… ਘੰਟਾ ਹੋ ਗਿਆ… ਤੇਰੇ ਕੰਨੀਂ ਵੇਖੀ ਜਾਂਦੀ ਨੂੰ, ਤੇਰੇ ਆਏਂ ਨੀਂ…ਆ ਚੋਜ ਜੇ ਲੋਟ ਆਉਂਦੇ,ਤੈਨੂੰ ਨੱਥ ਪਾਉਣੀ ਪੈਣੀਂ ਆ, ਨਾਲ਼ੇ ਬਹੁਤੀਆਂ ਪੜ ਲਈਆਂ ਇਹ ਪੜਾਈਆਂ, ਹੁਣ ਹੋਰ ਨੀਂ ਪੈਸੇ ਹੈਗੇ ਸਾਡੇ ਕੋਲ… ਚੁੱਪ ਕਰਕੇ ਘਰ ਬੈਠ ਜਾ…ਜੇ ਅੱਜ ਤੋਂ ਬਾਅਦ ਗੲੀ ਨਾ ਸਕੂਲ ਸਕਾਲ ਜੇ ਵੇਖਲਾ… ਤੇਰੀਆਂ ਲੱਤਾਂ ਵੱਢਦੂਂ,
ਐਨੇ ਵਿਚ ਹੀ ਮੇਰੀ ਮਾਂ ਵਾਦੀ ਵਿਚੋਂ ਗੋਹੇ ਦਾ ਬੱਠਲ ਸੁੱਟ ਮੁੜ ਆਈ, ਉਸਨੂੰ ਵੇਖ ਮੇਰੀ ਦਾਦੀ ਤਾਂ ਬੇਸ਼ੱਕ ਚੁੱਪ ਹੋ ਗਈ,ਪਰ ਮੇਰੇ ਅੰਦਰ ਅੱਗ ਮੱਚ ਗਈ, ਮੈਂ ਲਗਾਤਾਰ ਦੋ ਘੰਟੇ ਰੋਈ ਗੲੀ, ਮੇਰੇ ਤਾਏ ਦੀ ਕੁੜੀ ਆਈ ਤੇ ਉਸਨੇ ਦੱਸਿਆ ਕਿ ਮੁੰਡੇ ਵਾਲੇ ਤੁਰ ਪੲੇ ਨੇ ਤੁਸੀਂ ਸਾਰੇ ਤਿਆਰ ਹੋ ਜਾਵੋ, ਮੈਂ ਕੁੜੀ ਨੂੰ ਤਿਆਰ ਕਰਦੀ ਆਂ,ਬਸ ਫੇਰ ਕੀ ਸੀ,ਪਤਾ ਉਦੋਂ ਹੀ ਲੱਗਿਆ ਜਦੋਂ ਇਹ ਕਾਪੀਆਂ ਪੈਨਸਿਲਾਂ ਵਾਲੇ ਹੱਥਾਂ ਵਿਚ ਸੱਸ ਨੇ,ਗੋਹੇ ਦੇ ਬੱਠਲ ਤੇ ਝਾੜੂ ਪੋਚਾ ਫੜਾ ਦਿੱਤਾ…ਮੇਰਾ ਸ਼ਗਨ ਤੋਂ ਹਫ਼ਤੇ ਬਾਅਦ ਹੀ ਵਿਆਹ ਕਰ ਦਿੱਤਾ ਗਿਆ,
ਬਾਪੂ ਨੇ ਘਰਦੀ ਸਾਰੀ ਜ਼ਮੀਨ ਗਹਿਣੇ ਧਰ ਦਿੱਤੀ,ਜੋ ਕਹਿੰਦੇ ਸੀ,ਤੇਰਾ ਡੱਕਾ ਖ਼ਰਚ ਨਹੀਂ ਹੋਣ ਦੇਦੇਂ, ਉਹਨਾਂ ਨੇ ਨੰਦਾਂ ਤੋਂ ਪਹਿਲਾਂ, ਤਿੰਨ ਛਾਪਾਂ ਤੇ ਮੁੰਡੇ ਨੂੰ ਘੜੀ ਤੇ ਗਲ਼ ਨੂੰ ਚੈਨੀ ਦੀ ਮੰਗ ਕਰ ਲੲੀ, ਇੱਜ਼ਤ ਦਾ ਸਵਾਲ ਸੀ, ਬਾਪੂ ਨੇ ਤੁਰਤ ਪੈਰ ਤਿੰਨੇ ਮੱਝਾਂ ਵੇਚ ਦਿੱਤੀਆਂ, ਬਾਪੂ ਦੇ ਸਿਰ ਤੇ ਭਾਰੀ ਕਰਜ਼ੇ ਦੀ‌ ਪੰਡ ਬਾਪੂ ਨੂੰ ਰਾਤਾਂ ਨੂੰ ਸੌਂਣ ਨਾ ਦੇਂਦੀ, ਤੇ ਮੈਨੂੰ ਮੇਰੀ ਦਾਦੀ ਦੇ ਬੋਲੇ ਬੋਲਾਂ ਦੀ ਵੱਜੀ ਸੱਟ, ਮੈਂ ਮੇਰੀ ਦਾਦੀ ਨੂੰ ਮੇਰੇ ਵਿਆਹ ਤੋਂ ਬਾਅਦ ਕਦੇ ਵੀ ਨਹੀਂ ਸੀ ਬੁਲਾਇਆ,ਉਹ ਮਰਨੀ ਮੁੱਕ ਗੲੀ, ਮੇਰੇ ਵਿਆਹ ਤੋਂ ਡੇਢ ਸਾਲ ਬਾਅਦ , ਮੇਰੀ ਕੁੱਖੋਂ ਇੱਕ ਮੇਰੀ ਪਿਆਰੀ ਬੇਟੀ ਅਬਨੀਤ ਨੇ ਜਨਮ ਲਿਆ , ਉਹ ਚਾਰ ਕੁ ਮਹੀਨਿਆਂ ਦੀ ਸੀ, ਜਦੋਂ ਮੇਰੀ ਦਾਦੀ ਮਰ ਮੁੱਕੀ,ਤੇ ਦੋ ਕੁ ਮਹੀਨਿਆਂ ਬਾਅਦ ਹੀ ਮੇਰੀ ਸੱਸ ਵੀ ਮੁੱਕ ਗਈ,ਅਬਨੀਤ ਦੇ ਆਉਣ ਨਾਲ ਮੇਰੇ ਸੁਭਾਅ ਵਿਚ ਬਹੁਤ ਜਿਆਦਾ ਬਦਲਾ ਆਇਆ,ਇਸਨੇ ਮੇਰੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ, ਮੇਰੇ ਜੀਵਨ ਸਾਥੀ ਨੇ ਮੇਰੇ ਪੜ੍ਹਾਈ ਦੇ ਬੂਟੇ ਨੂੰ ਮੁੜ ਤੋਂ ਪਾਣੀ ਦੇਣਾਂ ਸ਼ੁਰੂ ਕਰ ਦਿੱਤਾ, ਮੈਂ ਆਪਣੇ ਵਿਆਹ ਤੋਂ ਦੋ ਸਾਲ ਬਾਅਦ ਬਾਰਵੀਂ ਜਮਾਤ ਦੁਬਾਰਾ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨੂੰ ਪਾਸ ਕਰਨ ਵਿਚ ਮੈਂ ਪਹਿਲੀ ਵਾਰ ਵਿਚ ਹੀ ਸਫ਼ਲ ਹੋ ਗੲੀ,ਦੋ ਸਾਲਾਂ ਦੇ ਫਾਸਲੇ ਤੋਂ ਬਾਅਦ ਐਦਾਂ ਪੜ੍ਹਾਈ ਸ਼ੁਰੂ ਕਰਨ ਨਾਲ ਦਿੱਕਤ ਤਾਂ ਆਉਂਦੀ ਹੈ,ਪਰ ਮੇਰੀ ਕਿਸਮਤ ਨੇ ਮੇਰਾ ਪੂਰਾ ਸਾਥ ਦਿੱਤਾ, ਮੈਂ ਬਾਰਵੀਂ ਜਮਾਤ...

ਤੋਂ ਬਾਅਦ ਬੀ.ਐੱਡ ਤੇ ਉਸ ਤੋਂ ਬਾਅਦ ਐੱਮ.ਏ ਦੀ ਪੜਾਈ ਪੂਰੀ ਕਰ ਦਿੱਤੀ , ਮੇਰਾ ਬਚਪਨ ਤੋਂ ਹੀ ਇੱਕ ਸੁਪਨਾ ਸੀ ਕਿ ਮੈਂ ਇੱਕ ਲੇਖਕ ਬਣਾਂ, ਮੈਂ ਪੰਜਵੀਂ ਜਮਾਤ ਤੋਂ ਹੀ ਇਹ ਸੁਪਨਾ ਵੇਖਦੀ ਆ ਰਹੀ ਹਾਂ, ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਕਵਿਤਾ ਆਪਣੀ ਪੜਾਈ ਦੇ ਅੱਧ ਵਿਚਕਾਰ ਛੁੱਟ ਜਾਣ ਕਰਕੇ ਲਿਖੀ ਸੀ, ਕਿਉਂਕਿ ਮੈਨੂੰ ਅੱਜ ਵੀ ਯਾਦ ਹੈ,ਕਿ ਮੈਨੂੰ ਇਹ ਗੱਲ ਦਾ ਕੋਈ ਫ਼ਿਕਰ ਨਹੀਂ ਸੀ ਕਿ ਮੇਰੇ ਘਰਦਿਆਂ ਨੇ ਮੇਰਾ ਨਿੱਕੀ ਉਮਰੇ ਵਿਆਹ ਕਰ ਦਿੱਤਾ, ਸਗੋਂ ਮੈਨੂੰ ਇਸ ਗੱਲ ਦਾ ਦੁੱਖ ਸੀ ਕਿ ਮੇਰੀ ਪੜਾਈ ਅੱਧ ਵਿਚਕਾਰ ਰਹਿ ਗਈ… ਮੈਂ ਲਿਖਿਆ ਸੀ :-

ਜੋ ਸੱਧਰਾਂ ਦਿਲ ਵਿਚ ਬੁਣੀਆਂ ਸੀ,
ਅੱਜ ਉਲਝੀ ਉਹਨਾਂ ਦੀ ਤਾਣੀਂ ਏ…

ਡੁੱਲ੍ਹ ਕੇ ਹੰਝੂ ਗਲ਼ੀਆਂ ਭਰ‌ ਗੲੀਆਂ,
ਲੋਕੀਂ ਕਹਿੰਦੇ ਇਹ ਤਾਂ ਮੀਂਹ ਦਾ ਪਾਣੀ ਏ…

ਸੂਤ ਵੇਖਿਆ ਤਾਂ ਵੇਖਿਆ ਸਬਨੇ ਆਪਣਾ,
ਕਿਸੇ ਨਾ ਕਿਹਾ ਉਮਰ ਅਜੇ ਨਿਆਣੀ ਏ…

ਹੈ ਤੇ ਸਾਰੀ ਦੁਨੀਆਂ ਹੀ ਆਪਣੇ ਵਰਗੀ,
ਨਾ ਕੋਈ ਭੋਲਾ, ਨਾ ਬਹੁਤੀ ਮਰਜਾਣੀ ਏ…

ਇਹ ਸੱਚ ਹੈ,ਜੋ ਵੀ ਹੰਢਾਇਆ ਸਿਰਮੱਥੇ,
ਇਹ ਨਾ ਕੋਈ ਕਲਪਨਾ,ਨਾ ਕੋਈ ਕਹਾਣੀ ਏ…

ਜੋ ਉਸ ਵਕਤ ਤਾਂ ਇੱਕ ਕਾਗਜ਼ ਦੇ ਟੁਕੜੇ ਤੇ ਮਾਰੀ ਹੋਈ ਝਰੀਟ ਸੀ,ਪਰ ਅੱਜ ਲੋਕ ਇਸ ਨੂੰ ਕਵਿਤਾ ਆਖ ਪੁਕਾਰਦੇ ਨੇ, ਮੈਂ ਕੲੀ ਰਚਨਾਵਾਂ ਲਿਖੀਆਂ,ਜੋ ਅਖ਼ਬਾਰਾਂ ਵਿਚ ਛਪੀਆ ਤੇ ਛਿਪ ਰਹੀਆਂ ਨੇ, ਮੈਂ ਜਦ ਵੀ ਕੋਈ ਅਖ਼ਬਾਰ ਵਿਚ ਆਪਣੀ ਲੱਗੀ ਲਿਖਤ ਵੇਖਦੀ ਹਾਂ, ਤਾਂ ਮੇਰੀਆਂ ਅੱਖਾਂ ਵਿਚ ਆਪ ਮੁਹਾਰੇ ਹੰਝੂ ਗਿਰ ਪੈਂਦੇ ਨੇ,ਜੋ ਮੈਨੂੰ ਦੱਸਦੇ ਨੇ,ਕਿ ਵੇਖ ਅੱਖਾਂ ਦਾ ਪਾਣੀ ਅੱਜ ਵੀ ਉਹੀ ਹੈ… ਮੈਂ ਜਿਵੇਂ ਜਿਵੇਂ ਅਗਾਂਹ ਪੱਬ ਧਰੇ ,ਮੇਰੀ ਕਿਸਮਤ ਨੇ ਮੈਨੂੰ ਇੱਕ ਹੋਰ ਤੋਹਫ਼ਾ ਭੇਟ ਕਰ ਦਿੱਤਾ…

ਇੱਕ ਵਾਰ ਦੀ ਗੱਲ ਆ, ਮੈਨੂੰ ਬੀ.ਐੱਡ ਦੇ ਪੇਪਰ ਦੇਣ ਲਈ, ਮਹਾਰਾਸ਼ਟਰ ਵਿਚ ਜਾਣਾਂ ਪਿਆ,ਉਹ ਮੇਰਾ ਰੇਲ ਦਾ‌ ਪਹਿਲਾ ਸਫ਼ਰ ਸੀ,ਉਹ ਵੀ ਬਿਲਕੁਲ ਇੱਕਲੀ ਦਾ, ਇੱਕ ਤਾਂ ਸਾਂ ਵੀ ਕੁੜੀ ਤੇ ਉੱਪਰੋਂ ਪਹਿਲਾ ਸਫ਼ਰ, ਜਿੱਥੇ ਪਹਿਲਾਂ ਕਦੇ ਗੲੀ ਵੀ ਨਹੀਂ,ਉਹ ਦੋ ਦਿਨਾਂ ਦਾ ਸਫ਼ਰ ਮੈਨੂੰ ਜ਼ਿੰਦਗੀ ਭਰ ਲਈ ਯਾਦ ਰਹੇਗਾ, ਕਿਉਂਕਿ ਜਦ ਸਾਡੇ ਅੰਦਰ ਡਰ ਹੁੰਦਾ ਤਾਂ ਅਸੀਂ ਇਹੋ ਜਿਹੀ ਸੋਚ ਬਣਾ ਲੈਂਦੇ ਹਾਂ ਕਿ , ਸਾਨੂੰ ਆਪਣੇ ਪਰਛਾਵੇਂ ਤੋਂ ਵੀ ਡਰ ਲੱਗਣ ਲੱਗਦਾ ਹੈ, ਬਸ ਉਹ ਸਫ਼ਰ ਵੀ ਐਦਾਂ ਦਾ ਹੀ ਸੀ,ਪਰ ਉਸਨੇ ਮੈਨੂੰ ਕੲੀ ਵਿਛੜੇ ਦੋਸਤਾਂ ਨਾਲ ਮਿਲਾ ਦਿੱਤਾ, ਮੇਰੇ ਵਿਆਹ ਨੂੰ ਤਕਰੀਬਨ ਦੱਸ ਸਾਲ ਬੀਤ ਗੲੇ , ਤੇ ਇਹਨਾਂ ਦੱਸਾਂ ਸਾਲਾਂ ਤੋਂ ਮੈਂ ਲਿਖਦੀ ਆ ਰਹੀ ਹਾਂ, ਮੇਰੇ ਲਈ ਹਰ ਦਿਨ ਖੁਸ਼ੀਆਂ ਭਰਿਆ ਹੁੰਦਾ,ਹਰ ਰੋਜ਼ ਕੁਦਰਤ ਮੇਰੇ ਅੱਗੇ ਲਿਆ ਇੱਕ ਨਵਾਂ ਤੋਹਫ਼ਾ ਰੱਖ ਦੇਂਦੀ ਹੈ… ਮੈਂ ਕੁਝ ਲਿਖਿਆ…

ਮੁੱਠੀ ਵਿਚ ਭਰ ਲਿਆ ਸੀ, ਉਡਿਆ ਜੋ ਰੇਤਾ,
ਜਿੱਧਰ ਵੀ ਤੱਕਿਆ,ਸਾਨੂੰ ਆਇਆ ਤੇਰਾ ਚੇਤਾ,

ਪਿੰਡ ਵਾਲੇ ਰਾਹ ਉਤੇ, ਜਿਹੜੇ ਪੈਰਾਂ ਦੇ ਨਿਸ਼ਾਨ ਨੇ,
ਵਰ੍ਹੇ ਚਾਹੇ ਬੀਤ ਗੲੇ,ਪਰ ਉਹ ਅੱਜ ਵੀ ਜਵਾਨ ਨੇ,

ਤੁਹੀਂਓ ਦੱਸ ਕਿੱਥੇ ਆਵਾਂ ਸੁੱਟ,ਘੜੇ ਸਬਰਾਂ ਦੇ ਭਰਿਆ ਨੂੰ,
ਹੁਣ ਜਿੱਤ ਦਾ ਕ਼ਰਾਰ ਦੇਂਦੇ,ਇਹ ਲੋਕੀਂ ਲੇਖਾਂ ਹੱਥੋਂ ਹਰਿਆ,

ਮੈਂ ਅਕਸਰ ਸੋਚਦਾਂ ਹਾਂ, ਅਸੀਂ ਕੁਝ ਨਾ ਕੁਝ ਲਕੋ ਕਿ ਰੱਖਦੇ ਹਾਂ, ਜੋ ਕਿਸੇ ਨੂੰ ਵੀ ਨਹੀਂ ਦੱਸਦੇ, ਆਪਣੇ ਆਪ ਨੂੰ ਵੀ ਨਹੀਂ,
ਅਕਸਰ ਉਹ ਗੱਲਾਂ, ਸਾਡੇ ਦਿਮਾਗ ਦੇ ਪਿੰਜਰੇ ਵਿੱਚੋਂ‌ ਉੱਡ ਕੇ ਕਿਸੇ ਕਲਮ ਨਾਲ ਜਾ ਜੁੜਦੀਆਂ ਨੇ, ਸ਼ਾਇਦ ਤਾਹੀਂ ਸਾਨੂੰ ਇਹ ਲਿਖੀਆਂ ਹੋਈਆਂ ਰਚਨਾਵਾਂ ਸਾਰੀਆਂ ਆਪਣੀ ਜ਼ਿੰਦਗੀ ਵਰਗੀਆਂ ਲੱਗਦੀਆਂ ਨੇ,ਏਹੀ ਵਜਾਹ ਹੁੰਦੀ ਹੈ,ਕਿ ਹਰ ਗੱਲ ਸਾਡੇ ਦਿਲ ਨੂੰ ਟੁੰਬਦੀ ਹੈ…

ਅਕਸਰ ਏਦਾਂ ਹੁੰਦਾ ਹੈ,ਕਿ ਬੋਲਦੇ ਬੋਲਦੇ ਰੁੱਕ ਜਾਈਦਾ ਏ, ਆਪਣੇ ਆਪ ਨੂੰ ਪੁੱਛੀਦਾ ਏ , ਜੇ ਇਹ ਗੱਲ ਸੁਣਨ ਦੀ ਵਜਾਏ, ਲੋਕ ਪੜ੍ਹਨਗੇ ਤਾਂ,ਉਹ ਕਿਦਾਂ ਮਹਿਸੂਸ ਕਰਨਗੇ,ਸਭ ਇਹੀ ਤਾਘਣਾਂ ਅੱਗੇ ਤੋਂ ਅੱਗੇ ਲਿਖਣ ਲਈ ਪ੍ਰੇਰਿਤ ਕਰਦੀ ਆ…

ਜਿੰਨਾ ਅਸਲ ਜ਼ਿੰਦਗੀ ਨੂੰ ਬਿਆਨ ਕਰਨਾ ਹੈ, ਮੇਰੇ ਹਿਸਾਬ ਨਾਲ ਅੱਧੀ ਮੌਤ ਦੇ ਬਰਾਬਰ ਹੈ, ਅੱਜ ਤੀਕ ਬਹੁਤ ਅੱਖਾਂ ਸਾਹਮਣੇ ਇਹੋ ਜਿਹੇ ਹਾਸਦੇ ਹੋਏ ਨੇ, ਜੋ ਦਰਜਨਾਂ ਕਿਤਾਬਾਂ ਵਿਚ ਵੀ ਪੂਰੇ ਨਹੀਂ ਹੋਣੇ,ਜਦ ਵੀ ਕੁਝ ਅਜਿਹਾ ਸੁਣਿਆ ਤੇ ਅੱਖਾਂ ਨੂੰ ਝੁਕਣਾ ਪਿਆ, ਉਹ ਮੈਂ ਲਿਖਣ ਤੋਂ ਪਹਿਲਾਂ ਹੀ ਮਿਟਾ ਦਿੱਤਾ,ਬਾਕੀ ਇਹ ਕਹਾਵਤ ਵੀ ਸਹੀ ਹੈ… ਭਾਂਡੇ ਵਿਚੋਂ ਉਹੀ ਡੁੱਲ੍ਹਦਾ ਹੈ,ਜੋ ਉਸ ਦੇ ਅੰਦਰ ਹੈ…ਦਰਦ ਸ਼ਾਇਦ ਹਾਂ

ਦਿਨ ਐਤਵਾਰ ਸੀ,ਹੋਲੀ ਦਾ ਤਿਉਹਾਰ ਸੀ, ਅਗਲੇ ਦਿਨ ਹੀ, ਬਾਰਵੀਂ ਕਲਾਸ ਦਾ ਪੰਜਾਬੀ ਦਾ ਪੇਪਰ ਸੀ, ਸਾਰਾ ਦਿਨ ਲੰਘਾ ਦਿੱਤਾ ਸੀ,ਛੱਟਾ ਤੱਕ ਰੰਗ ਨਹੀਂ ਲੱਗਣ ਦਿੱਤਾ ਤੇ ਨਾ ਕਿਸੇ ਦੇ ਲਗਾਇਆ, ਪਰ ਸ਼ਾਮ ਛੇ ਕੁ ਵਜੇ ਦਾ ਸਮਾਂ ਸੀ, ਛੱਤ ਤੇ ਬੈਠਾ ਪੜ ਰਿਹਾ ਸੀ,ਵੱਡਾ ਭਰਾ ਆਇਆ, ਉਸਨੇ ਤਿਉਹਾਰ ਮਨਾਉਣ ਨੂੰ ਕਿਹਾ,ਪਰ‌ ਦਿਲ ਨੇ ਇਜਾਜ਼ਤ ਨਾ ਦਿੱਤੀ, ਉਸਨੇ ਜ਼ੋਰ ਪਾਇਆ ਅਖੀਰ ਨਾਂਹ ਨਾ ਕਰ ਸਕਿਆ, ਉਥੇ ਹੀ ਕਿਤਾਬਾਂ ਰੱਖ ਦਿੱਤੀਆਂ,ਛੱਤ ਉੱਪਰੋਂ ਕੰਧ ਲੰਘ ਦੂਸਰੇ ਘਰ ਦੀ ਛੱਤ ਤੇ ਚੱਲੇ ਗਏ,ਜੋ ਕਿ ਵੱਡੇ ਤਾਇਆ ਜੀ ਕਾ‌‌ ਘਰ ਸੀ,ਵੱਡੇ ਵੀਰ ਨੇ ਇੱਕ ਮੁੱਠੀ ਭਰ ਰੰਗ ‌ਮੇਰੀਆਂ‌ ਮੁੱਠੀਆਂ ਵਿਚ ਧਰ ਦਿੱਤਾ, ਅਸੀਂ ਹੌਲ਼ੀ ਹੌਲ਼ੀ ਪੌੜੀਆਂ ਉੱਤਰ ਗੲੇ, ਦੋਵੇਂ ਭਾਬੀਆਂ ਆਪਸ ਵਿੱਚ ਗੱਲੀਂ ਰੁੱਝੀਆਂ ਹੋਈਆਂ ਸਨ,ਤੇ ਨਾਲ ਹੀ ਇੱਕ ਗੁਆਂਢਣ ਭਾਬੀ ਸੀ, ਅਸੀਂ ਅਚਾਨਕ ਜਾ ਪੂਰੀ ਤਰ੍ਹਾਂ ਰੰਗ ਨਾਲ ਭਰ ਦਿੱਤਾ,ਸਾਰੇ ਲਿਫਾਫੇ ਖ਼ਾਲੀ ਕਰ‌ ਦਿੱਤੇ, ਸਿਰਫ਼ ਦੋ ਪਲ ਹੀ ਖੁਸ਼ੀ ਮਿਲੀ, ਅਜੇ ਗੇਟ ਵੱਲ ਨੂੰ ਜਾ ਹੀ ਰਹੇ ਸੀ,ਵੱਡੀ ਭਾਬੀ ਨੇ ਬੋਲਣਾ ਸ਼ੁਰੂ ਕਰ ਦਿੱਤਾ, ਮੈਂ ਵੱਡੇ ਭਰਾ ਵੱਲ ਵੇਖ ਰਿਹਾ ਸੀ,ਤੇ ਉਹ ਮੇਰੇ ਵੱਲ, ਮਾਂ ਭਾਬੀ ਦੀ ਆਵਾਜ਼ ਸੁਣ ਕੰਧ ਉੱਪਰ ਚੜ੍ਹ ਗੲੀ, ਮੈਂ ਤੇ ਭਰਾ ਦੋਵੇਂ ਗਲ਼ੀ ਵਿਚ ਜਾ ਖਲੋ ਗਏ,ਮਗਰ ਹੀ ਭਾਬੀ ਵੀ‌ ਗਲ਼ੀ ਵਿਚ ਚਲੀ ਗਈ, ਉਸਨੇ ਐਨਾ ਕੁ ਬੋਲਿਆ ਕਿ ਜਿੰਨਾ ਕੁ ਸਾਰੇ ਸਾਲ ਵਿਚ ਮੈਂ ਪੜਿਆ ਸੀ, ਅਖੀਰ ਸਾਰੀ ਗਲ਼ੀ ਦੇ ਆਂਢੀ ਗੁਆਂਢੀ ਸਾਰੇ ਆ ਗੲੇ, ਮੈਂ ਵੱਡੇ ਭਰਾ ਨਾਲ ਦੂਸਰੇ ਘਰ ਚਲਾ ਗਿਆ,ਜਾ ਕੇ ਸਾਰੀ ਵਾਰਤਾਲਾਪ ਵੱਡੀ ਤਾਈ ਨੂੰ ਦੱਸੀ, ਉਸਨੇ ਸਾਡੀ ਦੋਹਾਂ ਭਰਾਵਾਂ ਦੀ ਬਾਂਹ ਫੜ ਲਈ ਤੇ ਇੱਧਰ ਵਾਲੇ ਘਰ ਆ ਗੲੀ ਤੇ ਭਾਬੀ ਨੂੰ ਕਾਫ਼ੀ ਕੁਝ ਸੁਣਾਇਆ,ਪਰ ਉਹ ਕੁਝ ਨਾ ਬੋਲੀ,ਬੋਲੀ ਵੀ ਤਾਂ ਐਨਾ ਜ਼ਿਆਦਾ ਰੁੱਖਾ ਕਿ ਜਿਵੇਂ ਕੋਈ ਜਨਮਾਂ ਦਾ ਵੈਰ ਹੋਵੇ, ਮੇਰਾ ਇਹ ਵੇਖ ਅੱਖਾਂ ਚੋਂ ਪਾਣੀ ਉੱਤਰ ਆਇਆ ਕਿ‌ ਮੇਰੀ ਮੰਮੀ ਭਾਬੀ ਨਾਲ ਭਾਂਡੇ ਧਵਾ ਰਹੀ ਸੀ, ਕਿਉਂਕਿ ਉਸਨੇ ਇਹ ਕਹਿ ਦਿੱਤਾ ਕਿ ਇਹਨਾਂ ਨੇ ਭਾਂਡਿਆਂ ਉੱਪਰ ਰੰਗ ਪਾ ਦਿੱਤਾ…ਇਹ ਸੀ ਮੇਰੀ ਜਿੰਦਗੀ ਦੀ ਪਹਿਲੀ ਤੇ ਆਖਰੀ ਹੌਲ਼ੀ,ਜਿਹਨੇ ਮੇਰੇ ਸਿਰ ਤੇ ਅੱਧੀ ਗੁੱਤ ਕਰ ਦਿੱਤੀ, ਅੱਜ ਉਸ ਗੱਲ ਨੂੰ ਚਾਰ ਸਾਲ ਬੀਤ ਗਏ, ਮੈਂ ਅੱਜ ਤੀਕ ਭਾਬੀ ਨੂੰ ਬੁਲਾਉਣਾ ਤਾਂ ਦੂਰ ਕਦੇ ਘਰ ਵੀ ਨਹੀਂ ਗਿਆ…

ਮੈਂ ਆਪਣੇ ਪਿੰਡ ਉਦੋਂ ਪਹਿਲੀ ਵਾਰ ਕੁਝ ਲਿਖਣ ਦੀ ਸ਼ੁਰੂਆਤ ਕੀਤੀ ਸੀ, ਉਹ ਪਹਿਲਾ ਦਿਨ ਸੀ, ਜਦੋਂ ਮੈਂ ਕਿਸੇ ਦੇ ਦਿਲ ਬੋਲਾਂ ਕਰਕੇ ਆਪਣੇ ਅੱਖੀਂ ਪਾਣੀ ਲੈ ਆਇਆ ਸੀ, ਮੈਨੂੰ ਉਸ ਦਿਨ ਪਤਾ ਲੱਗਾ ਕਿ ਜਜ਼ਬਾਤ ਕੀ ਹੁੰਦੇ ਨੇ, ਮਹਿਸੂਸ ਕਰਨਾ ਕਿਸ ਨੂੰ ਕਹਿੰਦੇ ਨੇ…

ਕੁਝ ਐਦਾਂ ਦੇ ਬੋਲ,ਜੋ ਆਪਣਿਆਂ ਨੇ ਕਹੇ,
ਜਿਹਨਾਂ ਦੇ ਸਦਕਾ ਕਿੰਨੇ ਹੀ ਵਰਕੇ ਵਹੇ…

ਮੈਂ ਸਹੀ ਛੇ ਸੱਤ ਮਹੀਨੇ ਉਸ ਦਿਨ ਤੋਂ ਬਾਅਦ ਘਰ ਤੋਂ ਬਾਹਿਰ ਰਿਹਾ, ਮੇਰੀ ਉਸ ਦਿਨ ਤੋਂ ਖਾਮੋਸ਼ ਰਹਿਣਾ ਆਦਤ ਬਣ‌ ਗੲੀ ਸੀ…

ਚੁੱਪ ਕਹੇ ਤੂੰ ਬੋਲ,
ਤੂੰ ਕੁਝ ਬੋਲਦਾ ਕਿਉਂ ਨੲੀ…

ਮੈਂ ਹਰ ਗੱਲ ਸੁਣਾ ਦੇਣੀਂ ਆ
ਭਲਾਂ ਤੂੰ ਭੇਦ ਦਿਲਦਾ ਕੋਈ ਖੋਲਦਾ ਕਿਉਂ ਨੲੀ

ਜਿੰਦਗੀ ਨੇ ਮੈਨੂੰ ਜਿਨ੍ਹਾਂ ਕੁ ਵੀ ਸਿਖਾਇਆ ,ਮੈਂ ਉਹ ਕਦੇ ਵੀ ਹੁਣ ਆਪਣੇ ਕੋਲ ਨਹੀਂ ਰੱਖਿਆ,ਉਹ ਵਰਕੇ ਤੇ ਲਿਖ ਦੁਨੀਆਂ ਨੂੰ ਸੁਣਾ ਦਿੱਤਾ, ਤੇ ਮੈਂ ਹੈਰਾਨ ਰਿਹਾ,ਜੋ ਦੁਨੀਆਂ ਨੇ ਉਸਦੇ ਬਦਲੇ ਮੈਨੂੰ ਸੁਣਾਇਆ,ਉਸਨੇ ਮੈਨੂੰ ਪੱਥਰ ਹੋਣ‌ ਤੇ ਮਜਬੂਰ ਕਰ ਦਿੱਤਾ,ਪਰ ਇਹ ਪੱਥਰ ਤਰਾਸ਼ਦਾ ਤਰਾਸ਼ਦਾ ਇੱਕ ਦਿਨ ਕੋਈ ਮੂਰਤ ਹੈ, ਜ਼ਰੂਰ ਤੁਹਾਡੇ ਅੱਗੇ ਆਵੇਗਾ,ਇਹ ਕਹਾਣੀ ਵਿਚ ਖਾਸ ਦੋ ਗੱਲਾਂ ਸਾਂਝੀਆਂ ਕੀਤੀਆਂ,ਜੋ ਦੋਵੇਂ ਹੀ ਸੱਚੀਆਂ ਤੇ ਹਕੀਕਤੀ ਨੇ, ਏਥੇ ਕੁਝ ਨਹੀਂ ਪਤਾ ਲੱਗਦਾ ਕੌਣ ਕਦੋਂ ਆ ਜਾਵੇ ਤੇ ਕਦੋਂ ਚਲਾ ਜਾਵੇ, ਚੰਗਾ ਹੋਵੇਗਾ ਤੁਸੀਂ ਵੀ ਉਦਾਂ ਦੇ ਹੀ ਹੋ ਜਾਵੋ…।।

ਇਸ ਕਹਾਣੀ ਵਿਚ ਕਿਹੜੀਆਂ ਦੋ ਗੱਲਾਂ ਤੁਹਾਨੂੰ ਵਧੀਆ ਲੱਗੀਆਂ, ਸਾਨੂੰ ਜਰੂਰ ਦੱਸਣਾ ਜੀ ।

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

...
...



Related Posts

Leave a Reply

Your email address will not be published. Required fields are marked *

2 Comments on “ਅੱਧੀ ਗੁੱਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)