More Punjabi Kahaniya  Posts
ਨਾਮ ਸਿਮਰਨ


ਇੱਕ ਵੇਰਾਂ ਇੱਕ ਹੁੰਦੈ ਲੁਹਾਰ….ਤੇ ਇੱਕ ਓਹਦਾ ਨੌਜੁਆਨ ਸ਼ਾਗਿਰਦ…
ਲੁਹਾਰ ਨਿਤਨੇਮੀ ਬੰਦਾ ਸੀ…ਹਰ ਕੰਮ ਨੂੰ ਹੱਥ ਪਾਉਂਦਿਆਂ ਰੱਬ ਨੂੰ ਯਾਦ ਕਰਦਾ…ਹਰਦਮ ਖਿੜਿਆ ਰਹਿੰਦਾ…ਨਾਂ ਮੂੰਹ ਤੇ ਕੋਈ ਅਕੇਵਾਂ…ਨਾਂ ਜਿੰਦਗੀ ਤੋੰ ਕੋਈ ਸ਼ਿਕਵਾ…ਅੰਮ੍ਰਿਤ ਵੇਲੇ ਉਠਦਾ… ਕਮਾਈ ਵਿੱਚੋਂ ਦਸਵੰਧ ਕੱਢਦਾ….
ਇਸਦੇ ਉਲਟ ਸ਼ਾਗਿਰਦ ਜ਼ਰਾ ਬਾਗੀ ਤਬੀਅਤ ਦਾ ਮਾਲਕ ਸੀ… ਰਤਾ ਜਿੰਨਾ ਕੰਮ ਅੜ ਜਾਂਦਾ ਤਾਂ ਭਾਂਤ-ਭਾਂਤ ਦੇ ਖਿਆਲ ਆਉਂਦੇ…ਕਦੇ ਕਦਾਈਂ ਅੱਕ ਜਾਂਦਾ…
ਸੋਚਦਾ- “ਕੀ ਲੈਣਾ ਇਹੋਜੇ ਕੰਮ ਤੋਂ…ਕੋਈ ਹੋਰ ਕੰਮ ਲੱਭ ਲਵਾਂ …”
ਉਸਤਾਦ ਦੀ ਧਾਰਮਿਕ ਬਿਰਤੀ ਵੀ ਕਦੇ ਕਦਾਈਂ ਓਹਨੂੰ ਚੁਭ ਜਾਂਦੀ…. ਦੁਪਹਿਰ ਦੀ ਰੋਟੀ ਖਾਂਦੇ ਜਦ ਲੁਹਾਰ ਦੇ ਹੱਥ ਸ਼ੁਕਰਾਨੇ ਵਜੋਂ ਜੁੜਦੇ…ਤਾਂ ਅੰਦਰੇ ਅੰਦਰ ਉਸਤਾਦ ਨੂੰ ਹਜਾਰਾਂ ਸਵਾਲ ਕਰਦਾ…
ਆਖਿਰ ਇੱਕ ਦਿਨ ਓਹਦੇ ਸਬਰ ਦੇ ਬੰਨ ਨੇਂ ਜਵਾਬ ਦੇ ਦਿੱਤਾ…
ਤੇ ਉਹਦੀ ਜ਼ੁਬਾਨ ਆਪਣੇ ਉਸਤਾਦ ਮੂਹਰੇ ਖੁੱਲ ਹੀ ਗਈ…
ਕਿ- “ਸਾਡੇ ਘਰ ਤੋਂ ਤੀਜਾ ਘਰ ਛੱਡ ਗੁਰੂਦੁਆਰਾ ਐ…ਮੈਂ ਗੁਰੂ ਘਰ ਵਾਲੇ ਭਾਈ ਨੂੰ ਕਹਿੰਦੇ ਅਕਸਰ ਹੀ ਸੁਣਿਆ ਐ… ਕਿ ਨਾਮ-ਸਿਮਰਨ ਕਰਨ ਨਾਲ ਵੱਡੇ ਤੋਂ ਵੱਡੇ ਵਿਸ਼ੇ ਵਿਕਾਰ ਛੁੱਟ ਜਾਂਦੇ ਨੇਂ… ਮੈਨੂੰ ਸਮਝ ਨਹੀਂ ਆਉਂਦੀ…ਕਿ ਇਕੱਲੇ ਬੋਲਣ ਜਾਂ ਰੱਟ ਮਾਰਨ ਨਾਲ ਭੈੜੀ ਆਦਤ ਕਿਵੇਂ ਛੁੱਟ ਸਕਦੀ ਐ..? ਮੇਰਾ ਪਿਓ ਨਿੱਤ ਦਾ ਸ਼ਰਾਬੀ ਐ… ਮੇਰੀ ਮਾਂ ਨੂੰ ਕੁੱਟਦਾ ਐ… ਮੇਰੇ ਨਾਨਕੇ ਆ ਕੇ ਵੀਹ ਵਾਰਾਂ ਕੁੱਟ ਗਏ ਮੇਰੇ ਪਿਓ ਨੂੰ..ਪਰ ਓਹ ਨਹੀਂ ਸੁਧਰਿਆ….ਅਸੀਂ ਤਾਂ ਸਾਰਾ ਟੱਬਰ ਲੋਚਦੇ ਆਂ ਕਿ ਉਹ ਮਰੇ ਤਾਂ ਸੁਖਾਲੇ ਹੋਈਏ… ਹੁਣ ਤੁਸੀਂ ਦੱਸੋ…ਜਿਹੜਾ ਬੰਦਾ ਸਹੁਰਿਆਂ ਹੱਥੋਂ ਛਿੱਤਰ ਖਾ ਕੇ ਵੀ ਨਹੀਂ ਸੁਧਰਿਆ…ਉਹ ਨਾਮ ਸਿਮਰਨ ਦੇ ਚਾਰ ਅੱਖਰ ਪੜ੍ਹ ਕੇ ਕਿਵੇਂ ਸੁਧਰ ਜਾਊ…?”
ਉਸਤਾਦ ਨੇੰ ਉਸ ਵਕਤ ਕੁਝ ਸੋਚਿਆ… ਤੇ ਕੁਝ ਘੜੀਆਂ ਬਾਅਦ ਜਵਾਬ ਦਿੱਤਾ- “ਤੇਰੀ ਗੱਲ ਦਾ ਜਵਾਬ ਵਕਤ ਆਉਣ ਤੇ ਦੇਊਂਗਾ ਪੁੱਤਰਾ… ਪਰ ਸਬਰ ਰੱਖੀਂ…ਇਹ ਨਾਂ ਸੋਚੀਂ ਕਿ ਆਹ ਅਨਪੜ ਲੁਹਾਰ ਨੂੰ ਕੱਖ ਨਈਂ ਪਤਾ ਹੋਣਾ…ਐਂਵੇ ਟਾਲ ਗਿਆ…”
ਕਹਿ ਕੇ ਲੁਹਾਰ ਨੇਂ ਹਥੌੜਾ ਚੱਕਿਆ ਤੇ ਮੁੜ ਆਪਣੇ ਆਹਰੇ ਜਾ ਲੱਗਾ…
ਦਿਨ ਲੰਘੇ.. ਮਹੀਨੇ ਲੰਘੇ….ਅਖੀਰ ਇੱਕ ਸਾਲ ਲੰਘ ਗਿਆ…
ਓਧਰ ਸ਼ਾਗਿਰਦ ਦਾ ਸਬਰ ਵੀ ਹੁਣ ਜਵਾਬ ਦੇਣ ਲੱਗ ਗਿਆ..
ਅਚਾਨਕ…
ਲੁਹਾਰ ਦੇ ਦਰਵਾਜੇ ਇੱਕ ਜਿਮੀਦਾਰ ਆਇਆ…ਓਹਦੇ ਬਲਦ ਗੱਡੇ ਦਾ ਬੈਰਿੰਗ ਬਦਲਣਾ ਸੀ….ਪਰ ਬੈਰਿੰਗ ਦੀ ਪੁਰਾਣੀ ਕੋਣ ਇੰਝ ਫਸ ਗਈ ਜਿਵੇਂ ਮੋਟੀ ਉਂਗਲੀ ਚ ਭੀੜੀ ਛਾਪ ਫਸ ਜਾਂਦੀ ਐ…
ਮਸਲਾ ਸੀ…ਉਹ ਕੋਣ ਧੁਰੇ ਤੋਂ ਵੱਖ ਕਰਨੀ ਸੀ…
ਉਸਤਾਦ ਨੇਂ ਸ਼ਾਗਿਰਦ ਨੂੰ ਹੁਕਮ ਕੀਤਾ…
“ਏਧਰ ਆ….ਆਹ ਕੋਣ ਨੂੰ ਤੂੰ ਕੱਢ…ਪਰ ਰਤਾ ਅਰਾਮ ਨਾਲ…ਟੁੱਟਣ ਨਾ ਦੇਵੀਂ…
ਸ਼ਾਗਿਰਦ ਨੇਂ ਝਟਪਟ ਹਥੌੜਾ ਅਤੇ ਛੈਣੀ ਚੱਕ ਲਈ…ਕੋਣ ਦੇ ਅੰਦਰਲੇ ਪਾਸੇ ਛੈਣੀ ਲਾ ਕੇ ਬਥੇਰੀਆਂ ਸੱਟਾਂ ਮਾਰੀਆਂ…ਪਰ ਕੋਣ ਆਪਣੀ ਜਗਾਹ ਤੋਂ ਨਾਂ ਹਿੱਲੀ…
ਓਹਨੇ ਸੱਬਲ ਦੇ ਅੜਿਕੇ ਦਿੱਤੇ…ਪਾਣੀ ਪਾ ਕੇ ਬਾਹਰ ਵੱਲ ਨੂੰ ਸੱਟਾਂ ਮਾਰੀਆਂ…ਪਰ ਸਭ ਬੇ-ਅਰਥ…
ਆਖਿਰ ਉਹਨੇ ਹਥੌੜਾ ਰੱਖ ਦਿੱਤਾ…ਬੁਰੀ ਤਰਾਂ ਅੱਕ ਗਿਆ…ਓਹੀ ਭਾਂਤ-ਭਾਂਤ ਦੇ ਖਿਆਲ ਆਉਣ ਲੱਗੇ-
“ਕੀ ਲੈਣੈ ਇਹੋਜੇ ਕਿੱਤੇ ਤੋਂ… ਹਥੌੜੇਆਂ ਨਾਲ ਹੱਥ ਭਨਾ ਕੇ ਵੀ ਅਖੀਰ ਨਮੋਸ਼ੀ ਹੀ ਮਿਲੀ…ਏਨਾ ਘਟੀਆ ਕਿੱਤਾ…ਕਿ ਰਹੇ ਰੱਬ ਦਾ ਨਾਂਅ… ਏਦੂੰ ਚੰਗਾ ਕੋਈ ਕੰਮ ਹੀ ਹੋਰ ਲੱਭ ਲਵਾਂ..”
ਉਸਤਾਦ ਦੀਆਂ ਨਜ਼ਰਾਂ ਪਈਆਂ…. ਆ ਕੇ ਮੋਢੇ ਤੇ ਹੱਥ ਰੱਖਿਆ…
“ਜਾਹ ਪੁੱਤਰਾ..! ਪਾਣੀ ਪੀ…ਤੇ ਆ ਤੈਨੂੰ ਇੱਕ ਗੱਲ ਦੱਸਾਂ…
ਸ਼ਾਗਿਰਦ ਭੱਜਾ ਭੱਜਾ ਅੰਦਰ ਗਿਆ…ਪਾਣੀ ਪੀਤਾ ਤੇ ਆ ਉਸਤਾਦ ਦੇ ਸਿਰਹਾਣੇ ਖਲੋ ਗਿਆ…
“ਲੈ ਪੁੱਤਰ!…ਇੰਝ ਕਰ…ਜਿਵੇਂ ਦੀ ਇਹ ਗੋਲ ਗੋਲ ਕੋਣ ਐ ਨਾਂ… ਓਵੇਂ ਹੀ ਇਹਦੇ ਉੱਪਰ ਘੇਰੇ ਨਾਲ ਪੋਲੀ ਪੋਲੀ ਹਥੌੜੇ ਦੀ ਸੱਟ ਮਾਰਦਾ ਰਹਿ… ਯਾਦ ਰੱਖੀਂ…ਬਾਹਰ ਨੂੰ ਨਹੀਂ ਧੱਕਣੀ…ਬੱਸ ਮੂਲ ਤੇ ਟਿਕੀ ਰਹਿਣ ਦੇਵੀਂ…ਤੇ ਜੋ ਤੈਨੂੰ ਕਿਹਾ… ਉਹ ਕਰਦਾ ਰਹਿ…”
ਸ਼ਾਗਿਰਦ ਦੇ ਬਾਗੀ ਮਨ ਚ ਬਗਾਵਤ ਉੱਠੀ…. ਪਰ ਕੁਝ ਸੋਚ ਉਹ ਫੇਰ ਤੋਂ ਡਟ ਗਿਆ…
ਇਹ ਕੰਮ ਪਹਿਲਾਂ ਨਾਲੋਂ ਵੀ ਔਖਾ ਸੀ….
ਮਨ ਚ ਸਵਾਲ ਉਠੇ- “ਜਦ ਏਨੇ ਜ਼ੋਰਦਾਰ ਹਥੌੜੇ ਝੱਲ ਕੇ ਵੀ ਨਾਂ ਹਿੱਲੀ…ਤਾਂ ਆਹ ਪੋਲੀ ਪੋਲੀ ਟਕੋਰ ਨੇਂ ਕਿਹੜੇ ਰੰਗ ਲਾਉਣੇ ਆ..?”
ਅੱਜ ਫੇਰ ਤੋਂ ਉਸ ਸ਼ਾਗਿਰਦ ਨੂੰ ਲੱਗਿਆ ਕਿ ਉਸਤਾਦ ਟਾਲ-ਮਟੋਲ ਕਰ ਰਿਹਾ ਐ…. ਅੱਜ ਉਸਤਾਦ ਦੀ ਨੀਵੀਂ ਪੈ ਜਾਣੀ ਐ… ਹੁਣੇ ਉਸਤਾਦ...

ਹੱਥ ਖੜੇ ਕਰ ਦਵੇਗਾ…. ਚਲੋ ਆਪਾਂ ਹੁਕਮ-ਅਦੂਲੀ ਕਿਉਂ ਕਰਨੀ..?
ਇਹ ਸੋਚ ਉਹ ਡਟਿਆ ਰਿਹਾ…ਪੋਲੀ ਪੋਲੀ ਟਕੋਰ ਘੇਰੇ ਨਾਲ ਕੋਣ ਦੇ ਐਨ ਉੱਪਰ ਵੱਜਦੀ ਰਹੀ…
ਅਚਾਨਕ….
ਸ਼ਾਗਿਰਦ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ… ਉਹ ਹੈਰਾਨ ਹੋਇਆ ਕਦੇ ਕੋਣ ਵੱਲ ਦੇਖੇ…ਕਦੇ ਅੰਦਰ ਕੰਮ ਲੱਗੇ ਉਸਤਾਦ ਵੱਲ…
ਕੋਣ ਆਪਣੀ ਪਕੜ ਛੱਡ ਚੁੱਕੀ ਸੀ….ਥੋੜਾ ਜਿਹਾ ਘੁਮਾਇਆ…ਘੁੰਮ ਗਈ… ਤੇ ਸ਼ਾਗਿਰਦ ਨੇ ਪੋਲੀ ਪੋਲੀ ਠੋਕਰ ਮਾਰ ਖਿੱਚ ਕੇ ਕੋਣ ਧੁਰੇ ਨਾਲੋਂ ਜੁਦਾ ਕਰ ਦਿੱਤੀ….
ਹਥੌੜਾ ਰੱਖਿਆ….ਅੰਦਰ ਵੱਲ ਭੱਜਿਆ… ਮਨ ਅੰਦਰ ਜੇਤੂ ਭਾਵ…ਪਰ ਨਾਲ ਹੀ ਇੱਕ ਨਿੱਕੀ ਜਿਹੀ ਉਲਝਣ….
ਜੋ ਉਸਤਾਦ ਨੇਂ ਓਹਦੇ ਬੋਲਣ ਤੋਂ ਪਹਿਲਾਂ ਹੀ ਭਾਂਪ ਲਈ…
ਮੁਸਕਰਾਉਂਦੇ ਨੂਰਾਨੀ ਚੇਹਰੇ ਨੇਂ ਸ਼ਾਗਿਰਦ ਵੱਲ ਤੱਕਿਆ…
ਹੱਥ ਨਾਲ ਇਸ਼ਾਰਾ ਕੀਤਾ ਤੇ ਸ਼ਾਗਿਰਦ ਬੈਠ ਗਿਆ….
“ਸੁਣ ਪੁੱਤਰਾ… ਇਹ ਦੱਸ…ਜਿਹੜੇ ਮਸਲੇ ਕੁੱਟਣ ਨਾਲ ਹੱਲ ਨਾ ਹੋਣ…ਉਹ ਕਿੰਝ ਹੱਲ ਹੋ ਸਕਦੇ ਨੇਂ..?”
ਸ਼ਾਗਿਰਦ ਨੇ ਝੁਕੀਆਂ ਨਜਰਾਂ ਨਾਲ ਜਵਾਬ ਦਿੱਤਾ…
“ਉਸਤਾਦ ਜੀ…ਉਹ ਪਿਆਰ ਨਾਲ ਹੱਲ ਹੋ ਜਾਂਦੇ ਨੇਂ..”
ਉਸਤਾਦ ਨੇਂ ਫਰਮਾਇਆ…ਬਿਲਕੁਲ ਗਲਤ…ਭਲਾਂ ਜੇਕਰ ਕੋਣ ਨੂੰ ਤੈਂ ਪਲੋਸਿਆ ਹੁੰਦਾ…ਤਾਂ ਕਿੰਝ ਨਿਕਲਦੀ..?…
ਤੈਂ ਇਹਦੇ ਘੇਰੇ ਤੇ ਹਥੌੜੇ ਦੀ ਪੋਲੀ ਟਕੋਰ ਕੀਤੀ…ਕੋਣ ਦੇ ਅੰਦਰ ਤਰੰਗ ਯਾਨੀ ਧੁਨ ਪੈਦਾ ਹੋਈ…ਤੇ ਇਸੇ ਧੁਨ ਦੀ ਬਦੌਲਤ ਕੋਣ ਨੇਂ ਧੁਰੇ ਦੀ ਉਸ ਜੰਗਾਲ ਨੂੰ ਛੱਡ ਦਿੱਤਾ…ਜਿਹਨੇ ਓਹਨੂੰ ਕਾਬੂ ਕਰ ਰੱਖਿਆ ਸੀ…ਹੁਣ ਦੱਸ ਸੱਟ ਵੱਡੀ ਕਿ ਪੋਲੀ ਟਕੋਰ??”
ਸ਼ਾਗਿਰਦ ਬੜਾ ਹੈਰਾਨ ਹੋਇਆ…
“ਹਾਂ ਜੀ…ਬਿਲਕੁਲ..ਇਥੇ ਤਾਂ ਪੋਲੀ ਪੋਲੀ ਟਕੋਰ ਹੀ ਤਗੜੀ ਸੱਟ ਨਾਲੋਂ ਵੱਡੀ ਹੋ ਨਿੱਬੜੀ”
ਅੱਗੇ ਉਸਤਾਦ ਨੇ ਫਰਮਾਇਆ…
“ਪੁੱਤਰਾ ਤੇਰੇ ਉਸ ਸਵਾਲ ਦਾ ਜਵਾਬ ਤੈਨੂੰ ਮਿਲ ਚੁੱਕਾ ਐ… ਕੁੱਟਣ ਨਾਲ ਕਈ ਮਸਲੇ ਹੱਲ ਨਹੀਂ ਹੁੰਦੇ…ਪਰ ਧੁਨੀ ਜਾਂ ਤਰੰਗ ਹਰ ਮਸਲੇ ਦਾ ਹੱਲ ਐ….ਨਾਮ ਸਿਮਰਨ ਵਿੱਚ ਅਜਿਹੀਆਂ ਤਰੰਗਾਂ ਨੇਂ… ਜੋ ਹਰ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਤੋਂ ਮੁਕਤੀ ਦਿਵਾ ਸਕਦੀਆਂ ਨੇਂ… ਪਹਿਲੋ ਪਹਿਲ ਮਨ ਨਹੀਂ ਟਿਕੇਗਾ…ਸ਼ੰਕੇ ਖੜੇ ਹੋਣਗੇ…ਬਾਗੀ ਮਨ ਬਗਾਵਤ ਕਰੇਗਾ…ਜਿਵੇਂ ਹੁਣੇ ਤੈਨੂੰ ਲੱਗਿਆ ਸੀ…ਪਰ ਹੌਲੀ ਹੌਲੀ ਨਾਮ ਸਿਮਰਨ ਦੀਆਂ ਤਰੰਗਾਂ ਧੁਰ ਅੰਦਰ ਤੱਕ ਅਸਰ ਕਰ ਜਾਂਦੀਆਂ ਨੇਂ… ਗੁਰ ਕੇ ਬਚਨ ਸਮਝ ਪੈਣ ਲੱਗ ਜਾਂਦੇ ਨੇਂ….ਇਹ ਕਾਇਨਾਤ ਸੁਹਣੀ ਲੱਗਣ ਲੱਗ ਜਾਂਦੀ ਐ…ਮਨ ਸਥਿਰ ਹੋ ਤ੍ਰਿਸ਼ਨਾ ਮੁੱਕ ਜਾਂਦੀ ਐ…ਵਿਸ਼ੇ ਵਿਕਾਰ ਛੁੱਟ ਜਾਂਦੇ ਨੇਂ…..ਮੁਸੀਬਤਾਂ ਤੁੱਛ ਲੱਗਣ ਲੱਗ ਜਾਂਦੀਆਂ ਨੇਂ… ਬੱਸ ਲੋੜ ਹੈ..ਉਸ ਪ੍ਰਮਾਤਮਾਂ ਦੀ ਬੰਦਗੀ ਵਿੱਚ ਬੱਝਣ ਦੀ… ਜਿਵੇਂ ਕਿ ਤੂੰ ਸਹਿਜੇ ਸਹਿਜੇ ਮਨ ਮਾਰ ਕੇ ਮੇਰੇ ਹੁਕਮ ਮੁਤਾਬਿਕ ਉਹ ਕੀਤਾ ਜੋ ਤੈਨੂੰ ਵਿਅਰਥ ਜਿਹਾ ਲੱਗਦਾ ਸੀ…
ਇੰਝ ਹੀ ਜੇਕਰ ਗੁਰੂਆਂ ਦੁਆਰਾ ਦੱਸੇ ਮਾਰਗ ਤੇ ਸਹਿਜ ਸੰਜਮ ਨਾਲ ਚੱਲਦੇ ਰਹੀਏ… ਤਾਂ ਸਹਿਜੇ ਸਹਿਜੇ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਐ…..ਭਟਕਦਾ ਮਨ ਸ਼ਾਂਤ ਹੋ ਜਾਂਦਾ ਐ….ਮਾਲੂਮ ਪੈਣ ਲੱਗ ਜਾਂਦਾ ਐ ਕਿ ਜਿਸ ਨੂੰ ਤੈਂ ਮੁਸ਼ਕਿਲ ਸਮਝਦਾ ਰਿਹਾ ਉਹ ਅਸਲ ਚ ਮੁਸ਼ਕਿਲ ਹੈ ਹੀ ਨਹੀਂ ਸੀ… ਅਤੇ ਹੌਲੀ ਹੌਲੀ ਹਰ ਔਕੜ ਦਾ ਨਾਸ਼ ਹੋ ਜਾਂਦਾ ਐ…
ਸੋਚ ਕੇ ਦੇਖੀਂ ਕਦੇ… ਓਹੀ ਹਥੌੜਾ ਸੀ…ਜਿਹੜਾ ਸੱਟਾਂ ਮਾਰ ਮਾਰ ਕੇ ਨਿਮੋਝੂਣਾ ਹੋ ਚੁੱਕਿਆ ਸੀ….ਤੇ ਓਹੀ ਹਥੌੜਾ ਚਲਾਉਣ ਵਾਲਾ….ਯਾਨੀ ਤੂੰ….
ਤੇ ਦੂਜੀ ਵਾਰ ਵੀ ਉਹੀ ਹਥੌੜਾ…ਤੇ ਓਹੀ ਤੂੰ….
ਕੁਝ ਬਦਲਿਆ ਤਾਂ ਤਰੀਕਾ ਹੀ ਬਦਲਿਆ ਐ…
ਗੱਲ ਪੱਲੇ ਬੰਨ੍ਹ ਲਵੀਂ.. ਜਿਹੜਾ ਪਿਆਰ ਅਤੇ ਕੁੱਟ ਨਾਲ ਨਾ ਸਮਝੇ…ਓਹਨੂੰ ਤਰੰਗਾਂ ਵੱਲ ਮੋੜ…ਓਹਨੂੰ ਆਨੰਦ ਨਾਲ ਜੋੜ ਦੇਹ…ਸਚਮੁਚ ਹੀ ਉਹ ਆਨੰਦ ਦੀ ਭਾਲ ਵਿੱਚ ਐ ਜੋ ਕਿਸੇ ਨਸ਼ੇ ਚ ਗਲਤਾਨ ਐ… ਕਿਓਂ ਨਾਂ ਓਹਨੂੰ ਸਹਿਜ ਸੰਜਮ ਨਾਲ ਰੱਬੀ ਆਨੰਦ ਨਾਲ ਜੋੜ ਦੇਈਏ….ਨਾਮ ਸਿਮਰਨ ਦੁਆਰਾ….
ਜਦ ਇਹ ਤਰੰਗਾਂ ਆਪਣਾ ਪ੍ਰਭਾਵ ਪਾ ਦੇਣ ਤਾਂ ਬਾਕੀ ਪ੍ਰਭਾਵ ਫਿੱਕੇ ਪੈ ਜਾਂਦੇ ਨੇਂ…. ਆਪਣੇ ਬਾਪ ਨੂੰ ਵੀ ਇੰਝ ਹੀ ਵਿਸ਼ੇ ਵਿਕਾਰਾਂ ਵਿੱਚੋਂ ਕੱਢ ਲਵੀਂ… ਜਿਵੇਂ ਇਸ ਕੋਣ ਨੂੰ ਕੱਢਿਆ ਏ…”
ਕਹਿ ਕੇ ਉਸਤਾਦ ਨੇਂ ਮੁੜ ਆਪਣਾ ਹਥੌੜਾ ਚੱਕ ਲਿਆ…
ਤੇ ਸ਼ਾਗਿਰਦ ਦੇ ਦੋਹੇਂ ਹੱਥ ਆਪ ਮੁਹਾਰੇ ਸ਼ੁਕਰਾਨੇ ਵਜੋਂ ਉੱਪਰ ਵੱਲ ਨੂੰ ਉੱਠ ਗਏ…
✍ ਲਿਖਤ: ਗੈਰੀ ਢਿੱਲੋਂ

...
...



Related Posts

Leave a Reply

Your email address will not be published. Required fields are marked *

4 Comments on “ਨਾਮ ਸਿਮਰਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)