ਸਾਡੀ ਮੋਹਾਲੀ ਕੰਪਨੀ ਵਿੱਚ ਰਾਤ ਦੀ ਡਿਉਟੀ ਸੀ l ਉਦੋਂ ਮੋਬਾਈਲ ਅਜੇ ਨਵੇਂ -ਨਵੇਂ ਹੀ ਚੱਲੇ ਸਨ ਤੇ ਅਜੇ ਕਿਸੇ -ਕਿਸੇ ਕੋਲ ਹੀ ਸਨ l ਰਾਤ ਨੂੰ ਇੱਕ ਵਜੇ ਤੋਂ ਬਾਦ ਅੱਧਾ ਘੰਟਾ ਰੈਸਟ ਟਾਈਮ ਹੁੰਦਾ ਸੀ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਕੰਮ ਕਰਦੇ ਦੋ ਸਾਥੀ ਗੇਟ ਤੇ ਸਿਕੋਰਟੀ ਗਾਰਡ ਕੋਲ ਬੈਠ ਕੇ ਗੱਲਾਂ ਮਾਰ ਰਹੇ ਸੀ l ਇੱਧਰ ਸਾਨੂੰ ਮਜ਼ਾਕ ਸੁਝਿਆ ਤੇ ਅਸੀਂ ਦੂਰ ਖੜੇ ਉਹਨਾਂ ਆਪਣੇ ਸਾਥੀਆਂ ਨੂੰ ਮੋਬਾਈਲ ਤੇ ਕਾਲ ਕਰ ਦਿੰਦੇ ਤੇ ਜਦੋਂ ਉਹ ਮੋਬਾਈਲ ਚੁੱਕਦੇ, ਅਸੀਂ ਕਾਲ ਕੱਟ ਦਿੰਦੇ l ਥੋੜੀ -ਥੋੜੀ ਦੇਰ ਬਾਦ ਕਾਲ ਕਰ ਕੇ ਕੱਟ ਦਿੰਦੇ ਤੇ ਇਸ ਤਰਾਂ ਉਹ ਪੂਰੇ ਗੁਸੇ ਵਿੱਚ ਆ ਗਏ l
ਜਦੋਂ ਇੱਕ ਵਜੇ ਰੈਸਟ ਦਾ ਟਾਈਮ ਹੋ ਗਿਆ ਤਾਂ ਕੁਦਰਤੀ ਉਹਨਾਂ’ ਚੋਂ ਸਾਡੇ ਇੱਕ ਸਾਥੀ ਨੂੰ ਸਾਡੇ ਮੈਨੇਜਰ ਦਾ ਫੋਨ ਆ ਗਿਆ l ਉਸ ਨੇ ਸਮਝਿਆ ਕਿ ਇਹ ਵੀ ਸਾਡੇ ਅੰਦਰਲੇ ਸਾਥੀਆਂ ਦਾ ਕੰਮ ਹੈ l ਗੁਸੇ...
ਵਿੱਚ ਭਰੇ -ਪੀਤੇ ਤਾਂ ਉਹ ਪਹਿਲਾਂ ਹੀ ਸਨ l ਉਹਨਾਂ ਨੇ ਫੋਨ ਚੁੱਕ ਲਿਆ ਤੇ ਫੋਨ ਕਰਨ ਵਾਲੇ ਦੀ ਗੱਲ ਸੁਣੇ ਵਗੈਰ ਹੀ ਗਾਲਾਂ ਦਾ ਮੀਂਹ ਵਰਸਾ ਦਿੱਤਾ l ਹੈਰਾਨ -ਪ੍ਰੇਸ਼ਾਨ ਸਾਡੇ ਮੇਨੇਜ਼ਰ ਨੇ ਫੋਨ ਕੱਟ ਦਿੱਤਾ l
ਦੂਜੇ ਦਿਨ ਸਵੇਰੇ ਮੇਨੇਜ਼ਰ ਸਾਹਿਬ ਨੇ ਆਪਣੇ ਦਫਤਰ ਬੁਲਾ ਕੇ ਸਾਡੇ ਉਸ ਸਾਥੀ ਨੂੰ ਅਸਤੀਫ਼ਾ ਦੇਣ ਲਈ ਕਿਹਾ ਤੇ ਗਾਲਾਂ ਕੱਢਣ ਦਾ ਕਾਰਣ ਪੁੱਛਿਆ l ਤਾਂ ਉਸ ਨੇ ਸਾਰੀ ਕਹਾਣੀ ਮੇਨੇਜ਼ਰ ਸਾਹਿਬ ਨੂੰ ਦੱਸ ਕੇ ਮਾਫੀ ਮੰਗੀ l
—-ਤਰਸੇਮ ਸਹਿਗਲ