ਆਥਣ ਵੇਲੇ ਘਰੇ ਮੁੜਦਾ ਉਹ ਥੱਕਿਆ ਘੱਟ ਪਰ ਟੁੱਟਿਆ ਜਿਆਦਾ ਹੁੰਦਾ..!
ਦਿਨ ਭਰ ਦਰ-ਦਰ ਤੋਂ ਮਿਲੇ ਨੌਕਰੀ ਤੋਂ ਕਿੰਨੇ ਸਾਰੇ ਜੁਆਬ ਉਸਦੇ ਕੰਨਾਂ ਵਿਚ ਗੂੰਜਦੇ ਰਹਿੰਦੇ..!
ਗੁਸਲਖਾਨੇ ਦੀ ਝੀਥ ਥਾਣੀ ਦੂਰ ਮੰਜੇ ਤੇ ਲਾਹੀ ਪੇਂਟ ਦੇ ਬੋਝੇ ਫਰੋਲਦੀ ਮਾਂ ਨੂੰ ਵੇਖਦਾ ਤਾਂ ਹੋਰ ਜਿਆਦਾ ਟੁੱਟ ਜਾਂਦਾ..ਸੋਚਦਾ ਜਰੂਰ ਪੈਸਾ ਧੇਲਾ ਲੱਭਦੀ ਹੋਣੀ..!
ਓਧਰ ਪੁੱਤ ਦੇ ਸੁਭਾਹ ਤੋਂ ਵਾਕਿਫ ਉਹ ਉਸਦੇ ਬੋਝਿਆਂ ਵਿਚੋਂ ਸਲਫਾਸ ਦੀਆਂ ਪੂੜੀਆਂ ਲੱਭ ਰਹੀ ਹੁੰਦੀ..!
ਇਸੇ ਤਰਾਂ ਹੀ ਇੱਕ ਦਿਨ ਥੱਕੇ ਟੁੱਟੇ ਨੇ ਸ਼ਹਿਰੋਂ ਸਲਫਾਸ ਦੀਆਂ ਦੋ ਪੁੜੀਆਂ ਮੁੱਲ ਲੈ ਹੀ ਲਈਆਂ..ਜਿੰਦਗੀ ਮੌਤ ਦੀ ਕਸ਼ਮਕਸ਼ ਵਿਚ ਬੱਸ ਵੀ ਲੰਘ ਗਈ..ਟਾਂਗੇ ਤੇ ਪਿੰਡ ਆਉਂਦੇ ਨੂੰ ਵਾਹਵਾ ਹਨੇਰਾ ਹੋ ਗਿਆ..!
ਪੋਲੇ ਪੈਰੀ ਅੰਦਰ ਵੜਿਆ ਤਾਂ ਮਾਂ ਰੋਟੀ ਵਾਲੀ ਥਾਲੀ ਨੂੰ ਪੱਖੀ ਝੱਲਦੀ ਓਥੇ ਹੀ ਰੁੱਖ ਨੂੰ ਢੋ ਲਾ ਸੁੱਤੀ ਪਈ ਸੀ..!
ਕਿੰਨੀ ਦੇਰ ਕੋਲ ਬੈਠਾ ਉਸਦਾ ਮੂੰਹ ਵੇਖਦਾ ਰਿਹਾ..ਫੇਰ ਮੌਤ ਦੇ ਫਰਿਸ਼ਤੇ ਨੇ ਹਲੂਣਾ ਦਿੱਤਾ ਓਏ ਕੁਵੇਲਾ ਹੋਈ ਜਾਂਦਾ ਛੇਤੀ ਕਰ..!
ਛੇਤੀ ਨਾਲ ਗਲਾਸ ਵਿਚ ਪਾਣੀ ਭਰਿਆ ਤੇ ਦੱਬੇ ਪੈਰੀ ਅੰਦਰ ਜਾ ਵੜਿਆ..ਫੱਕਾ ਮਾਰਨ ਹੀ ਲੱਗਾ ਸੀ ਕੇ ਵਾ ਵਰੋਲੇ ਵਾਂਙ ਨੱਸੀ ਆਉਂਦੀ ਮਾਂ ਦਿਸ ਪਈ..!
ਓਹਲੇ ਜਿਹੇ ਨਾਲ ਮੁੱਠੀ ਮੀਚ ਲਈ..
ਆਉਂਦੀ ਨੇ ਉਸਨੂੰ ਕਲਾਵੇ ਵਿਚ ਲੈ ਲਿਆ..ਫੇਰ ਮੱਥਾ ਚੁੰਮ ਆਖਣ ਲੱਗੀ ਵੇ ਸ਼ਿੰਦਿਆ ਇਹ ਜਿੰਦਗੀ ਵਿਚ ਉਤਰਾਹ ਚੜਾਅ ਆਉਂਦੇ ਹੀ ਰਹਿੰਦੇ..ਦਿਲ ਤੇ ਨਾ ਲਾ ਲਵੀਂ..ਇੱਕ ਬਾਰ ਬੰਦ ਹੁੰਦਾ ਉਹ ਸੌ ਹੋਰ ਖੋਹਲ ਦਿੰਦਾ..ਹੋਂਸਲਾ ਨਾ ਹਾਰੀ..!
“ਹੋਂਸਲੇ” ਦੀ ਗੱਲ ਸੁਣ ਉਸਦਾ ਰੋਣ ਨਿੱਕਲ ਗਿਆ..
ਆਖਣ ਲੱਗਾ ਤੈਨੂੰ ਮੇਰੇ ਮਰੇ ਪਿਓ ਦੀ ਸ਼ਹੁੰ..ਜੇ ਏਨੀ ਗੱਲ ਸੀ ਤਾਂ ਫੇਰ ਸ਼ਹਿਰੋਂ ਆਏ ਦੇ ਰੋਜ ਰੋਜ ਬੋਝੇ ਕਿਓਂ ਫਰੋਲਦੀ ਹੁੰਦੀ ਸੈਂ..?
ਆਖਣ ਲੱਗੀ ਵੇ ਜਿਊਣ ਜੋਗਿਆ ਉਹ ਤੇ ਮੈਂ ਤੇਰੇ ਬੋਝਿਆ ਵਿਚੋਂ ਸਲਫਾਸ ਦੀਆਂ ਪੂੜੀਆਂ ਲੱਭਦੀ ਹੁੰਦੀ ਸਾਂ..ਅੱਜ ਤੈਨੂੰ ਉਡੀਕਦੀ ਦੀ ਚੁੱਲੇ ਅੱਗੇ ਅੱਖ ਲੱਗ ਗਈ..ਹੁਣੇ-ਹੁਣੇ ਸੁਫਨਾ ਆਇਆ ਤੂੰ ਪਾਣੀ ਵਿਚ ਡੁੱਬੀ ਜਾਂਦਾ ਵਾਜਾਂ ਮਾਰੀ ਜਾਂਦਾ..”ਮਾਂ ਮੈਨੂੰ ਬਚਾ ਲੈ”
ਬਸ ਅੱਖ ਖੁੱਲ ਗਈ ਤੇ ਨੱਸੀ ਆਈ..!
ਇਕ ਹੋਰ ਗੱਲ..ਹਰ ਰਾਤ ਸੌਣ ਲੱਗੀ ਤੇਰੀ ਪੱਗ ਦਾ ਸਿਰਹਾਣਾ ਨਹੀਂ ਸਗੋਂ ਇਹ ਤਸੱਲੀ ਕਰਦੀ ਹੁੰਦੀ ਸਾਂ ਕੇ ਕਿਧਰੇ ਅੱਧੀ...
ਰਾਤ ਪਿਓ ਵਾਂਙ ਇਸਦਾ ਫਾਹਾ ਬਣਾ ਕਿਸੇ ਰੁੱਖ ਨਾਲ ਹੀ ਨਾ ਲਮਕ ਗਿਆ ਹੋਵੇਂ..ਇੱਕ ਬੇਰੁਜਗਾਰ ਦੀ ਜਿੰਦਗੀ ਕੀ ਹੁੰਦੀ ਏ..ਮੈਥੋਂ ਵੱਧ ਕੌਣ ਜਾਣ ਸਕਦਾ..!
ਇਸਤੋਂ ਅੱਗੇ ਉਹ ਬੋਲ ਨਾ ਸਕੀ..!
ਉਸਨੇ ਵੀ ਅੱਥਰੂ ਪੂੰਝਦੇ ਹੋਏ ਨੇ ਬੰਦ ਮੁੱਠੀ ਖੋਲ ਦਿੱਤੀ ਤੇ ਆਖਣ ਲੱਗਾ ਬੇਬੇ ਆਹ ਲੈ ਫੜ ਜੋ ਮੇਰੇ ਬੋਝਿਆ ਵਿਚੋਂ ਲੱਭਦੀ ਹੁੰਦੀ ਸੈਂ..ਅੱਜ ਖੁਦ ਤੇਰੇ ਹਵਾਲੇ ਕਰਦਾ ਹਾਂ..!
ਮੁਆਫ ਕਰੀ ਮੈਥੋਂ ਵੱਡੀ ਗਲਤੀ ਹੋ ਚੱਲੀ ਸੀ..ਕੱਲ ਨਵੀ ਸੁਵੇਰ ਦੇ ਨਵੇਂ ਸੂਰਜ ਨਾਲ ਤੇਰਾ ਇਹ ਪੁੱਤ ਨਵਾਂ ਜਨਮ ਲੈ ਚੁੱਕਿਆ ਹੋਵੇਗਾ..!
ਅੱਧੀ ਰਾਤ ਤੱਕ ਦੋਵੇਂ ਕਿੰਨੀਆਂ ਗੱਲਾਂ ਮਾਰਦੇ ਰਹੇ..ਅਰਸੇ ਮਗਰੋਂ ਉਹ ਦੋਵੇਂ ਗੂੜੀ ਨੀਂਦਰ ਸੁੱਤੇ..!
ਨਾਂਹ ਪੱਖੀ ਮਾਹੌਲ ਵਿਚ ਘਿਰਿਆ ਹੋਇਆ ਅਜੋਕਾ ਇਨਸਾਨ ਅਕਸਰ ਹੀ ਜਿੰਦਗੀ ਦਾ ਔਖਾ ਪਰਚਾ ਅੱਧ ਵਿਚਕਾਰ ਛੱਡ ਦੌੜਨ ਬਾਰੇ ਸੋਚਣ ਲੱਗਦਾ ਏ..!
ਇਹੋ ਜਿਹੇ ਔਖੇ ਦੌਰ ਪਹਿਲੀ ਵੇਰ ਨਹੀਂ ਆਏ..
ਕਿਸੇ ਨਾ ਕਿਸੇ ਰੂਪ ਵਿਚ ਸਦੀਆਂ ਤੋਂ ਆਉਂਦੇ ਹੀ ਰਹੇ ਨੇ..ਡਰਾਉਂਦੇ ਰਹੇ..ਰਾਹਾਂ ਤੋਂ ਥਿੜਕਾਉਂਦੇ ਵੀ ਰਹੇ ਨੇ..!
ਪਰ ਦਸਮ ਪਿਤਾ ਨੇ ਹਿੱਕ ਡਾਹ ਕੇ ਡਟ ਜਾਣਾ ਸਿਖਾਇਆ..
ਬੋਤਾ ਸਿੰਘ ਗਰਜਾ ਸਿੰਘ ਵਾਂਙ..ਸੁੱਖਾ ਸਿੰਘ ਮਹਿਤਾਬ ਸਿੰਘ ਵਾਂਙ..ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਵਾਂਙ..ਜੇ ਫੇਰ ਵੀ ਕੋਈ ਸ਼ੱਕ ਬੇਯਕੀਨੀ ਹੈ ਤਾਂ 18ਵੀਂ ਸਦੀ ਦਾ ਇਤਿਹਾਸ ਪੜ ਕੇ ਵੇਖ ਲਵੋ..!
ਸੂਲਾਂ ਦੀ ਸੇਜ ਅਤੇ ਕੰਡਿਆਂ ਦੇ ਤਾਜ ਹੋਇਆ ਕਰਦੇ ਸਨ ਤਾਂ ਵੀ ਕੌਂਮ ਹਮੇਸ਼ਾਂ ਚੜ੍ਹਦੀ ਕਲਾ ਵਿਚ ਵਿੱਚਰਿਆ ਕਰਦੀ..!
ਖੁਦ ਨੂੰ ਅੱਗ ਲਾ ਲੈਣ ਨਾਲ,ਸਲਫਾਸ,ਟੈਂਕੀ,ਨਹਿਰ ਦੇ ਪੁਲ ਤੇ ਜਾਂ ਫੇਰ ਆਉਂਦੀ ਗੱਡੀ ਅੱਗੇ ਛਾਲ ਮਾਰ ਦੇਣ ਨਾਲ ਯੁੱਗ ਨਹੀਂ ਪਲਟਦੇ..!
ਯੁੱਗ ਪਲਟਦੇ ਨੇ ਸਿਸਟਮ ਅਤੇ ਹਾਲਾਤਾਂ ਨਾਲ ਮਰਦਾਂ ਵਾਂਙ ਲੜ ਕੇ ਅਗਲੇ ਨੂੰ ਆਪਣੀ ਹੋਂਦ ਦਾ ਇਹਸਾਸ ਕਰਵਾਉਣ ਨਾਲ..!
ਅਖੀਰ ਵਿਚ..
ਇਸ ਜਹਾਨ ਵਿਚ ਹਰ ਥਾਂ ਵਿੱਚਰਨਾ ਸ਼ਾਇਦ ਰੱਬ ਦੇ ਵੀ ਵੱਸ ਵਿਚ ਨਹੀਂ ਸੀ..ਇਸੇ ਲਈ ਹੀ ਉਸ ਨੂੰ ਇੱਕ “ਮਾਂ” ਦੀ ਸਿਰਜਣਾ ਕਰਨੀ ਪਈ!
ਹਰਪ੍ਰੀਤ ਸਿੰਘ ਜਵੰਦਾ