ਬਖਸ਼ਿਸ਼ (ਭਾਗ-ਤੀਜਾ)
ਦਿਨ ਕਦੋਂ ਹਫਤਿਆਂ ਅਤੇ ਫਿਰ ਮਹੀਨਿਆਂ ਵਿੱਚ ਬਦਲਣ ਲੱਗੇ ਪਤਾ ਹੀ ਨਾ ਲੱਗਾ। ਉਹ ਬਦਲਣ ਲੱਗ ਪਿਆ ਸੀ। ਬਾਹਰ ਜਾਣਾ ਬਹੁਤ ਘੱਟ ਗਿਆ ਸੀ। ਖੁਸ਼ ਰਹਿੰਦਾ ਸੀ, ਘਰ ਵਿੱਚ ਖੁਸ਼ੀਆਂ ਪਰਤ ਰਹੀਆਂ ਸਨ। ਮਾਂ ਕਈ ਵਾਰ ਸੋਚਦੀ ਕਿ ਹੁਣ ਇਸ ਬੱਚੀ ਨੂੰ ਉਹ ਜਾਂ ਤਾਂ ਕਿਸੇ ਲੋੜਵੰਦ ਨੂੰ ਦੇ ਦੇਣ ਜਾਂ ਫਿਰ ਕਿਸੇ ਅਨਾਥ ਆਸ਼ਰਮ। ਪਰ ਉਸਨੂੰ ਇਹ ਵੀ ਪਤਾ ਸੀ ਕਿ ਇਹ ਚੰਗੇ ਦਿਨ ਇਸਦੀਆਂ ਕਿਲਕਾਰੀਆਂ ਦੀ ਬਦੌਲਤ ਹੀ ਹਨ, ਇਸਲਈ ਚੁੱਪ ਵੱਟ ਜਾਂਦੀ, ਉਂਜ ਭਵਾਂ ਲੋਕਾਚਾਰੀ ਵਿੱਚ ਇਹ ਵੀ ਸਮਝਦੀ ਕਿ ਇਹਨਾਂ ਰਿਸ਼ਤਿਆਂ ਦਾ ਕੱਲ ਕੀ ਹੈ।
ਸਾਲ ਕੁ ਬੀਤਣ ਤੇ ਉਹ ਖਰਾ ਸੋਨਾ ਬਣ ਚੁੱਕਾ ਸੀ। ਮਾਂ-ਬਾਪ ਦੋਵਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਬਾਖੂਬ ਨਿਭਾ ਰਿਹਾ ਸੀ। ਉਸਨੇ ਆਪਣੀ ਛੱਡੀ ਪੜ੍ਹਾਈ ਵੀ ਮੁੜ ਸ਼ੁਰੂ ਕਰ ਲਈ ਸੀ। ਮਾਂ ਤੇ ਬਾਕੀ ਪਿੰਡ ਵਾਲਿਆਂ ਨੇ ਵੀ ਕੁੜੀ ਨੂੰ ਆਪਣੀ ਸਮਝ ਲਿਆ ਸੀ। ਸਾਰੇ ਉਸਨੂੰ ਬਖਸ਼ਿਸ਼ ਕਹਿ ਕੇ ਸੱਦਦੇ ਸਨ। ਇੰਜ ਦੋ ਸਾਲ ਅੱਖ ਦੇ ਫੋਰ ਨਾਲ ਹੀ ਬੀਤ ਗਏ। ਬਖਸ਼ਿਸ਼ ਉਸਨੂੰ “ਪਾਪਾ ਪਾਪਾ” ਕਹਿ ਅੱਗੇ ਪਿੱਛੇ ਭੱਜਦੀ ਰਹਿੰਦੀ। ਉਹ ਮਨ ਲਾ ਖੇਤੀਬਾੜੀ ਕਰਦਾ, ਬਖਸ਼ਿਸ਼ ਦਾ ਐਨਾ ਅਸਰ ਸੀ ਕਿ ਉਹ ਸਿੰਘ ਸਜ ਗਿਆ। ਪਰ ਹੁਣ ਇੱਕ ਨਵਾਂ ਮਸਲਾ ਜੋ ਮਾਂ ਅੱਗੇ ਆ ਰਿਹਾ ਸੀ, ਉਹ ਸੀ ਉਸਦਾ ਵਿਆਹ। ਘਰ-ਬਾਰ, ਜ਼ਮੀਨ, ਚੰਗਾ ਮੁੰਡਾ ਸਭ ਹੋਣ ਤੇ ਵੀ ਉਸਦਾ ਰਿਸ਼ਤਾ...
ਸਿਰੇ ਨਹੀ ਚੜ੍ਹ ਰਿਹਾ ਸੀ। ਮਾਂ ਨੂੰ ਹੁਣ ਗਮ ਹੋਣ ਲੱਗ ਪਿਆ ਸੀ। ਪਰ ਕਹਿੰਦੇ ਹਨ ਕਿ ਕਿਸਮਤ ਬੜੀ ਜੋਰਾਵਰ ਹੈ, ਇੰਜ ਹੀ ਇੱਕ ਵਾਰ ਕਿਸਮਤ ਨੇ ਆਪਣੀ ਬਾਜ਼ੀ ਲਾ ਦਿੱਤੀ।
ਉਸਦੀ ਘਰਾਂ ਵਿੱਚੋਂ ਲੱਗਦੀ ਭੂਆ, ਜਦੋਂ ਸਾਲਾਂ ਬਾਅਦ ਮਿਲਣ ਆਈ ਤਾਂ ਸਾਰਾ ਮਾਜਰਾ ਸੁਣ ਉਸਨੇ ਆਪਣੀ ਇੱਕ ਸਹੇਲੀ ਦੀ ਕੁੜੀ ਦੀ ਦੱਸ ਪਾ ਦਿੱਤੀ। ਜਿਸਦਾ ਪਹਿਲਾ ਰਿਸ਼ਤਾ ਇਸ ਕਰਕੇ ਟੁੱਟ ਚੁੱਕਾ ਸੀ ਕਿ ਉਹ ਮਾਂ ਨਹੀ ਬਣ ਸਕਦੀ ਸੀ। ਕੁੜੀ ਪੜ੍ਹੀ ਲਿਖੀ ਅਤੇ ਵਿਦੇਸ਼ ਪੱਕੀ ਸੀ ਪਰ ਉਸਦੀ ਸ਼ਰਤ ਸੀ ਕਿ ਮੁੰਡਾ ਉਹ ਹੋਵੇ ਜੋ ਉਸਨੂੰ ਇੰਜ ਹੀ ਦਿਲੋਂ ਸਵੀਕਾਰ ਕਰੇ। ਲੱਗਦਾ ਸੀ ਜਿਵੇਂ ਰੱਬ ਨੇ ਪਹਿਲਾਂ ਹੀ ਸਭ ਸੋਚ ਰੱਖਿਆ ਸੀ। ਉਸਦਾ ਵਿਆਹ ਵੀ ਹੋ ਗਿਆ ਅਤੇ ਬਖਸ਼ਿਸ਼ ਨੂੰ ਮਾਂ ਵੀ ਮਿਲ ਗਈ। ਚਾਹੇ ਬਖਸ਼ਿਸ਼ ਨੂੰ ਵਿਦੇਸ਼ ਨਾਲ ਲੈ ਕੇ ਜਾਣ ਲਈ ਉਹਨਾਂ ਨੂੰ ਲੰਮੀ ਕਾਨੂੰਨੀ ਲੜਾਈ ਲੜਣੀ ਪਈ ਪਰ ਅੰਤ ਸਫਲ ਹੋ ਗਏ।
ਇੱਕ ਅਜੀਬ ਜਿਹੀ ਘਟਨਾ ਨੇ ਤਿੰਨ ਲੋਕਾਂ ਦੀ ਜ਼ਿੰਦਗੀ ਹਮੇਸ਼ਾ ਲਈ ਬੇਹਤਰ ਕਰ ਦਿੱਤੀ ਸੀ। ਹਰੇਕ ਹਾਦਸਾ ਮਾੜਾ ਨਹੀ ਹੁੰਦਾ, ਕੁੱਝ ਕੁ ਹਾਦਸੇ ਜ਼ਿੰਦਗੀਆਂ ਸੰਵਾਰਣ ਲਈ ਵੀ ਘਟਦੇ ਹਨ।