More Punjabi Kahaniya  Posts
ਰੋਤੇ ਹੂਏ ਕੋ ਹੰਸਾਇਆ ਜਾਏ


ਦਾਦੀ ਨਾਲ ਮੇਰੀ ਕਦੀ ਵੀ ਨਹੀਂ ਸੀ ਬਣੀ..
ਹਮੇਸ਼ਾਂ ਮੇਰੇ ਨਿੱਕੇ ਕਦ ਨੂੰ ਲੈ ਕੇ ਨੁਕਸ ਕੱਢੀ ਜਾਂਦੀ..ਪਰਿਵਾਰ ਵਿਚ ਹੋਰ ਕੁੜੀਆਂ ਕਦ ਪੱਖੋਂ ਮੈਥੋਂ ਉੱਚੀਆਂ ਸਨ..ਹਰ ਵਿਆਹ ਮੰਗਣੇ ਤੇ ਮੇਰਾ ਪੰਜ ਫੁੱਟ ਦਾ ਕਦ ਬਿਨਾ ਵਜਾ ਹੀ ਚਰਚਾ ਦਾ ਵਿਸ਼ਾ ਬਣ ਜਾਇਆ ਕਰਦਾ..ਫੇਰ ਮੇਰੀ ਮਾਂ ਨੂੰ ਢੇਰ ਸਾਰੀਆਂ ਨਸੀਹਤਾਂ ਮਿਲਦੀਆਂ..ਇਸਨੂੰ ਉੱਚੀ ਅੱਡੀ ਪਵਾ ਕੇ ਤੋਰਿਆ ਕਰ..ਕੱਲ ਨੂੰ ਰਿਸ਼ਤਾ ਨਾ ਹੋਇਆ ਤਾਂ ਫੇਰ ਕੀ ਕਰੇਗੀ..!
ਮਾਂ ਮੈਨੂੰ ਕੁਝ ਆਖਦੀ ਤਾਂ ਮੈਂ ਅੱਗਿਓਂ ਲੜ ਪੈਂਦੀ..ਮੇਰਾ ਤਰਕ ਹੁੰਦਾ ਕੇ ਉਚੀ ਅੱਡੀ ਨਾਲ ਸਿਰ ਪੀੜ ਸ਼ੁਰੂ ਹੋ ਜਾਂਦੀ ਏ..!
ਇਸ ਮਗਰੋਂ ਮੈਂ ਇੱਕਠਾਂ ਤੇ ਜਾਣਾ ਬੰਦ ਕਰ ਦਿੱਤਾ..ਉੱਤੋਂ ਮੇਰੀ ਐੱਮ.ਫਿੱਲ ਦੀ ਪੜਾਈ ਵੀ ਤਾਂ ਸੀ..!
ਕਿਧਰੇ ਨਾ ਵੀ ਜਾਂਦੀ ਤਾਂ ਵੀ ਮੈਂ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੀ ਹੀ ਰਹਿੰਦੀ..ਫੇਰ ਨਵੀਂ ਨਵੀਂ ਲੱਗੀ ਮੇਰੀ ਨੌਕਰੀ..ਬਾਹਰਲੇ ਸ਼ਹਿਰਾਂ ਵਿਚ ਟਰੇਨਿੰਗ ਅਤੇ ਸੈਮੀਨਾਰ..ਮੇਰਾ ਕਦ ਕਦੀ ਵੀ ਕਿਸੇ ਨੇ ਨਹੀਂ ਸੀ ਗੌਲਿਆ..ਜੇ ਕੋਈ ਗੌਲਦਾ ਵੀ ਤਾਂ ਕਿਸਨੂੰ ਪ੍ਰਵਾਹ ਸੀ!
ਫੇਰ ਜਿਸ ਦਿਨ ਦਾਦੀ ਵੱਲੋਂ ਪਤਾ ਲੱਗਾ ਤਾਂ ਮੈਂ ਬੜਾ ਰੋਈ..ਮੈਂ ਪਤਾ ਨਹੀਂ ਕਿਓਂ ਲੜਦੀ ਰਹਿੰਦੀ ਸਾਂ ਉਸ ਨਾਲ..!
ਉਸ ਤੇ ਵੀ ਗਿਲਾ ਆਇਆ ਕੇ ਉਸਨੇ ਮੇਰੇ ਨਾਲ ਬਣਾ ਕੇ ਕਿਓਂ ਨਹੀਂ ਸੀ ਰੱਖੀ..ਆਖਿਰ ਉਸਦਾ ਹੀ ਤਾਂ ਖੂਨ ਸਾਂ..ਹੱਡ ਮਾਸ ਦਾ ਲੋਥੜਾ ਵੀ..!
ਸੋਚਦੀ ਸ਼ਾਇਦ ਉਸਦੇ ਕੋਲ ਹੋਰ ਪੋਤਰੀਆਂ ਜੂ ਸਨ..ਪਰ ਮੇਰੇ ਕੋਲ ਤਾਂ ਇੱਕੋ ਦਾਦੀ ਹੀ ਸੀ..ਪਰ ਹੁਣ ਕੀ ਹੋ ਸਕਦਾ ਏ..ਉਸਨੇ ਕਿਹੜਾ ਵਾਪਿਸ ਆਉਣਾ..ਸਦਾ ਲਈ ਹੀ ਤਾਂ ਤੁਰ ਗਈ ਏ ਉਹ..ਹਰੇਕ ਨੇ ਹੀ ਤੁਰ ਜਾਣਾ ਇੱਕ ਨਾ ਇੱਕ ਦਿਨ..ਜਵਾਨੀ ਵੇਲੇ ਸ਼ਾਇਦ ਇਸ ਗੱਲ ਦਾ ਇਹਸਾਸ ਨਹੀਂ ਹੁੰਦਾ ਪਰ ਮਗਰੋਂ ਇਹ ਹਕੀਕਤ ਸਾਫ ਹੁੰਦੀ ਜਾਂਦੀ ਏ!
ਅੱਜ ਮੇਰੀ ਧੀ ਦੇ ਅੱਗਿਓਂ ਧੀ ਹੋਈ ਏ..
ਨਾਨੀ ਬਣ ਗਈ ਹਾਂ..ਕੁਝ ਨੇ ਆਖਿਆ ਰੱਬ ਚੰਗੀ ਚੀਜ ਦੇ ਦਿੰਦਾ..ਮੈਂ ਆਖਿਆ ਦਫ਼ਾ ਹੋ ਜਾਵੋ..ਮੈਥੋਂ ਦੂਰ..ਉਹ ਮੇਰੀ ਝੋਲੀ ਪਈ ਇੱਕਟੱਕ ਮੇਰੇ ਵੱਲ ਵੇਖੀ ਜਾਂਦੀ ਏ..ਕਦੀ ਹੱਸਦੀ ਤੇ ਕਦੀ ਰੋ ਪੈਂਦੀ..ਕਦੀ ਮੇਰੀ ਝੋਲੀ ਵੀ ਗਿੱਲੀ ਕਰ ਦਿੰਦੀ ਏ..ਮੈਂ ਹਰ ਚੀਜ ਦੀ ਫੋਟੋ ਖਿੱਚ ਕੇ ਰੱਖੀ ਜਾਂਦੀ ਹਾਂ..ਜੇ ਇਸਦੇ ਜਵਾਨ...

ਹੋਣ ਤੱਕ ਜਿਉਂਦੀ ਰਹੀ ਤਾਂ ਇਸਨੂੰ ਜਰੂਰ ਵਿਖਾਇਆ ਕਰਾਂਗੀ..!
ਜੇ ਕਦੀ ਲੜ ਵੀ ਪਈ ਤਾਂ ਵੀ ਇਹ ਫੋਟੋਆਂ ਹੀ ਮੇਰਾ ਆਖਰੀ ਹਥਿਆਰ ਹੋਣਗੀਆਂ..ਪਰ ਇਸ ਸਾਰੇ ਦੇ ਬਾਵਜੂਦ ਇੱਕ ਫੈਸਲਾ ਲਿਆ ਕੇ ਭਾਵੇਂ ਕਿੱਦਾਂ ਦੀ ਵੀ ਨਿੱਕਲੇ..ਗੋਰੀ ਕਾਲੀ ਨਿੱਕੀ ਵੱਡੀ ਮੋਟੀ ਪਤਲੀ..ਹਮੇਸ਼ਾਂ ਇਸਦਾ ਹੋਂਸਲਾ ਵਧਾਉਣਾ ਏ..ਹੱਲਾਸ਼ੇਰੀ ਦੇਣੀ ਏ..ਤਕੜੀ ਹੋ ਕੇ ਪੜ..ਖੁੱਲ ਕੇ ਆਪਣੀ ਜਿੰਦਗੀ ਜੀ..ਇਹ ਸਿਰਫ ਇੱਕੋ ਵਾਰ ਮਿਲਦੀ ਏ..ਇੱਕ ਵਾਰ ਜਹਾਨੋ ਗਏ ਮੁੜ ਫੇਰ ਕਦੀ ਨਹੀਂ ਪਰਤਦੇ..ਬੱਸ ਮਗਰੇ ਛੱਡ ਜਾਂਦੇ ਨੇ..ਕਿੰਨੇ ਸਾਰੇ ਹੌਕੇ ਹਾਵੇ..ਗਿਲੇ-ਸ਼ਿਕਵੇ ਤੇ ਢੇਰ ਸਾਰੇ ਪਛਤਾਵੇ!
ਜਦੋਂ ਵੀ ਏਨੀ ਗੱਲ ਸੋਚ ਰਹੀ ਹੁੰਦੀ ਆਂ ਤਾਂ ਅਚਨਚੇਤ ਹੱਸ ਪੈਂਦੀ ਏ..
ਲੱਗਦਾ ਸ਼ਾਇਦ ਆਖ ਰਹੀ ਹੋਵੇ..ਘਬਰਾ ਨਾ ਦਾਦੀ..ਮੈਨੂੰ ਥੋੜੀ ਵੱਡੀ ਹੋ ਲੈਣ ਦੇ..ਤੈਨੂੰ ਥੋੜੀ ਕੀਤਿਆਂ ਮਰਨ ਨਹੀ ਦੇਵਾਂਗੀ..ਇਹ ਮੇਰਾ ਕਰਾਰ ਰਿਹਾ..ਤੇਰੇ ਨਾਲ..ਚੰਨ ਤੇ ਚਰਖਾ ਕੱਤਦੀ ਧੌਲੇ ਝਾਟੇ ਵਾਲੀ ਨਾਨੀ ਨਾਲ!
ਸੋ ਦੋਸਤੋ ਕੁਦਰਤ ਨੇ ਬੰਦੇ ਦੀ ਫਿਦਰਤ ਕੁਝ ਇੰਝ ਦੀ ਸਿਰਜੀ ਹੈ ਕੇ ਜਦੋਂ ਕੋਈ ਬਾਹਰਲਾ ਉਸਦੇ ਵਜੂਦ ਵਿਚ ਕੋਈ ਨੁਕਸ ਕੱਢੇ ਤਾਂ ਉਹ ਕਿਸੇ ਤਰਾਂ ਜਰ ਲੈਂਦਾ ਏ ਪਰ ਜਦੋਂ ਕੋਈ ਆਪਣਾ ਬਿਨਾ ਵਜਾ ਹੀ ਉਸਦੀ ਜਮੀਰ ਤੇ ਚੋਬਾਂ ਲਾਉਂਦਾ ਏ ਤਾਂ ਨਿੱਕਾ ਜਿਹਾ ਕੰਡਾ ਵੀ ਸੂਲ ਬਣ ਸਿੱਧਾ ਦਿਲ ਵਿਚ ਜਾ ਖੁੱਬਦਾ ਏ..ਫੇਰ ਐਸੀਆਂ ਚੀਸਾਂ ਉਠਦੀਆਂ ਨੇ ਕੇ ਬੰਦਾ ਜ਼ਹਿਰੀ ਨਾਗ ਬਣ ਹੋਰਾਂ ਨੂੰ ਡੱਸਨਾ ਸ਼ੁਰੂ ਕਰ ਦਿੰਦਾ ਏ..!
ਰੱਬ ਤੋਂ ਇਲਾਵਾ ਕੋਈ ਹੋਰ ਸਰਬ ਕਲਾ ਸੰਪੂਰਨ ਨਹੀਂ ਮੰਨਿਆ ਗਿਆ..ਹਰੇਕ ਵਿਚ ਹੀ ਕੋਈ ਨਾ ਕੋਈ ਨੁਕਸ ਏ..ਕੋਈ ਨਾ ਕੋਈ ਕਮੀਂ ਏ..ਪਰ ਅਸਲ ਖੈਰ-ਖੁਵਾਹ ਉਹ ਜਿਹੜਾ ਦੂਜੇ ਨੂੰ ਕਮੀਆਂ ਨੁਕਸਾਂ ਸਣੇ ਗਲ਼ ਨਾਲ ਲਾਵੇ..ਮੋਹ ਕਰੇ ਤੇ ਪੰਡਾਂ ਬੰਨ ਬੰਨ ਪਿਆਰ ਦੇਵੇ..!
ਸੋ ਮੁੱਕਦੀ ਗੱਲ..ਕਿਸੇ ਰੋਂਦੇ ਹੋਏ ਨੂੰ ਚੁੱਪ ਕਰਾਉਣਾ ਹੀ ਅਸਲ ਇਬਾਦਤ ਏ..ਕਿਸੇ ਨੇ ਠੀਕ ਹੀ ਆਖਿਆ..ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਕੋ ਹੰਸਾਇਆ ਜਾਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)