More Punjabi Kahaniya  Posts
ਗੁਰੂ ਦੇ ਲੜ


ਦਾਦਾ ਜੀ ਕੋਰੇ ਅਨਪੜ ਸਨ..ਫੇਰ ਵੀ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਸੀ..!
ਕਦੇ ਕਦੇ ਨਿੱਤਨੇਮ ਵੇਲੇ ਮੈਨੂੰ ਵੀ ਕੋਲ ਬਿਠਾ ਲਿਆ ਕਰਦੇ!
ਗੁਰੂਘਰ ਮੇਰੇ ਵੱਲ ਇਸ਼ਾਰਾ ਕਰ ਅਰਦਾਸ ਕਰਿਆ ਕਰਦੇ..ਹੇ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਪਣੇ ਚਰਣੀ ਲਾ..ਕਦੀ ਤਾਬਿਆ ਤੇ ਬੈਠੇ ਬਾਬਾ ਜੀ ਅੱਗੇ ਝੋਲੀ ਅੱਡ ਆਖਿਆ ਕਰਦੇ ਗਿਆਨੀ ਜੀ ਇਸਨੂੰ ਵੀ ਗੁਰੂ ਦੇ ਲੜ ਲਾਵੋ..!
ਉਹ ਅੱਗੋਂ ਆਖਿਆ ਕਰਦੇ ਗੁਰਮੁਖ ਸਿਆਂ ਭੁਜੰਗੀ ਅਜੇ ਛੋਟਾ ਏ..ਵੱਡਾ ਹੋਵੇਗਾ ਤਾਂ ਆਪੇ ਗੁਰੂ ਲੜ ਲੱਗ ਜੂ..!
ਪਰ ਮੁੱਛ ਫੁੱਟਦਿਆਂ ਹੀ ਚੰਡੀਗੜ ਦਾ ਅਸਰ ਹੋ ਗਿਆ..ਸਿਰ ਮੁਨਵਾ ਦਿੱਤਾ..ਬਹਾਨਾ ਲਾਇਆ ਕੇ ਹੋਸਟਲ ਪੁਲਸ ਤੰਗ ਕਰਦੀ..!
ਬੇਬੇ ਬਾਪੂ ਹੁਰਾਂ ਦੇ ਆਖਿਆਂ ਮੈਂ ਕਿੰਨੇ ਦਿਨ ਦਾਦੇ ਹੁਰਾਂ ਦੇ ਸਾਮਣੇ ਨਾ ਹੋਇਆ..!
ਇੱਕ ਦਿਨ ਪਤਾ ਲੱਗ ਹੀ ਗਿਆ..ਸਿਰ ਤੇ ਟੋਪੀ ਜਿਹੀ ਵੇਖ ਪੁੱਛਣ ਲੱਗੇ ਓਏ ਜੱਗੀ ਤੇਰੀ ਪੱਗ ਕਿਥੇ ਏ?
ਮੈਂ ਬਿਨਾ ਜੁਆਬ ਦਿੱਤਿਆਂ ਹੀ ਖਿਸਕਣਾ ਬੇਹਤਰ ਸਮਝਿਆ..!
ਦਾਦੇ ਹੁਰਾਂ ਦੋ ਦਿਨ ਗੱਲ ਨਾ ਕੀਤੀ ਅਤੇ ਨਾ ਹੀ ਚੱਜ ਨਾਲ ਰੋਟੀ ਹੀ ਖਾਦੀ..!
ਓਹਨੀ ਦਿੰਨੀ ਪੱਕੇ ਹੋਏ ਝੋਨੇ ਤੇ ਭਾਰੀ ਗੜੇਮਾਰ ਹੋਈ ਸੀ..ਨੁਕਸਾਨ ਕਰਕੇ ਘਰੇ ਸੋਗ ਪਿਆ ਸੀ..ਪਰ ਦਾਦੇ ਹੂਰੀ ਬੱਸ ਏਨੀ ਗੱਲ ਹੀ ਆਖੀ ਗਏ..ਲੋਕਾਂ ਦੀ ਤੇ ਸਿਰਫ ਫਸਲ ਹੀ ਖਰਾਬ ਹੋਈ..ਮੇਰੀ ਤੇ ਨਸਲ ਵੀ ਮਾਰੀ ਗਈ..!
ਫੇਰ ਮਾਹੌਲ ਤੋਂ ਡਰਦਿਆਂ ਘਰਦਿਆਂ ਮੈਨੂੰ ਯੂਰੋਪ ਕੱਢ ਦਿੱਤਾ..ਥੋੜੀ ਦੇਰ ਮਗਰੋਂ ਮੈਂ ਅਮਰੀਕਾ ਆ ਗਿਆ..!
ਜਦੋਂ ਵੀ ਘਰੇ ਫੋਨ ਕਰਦਾ ਤਾਂ ਦਾਦੇ ਹੂਰੀ ਪੁੱਛਦੇ ਉਸਨੇ ਕੇਸ ਰੱਖੇ ਕੇ ਨਹੀਂ..ਸਿੱਧੀ ਗੱਲ ਨਾ ਕਰਦੇ..ਮਨ ਵਿਚ ਅਜੇ ਵੀ ਓਹੀ ਰੋਸਾ ਸੀ..!
ਅਚਾਨਕ ਪਤਾ ਲੱਗਾ ਥੋੜੇ ਢਿੱਲੇ ਨੇ..ਇੱਕ ਵੇਰ ਵਲਵਲਾ ਜਿਹਾ ਉਠਿਆ..ਭਤੀਜੇ ਦੀ ਲੋਹੜੀ ਵੀ ਏ..ਟਿਕਟ ਕਰਵਾਈ ਤੇ ਬਿਨਾ ਦੱਸਿਆ ਪਿੰਡ ਅੱਪੜ ਗਿਆ..!
ਲੋਹੜੀ ਤੇ ਤਾਂ ਨਾ ਅੱਪੜਿਆ ਗਿਆ ਪਰ ਮਾਘੀ ਦੀਆਂ ਰੌਣਕਾਂ ਨਸੀਬ ਹੋ ਗਈਆਂ..!
ਪਿੰਡੋਂ ਬਾਹਰ ਹੀ ਪਤਾ ਲੱਗ ਗਿਆ ਕੇ ਥੋੜਾ ਜਿਆਦਾ ਹੀ ਢਿੱਲੇ ਨੇ ਅਤੇ ਲਗਾਤਾਰ ਗੇਟ ਵੱਲ ਵੇਖੀ ਜਾਂਦੇ ਨੇ..!
ਘਰੇ ਅੱਪੜਿਆ ਤਾਂ ਸਾਰੇ ਹੈਰਾਨ..ਬਿਨਾ ਕਿਸੇ ਚਿੱਠੀ ਪੱਤਰ ਦੇ...

ਕਿੱਦਾਂ ਆ ਗਿਆ..ਭੂਆ ਚਾਚੇ ਤਾਏ ਸਭ ਨੇ ਵਾਰੋ ਵਾਰੀ ਬੁੱਕਲ ਵਿਚ ਲੈ ਬੜਾ ਪਿਆਰ ਕੀਤਾ..!
ਪਰ ਮੇਰਾ ਧਿਆਨ ਸਾਮਣੇ ਮੰਜੇ ਵੱਲ ਨੂੰ ਸੀ..!
ਦਾਦੇ ਹੂਰੀ ਵਾਕਿਆ ਹੀ ਗੇਟ ਵੱਲ ਤੱਕ ਰਹੇ ਸਨ..ਮੈਨੂੰ ਵੇਖ ਬਾਹਵਾਂ ਉਲਾਰ ਲਈਆਂ..ਮੈਂ ਵੀ ਹਥੀਂ ਫੜਿਆ ਕਿੰਨਾ ਕੁਝ ਓਥੇ ਹੀ ਸੁੱਟ ਧੂ ਕੇ ਜਾ ਜੱਫੀ ਪਈ..ਵਜੂਦ ਵਿਚ ਅਜੇ ਵੀ ਓਹੋ ਖੁਸਬੋਂ ਸੀ ਜਿਹੜੀ ਨਿੱਕੇ ਹੁੰਦਿਆਂ ਓਹਨਾ ਕੋਲੋਂ ਅਕਸਰ ਆਇਆ ਕਰਦੀ ਸੀ..!
ਫੇਰ ਅਚਾਨਕ ਈ ਇੱਕ ਵਰਤਾਰਾ ਹੋਇਆ..!
ਓਹਨਾ ਪਹਿਲਾਂ ਮੇਰੇ ਲੰਮੇ ਦਾਹੜੇ ਤੇ ਹੱਥ ਫੇਰਿਆ..ਫੇਰ ਆਖਣ ਲੱਗੇ ਜੱਗੀ ਆਪਣੀ ਪੱਗ ਲਾਹ..ਪਹਿਲਾਂ ਸਮਝ ਨਾ ਆਈ ਫੇਰ ਆਖਣ ਲੱਗੇ..ਜੱਗੀ ਮੈਂ ਤੈਨੂੰ ਆਖਿਆ ਆਪਣੀ ਪੱਗ ਲਾਹ..ਮੈਂ ਬੀਬੇ ਬੱਚੇ ਵਾਂਙ ਓਸੇ ਵੇਲੇ ਲਾਹ ਦਿੱਤੀ..!
ਅੰਦਰੋਂ ਨਿੱਕਲੇ ਮੋਟੇ ਸਾਰੇ ਜੂੜੇ ਨੂੰ ਟੋਹਿਆ..ਫੇਰ ਮੇਰੇ ਕੇਸ਼ ਖੋਹਲ ਕਿੰਨੀ ਦੇਰ ਓਹਨਾ ਨੂੰ ਚੁੰਮਦੇ ਰਹੇ..ਮਗਰੋਂ ਜ਼ੋਰ ਦੀ ਜੈਕਾਰਾ ਛੱਡਿਆ..ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ..!
ਆਸੇ ਪਾਸੇ ਖਲੋਤੇ ਕਿੰਨੇ ਸਾਰੇ ਵਜੂਦਾਂ ਨੇ ਆਪ ਮੁਹਾਰੇ ਹੀ ਪੁੱਛ ਲਿਆ ਬਾਪੂ ਜੀ ਇਹ ਜੈਕਾਰਾ ਕਿਸ ਖੁਸ਼ੀ ਵਿਚ ਛੱਡਿਆ ਜੇ..ਆਖਣ ਲੱਗੇ ਅੱਜ ਮੇਰਾ ਜੱਗੀ ਗੁਰੂ ਦੇ ਲੜ ਜੂ ਲੱਗ ਗਿਆ ਬੱਸ ਇਸੇ ਖੁਸ਼ੀ ਵਿਚ..!
ਫੇਰ ਓਸੇ ਰਾਤ ਹੀ ਚੜਾਈ ਵੀ ਕਰ ਗਏ..ਅਗਲੀ ਸੁਵੇਰੇ ਕੋਲ ਬੈਠਾ ਸੋਚ ਰਿਹਾਂ ਸਾਂ ਕੇ ਕੁਝ ਰੂਹਾਂ ਤੇ ਉਸਦੀ ਏਨੀ ਮੇਹਰ ਹੁੰਦੀ ਕੇ ਉਹ ਅਖੀਰ ਤੱਕ ਉਡੀਕਦੀਆਂ ਹੀ ਰਹਿੰਦੀਆਂ ਕੇ ਕਦੋਂ ਕਿਸੇ ਵੇਲੇ ਬੇਦਾਵਾ ਲਿਖ ਗੁਰੂ ਤੋਂ ਬੇਮੁਖ ਹੋ ਕੇ ਦੂਰ ਚਲਾ ਗਿਆ ਕੋਈ ਆਪਣਾ ਵਾਪਿਸ ਪਰਤ ਆਵੇ ਤੇ ਉਹ ਦਸਮ ਪਿਤਾ ਦੇ ਦਰਬਾਰ ਵਿਚ ਖੁਦ ਹਾਜਿਰ ਹੋ ਕੇ ਏਨੀ ਗੱਲ ਆਖ ਸਕਣ ਕੇ ਮਹਾਰਾਜ ਹੁਣ ਤੇ ਉਸਦੇ ਹੱਥੀਂ ਲਿਖਿਆ ਪਾੜ ਦਿਓ..ਉਸਨੂੰ ਤੁਹਾਡੀ ਸ਼ਰਨ ਵਿਚ ਆਉਂਦੇ ਹੋਏ ਨੂੰ ਮੈਂ ਖੁਦ ਵੇਖ ਕੇ ਆਇਆਂ ਹਾਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਦੇ ਲੜ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)