More Punjabi Kahaniya  Posts
ਮਿੱਟੀ ਦਾ ਮੋਹ


ਮਿੱਟੀ ਦਾ ਮੋਹ
❤❤❤❤
ਪਿੰਡ ਦੀ ਜੂਹ ਵਿੱਚ ਦਾਖ਼ਲ ਹੁੰਦਿਆਂ ਸਾਰ , ਚੰਨ ਦਾ ਮਸਤਕ ਖਿੜ ਉੱਠਦਾ। ਮਿੱਟੀ ਦਾ ਮੋਹ ਉਸਦੇ ਰੋਮ-ਰੋਮ ਚੋਂ ਧੜਕਣ ਲਗਦਾ। ਭਾਵੇਂ ਵਤਨਾਂ ਨੂੰ ਗੇੜੀ 5-6 ਸਾਲਾਂ ਬਾਅਦ ਹੀ ਲਗਦੀ ਪਰ ਵਤਨ ਪ੍ਰਸਤੀ ਜਿਉਂ ਦੀ ਤਿਉਂ ਡੁਲ-ਡੁਲ ਪੈੰਦੀ।
ਹਰ ਵਾਰ ਦੀ ਤਰ੍ਹਾਂ ਹਵਾਈ ਅੱਡੇ ਤੋਂ ਲੈਣ ਆਏ ਜਿਗਰੀ ਯਾਰ ਗਿੰਦਰ ਨੂੰ ਪਿੰਡ ਵਾਸੀਆਂ ਬਾਰੇ ਏਨੇ ਸਵਾਲ ਪੁੱਛਦਾ ਕਿ ਲੜੀ ਨਾ ਟੁੱਟਣ ਦੇੰਦਾ।
ਉਹ ਕਦੀ ਤਾਰੇ ਤਰਖਾਣ , ਕਦੀ ਰੱਖੇ ਮੋਚੀ ਤੇ ਕਦੇ ਭਾਗੋ ਭੱਠੀ ਵਾਲੀ ਦੀ ਸੁੱਖ-ਸਾਂਦ ਜਾਨਣ ਲਈ ਤਰਲੋਮੱਛਲੀ ਹੁੰਦਾ । ਸੱਥ ਵਿੱਚ ਹੁਣ ਕੌਣ-ਕੌਣ ਆਉਂਦਾ ? ਨਹਿਰ ਵਾਲਾ ਮੋਘਾ ਵੱਡਾ ਹੋਇਆ ਕਿ ਹਾਲੇ ਨਿੱਕਾ ਈ ਆ। ਸੁਣਿਆ ਪਿੰਡ ਦੀ ਫਿਰਨੀ ਪੱਕੀ ਹੋ ਗਈ ।
ਚੰਨ ਭਾਨੇ ਮਰਾਸੀ ਬਾਰੇ ਪੁੱਛਣਾ ਨਾ ਭੁੱਲਦਾ ਜੋ ਸੱਥ ਵਿੱਚ ਦੂਸਰਿਆਂ ਦੀਆਂ ਨਕਲਾਂ ਉਤਾਰ ਢਿੱਡੀੰ ਪੀੜਾਂ ਪਾਉਂਣ ਦਾ ਪੁੱਜਕੇ ਜੁੱਗਤੀ ਸੀ। ਗਿੰਦਰ ਹਾਲੇ ਪਹਿਲੇ ਸਵਾਲ ਦਾ ਜਵਾਬ ਦੇਕੇ ਹੱਟਦਾ ਕਿ ਚੰਨ ਦੂਸਰਾ ਦਾਗ ਦੇੰਦਾ ।
‌ ਜਦੋਂ ਗਿੰਦਰ ਦਸਦਾ ਕਿ ਪਿੰਡ ਦੀ ਫਿਰਨੀ ਹਾਲੇ ਵੀ ਕੱਚੀ ਆ , ਸਕੂਲ ਦੀਆਂ ਛੱਤਾਂ ਉਸੇ ਤਰ੍ਹਾਂ ਚੋੰਦੀਆਂ , ਬਾਬਾ ਬਖਤੋਰਾ ਚੜ੍ਹਾਈ ਕਰ ਗਿਆ ਤੇ ਡੇਰੇ ਵਾਲਾ ਸਾਧ ਪਿੰਡ ਦੀ ਜਨਾਨੀ ਕੱਢਕੇ ਭੱਜ ਗਿਆ ਤਾਂ ਉਸਦਾ ਜੀਅ ਕਰਦਾ ਸਾਧ ਦੀ ਸੰਘੀ ਘੁੱਟ ਦੇਵੇ। ਸੋਚਾਂ ਵਿੱਚ ਡੁੱਬ ਉਹ ਡੂੰਘੀ ਉਦਾਸੀ ਦੇ ਆਲਾਮ ਵੱਲ ਧੱਕਿਆ ਜਾਂਦਾ ।
ਕਰਮੂ ਟਾਂਗੇ ਵਾਲੇ ਦੀ ਧੀ ਜੱਜ ਬਣ ਗਈ, ਪਿੰਡ ਵਾਲੇ ਹੁਣ ਸਰਕਾਰੀ RO ਦਾ ਪਾਣੀ ਪੀੰਦੇ ਤੇ ਸਾਡੇ ਡਿਸਪੈੰਸਰੀ ਵੀ ਖੁੱਲ੍ਹ ਗਈ। ਸੁਣਦਿਆਂ ਸਾਰ ਚੰਨ ਦੀ ਰੂਹ ਗੱਦ-ਗੱਦ ਹੋ ਜਾਂਦੀ । ਉਹ ਆਪ ਮੁਹਾਰੇ ਬੋਲ ਉੱਠਦਾ , ” ਵਾਹ ਬਾਈ ਵਾਹ !! ਇਹ ਤਾਂ ਕਮਾਲ ਹੋ ਗਿਆ ।
“ਗਿੰਦਰਾ ! ਸੱਚ ਜਾਣੀ , ਪਤਾ ਨਹੀਂ ਕੀ ਮਿੱਗਨਾਤੀਸੀ ਖਿੱਚ ਆ ਵਤਨ ਦੀ ਮਿੱਟੀ ਵਿੱਚ , ਸੱਤ ਸਮੁੰਦਰੋਂ ਪਾਰ ਰਹਿੰਦਿਆਂ ਵੀ ਸਾਡੀ ਪਰਦੇਸੀਆਂ ਦੀ ਰੂਹ ਹਮੇਸ਼ਾ ਪਿੰਡਾਂ ਦੀਆਂ ਜੂਹਾਂ ਵਿੱਚ ਕੁੱਝ ਨਾ ਕੁੱਝ ਟਟੋਲਦੀ , ਖੇਡਦੀ ਤੇ ਮੌਲਦੀ ਰਹਿੰਦੀ । ਜਦੋਂ ਸਾਡੇ ਪਿੰਡਾਂ ਵਿੱਚ ਕੁੱਝ ਚੰਗਾ ਵਾਪਰਦਾ, ਅਸੀਂ ਪਰਦੇਸੀ ਫੁੱਲੇ ਨਹੀਂ ਸਮਾਉੰਦੇ। ”
“ਰੱਬ ਨਾ ਕਰੇ ਜੇ ਮਾੜਾ ਵਾਪਰ ਜਾਏ ਤਾਂ ਅਸੀਂ ਸੱਤ ਸਮੁੰਦਰੋਂ ਪਾਰ ਧੁਰ ਅੰਦਰ ਤੱਕ ਵਲੂੰਦਰੇ...

ਜਾਨੇ। ਕੁੱਦਰਤ ਦੇ ਦਰਤੂਰ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ…. ਚੋਗ ਚੁੱਗਣ ਲਈ ਪਖੇਰੂਆਂ ਨੂੰ ਆਲਣਾ ਛੱਡਣਾ ਪੈਂਦਾ। ਕੁੱਝ ਨੂੰ ਨੇੜੇ ਤੇੜੇ ਚੋਗ ਨਸੀਬ ਹੋ ਜਾਂਦਾ ਤੇ ਕਈਆਂ ਨੂੰ ਪ੍ਰਦੇਸ ਉੱਡਾਰੀ ਮਾਰਨੀ ਪੈੰਦੀ।
ਹਰਗਜ਼ ਇਸਦਾ ਮਤਲਬ ਇਹ ਨਹੀਂ ਕਿ ਪ੍ਰਦੇਸੀ ਨਿਰਮੋਹੇ ਹੋ ਜਾਂਦੇ। ਸਿਆਣੇ ਕਹਿੰਦੇ ਦੂਰੀ ਸਗੋਂ ਮੋਹ ਦੀਆਂ ਤੰਦਾਂ ਨੂੰ ਹੋਰ ਪੀੜ੍ਹੀਆਂ ਕਰਨ ਦੀ ਮੁਹਾਰਤ ਰੱਖਦੀ।”
ਪਰਦੇਸੀਆਂ ਦਾ ਦਰਦ ਬਿਆਨਦਿਆਂ ਚੰਨ ਦਾ ਗੱਚ ਭਰ ਆਇਆ।
“ਹੇਂ !! .ਕਮਲਾ ਨਾ ਹੋਵੇ ਤਾਂ , ਦਿਲ ਨਹੀਂ ਛੋਟਾ ਕਰੀ ਦਾ …ਤੈਨੂੰ ਕਿੰਨੇ ਕਿਹਾ ਕਿ ਅਸੀਂ ਪਰਦੇਸੀਆਂ ਨੂੰ ਵਸਾਰਿਆ ਜਾਂ ਤੁਸੀਂ ਨਿਰਮੋਹੇ ਹੋ ਗਏ । ਅਸੀ ਤੇ ਤੁਹਾਡੇ ਸਾਹੀਂ ਜਿਉਂਦੇ ਆਂ। ਜਦੋਂ ਵੀ ਅਕਾਸ਼ ਵਿੱਚ ਜਹਾਜ਼ ਉੱਡਦਾ ਵੇਖੀਦਾ ਜਾਂ ਉਹਦੀ ਗੂੰਜ ਸੁਣ ਤੁਹਾਡੇ ਆਉਣ ਦੀਆਂ ਆਸਾਂ ਜਾਗ ਪੈੰਦੀਆਂ।”
“ਜੀਣ ਜੋਗਿਓ !! ਤੁਹਾਡੇ ਖੂਨ ਵਿੱਚ ਦੌੜ ਰਿਹਾ ਮਿੱਟੀ ਦਾ ਮੋਹ ਕਿਸੇ ਤੋਂ ਛੁੱਪਿਆ ਨਹੀਂ । ਤੁਹਾਨੂੰ ਸੋਹਣੇ ਰੱਬਦੀਆਂ ਸੱਤੇ ਖੈਰਾਂ। ਜਿਥੇ ਵੀ ਰਹੋ ਹੱਸਦੇ ਵੱਸਦੇ ਰਹੋ।”
ਗਿੰਦਰ ਨੇ ਜਿਥੇ ਚੰਨ ਨੂੰ ਵਰਾਇਆ ਉਥੇ ਪਰਦੇਸੀਆ ਦਾ ਵਤਨਾਂ ਨਾਲ ਨੁਹੋਂ ਮਾਸ ਦਾ ਰਿਸ਼ਤਾ ਹੋਣ ਦੀ ਹਾਮੀ ਭਰ ਦਿੱਤੀ ।
ਨਹਿਰ ਦੀ ਪੁੱਲੀ ਤੇ ਗਿੰਦਰ ਨੇ ਕਾਰ ਰੋਕਦਿਆਂ ਕਿਹਾ, ” ਉਏ ! ਬਾਹਰ ਨਿਕਲ ਲੰਗੋਟੀਆ ਯਾਰਾ …ਚੇਤੇ ਈ ਜਦੋਂ ਏਸੇ
ਨਹਿਰ ਵਿੱਚ ਮੱਝਾਂ ਦੀਆਂ ਪੁੂਛਾਂ ਫੜ ਤਾਰੀਆਂ ਲਾਉੰਦੇ ਤੇ ਪੁੱਠੀਆਂ ਸਿੱਧੀਆਂ ਛਾਲਾਂ ਮਰਦਿਆਂ ਤਰਕਾਲਾਂ ਪੈ ਜਾਣੀਆਂ …..ਚੇਤਾ ਭੁੱਲ ਜਾਣਾ ਕਿ ਘਰਾਂ ਨੂੰ ਪਰਤਣਾ ਸੀ…ਓਦੋਂ ਪਤਾ ਲਗਣਾ ਜਦੋਂ ਬਾਪੂਆਂ ਨਹਿਰ ਦੇ ਕੰਡੇ ਆਣ ਧਮਕਣਾ..ਫੇਰ ਰੱਜਕੇ ਛਿੱਤਰ ਪਰੇਡ ਹੋਣੀ।.
ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਦੋਵੇਂ ਖਿੱੜਖੜਾ ਕੇ ਹੱਸ ਪਏ।
ਚੰਨ ਨੇ ਧਰਤ ਦੀ ਹਿੱਕ ਤੋਂ ਮੁੱਠ ਭਰ ਸੀਨੇ ਨਾਲ ਲਾਈ ਤੇ ਸਜਦਾ ਕਰਦਿਆਂ ਪਿੰਡ ਦੀ ਮਿੱਟੀ ਨਾਲ ਮਸਤਕ ਜੋੜ ਦਿੱਤਾ।
ਜਦੋਂ ਉਸ ਨਹਿਰ ਦੇ ਪਾਣੀ ਨੂੰ ਛੂਹਿਆ ਤਾਂ ਇਸ ਸ਼ਪਰਸ ਨੇ ਪ੍ਰਦੇਸੋੰ ਆਈ ਵਿਲਕਦੀ – ਸਿਸਕਦੀ ਤਾਂਘ ਨੂੰ ਠਾਰ ਦਿੱਤਾ ।
ਦੋਵੇਂ ਜਿਗਰੀ ਯਾਰ ਕਾਰ ਵਿੱਚ ਸਵਾਰ ਹੋਏ ਤਾਂ ਕਾਰ ਨੇ ਪਿੰਡ ਦੀ ਫਿਰਨੀ ਵੱਲ ਮੋੜ ਕੱਟ ਲਿਆ।
✍:- ਗੁਰਨਾਮ ਨਿੱਜਰ:: 05/03/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)