More Punjabi Kahaniya  Posts
ਸੱਚੋ ਹੀ ਸੱਚ ਨਿਬੜੈ


ਕਹਾਣੀ- ਸੱਚੋ ਹੀ ਸੱਚ ਨਿਬੜੈ ਗੁਰਮਲਕੀਅਤ ਸਿੰਘ ਕਾਹਲੋਂ
ਪੱਤਰਕਾਰ ਦਵਿੰਦਰ ਨਾਲ ਮੇਰੀ ਸਕੂਲ ਸਮੇਂ ਤੋਂ ਸਾਂਝ ਬਣੀ ਹੋਈ ਹੈ ਤੇ ਅਸੀਂ ਇਕ ਦੂਜੇ ਕੋਲ ਮਨ ਫਰੋਲਣ ਲਗਿਆਂ ਝਿਜਕ ਨਹੀਂ ਰਖਦੇ। ਉਨ੍ਹਾਂ ਦਾ ਪੁਲੀਸ ਨਾਲ ਵਾਹ ਪੈਂਣਾ ਸੁਭਾਵਕ ਗਲ ਹੈ। ਅਖਬਾਰੀ ਖਬਰਾਂ ਵਿਚ “ਵਰਦੀ ਦਾਗਦਾਰ ਹੋਈ,” ਵਾਲੀਆਂ ਸੁਰਖੀਆਂ ਅਕਸਰ ਸਾਡੀ ਨਜਰੇ ਚੜਦੀਆਂ ਰਹਿੰਦੀਆਂ ਨੇ। ਇਕ ਦੀ ਗਲਤੀ ਦਾ ਕਾਲਾ ਟਿੱਕਾ ਸਮੁੱਚੇ ਟੱਬਰ ਦੇ ਮੱਥੇ ਲਾ ਦੇਣਾ ਸਾਡੇ ਲੋਕਾਂ ਦਾ ਵਰਤਾਰਾ ਬਣ ਗਿਆ ਹੋਇਆ। ਕਿਤਾਬਾਂ ਵੀ ਇਹੀ ਕਹਿੰਦੀਆਂ ਕਿ ਇਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰਦੀ ਹੈ। ਮੈਨੂੰ ਪਤਾ ਸੀ ਕਿ ਦਵਿੰਦਰ ਪੱਤਰਕਾਰਤਾ ਵਿਚ ਜ਼ਜ਼ਬਾਤਾਂ ਨੂੰ ਅਸਲੀਅਤ ਤੋਂ ਪਾਸੇ ਰਖਣ ਦਾ ਆਦੀ ਹੈ। ਪੁਲੀਸ ਦੇ ਚੰਗੇ ਕੰਮਾਂ ਦੀ ਪ੍ਰਸੰਸਾ ਪੱਖੋਂ ਉਸਨੇ ਕਦੇ ਕੰਜੂਸੀ ਨਹੀਂ ਕੀਤੀ। ਉਹ ਪ੍ਰਸੰਸਾ ਮੇਰੇ ਹੋਰ ਦੋਸਤਾਂ ਨੂੰ ਚੁੱਭ ਜਾਂਦੀ ਸੀ। ਇਸ ਮਾਮਲੇ ਚ ਮੈਥੋਂ ਆਪਣੇ ਦੋਸਤਾਂ ਦੀ ਤਸੱਲੀ ਨਹੀਂ ਸੀ ਕਰਵਾ ਹੁੰਦੀ। ਇਸੇ ਕਾਰਣ ਮੈਂ ਆਪਣੇ ਘਰ ਸ਼ਾਮ ਵਾਲੀ ਮਹਿਫਲ ਰਖ ਲਈ ਤੇ ਦਵਿੰਦਰ ਨੂੰ ਸ਼ਾਮਲ ਹੋਣ ਲਈ ਮਨਾ ਲਿਆ। ਉਂਜ ਉਹ ਸ਼ਾਮ ਵਾਲੀਆਂ ਮਹਿਫਲਾਂ ਨੂੰ ਬਹੁਤੀ ਤਜਰੀਹ ਨਹੀਂ ਦਿੰਦਾ, ਪਰ ਇਥੇ ਉਸਨੇ ਮੇਰੀ ਪ੍ਰੇਸ਼ਾਨੀ ਸਮਝ ਲਈ। ਦਵਿੰਦਰ ਵਲੋਂ ਸਾਰੀ ਪੁਲੀਸ ਨੂੰ ਇਕੋ ਰੱਸੇ ਨਾ ਬੰਨਣ ਦੇ ਇਕ ਵੱਡੇ ਕਾਰਣ ਦਾ ਮੈਨੂੰ ਪਹਿਲਾਂ ਪਤਾ ਸੀ। ਪਰ ਮੈਂ ਆਪਣੇ ਦੋਸਤਾਂ ਨੂੰ ਉਸਦੇ ਮੂੰਹੋ ਉਹ ਗਲ ਸੁਣਵਾਉਣੀ ਚਾਹੁੰਦਾ ਸੀ। ਸ਼ਾਮ ਦੀਆਂ ਮਹਿਫਲਾਂ ‘ਚ ਪੈਗ ਲੈਗ ਨਾ ਹੋਣ ਤਾਂ ਉਸਤੇ ਪੰਜਾਬੀਆਂ ਦੀ ਮਹਿਫਲ ਦਾ ਠੱਪਾ ਲਾਉਣਾ ਔਖਾ ਹੋ ਜਾਂਦਾ। ਪਰ ਮੈਂ 50-50 ਵਾਲੀ ਤਰਕੀਬ ਨਾਲ ਉਸਦਾ ਹੱਲ ਸੋਚ ਲਿਆ ਸੀ। ਗਲ ਗਿਆਨ ਤੋਂ ਸ਼ੁਰੂ ਕਰਕੇ ਪੈਗਾਂ ਤਕ ਜਾਕੇ ਮੁਕਾਉਣੀ ਤੈਅ ਕਰ ਲਈ ਗਈ। ਖਬਰਾਂ ਵਿਚ ਪੁਲੀਸ ਪ੍ਰਸੰਸਾ ਦਾ ਬੁਰਾ ਮਨਾਉਣ ਵਾਲੇ ਆਪਣੇ ਦੋਸਤਾਂ ਨੂੰ ਮੈਂ ਸੱਦ ਲਿਆ। ਸਾਰਿਆਂ ਦੇ ਪਹੁੰਚਣ ਤੇ ਮੈਂ ਸਹਿਬਨ ਜਿਹਾ ਮੌਕਾ ਬਣਾਕੇ ਗਲ ਛੇੜੀ। ਦਵਿੰਦਰ ਨੂੰ ਮਕਸਦ ਪਤਾ ਸੀ। ਉਸਨੇ ਗੰਭੀਰਤਾ ਬਣਾਉਣ ਲਈ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਦੇ ਕੁਝ ਕਾਲੇ ਕਾਰਨਾਮੇ ਸੰਖੇਪ ਵਿਚ ਸੁਣਾਏ। ਫਿਰ ਉਸ ਖਾਸ ਘਟਨਾ ਦੀਆਂ ਤੰਦਾਂ ਜੋੜਨ ਲਈ ਅੱਖਾਂ ਮੀਟਕੇ ਆਪਣੇ ਆਪ ਨੂੰ ਅਤੀਤ ਨਾਲ ਜੋੜਿਆ ਤੇ ਲੰਮਾ ਜਿਹਾ ਸਾਹ ਭਰਕੇ ਗਲ ਤੋਰੀ । “ਬੀਤੀ ਸਦੀ ਦੇ ਨੌਵੇਂ ਦਹਾਕੇ ਦੌਰਾਨ ਪੰਜਾਬ ਦੇ ਕਾਲੇ ਦਿਨਾਂ ਦੀਆਂ ਯਾਦਾਂ ਸਾਡੇ ਸਾਰੇ ਹਾਣਦਿਆਂ ‘ਚੋਂ ਕਿਸੇ ਨੂੰ ਭੁਲੀਆਂ ਨਹੀਂ ਹੋਣਗੀਆਂ। ਉਹ ਅਜਿਹਾ ਦੌਰ ਸੀ ਜਦ ਲੋਕ ਮਨਾਂ ਵਿਚ ਕਲ ਦਾ ਸੂਰਜ ਵੇਖਣ ਦੇ ਭਰੋਸੇ ਨੂੰ ਖੋਰਾ ਲਗ ਗਿਆ ਸੀ। ਹੋਰਾਂ ਦੀ ਗਲ ਪਾਸੇ ਰਖਕੇ ਦਸਾਂ ਤਾਂ ਮੈਂ ਖੁਦ ਦੋ ਤਿੰਨ ਵਾਰ ਮੌਤ ਨੂੰ ਅੱਖੀਂ ਵੇਖਿਆ ਸੀ। ਜਿੰਨਾਂ ਚੋਂ ਅੱਜ ਇਕ ਘਟਨਾ ਦਸਾਂਗਾ।” ਦਵਿੰਦਰ ਨੇ ਸਾਡੇ ਸਾਰਿਆਂ ਵਲ ਵੇਖਿਆ। ਸ਼ਾਇਦ ਉਹ ਸਾਡੀ ਗੰਭੀਰਤਾ ਤਾੜ ਰਿਹਾ ਸੀ। ਜਦ ਉਸਨੂੰ ਵਿਸ਼ਵਾਸ਼ ਹੋ ਗਿਆ ਕਿ ਸਾਰਿਆਂ ਦਾ ਧਿਆਨ ਉਸੇ ਵਲ ਹੈ ਤੇ ਅਗਲੀ ਗਲ ਸੁਣਨ ਲਈ ਉਤਾਵਲੇ ਨੇ ਤਾਂ ਉਸਨੇ ਦਸਣਾ ਸ਼ੁਰੂ ਕੀਤਾ । “ਸਾਲ 1988 ਦੇ ਅਪਰੈਲ ਦਾ ਦਸਵਾਂ ਦਿਨ ਸੀ ਉਹ। ਮੇਰੇ ਸਭ ਤੋਂ ਛੋਟੇ ਭਰਾ ਦਾ ਵਿਆਹ ਹੋਇਆ ਸੀ ਉਸਤੋੰ ਪਹਿਲੇ ਦਿਨ। ਉਦੋਂ ਮੁਕਲਾਵੇ ਵਜੋਂ ਵਿਆਹੀ ਜੋੜੀ ਦਾ ਕੁੜੀ ਦੇ ਪੇਕੇ ਘਰ ਫੇਰਾ ਪਵਾਏ ਜਾਣ ਦਾ ਰਿਵਾਜ ਸੀ। ਦੁਪਿਹਰ ਬਾਦ ਅਸੀਂ ਉਹ ਫੇਰਾ ਪਵਾਕੇ ਘਰ ਆ ਗਏ ਸੀ। ਸਾਡੇ ਪ੍ਰਾਹੁਣਿਆਂ ਚੋਂ ਨਾਨਕੇ, ਮਾਸੀ ਪਰਵਾਰ ਤੇ ਭੂਆ ਫੁੱਫੜ ਉਥੇ ਈ ਸਨ। ਸ਼ਾਮ ਦਾ ਹਨੇਰਾ ਪਸਰਣ ਲਗਾ ਸੀ, ਜਦ ਕਾਫੀ ਦੂਰੋਂ ਅਸਲਾਧਾਰੀ ਮੁੰਡੇ ਸਾਡੇ ਘਰਾਂ ਵਲ ਆਉਂਦੇ ਨਜਰੀਂ ਪਏ। ਉਦੋਂ ਅਸਲਾਧਾਰੀਆਂ ਦਾ ਦਿਸਣਾ ਹੀ ਖਤਰੇ ਦੀ ਘੰਟੀ ਹੁੰਦੀ ਸੀ। ਪਤਾ ਨਹੀਂ ਸੀ ਕੋਲੋਂ ਲੰਘਦਿਆਂ ਇਹ ਕਹਿਕੇ ਗੋਲੀ ਮਾਰ ਦੇਣ ਕਿ ਤੂੰ ਸਾਡੇ ਆਗੋਂ ਲੱਘਣ ਦੀ ਜੁਅਰਤ ਕਿੰਵੇ ਕੀਤੀ। ਉਸ ਘਟਨਾ ਤੋਂ ਚਾਰ ਕੁ ਦਿਨ ਪਹਿਲਾਂ ਕੇੰਦਰੀ ਮੰਤਰੀ ਬੂਟਾ ਸਿੰਘ ਦੇ ਜਲੰਧਰ ਜਿਲੇ ‘ਚ ਜੱਦੀ ਪਿੰਡ ਵਿਚ ਉਸਦੇ ਰਿਸ਼ਤੇਦਾਰਾਂ ਦੇ ਵਿਆਹ ਮੌਕੇ ਕਈ ਲੋਕ ਮਾਰ ਦਿਤੇ ਸਨ। ਉਥੇ ਲਗੇ ਲਾਸ਼ਾਂ ਦੇ ਢੇਰ ਦੀਆਂ ਅਖਬਾਰ ‘ਚ ਛਪੀਆਂ ਫੋਟੋਆਂ ਸਾਡੀਆਂ ਅੱਖਾਂ ਮੂਹਰੇ ਤਾਜਾ ਹੋ ਗਈਆਂ । ਬੇਸ਼ੱਕ ਭਰਾ ਦਾ ਵਿਆਹ ਬਹੁਤ ਸਾਦੇ ਜਿਹੇ ਢੰਗ ਨਾਲ ਕੀਤਾ ਗਿਆ ਸੀ। ਪਰ ਉਦੋਂ ਖਾੜਕੂ ਅਖਵਾਉੰਦੇ ਇੰਨਾਂ ਅਸਲਾਧਾਰੀਆਂ ਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਸੀ। ਸਾਡੇ ਇਲਾਕੇ ਵਿਚ ਤੁਫਾਨ ਸਿੰਘ ਨਾਂਅ ਦੇ ਖਾੜਕੂ ਦਾ ਬੋਲਬਾਲਾ ਹੋਣ ਦਾ ਚੇਤਾ ਮਨਾਂ ਨੂੰ ਕੁਝ ਧਰਵਾਸ ਬੰਨਾਉਂਦਾ ਸੀ। ਆਮ ਕਰਕੇ ਉਹ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦਾ । ਨਾਂ ਉਹ ਕਿਸੇ ਦੇ ਕਹਿਣ ਤੇ ਬਦਲੇ ਲੈਂਦਾ ਸੀ। ਖੈਰ, ਘੰਟਾ ਕੁ ਕਿਸੇ ਦੇ ਸਾਡੇ ਵਲ ਨਾ ਆਉਣ ਕਾਰਣ ਡਰ ਲੱਥਾ ਤਾਂ ਨਾਂ, ਪਰ ਧਰਵਾਸ ਜਿਹੀ ਹੋਣ ਲਗੀ ਕਿ ਆਫਤ ਟਲ ਗਈ। ਸ਼ਰਾਬ ਪੀਣ ਵਾਲਿਆਂ ਕਮਰੇ ਵਿਚ ਬੋਤਲ ਖੋਲ ਲਈ। ਵਿਆਹ ਵਾਲਾ ਚਾਅ ਤੇ ਚਹਿਲ ਪਹਿਲ ਪ੍ਰਤ ਆਈ। ਤਦੇ,ਬਾਹਰਲੇ ਪਾਸਿਓਂ ਚਾਰ ਬੰਦੂਕਧਾਰੀ ਮੁੰਡੇ ਅੰਦਰ ਵੜਦੇ ਵੇਖ ਨਲਕੇ ਤੋਂ ਪਾਣੀ ਭਰਦੀ ਸਾਡੀ ਨਿੱਕੀ ਭੈਣ ਦੇ ਮੂੰਹੋਂ ਇੰਨਾਂ ਹੀ ਨਿਕਲ ਸਕਿਆ, “ਲਓ ਆਗੇ ਜੇ ਓਹ,” ਕਿਸੇ ਦੇ ਹੱਥੋਂ ਭਾਂਡੇ ਡਿਗਣ ਲਗੇ ਤੇ ਕਿਸੇ ਦੇ ਹੱਥੋਂ ਪਤੀਲੇ ਚੋਂ ਸਬਜੀ ਪਾਉਂਦਿਆਂ ਕੜਛੀ। ਉਹ ਦੋ ਜਣੇ ਬਾਹਰ ਖੜੇ ਰਹੇ ਤੇ ਦੋ ਅਗੇ ਨੂੰ ਆਏ।ਪਹਿਲੇ ਕਮਰੇ ਦਾ ਦਰਵਾਜਾ ਖੋਲਿਆ। ਅੰਦਰਲੇ ਸਾਰੇ ਉਠ ਖੜੋਏ ਤੇ ਉਦੋਂ ਦੇ ਵਰਤਾਰੇ ਮੁਤਾਬਕ ਫਤਿਹ ਬੁਲਾਈ। ਪਰ ਸਾਡਾ ਫੁੱਫੜ ਜਿਆਦਾ ਸ਼ਰਾਬੀ ਹੋਣ ਕਾਰਣ ਕੁਰਸੀ ਤੋਂ ਉਠਣ ਲਗਾ ਡਿਗ ਪਿਆ। ਸ਼ਰਾਬ ਵਿਰੁੱਧ ਬੁਰਾ ਭਲਾ ਕਹਿ ਉਨ੍ਹਾਂ ਅਗਲਾ ਕਮਰਾ ਖੋਲਿਆ, ਅੰਦਰ ਔਰਤਾਂ ਵੇਖਕੇ ਆਪੇ ਬੰਦ ਕਰਤਾ। ਰਸੋਈ ਚੋਂ ਪਤੀਲੇ ਦ‍ਾ ਢੱਕਣ ਚੁੱਕ ਕੇ ਵੇਖਿਆ ਤੇ ਬਾਦ ‘ਚ ਸਾਡੇ ਵਾਲੇ ਕਮਰੇ ਦੀ ਸਰਦਲ ਤੇ ਆਣ ਖੜੇ। ਅਸੀਂ ਚਾਰ ਜਣੇ ਸਾਂ ਅੰਦਰ, ਜਿੰਨਾਂ ਚੋਂ ਮੈਂ ਵੱਡਾ ਸੀ। ਆਹਟ ਹੁੰਦੇ ਈ ਅਸੀਂ ਬਾਹਰ ਵਲ ਤੱਕਿਆ, ਦੋਵੇਂ 18-20 ਸਾਲਾਂ ਦੇ ਹੋਣਗੇ। ਲੋਕਾਂ ਦੇ ਦਸੇ ਹੁਲੀਏ ਮੁਤਾਬਿਕ ਤੁਫਾਨ ਸਿੰਘ ਸੀ ਇਕ। ਦੋ ਏਕੇ 47 ਦੋਹਾਂ ਮੋਢਿਆਂ ਨਾਲ ਲਟਕੀਆਂ ਅਤੇ ਇਕ ਹੱਥ ਵਿਚ। ਦੂਜੇ ਦੇ ਹੱਥ ਤਿਆਰ ਬਰ ਤਿਆਰ AK47 ਫੜੀ ਹੋਈ। ਆਪਣੀ ਮੌਤ ਸਾਹਮਣੇ ਖੜੀ ਦੇਖਕੇ ਸ਼ਾਇਦ ਮੇਰੇ ਮਨ ਦ‍ ਡਰ ਖਤਮ ਹੋ ਗਿਆ ਹੋਊ? ਉਹ ਗਲਾਂ ਕਹਿ ਹੋਗੀਆਂ, ਜੋ ਉਨ੍ਹਾਂ ਨੂੰ ਕੀਤੇ ਸਵਾਲ ਵਾਂਗ ਸਨ। ਉਨ੍ਹਾਂ ਦਾ ਗੁੱਸਾ ਭੜਕ ਸਕਦਾ ਸੀ, ਪਰ...

ਹੈ ਸੱਚ ਸੀ। 10 ਕੁ ਸਕਿੰਟ ਚੁੱਪ ਖੜਾ ਰਹਿਣ ਬਾਦ ਸਾਨੂੰ ਕੋਈ ਵਾਰਨਿੰਗ ਦਿਤੇ ਬਿਨਾਂ ਤੁਫਾਨ ਸਿੰਘ ਨੇ ਦੂਜੇ ਨੂੰ ਇਸ਼ਾਰਾ ਕੀਤਾ ਤੇ ਉਹ ਮੁੜ ਗਏ। ਘਰੋਂ ਬਾਹਰ ਜਾਂਦਿਆਂ ਨੂੰ ਵੇਖਣ ਦੀ ਕਿਸੇ ‘ਚ ਹਿੰਮਤ ਕਿਥੇ ਰਹਿ ਗਈ ਸੀ। ਪੰਜ ਦਸ ਮਿੰਟ ਹੋਏ ਹੋਣਗੇ ਉਨ੍ਹਾਂ ਨੂੰ ਗਿਆਂ, ਬਿੜਕਾਂ ਲੈਂਦੇ ਸਾਰੇ ਕਮਰਿਆਂ ਚੋਂ ਬਾਹਰ ਆਏ। ਕਿਸਨੂੰ ਕੀ ਕਿਹਾ ਤੇ ਕਿਸਨੂੰ ਕੀ ? ਇਕ ਦੂਜੇ ਨੂੰ ਦਸ ਪੁੱਛ ਹੀ ਰਹੇ ਸੀ। ਕਿਲੋਮੀਟਰ ਕੁ ਦੂਰ ਦੂਜੇ ਪਿੰਡ ਵਲੋਂ ਗੋਲੀਆਂ ਦੀ ਠਾਹ ਠਾਹ ਹੋਣ ਤੇ ਲਿਸ਼ਕ ਪੈਣ ਲਗੀ। ਮੈਂ ਅੱਖੀ ਵੇਖਿਆ, ਦੂਰ ਦੂਰ ਤਕ ਡੇਰਿਆਂ ਤੇ ਪਿੰਡਾਂ ਦੇ ਜਗਦੇ ਬਲਬ ਪਹਿਲਾ ਖੜਕਾ ਹੁੰਦੇ ਈ, ਇੰਵੇ ਬੁਝੇ ਜਿੰਵੇ ਲੋਕਾਂ ਨੇ ਪਹਿਲਾਂ ਈ ਸਵਿਚਾਂ ਤੇ ਹੱਥ ਰਖੇ ਹੋਏ ਸੀ। ਉਦੋਂ ਕਣਕਾਂ ਪੱਕੀਆਂ ਹੋਈਆਂ ਸੀ, ਪਰ ਅਜੇ ਵਾਢੀ ਨਹੀਂ ਸੀ ਪਈ। ਰਾਤ ਭਰ ਸੀ ਆਰ ਪੀ ਐਫ ਤੇ ਬੀ ਐਸ ਐਫ ਦੀਆਂ ਗੱਡੀਆਂ ਘੁੰਮਣ ਦੀਆਂ ਅਵਾਜਾਂ ਆਉਂਦੀਆਂ ਰਹੀਆਂ। ਸਵੇਰ ਹੁੰਦੇ ਬਾਹਰ ਨਿਕਲੇ ਤਾਂ ਪਿੰਡ ਵਲੋਂ ਆਏ ਲੋਕਾਂ ਤੋਂ ਪਤਾ ਲਗਾ ਕਿ ਉਸ ਟੋਲੇ ਨੇ ਪਿੰਡ ਦੇ ਬਾਹਰਵਾਰ ਸੀ ਆਰ ਪੀ ਦੇ ਨਾਕੇ ਤੇ ਹਮਲਾ ਕਰਕੇ ਕੁਝ ਸਿਪਾਹੀ ਮਾਰ ਦਿਤੇ ਤੇ ਆਪ ਭੱਜ ਗਏ। ਘੰਟੇ ਕੁ ਬਾਦ ਸਾਡੇ ਘਰਾਂ ਦੀ ਤਲਾਸ਼ੀ ਹੋਣ ਲਗੀ। “ਯਹੀਂ ਰਹਿਤੇ ਹੈਂ, ਯਹੀ ਸੇ ਖਾਤੇ ਹੈਂ?”, ਵਰਗੇ ਗੁੱਸੇ ਭਰੇ ਬੋਲ ਸੁਣਨ ਲਗੇ। ਮੰਜਿਆਂ ਤੇ ਵਿਛੇ ਬਿਸਤਰੇ ਚੈਕ ਹੋਣ ਲਗੇ, ਮਤੇ ਕਿਸੇ ਨੂੰ ਲਹੂ ਲਗਾ ਹੋਵੇ। ਆਖਰ ‘ਚ ਸਾਨੂੰ ਸਾਰਿਆਂ ਨੂੰ ਕਤਾਰ ਵਿਚ ਖੜਾਇਆ ਗਿਆ। ਦੋ ਅਫਸਰਾਂ ਸਾਨੂੰ ਗਹੁ ਨਾਲ ਤਾੜਿਆ ਤੇ ਸਾਡੇ ਮਾਮੇ ਤੇ ਮਾਸੀ ਦੇ 15-16 ਸਾਲਾਂ ਦੇ ਮੁੰਡਿਆਂ ਨੂੰ ਕਤਾਰ ਚੋਂ ਕਢਕੇ ਆਪਣੇ ਨਾਲ ਲੈ ਗਏ। ਸਾਡੇ ਮਨ ਕੰਬਣ ਕਿ ਇੰਨਾਂ ਨੇ ਪਹਿਲੇ ਡੰਡੇ ਨਾਲ ਈ ਦਸ ਦੇਣਾ ਕਿ ਗੋਲੀਬਾਰੀ ਤੋਂ ਪਹਿਲਾਂ ਸਾਡੇ ਘਰੋਂ ਗਏ ਸੀ। ਰਸਤੇ ਬੰਦ ਕੀਤੇ ਹੋਏ ਸੀ, ਅਸੀਂ ਬਾਹਰ ਕਿਤੇ ਜਾ ਨਹੀਂ ਸੀ ਸਕਦੇ।” ਇਹ ਦਸਦਿਆਂ ਦਵਿੰਦਰ ਦੇ ਚਿਹਰੇ ਉਤੇ ਪਿਲੱਤਣ ਉਭਰਨ ਲਗੀ। ਉਹ ਉਵੇਂ ਮਹਿਸੂਸ ਕਰਦਾ ਜਾਪਣ ਲਗਾ ਜਿੰਵੇ ਹੁਣੇ ਬੁਰੇ ਸੁਪਨੇ ਤੋਂ ਬਾਦ ਜਾਗਕੇ ਸਾਡੇ ਨਾਲ ਵਾਪਰਦਾ ਹੈ। ਉਸ ਪਾਣੀ ਦਾ ਗਲਾਸ ਭਰਿਆ ਤੇ ਇਕੋ ਸਾਹੇ ਚਾੜ ਗਿਆ। ਸਾਡੀ ਉਤਸੁਕਤਾ ਇਸ ਕਰਕੇ ਹੋਰ ਵਧਣ ਲਗੀ ਕਿ ਪੁਲੀਸ ਦਾ ਇਹੋ ਜਿਹਾ ਮਾੜਾ ਵਿਹਾਰ ਤਾਂ ਹਮਦਰਦੀ ਨਹੀਂ, ਨਫਰਤ ਵਧਾਉਂਦੈ। ਮਿੰਟ ਕੁ ਬਾਦ ਉਹ ਆਪਣੇ ਆਪ ਵਿਚ ਆਇਆ ਤੇ ਅਗੋਂ ਸ਼ੁਰੂ ਕੀਤਾ। “ਪੁਲੀਸ ਵਲੋਂ ਦੋਹਾਂ ਮੁੰਡਿਆਂ ਨੂੰ ਲਿਜਾਣ ਬਾਦ ਅਸੀਂ ਸਾਰੇ ਮਾਨਸਿਕ ਤੌਰ ਤੇ ਉਸ ਤਸ਼ੱਦਦ, ਆਰਥਿਕ ਲੁੱਟ ਤੇ ਘਰਾਂ ਦੀ ਬਰਬਾਦੀ ਲਈ ਤਿਆਰ ਹੋਣ ਲਗੇ। ਇਹ ਕੁਝ ਅਸੀਂ ਉਦੋਂ ਕਈ ਬੇਦੋਸ਼ਿਆਂ ਨਾਲ ਵਾਪਰਦਾ ਵੇਖਦੇ/ ਸੁਣਦੇ ਹੁੰਦੇ ਸੀ। ਸੱਚੇ ਹੋਈਏ ਤਾਂ ਇਹੋ ਜਿਹੇ ਮੌਕੇ ਰੱਬ ਉਤੇ ਭਰੋਸਾ ਹੀ ਉਮੀਦ ਜਗਾਉਂਦਾ ਹੁੰਦਾ। ਉਹੀ ਉਮੀਦ ਉਸ ਵੇਲੇ ਸਾਡੇ ਮਨਾਂ ਵਿਚ ਕਿਸੇ ਚਮਤਕਾਰ ਦੀ ਕਿਰਨ ਬਾਲ ਰਹੀ ਸੀ। ਮਾਮੀ ਤੇ ਮਾਸੀ ਦੇ ਹਾਲ ਦਸਣ ਲਈ ਮੇਰੇ ਕੋਲ ਸ਼ਬਦ ਨਹੀਂ ।ਮਾਵਾਂ ਸਨ ਉਹ। ਸਵੇਰ ਦੀ ਚਾਹ ਤੋਂ ਬਾਦ ਚੁੱਲੇ ਠੰਡੇ ਸਨ। ਉਸ ਹਾਲਤ ਵਿਚ ਖਾਣ ਪੀਣ ਕਿਸਨੂੰ ਸੁਝਦੈ ?” “ਦੁਪਿਹਰ ਢਲ ਗਈ ਹੋਈ ਸੀ। ਪਿੰਡ ਵਾਲੇ ਪਾਸਿਓਂ ਦੋ ਜਣਿਆਂ ਦੇ ਆਉਂਦੇ ਹੋਣ ਨੇ ਸਾਰਿਆਂ ਦੇ ਕੰਨ ਖੜੇ ਕੀਤੇ। ਕੌਣ ਹੋਣਗੇ, ਕਿਆਫੇ ਲਗਣ ਲਗੇ। ਦੂਰੀ ਘਟਣ ਨਾਲ ਪਹਿਚਾਣ ਵਧਣ ਲਗੀ। ਨਜਰਾਂ ਦੀ ਪਰਖ ਹੋਣ ਲਗੀ। ਦੋਹਾਂ ਦੇ ਵਧਦੇ ਕਦਮ ਸਾਡੀਆਂ ਧੜਕਨਾਂ ਨਾਲ ਜੁੜਨ ਲਗੇ। ਮਾਮੀ ਤੇ ਮਾਸੀ ਦੇ ਮਨਾਂ ਦੀਆਂ ਤਰੰਗਾਂ ਕਰੰਟ ਫੜਨ ਲਗੀਆਂ। ਅੱਖਾਂ ਦੀ ਝਮਕ ਰੁਕ ਗਈ। ਮਿੰਟ ਮਿੰਟ ਪਹਿਚਾਣ ਗਾਹੜੀ ਤੇ ਪੱਕੀ ਹੋਣ ਲਗੀ। ਦੋਵੇਂ ਕੋਲ ਪਹੁੰਚੇ ਤੇ ਉਨ੍ਹਾਂ ਦੀ ਪਹਿਲੀ ਗਲ ਨੇ ਸਭ ਦੇ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਜੁੜਵਾ ਦਿਤੇ। ਕਿਸੇ ਵੱਡੇ ਅਫਸਰ ਨੇ ਆਉਂਦੇ ਸਾਰੇ ਉਨ੍ਹਾਂ ਨੂੰ ਘਰੋ ਘਰੀ ਜਾਣ ਲਈ ਕਹਿਤਾ ਸੀ। ਮੁੰਡਿਆ ਦਸਿਆ ਕਿ ਉਨ੍ਹਾਂ ਵਰਗੇ 15-20 ਹੋਰ ਮੁੰਡੇ ਵੀ ਲਿਆਂਦੇ ਹੋਏ ਸਨ। ਅਫਸਰ ਨੇ ਆਉਂਦੇ ਸਾਰ ਪੁੱਛਿਆ ਕਿ ਇਹ ਕੌਣ ਹਨ ਤਾਂ ਹੇਠਲੇ ਮੁਲਾਜਮ ਨੇ ਦਸਿਆ ਕਿ ਇਂਨਾਂ ਤੋਂ ਰਾਤ ਵਾਲੇ ਅੱਤਵਾਦੀਆਂ ਬਾਰੇ ਪੁੱਛਗਿਛ ਕਰਨੀ ਹੈ। ਅਫਸਰ ਨੇ ਉਨਾਂ ਸਾਰਿਆਂ ਨੂੰ ਕੋਲ ਸਦਕੇ ਕਿਸੇ ਨੂੰ ਕੁਝ ਤੇ ਕਿਸੇ ਨੂੰ ਕੁਝ ਪੁਛਿਆ ਤੇ ਨਾਲ ਨਾਲ ਘਰ ਭੇਜੀ ਗਿਆ। ਉਸਨੇ ਹੇਠਲਿਆਂ ਨੂੰ ਝਿੜਕਿਆ ਕਿ ਲੋਕ ਅੱਤਵਾਦੀਆਂ ਨੂੰ ਰੋਟੀ ਚਾਅ ਨਾਲ ਨਹੀਂ, ਗੋਲੀ ਤੋਂ ਡਰਦੇ ਖਵਾਉਂਦੇ ਨੇ। ਦੋਸਤੋ, ਸੱਚ ਦਸਾਂ, ਉਸ ਵੇਲੇ ਮੈਨੂੰ ਦਾਦੀ ਕਿਹਾ ਯਾਦ ਆਇਆ। ਉਹ ਕਿਹਾ ਕਰਦੀ ਸੀ, “ਸੱਚਿਆਂ ਲਈ ਰੱਬ ਬਹੁੜਦਾ ਹੁੰਦਾ।” ਦਵਿੰਦਰ ਹੁਣ ਗਲ ਛੇਤੀ ਮੁਕਾਉਣ ਦੇ ਰੌਂਅ ਵਿਚ ਸੀ। ਸ਼ਾਇਦ ਉਸਨੂੰ ਕੋਈ ਕੰਮ ਯਾਦ ਆ ਗਿਆ ਸੀ । ਮੈਂ ਨੋਟ ਕੀਤਾ ਜਿੰਵੇ ਉਸਦੇ ਮਨ ‘ਚ ਉਸ ਚੰਗੇ ਅਫਸਰ ਪ੍ਰਤੀ ਸਤਿਕਾਰ ਭਾਵਨਾ ਉਭਰ ਆਈ ਹੋਵੇ। ਉਸਨੇ ਅਗੇ ਗਲ ਤੋਰੀ। “ਨਾਕੇ ਵਾਲੀ ਥਾਂ ਦੇ ਨੇੜਲੇ ਘਰ ਵਾਲਿਆਂ ਦਿਨ ਦੀ ਸਾਰੀ ਕਾਰਵਾਈ ਸੁਣੀ ਤੇ ਵੇਖੀ ਸੀ। ਉਨ੍ਹਾਂ ਦਸਿਆ ਕਿ ਉਹ ਅਫਸਰ ਸੀ ਆਰ ਪੀ ਦਾ ਡੀ ਆਈ ਜੀ ਚਮਨ ਲਾਲ ਸੀ। ਉਸਦਾ ਨਾਂਅ ਅਸੀਂ ਪਹਿਲਾਂ ਸੁਣਦੇ ਰਹੇ ਸੀ ਕਿ ਉਹ ਕਿਸੇ ਨਾਲ ਜਿਆਦਤੀ ਜਾਂ ਬੇਇਨਸਾਫੀ ਨਹੀਂ ਹੋਣ ਦਿੰਦਾ। ਉਸ ਦਿਨ ਗੁਰਬਾਣੀ ਦੀ ਇਕ ਤੁਕ ਦੇ ਸ਼ਬਦ ਮੇਰੇ ਦਿਮਾਗ ਚ ਟੱਕ ਟੱਕ ਕਰਨ ਲਗ ਪਏ, ਕੋਈ ਹਰਿਆ ਬੂਟ ਰਹਿਓ ਰੀ। ਹੁਣ ਤੁਸੀਂ ਦਸੋ ਕਿ ਜੇ ਸਾਰੀ ਪੁਲੀਸ ਨੂੰ ਇਕੋ ਰਸੇ ਬੰਨੀ ਜਾਈਏ ਤਾਂ ਉਨ੍ਹਾਂ ਵਿਚਲੇ ਚਮਨ ਲਾਲਾਂ ਦਾ ਦਿੱਲ ਨਹੀਂ ਟੁੱਟੇਗਾ ਨਾ ?” ਘਟਨਾ ਸਾਂਝੀ ਕਰਕੇ ਦਵਿੰਦਰ ਨੇ ਮੇਰੇ ਦੋਸਤਾਂ ਦੇ ਭੁਲੇਖੇ ਦੂਰ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਮਨਾਂ ਵਿਚ ਸੱਚ ਨਾਲ ਖੜਨ ਤੇ ਸੱਚੋ ਹੀ ਸੱਚ ਨਿਬੜੈ ਦਾ ਦੀਵਾ ਵੀ ਜਗਾ ਦਿਤਾ।
ਰਚਨਾ – ਗੁਰਮਲਕੀਅਤ ਸਿੰਘ ਕਾਹਲੋਂ ਮਿਤੀ 22/03/2021
ਫੋਨ +16044427676
+919814177676

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)