ਐਤਵਾਰ ਸੀ ਸ਼ਾਇਦ ਇਸੇ ਕਰਕੇ ਡੱਬੇ ਵਿਚ ਭੀੜ ਥੋੜੀ ਘੱਟ ਸੀ..
ਮੈਂ ਛੇਤੀ ਨਾਲ ਅੰਦਰ ਵੜ ਨੁੱਕਰ ਵਾਲੀ ਸੀਟ ਮੱਲ ਲਈ ਤੇ ਦੂਜੇ ਪਾਸੇ ਬੈਗ ਟਿਕਾ ਦਿੱਤਾ..
ਚੱਲ ਪਈ ਗੱਡੀ ਵਿਚ ਆਣ ਚੜਿਆ ਇੱਕ ਚੇਹਰਾ ਮੈਨੂੰ ਕੁਝ ਜਾਣਿਆਂ ਪਹਿਚਾਣਿਆਂ ਜਿਹਾ ਲੱਗਾ..!
ਗਹੁ ਨਾਲ ਤੱਕਿਆ..ਇਹ ਤਾਂ ਓਹੀ ਸੀ..ਕਿੰਨੇ ਵਰੇ ਪਹਿਲਾਂ ਰੋਜਾਨਾ ਬਟਾਲਿਓਂ ਅਮ੍ਰਿਤਸਰ ਗੱਡੀ ਵਿਚ ਆਉਂਦਾ ਪੋਚਵੀਂ ਜਿਹੀ ਪੱਗ ਵਾਲਾ ਬਹੁਤ ਘੱਟ ਬੋਲਦਾ ਨਿਸ਼ਾਨ ਸਿੰਘ..
ਮੈਥੋਂ ਅੱਗੇ ਨਿੱਕਲ ਬਾਰੀ ਵਾਲੇ ਪਾਸੇ ਬੈਠ ਲਗਾਤਾਰ ਬਾਹਰ ਵੱਲ ਨੂੰ ਵੇਖਦੇ ਹੋਏ ਨੇ ਇੱਕ ਵਾਰ ਵੀ ਨਜਰ ਚੁੱਕ ਮੇਰੇ ਵੱਲ ਨਾ ਵੇਖਿਆ..
ਪਰ ਮੈਂ ਸਾਮਣੇ ਬੈਠੇ ਬਜ਼ੁਰਗ ਜੋੜੇ ਤੋਂ ਨਜਰ ਬਚਾ ਕੇ ਬਿੰਦ ਕੂ ਲਈ ਉਸ ਵੱਲ ਤੱਕ ਜਰੂਰ ਲਿਆ ਕਰਦੀ..
ਏਨੇ ਸਾਲਾਂ ਵਿਚ ਕੋਈ ਖਾਸ ਫਰਕ ਨਹੀਂ ਸੀ ਪਿਆ..ਓਨਾ ਕੂ ਹੀ ਭਾਰ..ਓਹੀ ਦਿੱਖ..ਅਤੇ ਪੱਗ ਦਾ ਸਟਾਈਲ ਵੀ ਬਿਲਕੁਲ ਓਹੀ..
ਸਿਵਾਏ ਪਹਿਲੇ ਅਤੇ ਆਖਰੀ ਲੜ ਅੰਦਰੋਂ ਝਾਤੀ ਮਾਰਦੇ ਚੰਦ ਕੂ ਚਿੱਟੇ ਵਾਲ..
ਸੁਰਤ ਦਸ ਸਾਲ ਪਿੱਛੇ ਪਰਤ ਗਈ..
ਕੱਥੂਨੰਗਲ ਤੋਂ ਜਾਣ-ਬੁੱਝ ਕੇ ਹੀ ਮੇਰੇ ਵਾਲੇ ਡੱਬੇ ਵਿਚ ਚੜ੍ਹ ਜਾਂਦਾ ਮੁਸ਼ਟੰਡਿਆਂ ਦਾ ਉਹ ਵੱਡਾ ਗਰੁੱਪ..ਘਰੇ ਦੱਸਿਆ ਤਾਂ ਮਾਂ ਆਖਣ ਲੱਗੀ ਬੱਸੇ ਚਲੀ ਜਾਇਆ ਕਰ..!
ਪਰ ਕਿਰਾਇਆ ਅਤੇ ਘਰੋਂ ਕਾਫੀ ਦੂਰ ਪੈਂਦਾ ਅੱਡਾ..
ਮੈਂ ਗੱਡੀ ਤੇ ਹੀ ਜਾਣਾ ਜਾਰੀ ਰੱਖਿਆ..
ਅਕਸਰ ਹੀ ਕੱਥੂਨੰਗਲ ਤੱਕ ਆਉਂਦਿਆਂ ਮੇਰਾ ਦਿੱਲ ਫੜਕ ਫੜਕ ਵੱਜਣਾ ਸ਼ੁਰੂ ਹੋ ਜਾਂਦਾ..
ਸਾਰੇ ਡੱਬੇ ਵਿਚੋਂ ਕਿਸੇ ਦੀ ਹਿੰਮਤ ਨਾ ਪੈਂਦੀ ਕੇ ਓਹਨਾ ਨੂੰ ਵਰਜ ਸਕੇ..
ਅਖੀਰ ਇੱਕ ਦਿਨ ਕਰਾਮਾਤ ਹੋਈ..ਇੱਕ ਉਚੇ ਲੰਮੇ ਮੁੰਡੇ ਨੇ ਸਾਰਿਆਂ ਨਾਲ ਪੰਗਾ ਲੈ ਲਿਆ..ਇੱਕ ਨੂੰ ਸਿਰਫ ਦੋ ਕੂ ਘਸੁੰਨ ਹੀ ਵੱਜੇ..ਬਾਕੀ ਏਦਾਂ ਗਵਾਚੇ ਜਿੱਦਾਂ ਖੋਤੇ ਦੇ ਸਿਰ ਤੋਂ ਸਿੰਗ..!
ਉਸ ਦਿਨ ਮਗਰੋਂ ਕਿਸੇ ਦੀ ਵੀ ਮੇਰੇ ਡੱਬੇ ਵਿਚ ਚੜ ਮੈਨੂੰ ਛੇੜਨ ਦੀ ਹਿੰਮਤ ਨਾ ਪਈ..!
ਮੇਰੀ ਹਰ ਮੁਸ਼ਕਿਲ ਅੱਗੇ ਨਿਸ਼ਾਨ ਸਿੰਘ ਕੰਧ ਬਣ ਖਲੋ ਜਾਇਆ ਕਰਦਾ..!
ਹਾਲਾਂਕਿ ਕਦੀ ਵੀ ਗੱਲਬਾਤ ਨਹੀਂ ਸੀ ਹੋਈ ਪਰ ਫੇਰ ਵੀ ਗੱਡੀ ਵਿਚ ਕਿੰਨੀਆਂ ਤਰਾਂ ਦੀਆਂ ਦੰਦ ਕਥਾਵਾਂ ਜਰੂਰ ਪ੍ਰਚੱਲਿਤ ਹੋ ਗਈਆਂ..!
ਫੇਰ ਇੱਕ ਦਿਨ ਆਥਣ ਵੇਲੇ ਵਾਪਸੀ ਤੇ ਟੇਸ਼ਨ ਵੱਲ ਨੂੰ ਆ ਰਹੀ ਸਾਂ ਕੇ ਚੋਰ ਬਜਾਰ ਕੋਲ ਅੱਗੇ ਖਲੋਤੇ ਨਿਸ਼ਾਨ ਸਿੰਘ ਨੇ ਖਲਿਆਰ ਲਿਆ..ਇੱਕ ਚਿੱਠੀ ਫੜਾ ਦਿੱਤੀ..!
ਉਸਦੀ ਇਹ ਹਰਕਤ ਅਜੀਬ ਜਿਹੀ ਜਰੂਰ ਲੱਗੀ ਪਰ ਬੁਰੀ ਬਿਲਕੁਲ ਵੀ ਨਹੀਂ..
ਗੱਡੀ ਚੜ ਹੌਲੀ ਜਿਹੀ ਕੱਢ ਪੜਨੀ ਸ਼ੁਰੂ ਕਰ ਦਿੱਤੀ..
ਅੰਦਰ ਕਿੰਨਾ ਕੁਝ ਲਿਖਿਆ...
ਸੀ..
ਅਤੇ ਅਖੀਰ ਵਿਚ ਨਿੱਕੀ ਜਿਹੀ ਲਾਈਨ ਵਿਚ ਕਿੰਨੀ ਵੱਡੀ ਗੱਲ ਲਿਖ ਮਾਰੀ ਸੀ ਉਸਨੇ..”ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ..”
ਪੜ ਕੇ ਮੁੱਠੀ ਮੀਚ ਲਈ..
ਕਮਲਿਆ ਏਨੀ ਦੇਰ ਕਰ ਦਿੱਤੀ..ਕੱਲ ਕੋਰਸ ਦਾ ਆਖਰੀ ਦਿਨ ਅਤੇ ਅਗਲੇ ਮਹੀਨੇ ਵਿਆਹ..
ਫੇਰ ਵੀ ਅਗਲੇ ਦਿਨ ਗੱਡੀ ਵਿਚ ਬੈਠੀ ਦੀਆਂ ਨਜਰਾਂ ਉਸਨੂੰ ਲੱਭਦੀਆਂ ਰਹੀਆਂ ਪਰ ਉਹ ਕਿਧਰੇ ਵੀ ਨਾ ਦਿਸਿਆ..!
ਏਨੇ ਨੂੰ ਟੀ.ਟੀ ਨੇ ਆ ਕੇ ਜਦੋਂ ਮੈਨੂੰ ਟਿਕਟ ਵਿਖਾਉਣ ਲਈ ਆਖਿਆ ਤਾਂ ਸੂਰਤ ਇੱਕ ਵਾਰ ਫੇਰ ਵਰਤਮਾਨ ਵਲ ਪਰਤ ਆਈ..!
ਫੇਰ ਉਸਦੀ ਵਾਰੀ ਆਈ ਤਾਂ ਆਖਣ ਲੱਗਾ ਜੀ ਮੇਰੀ ਵੀ ਅੰਮ੍ਰਿਤਸਰ ਦੀ ਹੀ ਬਣਾ ਦਿਓ..ਕਾਹਲੀ ਕਾਹਲੀ ਮੈਥੋਂ ਲਈ ਨਹੀਂ ਗਈ..!
ਏਨੀ ਗੱਲ ਸੁਣ ਝੱਟ ਸਮਝ ਗਈ ਕੇ ਅੱਜ ਵੀ ਉਹ ਮੈਨੂੰ ਦਿਨ ਢਲੇ ਅਚਾਨਕ ਕੱਲੀ ਨੂੰ ਵੇਖ ਮੇਰੀ ਰਾਖੀ ਲਈ ਹੀ ਮੇਰੇ ਵਾਲੇ ਡੱਬੇ ਵਿੱਚ ਆਣ ਚੜਿਆ ਹੋਵੇਗਾ..!
ਫੇਰ ਅਮ੍ਰਿਤਸਰ ਤੱਕ ਉਡੀਕ ਕਰਦੀ ਰਹੀ ਕੇ ਇੱਕ ਵਾਰ ਨਜਰਾਂ ਮਿਲਾਵੇ..ਥੋੜੀ ਬਹੁਤ ਗੱਲ ਕਰ ਸਕਾਂ..ਆਪਣੀ ਜਿੰਦਗੀ ਵਿਚ ਆਏ ਕਿੰਨੇ ਸਾਰੇ ਜਵਾਰ-ਭਾਟਿਆ ਬਾਰੇ ਦੱਸ ਸੱਕਾਂ..
ਪਰ ਜਿਊਣ ਜੋਗਾ ਪਲੇਟਫਾਰਮ ਦੀ ਭੀੜ ਵਿਚ ਕਿਧਰੇ ਐਸਾ ਗਵਾਚਾ ਕੇ ਮੁੜ ਫੇਰ ਕਦੀ ਵੀ ਨੀ ਦਿਸਿਆ!
ਫੇਰ ਦੋ ਵਰ੍ਹਿਆਂ ਬਾਅਦ ਅਖਬਾਰ ਦੇ ਇੱਕ ਪੰਨੇ ਤੇ ਕਾਰਗਿਲ ਜੰਗ ਵਿੱਚ ਤੁਰ ਗਏ ਫੌਜੀਆਂ ਦੀਆਂ ਛਪੀਆਂ ਫੋਟੋਆਂ ਵੇਖਦੀ ਹੋਈ ਦੀ ਨਜਰ ਇੱਕ ਫੋਟੋ ਤੇ ਆ ਕੇ ਗੱਡੀ ਜਿਹੀ ਗਈ..ਨਾਲ ਹੀ ਕਾਲਜੇ ਦਾ ਰੁਗ ਵੀ ਭਰਿਆ ਗਿਆ..!
ਓਹੀ ਨਿਸ਼ਾਨ ਸਿੰਘ ਸੀ..ਉਚਾ ਲੰਮਾ..ਅਡੋਲ ਅਤੇ ਬੇਖੌਫ ਜਿਹਾ..
ਪਰ ਮੈਨੂੰ ਬਦਕਿਸਮਤ ਨੂੰ ਏਨਾ ਵੀ ਨਹੀਂ ਸੀ ਪਤਾ ਕੇ ਉਸਨੇ ਵਿਆਹ ਕਰਵਾਇਆ ਵੀ ਸੀ ਕੇ ਨਹੀਂ..!
ਖੈਰ ਅੱਜ ਏਨੇ ਵਰ੍ਹਿਆਂ ਬਾਅਦ ਵੀ ਜਦੋਂ ਕਦੇ ਕੱਲੀ ਕਾਰੀ ਤੇ ਕੋਈ ਭੀੜ ਬਣਦੀ ਨਜਰ ਆਵੇ ਤਾਂ ਪਤਾ ਨਹੀਂ ਕਿਓਂ ਇੰਝ ਲੱਗਦਾ ਜਿੰਦਾ ਨਿਸ਼ਾਨ ਸਿੰਘ ਕੋਲੇ ਹੀ ਕਿਧਰੇ ਖਲੋਤਾ ਰਾਖੀ ਕਰ ਰਿਹਾ ਹੋਵੇ..!
ਸੋ ਦੋਸਤੋ ਹਰੇਕ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਨਿਸ਼ਾਨ ਸਿੰਘ ਐਸਾ ਜਰੂਰ ਹੁੰਦਾ ਜਿਹੜਾ ਆਪਣਾ ਵਜੂਦ ਭਾਵੇਂ ਗਵਾ ਦੇਵੇ ਪਰ ਭੀੜ ਬਣੀ ਤੇ ਵੇਲੇ ਸਿਰ ਅੱਪੜ ਆਪਣੇ ਮਿੱਤਰ ਪਿਆਰਿਆਂ ਦੀ ਰਾਖੀ ਕਰਨ ਦਾ ਮੌਕਾ ਕਦੇ ਵੀ ਨਹੀਂ ਗਵਾਉਂਦਾ..!
ਹਰਪ੍ਰੀਤ ਸਿੰਘ ਜਵੰਦਾ
Prem singh
bohat he sohna likhya veer ji
Mukhtiar Singh
ਤੁਹਾਡੀਆਂ ਹੋਰ ਵੀ ਲਿਖਤਾਂ ਪੜੀਆਂ, ਸਲਾਮ ਤੁਹਾਡੀ ਸੋਚ ਤੇ ਕਲਮ ਨੂੰ !!
..
Nice
Amandeep singh
Nice… bhut sohna likhya tusi