More Punjabi Kahaniya  Posts
ਇਉਂ ਤੁਰਿਆ ਪਿਤਾ-(1)


ਨਿੰਦਰ ਘੁਗਿਆਣਵੀ
***
ਸਾਲ 2011 ਦੀਆਂ ਗਰਮੀਆਂ ਵਿੱਚ ਮੈਂ ਆਸਟਰੇਲੀਆ ਗਿਆ ਸੀ ਤੇ ਚਹੁੰ ਕੁ ਮਹੀਨੀਂ ਘਰ ਪਰਤਿਆ ਸੀ। ਪਿਤਾ ਨੇ ਹਾਸੇ-ਹਾਸੇ ਆਖਿਆ, “ਵੇਖ ਉਏ, ਤੇਰੀ ਮਾਂ ਤੇਰੇ ਬਾਹਰ ਜਾਣ ਕਰਕੇ ਸੁੱਕੇ ਤੀਲੇ ਵਾਂਗੂੰ ਹੋਈ ਪਈ ਐ…ਅਖੇ ਮੁੰਡਾ ਪਤਾ ਨੀ ਕਦੋਂ ਆਊ, ਤੇ ਤੂੰ ਘੁੰਮ-ਫਿਰ ਕੇ ਆ ਗਿਆ ਐਂ ਗੋਰਿਆਂ ਦੇ ਮੁਲਕ ‘ਚੋਂ…ਗੋਰਾ-ਗੋਰਾ ਜਿਹਾ ਨਿੱਕਲ ਕੇ…।” ਸਾਰੇ ਹੱਸਣ ਲੱਗੇ। ਮਾਂ ਵਾਕਿਆ ਹੀ ਸੁੱਕ ਕੇ ਤੀਲਾ ਜਿਹੀ ਹੋਈ ਪਈ ਸੀ, ਮੈਂ ਝਟ ਆਪਣੇ ਕਮਰੇ ਵਿੱਚ ਜਾ ਸੀਸਾ ਦੇਖਿਆ, ਮੈਂ ਸੱਚੀਓਂ ਹੀ ਗੋਰਾ-ਗੋਰਾ ਨਿੱਕਲ ਆਇਆ ਸਾਂ। ਸੀਸਾ ਦੇਖਣ ਬਾਅਦ ਮੈਂ ਸੋਚਣ ਲੱਗਿਆ ਕਿ ਮੈਂ ਤਾਂ ਕੁਝ ਮਹੀਨਿਆਂ ਲਈ ਹੀ ਪਰਦੇਸ ਗਿਆ ਸਾਂ, ਤੇ ਵਤਨ ਨੂੰ ਮੁੜ ਵੀ ਆਇਆ ਹਾਂ, ਤੇ ਜਿਹੜੀਆਂ ਮਾਵਾਂ ਦੇ ਪੁੱਤ ਸਦਾ-ਸਦਾ ਲਈ ਪਰਦੇਸੀ ਹੋ ਗਏ ਨੇ, ਕਦੇ ਪਰਤੇ ਹੀ ਨਹੀਂ ਵਤਨ ਆਪਣੇ, ਉਹਨਾਂ ਮਾਵਾਂ ਦਾ ਕੀ ਹਾਲ ਹੁੰਦਾ ਹੋਊ? ਖੈਰ! ਕੁਝ ਚਿਰ ਰੁਕ ਕੇ ਪਿਤਾ ਨੇ ਦੱਸਿਆ, “ਮੇਰੇ ਸੱਜੇ ਮੋਢੇ ਵਿੱਚ ਕਦੇ-ਕਦੇ ਪੀੜ ਜਿਹੀ ਉਠਦੀ ਰਹਿੰਦੀ ਐ, ਗੋਲੀ ਖਾਣ ਨਾਲ ਹਟ ਜਾਂਦੀ ਐ, ਆਹ ਇੱਕ ਪੱਤਾ ਜਿਹਾ ਮੰਗਵਾਉਨੈ ਹੁੰਨੈ,ਏਹਦੇ ‘ਚੋਂ ਗੋਲੀ ਖਾ ਛੱਡੀਦੀ ਐ।” ਮੈਂ ਗੋਲੀ ਵਾਲਾ ਪੱਤਾ ਦੇਖਿਆ, ਐਕਲੋਪੈਰਾ ਕੰਪਨੀ ਦਾ ਸੀ, ਤੇ ਇਸਦਾ ਅਸਾਲਟ ਐਕਲੋਫਿਨੈਕ ਤੇ ਪੈਰਾਸੀਟਾਮੋਲ ਸੀ, ਜਿੰਨਾ ਚਿਰ ਖਾਂਦੇ ਰਹੋਗੇ,ਓਨਾ ਚਿਰ ਦਰਦ ਤੋਂ ਕੁਝ ਘੰਟੇ ਰਾਹਤ ਰਹੇਗੀ।
ਸੋ, ਉਹ ਇਵੇਂ ਕਰਦੇ ਆ ਰਹੇ ਸਨ। ਗੋਲੀ ਖਾ ਕੇ ਵੇਲਾ ਟਪਾਉਂਦੇ ਰਹੇ। ਉਹਨਾਂ ਦੇ ਮੋਢੇ ਦੀ ਦਰਦ ਵਧਦੀ ਗਈ। ਮੈਂ ਕਿਸੇ ਡਾਕਟਰ ਕੋਲ ਲਿਜਾਣ ਨੂੰ ਕਹਿਣਾ ਤਾਂ ਅੱਗੋਂ ਆਖਦੇ, “ਮੈਨੂੰ ਕੁਝ ਨੀ ਹੋਇਆ, ਮੈਂ ਥੋਡੇ ਸਭ ਤੋਂ ਤਕੜਾ ਐਂ, ਇਹੋ-ਜੀਆਂ ਪੀੜਾਂ-ਪੂੜਾਂ ਨੂੰ ਕੀ ਜਾਣਦੈਂ…ਮੈਂ ਯਾਰ।”
ਛੇ ਫੁੱਟ ਇੱਕ ਇੰਚ ਕੱਦ ਸੀ ਤੇ ਪੂਰੇ ਹੱਟੇ-ਕੱਟੇ ਸਨ। ਸਾਰੀ ਉਮਰ ਉਨਾ ਕਹੀ ਚਲਾਈ ਸੀ ਖੇਤਾਂ ਵਿੱਚ ਤੇ ਡੂੰਘਾ ਹਲ ਵਾਹਿਆ ਸੀ। ਮੈਂ ਆਪਣੀ ਉਮਰ ਵਿੱਚ ਕਦੀ ਉਹਨਾਂ ਨੂੰ ਤਾਪ ਚੜ੍ਹਿਆ ਨਹੀਂ ਸੀ ਦੇਖਿਆ।ਉਹ ਦਸਦੇ ਹੁੰਦੇ ਸੀ ਕਿ ਜੇ ਕਦੇ ਤਾਪ ਚੜ੍ਹ ਵੀ ਜਾਣਾ ਤਾਂ ਆਪੇ ਈ ਲੱਥ ਜਾਣਾ, ਖੇਤਾਂ ‘ਚ ਨੰਗੇ ਪੈਰੀਂ ਭੱਜੇ ਫਿਰੀਦਾ ਸੀ, ਕਦੇ ਗਿੱਲੀ ਮਿੱਟੀ ‘ਤੇ ਤੁਰਨਾ ਤੇ ਕਦੇ ਕੋਸੀ ਮਿੱਟੀ ‘ਤੇ ਕਦੇ ਤੱਤੀ-ਤੱਤੀ ਰੇਤਾ ਪੈਰਾਂ ਨੂੰ ਆਪਣੇ ਸਿਰ ਕਰੀ ਰਖਦੀ ਸੀ, ਅਸੀਂ ਤਾਂ ਕਦੇ ਗੋਲੀ ਦਾ ਮੂੰਹ ਨੀ ਸੀ ਦੇਖਿਆ ਕਿ ਗੋਲੀ ਕੀ ਸ਼ੈਅ ਹੁੰਦੀ ਐ, ਗਰਮ-ਸਰਦ ਹੋਣੀ ਤਾਂ ਲੱਸੀ ‘ਚ ਲਾਲ ਮਿਰਚਾਂ ਸੁੱਟ੍ਹ ਕੇ ਪੀ ਲੈਣੀ, ਖੰਘ-ਜੁਕਾਮ ਨੇੜੇ ਨੀ ਸੀ ਖੜ੍ਹਦਾ, ਜੇ ਕਦੇ ਮੂੰਹ ‘ਚ ਛਾਲੇ ਹੋ ਜਾਣੇ ਤਾਂ ਰੋਟੀ ਪਕਾਉਣ ਵਾਲੇ ਤਵੇ ਦੇ ਪਿੱਛਿਓ ਕਾਲਖ ਉਤੇ ਉਂਗਲ ਫੇਰ ਕੇ ਛਾਲੇ ਉਤੇ ਲਾ ਲੈਣੀ ਤੇ ਸਵੇਰੇ ਨੂੰ ਛਾਲੇ ਖਤਮ!
***
ਉਹਨਾਂ ਦੇ ਮੋਢੇ ਦੀ ਦਰਦ ਦਿਨੋ-ਦਿਨ ਵਧ ਰਹੀ ਸੀ। ਹੁਣ ਉਹ ਗੋਲੀ ਤੋਂ ਟੀਕੇ ‘ਤੇ ਆ ਗਏ। ਕਦੇ-ਕਦੇ ਟੀਕਾ ਲਵਾ ਲੈਂਦੇ ਤੇ ਪੀੜ ਥੰਮ ਜਾਂਦੀ। ਵਿੱਚ-ਵਿੱਚ ਦਿਨ ਪੈਂਦੇ ਗਏ ਤੇ ਪੀੜ ਹੋਰ-ਹੋਰ ਵਧਣ ਲੱਗੀ। ਇੱਕ ਦਿਨ ਕਹਿਣ ਲੱਗੇ, “ਸਾਲ ਕੁ ਹੋ ਗਿਆ ਐ, ਮੈਂ ਖੇਤ ਰੇਹੜਾ ਜੋੜਦਾ ਸੀ, ਬਲਦ ਭਜ ਗਿਆ ਤੇ ਮੈਂ ਡਿੱਗ ਪਿਆ ਸੀ…ਏਸ (ਸੱਜੇ) ਮੋਢੇ ‘ਤੇ ਭਾਰ ਆ ਗਿਆ ਸੀ,ਏਸੇ ਕਰਕੇ ਹੁੰਦੀ ਹੋਣੀ ਐਂ ਪੀੜ,ਹੋ ਸਕਦੈ ਹੱਡੀ ਹਿੱਲ ਗਈ ਹੋਵੇ।” ਪਿਤਾ ਦੀ ਗੱਲ ਸੁਣ ਕੇ ਅਸੀਂ ਦੇਸੀ ਪੱਟੇ ਲਾਉਣ ਵਾਲੇ ਆਪਣੇ ਮਿੱਤਰ...

ਗੁਲਜਾਰ ਮੁਹਮੰਦ ਮਦੀਨੇ ਕੋਲ ਸਾਡੇ ਨੇੜੇ ਸਾਦਿਕ ਮੰਡੀ ਚਲੇ ਗਏ। ਉਸਨੇ ਹੱਡੀ ਟੋਹ ਕੇ ਆਖਿਆ, “ਆਹ ਦੇਖੋ ਅੰਕਲ ਜੀ, ਕਿੰਨਾ ਫਰਕ ਪਿਆ ਹੋਇਆ,ਹੱਡੀ ਤਾਂ ਹਿੱਲੀ ਹੋਈ ਆ,ਪੱਟੇ ਲਾ ਕੇ ਜੋੜ ਦਿੰਨੇ ਆਂ,ਪੰਦਰਾਂ ਦਿਨਾਂ ‘ਚ ਅਰਾਮ ਆਜੂ।” ਮਦੀਨੇ ਕੋਲੋਂ ਪੱਟੇ ਲੱਗਣ ਲੱਗੇ। ਪਰ ਪੀੜ ਸਗੋਂ ਵੀ ਵਧਣ ਲੱਗੀ। ਪਤਾ ਲੈਣ ਆਏ ਕਿਸੇ ਗੁਆਂਢੀ ਨੇ ਨੇ ਕਿਹਾ ਕਿ ਪੱਟੇ ਲਾਉਣ ਨੇੜਲੇ ਪਿੰਡੋਂ ਰਾਈਆਂ ਵਾਲੇ ਹੈਗਾ।” ਜਦ ਉਸ ਕੋਲ ਗਏ ਤਾਂ ਉਹਨੇ ਕਿਹਾ, “ਤੁਸੀ ਪਹਿਲਾਂ ਈ ਮੇਰੇ ਕੋਲ ਕਿਉਂ ਨਾ ਆਏ?” ਮੈਂ ਚੁੱਪ ਰਿਹਾ। ਕੋਈ ਜੁਆਬ ਨਹੀਂ ਸੀ ਇਸ ਗੱਲ ਦਾ ਮੇਰੇ ਕੋਲ। ਲਓ ਜੀ, ਇਹਦੇ ਪੱਟੇ ਲੁਵਾ ਕੇ ਵੀ ਦੇਖ ਲਏ, ਉਹਦੇ ਪੱਟਿਆਂ ਨਾਲ ਤਾਂ ਪਿਤਾ ਦਾ ਸਾਰਾ ਸਰੀਰ ਆਕੜ ਹੀ ਗਿਆ। ਉਸ ਕੋਲ ਫਿਰ ਪੱਟੇ ਲਵਾਉਣੇ ਕੀ ਜਾਣਾ ਸੀ? ਉਹਦੇ ਲਾਏ ਪੱਟਿਆਂ ਨਾਲ ਤਾਂ ਅਸੀਂ ਪੱਟੇ ਹੀ ਗਏ!
ਇਸ ਤੋਂ ਹੀ ਬਾਅਦ ਹਸਪਤਾਲਾਂ ਵਿੱਚ ਜਾਣ ਦਾ ਸਿਲਸਿਲਾ ਅਰੰਭ ਹੁੰਦਾ ਹੈ ਤੇ ਨਾਲ ਹੀ ਐਕਸਰੇ ਤੇ ਟੈਸਟਾਂ ਦਾ ਵੀ। ਕੋਈ ਡਾਕਟਰ ਕਹਿੰਦਾ ਸੀ, “ਮੋਢੇ ਦੀ ਹੱਡੀ ਨੂੰ ਟੀ.ਬੀ. ਹੋ ਸਕਦੀ ਐ ।” ਕੋਈ ਕਹਿੰਦਾ, “ਮੋਢਿਆਂ ਦੇ ਮਣਕਿਆਂ ਵਿੱਚ ਇਨਫੈਕਸ਼ਨ ਹੋ ਸਕਦੀ ਐ।” ਸੁਖਮਨੀ ਨਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਿਤਾ ਜੀ ਤੁਰ ਕੇ ਗਏ ਸੀ। ਦਾਖਲ ਹੋ ਗਏ। ਇਹ ਹਸਪਤਾਲ ਬਰਨਾਲੇ ਵਾਲੇ ਵਾਲੇ ਕਵੀ ਪ੍ਰੀਤਮ ਸਿੰਘ ਰਾਹੀ ਦੇ ਕੁੜਮਾਂ ਦਾ ਸੀ। ਮੈਨੂੰ ਇਸ ਗੱਲ ਦੀ ਹੱਲਾਸ਼ੇਰੀ ਸੀ ਕਿ ਲੇਖਕ ਦੀ ਰਿਸ਼ਤੇਦਾਰੀ ਹੈ ਤੇ ਲਿਹਾਜ਼ ਬਹੁਤ ਹੋ ਸਕਦਾ ਹੈ। ਇਸ ਹਸਤਪਾਲ ਦੇ ਮਾਲਕ ਡਾ ਹਰਜਿੰਦਰ ਸਿੰਘ ਨੇ ਜਿੰਨੀ ਵਾਹ ਲਗਦੀ ਸੀ ਲਾਈ ਪਰ ਅੰਤ ਉਤੇ ਹੱਥ ਖੜੇ ਕਰ ਦਿੱਤੇ। ਪਿਤਾ ਜੀ ਇੱਥੇ ਤੁਰ ਕੇ ਆਏ ਸੀ ਤੇ ਹੁਣ ਸਟਰੈਚਰ ਉਤੇ ਪਾ ਕੇ ਲਿਜਾ ਰਹੇ ਸਾਂ ਇਥੋਂ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਸ਼ਵਿੰਦਰ ਸਿੰਘ ਗਿੱਲ, ਖ਼ੁਦ ਜੁ ਹੱਡੀਆਂ ਦੇ ਮਾਹਰ ਹਨ, ਆਖਣ ਲੱਗੇ, “ਮੈਡੀਕਲ ਕਾਲਜ ਵਿੱਚ ਦਾਖਲ ਕਰਦੇ ਆਂ।” ਸਪੈਸ਼ਲ ਵਾਰਡ ਵਿੱਚ ਲੈ ਆਏ। ਉਹ ਆਪ ਨਿਗਰਾਨੀ ਕਰ ਰਹੇ ਸਨ। ਡਾ. ਗਿੱਲ ਪਾਪਾ ਦੇ ਕਮਰੇ ਵਿੱਚ ਆਉਂਦੇ, ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਦੇ। ਦਵਾਈਆਂ ਬਦਲੀਆਂ ਜਾਂਦੀਆਂ ਤੇ ਟੈਸਟ ਹੋਰ ਹੁੰਦੇ ਪਰ ਚਾਰਾ ਕੋਈ ਨਹੀਂ ਸੀ ਚਲਦਾ ਤੇ ਕੁਝ ਵੀ ਨਹੀਂ ਸੀ ਕਲੀਅਰ ਹੋ ਰਿਹਾ ਕਿ ਅਸਲ ਬੀਮਾਰੀ ਕੀ ਹੈ, ਤੇ ਕਿੱਥੇ ਹੈ?। ਹੁਣ ਤਾਂ ਉਹ ਉਠਣੋ-ਬਹਿਣੋ ਵੀ ਗਏ ਸਨ। ਪਾਸਾ ਵੀ ਅਸੀਂ ਹੀ ਦਿਵਾਉਂਦੇ। ਫਿਰ ਕੁਝ ਦਿਨ ਲੰਘੇ ਤਾਂ ਉਹ ਵਿੱਚੋਂ ਦੀ ਪਾਸਾ ਆਪ ਲੈਣ ਲੱਗ ਪਏ ਤਾਂ ਸਾਨੂੰ ਕੁਝ ਹੌਸਲਾ ਜਿਹਾ ਹੋਇਆ ਕਿ ਲਗਦੈ ਹੁਣ ਸ਼ਾਇਦ ਉੱਠਕੇ ਮੰੰਜੇ ‘ਤੇ ਹੀ ਬਹਿ ਜਾਇਆ ਕਰਨਗੇ। ਡਾਕਟਰਾਂ ਨੇ ਕਿਹਾ ਕਿ ਘਰ ਲਿਜਾ ਕੇ ਸੇਵਾ ਕਰੋ। ਇਹ ‘ਘਰ ਲਿਜਾ ਕੇ ਸੇਵਾ ਕਰੋ’ ਸ਼ਬਦ ਮੈਂ ਬਹੁਤ ਵਾਰੀ ਬਹੁਤ ਲੋਕਾਂ ਪਾਸੋਂ ਸੁਣ ਚੁੱਕਾ ਹੋਇਆ ਸਾਂ। ਇਸਦਾ ਸਿੱਧਾ ਭਾਵ ਇਹੀ ਸੀ ਕਿ ਇਹ ਬੰਦਾ ਹੁਣ ਰੱਬ ਆਸਰੇ ਹੈ ਤੇ ਜਿੰਨੀ ਸੇਵਾ ਹੁੰਦੀ ਹੈ, ਘਰ ਲਿਜਾ ਕੇ ਕਰ ਲਓ। ਡਾਕਟਰ ਪਾਸੋਂ ਇਹ ਸੁਣ ਮੈਂ ਸੁੰਨ ਜਿਹਾ ਹੋ ਗਿਆ।
(ਬਾਕੀ ਅਗਲੇ ਹਫਤੇ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)