More Punjabi Kahaniya  Posts
ਬੋਲੇ ਸੋ ਨਿਹਾਲ


ਪਿੰਡ ਠੇਕੇ ਤੇ ਲਈ ਪੈਲੀ ਛੁੱਟ ਗਈ ਤਾਂ ਅਮ੍ਰਿਤਸਰ ਆ ਕੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ..!
ਕਈਆਂ ਸਲਾਹ ਦੇਣੀ ਅਖ਼ੇ ਦਿਨ ਢਲੇ ਜਹਾਜਗੜ ਵੱਲ ਦੀ ਸਵਾਰੀ ਕਦੀ ਨਾ ਚੱਕੀ..ਉਜਾੜ ਜਿਹੀ ਥਾਂ ਵੇਖ ਸਭ ਕੁਝ ਖੋਹ ਲੈਂਦੇ ਨੇ..!
ਜੇ ਕੋਈ ਨਿਹੰਗ ਬਾਣੇ ਵਿਚ ਦਿਸ ਪਵੇ..ਫੇਰ ਤਾਂ ਬਿਲਕੁਲ ਵੀ ਲਾਗੇ ਨਹੀਂ ਲੱਗਣਾ..ਲੁੱਟ ਵੀ ਲੈਂਦੇ ਤੇ ਜਿਉਂਦਾ ਵੀ ਨਹੀਂ ਛੱਡਦੇ..!
ਉਸ ਦਿਨ ਸਾਰੀ ਦਿਹਾੜੀ ਮੀਂਹ ਵਰਦਾ ਰਿਹਾ..
ਉੱਤੋਂ ਰਿਕਸ਼ੇ ਦੀ ਛਤਰੀ ਵੀ ਖਰਾਬ ਸੀ..ਭਿਜਣੋਂ ਡਰਦੀ ਕੋਈ ਵੀ ਸਵਾਰੀ ਨਾ ਚੜੀ..!
ਆਥਣੇ ਖਾਲੀ ਰਿਕਸ਼ਾ ਸੌ ਫੁੱਟੀ ਰੋਡ ਤੇ ਪਾ ਲਿਆ..ਓਹਨਾ ਦਿਨਾਂ ਵਾਲੇ ਮਾਹੌਲ..ਸੜਕ ਤੇ ਕੋਈ ਬੰਦਾ ਨੀ..ਪਰਿੰਦਾ ਨੀ..!
ਪੈਡਲ ਮਾਰਦਾ ਅਜੇ ਫਰਲਾਂਘ ਕੂ ਹੀ ਅੱਗੇ ਗਿਆ ਹੋਵਾਂਗਾ ਕੇ ਬਰਛਿਆਂ ਵਾਲੇ ਦੋ ਨਿਹੰਗ ਪਤਾ ਨੀ ਕਿਧਰੋਂ ਨਿੱਕਲ ਆਏ ਤੇ ਛੇਤੀ ਨਾਲ ਸੀਟ ਤੇ ਬੈਠ ਆਖਣ ਲੱਗੇ ਜੀ ਟੀ ਰੋਡ ਵੱਲ ਨੂੰ ਪਾ ਲੈ..ਛੇਤੀ ਪੈਡਲ ਮਾਰੀ ਅੱਜ ਖਾਲਸਾ ਚੜਾਈ ਤੇ ਹੈ..!
ਥੋੜੀ ਬਹੁਤ ਨਾਂਹ ਨੁੱਕਰ ਕੀਤੀ..ਬਹਾਨਾ ਲਾਇਆ..ਬੁਖਾਰ ਚੜਿਆ ਏ..ਪਰ ਆਖਣ ਲੱਗੇ ਰਈਏ ਨੂੰ ਜਾਂਦੀ ਆਖਰੀ ਬੱਸ ਫੜਨੀ ਏ..ਜਾਣਾ ਤੇ ਪੈਣਾ ਸਿੰਘਾਂ..ਨਹੀਂ ਤਾਂ ਤੈਨੂੰ ਪਤਾ..”
ਖੈਰ ਅਗਲੀ ਗੱਲ ਸੁਣਨ ਤੋਂ ਪਹਿਲਾਂ ਹੀ ਸੱਜੀ ਲੱਤ ਵੱਲ ਦਾ ਪਜਾਮਾ ਉਤਾਂਹ ਨੂੰ ਟੁੰਗ ਲਿਆ ਤੇ ਕਾਹਲੀ ਕਾਹਲੀ ਪੈਡਲ ਮਾਰਨੇ ਸ਼ੁਰੂ ਕਰ ਦਿੱਤੇ..!
ਪਰ ਧਿਆਨ ਅੱਗੇ ਘੱਟ ਤੇ ਮਗਰ ਜਿਆਦਾ ਸੀ..ਪਤਾ ਨਹੀਂ ਕਦੋਂ ਪਿੱਛੋਂ ਆਈ ਬਰਛੀ ਆਂਦਰਾਂ ਪਾੜ ਦੇਵੇ ਤੇ ਇਹ ਸਭ ਕੁਝ ਲੁੱਟ ਆਪਣੇ ਰਾਹੇ ਪੈ ਜਾਣ..ਸ਼ਹੀਦਾਂ ਵਾਲੇ ਗੁਰੂਘਰ ਪ੍ਰਸ਼ਾਦ ਵੀ ਸੁਖ ਲਿਆ..ਹੈ ਬਾਬਾ ਦੀਪ ਸਿੰਘ..ਜੇ ਅੱਜ ਜਿਉਂਦਾ ਬਚ ਗਿਆ ਤਾਂ..!
ਅੱਗੇ ਸੁੰਨਸਾਨ ਫੈਕਟਰੀ ਦੇ ਨਾਲ ਖਾਲੀ ਪਲਾਟ ਕੋਲ ਹੁੱਝ ਮਾਰ ਰਿਕਸ਼ਾ ਰੁਕਵਾ ਲਿਆ..
ਮੇਰੀ ਧੜਕਣ ਤੇਜ ਹੋ ਗਈ..ਇੱਕ ਕਹਿੰਦਾ ਹੇਠਾਂ ਉੱਤਰ ਸਿੰਘਾ..ਮੈਨੂੰ ਸੁੱਝ ਗਈ ਕੇ ਕਾਲ ਆਣ ਪਹੁੰਚਿਆ..ਘਰ ਵਾਲੀ ਤੇ ਨਿਆਣਿਆਂ ਦੀਆਂ ਸ਼ਕਲਾਂ ਅੱਖਾਂ ਅੱਗੇ ਘੁੰਮ ਗਈਆਂ..ਇੱਕ ਨੇ ਮੈਥੋਂ ਰਿਖਸ਼ੇ ਦਾ ਹੈਂਡਲ ਫੜ ਲਿਆ ਤੇ ਆਪ ਉੱਤੇ ਚੜ ਗਿਆ..!
ਮੈਨੂੰ ਪੱਕਾ ਯਕੀਨ ਹੋ ਗਿਆ ਕੇ ਓਹਲਾ ਜਿਹਾ ਵੇਖ ਮੁਕਾ ਦੇਣਾ ਤੇ ਫੇਰ ਕਿਧਰੇ ਨੇੜੇ ਹੀ ਕਿਸੇ ਖਾਲੀ ਪਲਾਟ ਵਿਚ ਲੋਥ ਸੁੱਟ ਰਿਕਸ਼ਾ ਵੀ ਲੈ ਜਾਣਾ..!
ਅਜੇ ਸੋਚ ਹੀ...

ਰਿਹਾ ਸਾਂ ਕੇ ਇੱਕ ਨੇ ਫੁਰਮਾਨ ਜਾਰੀ ਕੀਤਾ..ਗੁਰਮੁਖਾ ਏਦਾਂ ਕਰ ਪਿੱਛੇ ਆ ਕੇ ਬੈਠ ਜਾ ਅੱਗੋਂ ਹੁਣ ਮੈਂ ਚਲਾਉਂਦਾ ਹਾਂ..ਤੇਰੀ ਸਪੀਡ ਨਾਲ ਤੇ ਬੱਸ ਪੱਕਾ ਨਿੱਕਲ ਜਾਊ..!
ਮੈਂ ਬੀਬੇ ਬੱਚੇ ਵਾਂਙ ਪਿੱਛੇ ਬੈਠਾ ਅਗਲੇ ਹੁਕਮਾਂ ਦੀ ਉਡੀਕ ਕਰਨ ਲੱਗਾ ਤੇ ਹਵਾ ਨਾਲ ਗੱਲਾਂ ਕਰਦੇ ਰਿਕਸ਼ੇ ਅੱਗੋਂ ਆਉਂਦੀ ਹਵਾ ਮੁੜਕੇ ਤੇ ਪੈ ਕੇ ਹੋਰ ਵੀ ਠੰਡੀ ਹੋ ਗਈ..!
ਜੀ ਟੀ ਰੋਡ ਕੋਲ ਅੱਪੜ ਦੋਵੇਂ ਹੇਠਾਂ ਉਤਰ ਗਏ..ਇੱਕ ਨੇ ਕਮਰਕੱਸੇ ਵਿਚ ਹੱਥ ਪਾ ਲਿਆ..!
ਮੇਰੀ ਜਾਨ ਇੱਕ ਵਾਰ ਫੇਰ ਸੂਲੀ ਤੇ ਟੰਗੀ ਗਈ..ਸੋਚਣ ਲੱਗਾ ਡੱਬ ਵਿਚੋਂ ਕੱਢੇ ਪਿਸਤੌਲ ਦਾ ਟਿਕਾਣੇ ਸਿਰ ਵੱਜਾ ਇੱਕ ਫਾਇਰ ਹੀ ਬਹੁਤ ਏ ਮੇਰੇ ਜੋਗਾ..!
ਅਗਲੇ ਹੀ ਪਲ ਉਹ ਸੌ ਦਾ ਇੱਕ ਨੋਟ ਮੇਰੇ ਹੱਥ ਵਿਚ ਦਿੰਦਾ ਹੋਇਆ ਆਖਣ ਲੱਗਾ ਸਿੰਘਾ ਝੜੀ ਵਿਚ ਲੱਗਦਾ ਅੱਜ ਕੋਈ ਖਾਸ ਸਵਾਰੀ ਨਹੀਂ ਮਿਲੀ..ਤੈਨੂੰ ਤਾਪ ਵੀ ਲੋਹੜੇ ਦਾ ਚੜਿਆ ਲੱਗਦਾ..ਨਿੱਕੇ ਨਿੱਕੇ ਜਵਾਕ ਉਡੀਕਦੇ ਹੋਣੇ..ਰੱਖ ਲੈ ਕੰਮ ਆਉਣਗੇ!
ਜਿਕਰਯੋਗ ਏ ਕੇ ਓਹਨੀਂ ਦਿੰਨੀ ਸੌ ਦਾ ਨੋਟ ਮਸੀਂ ਹਫਤੇ ਪਿੱਛੋਂ ਜਾ ਕੇ ਵੇਖਣਾ ਨਸੀਬ ਹੋਇਆ ਕਰਦਾ ਸੀ..ਮੁੜਕੋ ਮੁੜਕੀ ਹੋਏ ਬੁੱਤ ਬਣ ਖਲੋਤੇ ਨੂੰ ਕਿੰਨਾ ਚਿਰ ਸਮਝ ਹੀ ਨਾ ਲੱਗੀ ਕੇ ਇਹ ਹੋ ਕੀ ਗਿਆ ਤੇ ਹੁਣ ਕੀਤਾ ਕੀ ਜਾਵੇ?
ਬੱਸ ਕਮਲਿਆਂ ਵਾਂਙ ਲਗਾਤਾਰ ਸੌ ਦੇ ਨੋਟ ਨੂੰ ਹੀ ਦੇਖੀ ਜਾ ਰਿਹਾ ਸਾਂ..!
ਏਨੇ ਨੂੰ ਜਦੋਂ ਸੂਰਤ ਵਰਤਮਾਨ ਵੱਲ ਪਰਤੀ ਤਾਂ ਦੂਰ ਤੁਰੇ ਜਾਂਦੇ ਉਹ ਦੋ ਪਰਛਾਵੇਂ ਹੋਰ ਧੁੰਦਲੇ ਜਿਹੇ ਹੋ ਗਏ..!
ਚਿਰਾਂ ਬਾਅਦ ਪੌਣੇ ਤਿੰਨ ਸਦੀਆਂ ਪਹਿਲਾਂ ਦਸਮ ਪਿਤਾ ਵੱਲੋਂ ਬਕਸ਼ੇ ਸਿੱਖੀ-ਸਿਧਾਂਤ ਵਾਲੇ ਨਿਹੰਗੀ ਬਾਣਿਆਂ ਦੇ ਦਰਸ਼ਨ ਕਰ ਕੇ ਮੂੰਹੋਂ ਆਪ ਮੁਹਾਰੇ ਹੀ ਨਿੱਕਲ ਗਿਆ “ਬੋਲੇ ਸੋ ਨਿਹਾਲ”..!
ਦੂਰ ਹਨੇਰੇ ਦੀ ਬੁੱਕਲ ਵਿਚੋਂ ਉਚੀ ਸਾਰੀ ਇੱਕ ਅਵਾਜ ਆਈ..”ਸਤਿ ਸ੍ਰੀ ਅਕਾਲ”..ਅਤੇ ਸਿੱਧਾ ਮੇਰੀ ਰੂਹ ਨੂੰ ਠਾਰਦੀ ਹੋਈ ਕਾਲੀ ਬੋਲੀ ਰਾਤ ਦੇ ਸੰਘਣੇ ਹਨ੍ਹੇਰਿਆਂ ਵਿੱਚ ਹੀ ਕਿਧਰੇ ਗਵਾਚ ਗਈ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)