More Punjabi Kahaniya  Posts
ਜਿੰਦਗੀ ਦਾ ਸਫ਼ਰ


ਆਥਣ ਦੇ ਪੰਜ ਕੁ ਵੇਲ਼ੇ ਦਾ ਸਮਾਂ ਸੀ, ਦੇਬਾ ਪਸ਼ੂਆਂ ਲਈ ਪੱਠੇ ਵੱਢ ਰਿਹਾ ਸੀ, ਅਚਾਨਕ ਗੁਰੂ ਘਰ ਦਾ ਸਪੀਕਰ ਖੜਕਿਆ, ਆਵਾਜ਼ ਆਉਣੀ ਸ਼ੁਰੂ ਹੋਈ…

ਵਾਹਿਗੁਰੂ ਜੀ ਕਾ ਖਾਲਸਾ… ਵਾਹਿਗੁਰੂ ਜੀ ਕੀ ਫਤਿਹ….
ਫ਼ਤਹਿ ਤੋਂ ਉਪਰੰਤ ਹੀ… ਸਾਰੇ ਹੀ ਨਗਰ ਨਿਵਾਸੀਆਂ ਨੂੰ….
ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ….ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਹੁਕਮ ਆਇਆ ਹੈ , ਕਿ ਜੋ ਵੀ ਨਗਰ ਨਿਵਾਸੀ ਖੇਤ ਜਾਂ ਘਰਾਂ ਵਿਚ ਹਨ,ਉਹ ਜਲਦੀ ਤੋਂ ਜਲਦੀ ਆਪਣੇ ਪਿੰਡ ਵਾਲੇ ‌ਬਿਜਲੀ ਘਰ ,ਗ੍ਰੈਂਡ ਵਿਚ ਪਹੁੰਚਣ‌ ਦੀ ਕਿਰਪਾਲਤਾ ਕਰਨ, ਆਪਣੇ ਪਿੰਡ ਦੇ ਵੀ.ਪੀ.ਓ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਹੁਕਮ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ,ਸੋ ਸਾਰੇ ਨਗਰ ਨਿਵਾਸੀ ਪਹੁੰਚਣ ਦੀ ਕਿਰਪਾਲਤਾ ਕਰੋ ਜੀ… ਵਾਹਿਗੁਰੂ ਜੀ ਕਾ ਖਾਲਸਾ… ਵਾਹਿਗੁਰੂ ਜੀ ਕੀ ਫਤਿਹ

ਬੇਨਤੀ ਸੁਣ‌ ਦੇਬੇ ਦੇ ਲੂੰ ਕੰਡੇ ਖੜੇ ਹੋ ਗਏ,ਦੇਬਾ ਇੱਕ ਜ਼ਮੀਂਦਾਰ ਦਾ ਪੁੱਤ ਸੀ,ਜਿਸ ਦਾ ਪਿਓ ਸੰਨਤਾਲ਼ੀ ਵੇਲੇ ਮਾਰਿਆ ਗਿਆ ਸੀ, ਉਸਨੇ ਪਿਛਲੇ ਸਾਲ ਹੀ ਆਪਣੇ ਭਰਾਵਾਂ ਨਾਲ ਰਲ਼ ਮਿਲ਼ ਕੇ,ਖੇਤ ਘਰ ਪਾਇਆ ਹੈ,ਉਹ ਦੋ ਕੁੜੀਆਂ ਦਾ ਬਾਪ ਵੀ ਸੀ…ਵੇਖਣ ਵਿਚ ਤਾਂ ਉਹ ਭਾਵੇਂ ਰੁੱਖੇ ਜਿਹੇ ਸੁਭਾਅ ਦਾ ਲੱਗਦਾ ਹੈ,ਪਰ ਉਂਝ ਬੰਦਾ ਦਿਲ ਦਾ ਬਹੁਤ ਚੰਗਾ ਸੀ,ਪਰ ਸਮੇਂ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋਏ ਪੲੇ ਸੀ, ਕਿ ਟਾਹਲੀਆਂ ਵਰਗੇ ਪੁੱਤ ਸਰਕਾਰਾਂ ਨੇ ਬਿਨਾਂ ਗੱਲੋਂ ਮਿੱਟੀ ਦੀ ਢੇਰੀ ਵਿਚ ਮਿਲਾ ਦਿੱਤੇ ਸੀ…ਦੇਬਾ ਬੇਨਤੀ ਸੁਣਦੇ ਸਾਰ ਹੀ ਹੱਥ ਵਿਚਲੀ ਦਾਤਰੀ ਨੂੰ ਵੱਟ ਦੇ ਨਾਲ ਕੱਖਾਂ ਵਿਚ ‌ਲਕੋ… ਕੱਖਾਂ ਦਾ ਥੱਬਾ ਮੋਢੇ ਤੇ ਚੁੱਕ ਲਿਆ ਪਸ਼ੂਆਂ ਮੁਹਰੇ ਖਲਾਰ ਦਿੰਦਾ ਹੈ, ਸਾਹਮਣੇ ਬਰਾਂਡੇ ਵਿੱਚ ਬੁਰਜੀ ਦੀ ਛੋਂਹ ਵਿਚ ਪਈ‌ ਮੱਟੀ ਚੋਂ ਪਾਣੀ ਦੀ‌ ਗੜਬੀ ਭਰਦਾ ਹੈ ਤੇ ਮੂੰਹ ਤੇ ਛਿੱਟੇ ਮਾਰੇ ਤੇ ਦੋ ਘੁੱਟ ਪਾਣੀ ਦੇ ਪੀ ਮੁੜ੍ਹਕਾ ਪੂੰਝਦਾ ਹੋਇਆ ਪਿੰਡ ਜਾਣ ਲਈ ਤੁਰਨ ਹੀ ਲੱਗਦਾ ਸੀ ਕਿ ਦੇਬੇ ਦੀ ਛੋਟੀ ਕੁੜੀ, ਉਸ ਦੀ ਲੱਤ ਨੂੰ ਚੁੰਬੜ ਕੇ ਰੋਣ‌ ਲੱਗ ਪੲੀ,ਦੇਬਾ ਕੁੜੀ ਨੂੰ ਚੁੱਪ ਕਰਾਉਣ ਲੱਗ ਪਿਆ, ਐਨੇ ਵਿਚ ਹੀ ਬੂਹਾ ਖੜਕਿਆ, ਵੇਖਿਆ ਤਾਂ ਚਾਰ ਸਿਪਾਹੀ ਸਨ,ਭਾਈ ਹੈਗਾ ਕੋਈ ਘਰ ਕੇ ਨਾ…???
ਦੇਵਾ : ਹਾਂ ਜੀ ਹੈਗੇ ਆ
ਸਿਪਾਹੀ : ਹਾਂ ਉਏ ਤੂੰ ਗਿਆ ਨੀਂ ਬਿਜਲੀ ਘਰ ਚ
ਦੇਵਾ : ਜਨਾਬ ਜਵਾਕ ਰੋਈ ਜਾਂਦੇ ਨੇ,ਘਰ ਹੈ ਨਹੀਂ ਕੋਈ
ਸਿਪਾਹੀ : ਜਾ ਤੂੰ ਚਲਾ ਜਾ ਜਵਾਕਾਂ ਕੋਲ਼ ਅਸੀਂ ਹੈਗੇ ਆਂ
ਦੇਵਾ : ਠੀਕ ਹੈ ਜਨਾਬ
ਸਿਪਾਹੀ : ਨਾਲ਼ੇ ਹਾਂ,ਜੇ ਕੋਈ ਰਾਹ ਵਿਚ ਬੁਲਾਵੇ,ਬੋਲੀ ਨਾਂ, ਸਿੱਧਾ ਤੁਰਿਆ ਜਾਵੀਂ
ਦੇਵਾ : ਜੀ ਜਨਾਬ

ਦੇਵਾ ਘਰੋਂ ਨਿਕਲ ਪਿਆ, ਥਾਂ ਥਾਂ ਤੇ ਪੁਲਿਸ ਹੀ ਪੁਲਿਸ ਖੜੀ ਹੋਈ ਸੀ,ਦੇਵਾ ਸਿੱਧਾ ਤੁਰਿਆ ਗਿਆ, ਸਰਕਾਰੀ ਸਕੂਲ ਲੰਘ ਕੇ ਤਾਂ ਅਗਾਂਹ ਗਿਣਤੀ ਨਹੀਂ ਸੀ, ਕੀੜੀਆਂ ਵਾਂਗ ਪੁਲਿਸ ਸੀ, ਵਿਚ ਵਿਚ ਕਈ ਸਿਪਾਹੀ ਆਖ ਰਹੇ ਸਨ,ਆਹ ਆ ਗਿਆ ਨਸ਼ੇੜੀ, ਉਏ ਨਹੀਂ ਲੱਗਦਾ ਗੋਲੀਆਂ ਸਾਂਭ ਕੇ ਆਇਆ,ਉਏ ਨਹੀਂ ਸ਼ਰਾਬ ਲਕੋ ਕਿ ਆਇਆ,ਉਏ ਬੈਠਾ ਰਹਿ ਇਹ ਤਾਂ ਭੁੱਕੀ ਨੱਪ ਕੇ ਆਇਆ… ਕੋਈ ਕੁਛ, ਕੋਈ ਕੁਛ ਬੋਲ ਰਿਹਾ ਸੀ,ਪਰ ਦੇਵਾ‌ ਬਿਲਕੁਲ ਸਿੱਧਾ ਤੁਰੀਂ ਜਾ ਰਿਹਾ ਸੀ, ਬਿਜਲੀ ਘਰ ਵਿਚ ਪਹੁੰਚ ਕੇ ਵੇਖਿਆ ਤਾਂ ਸਾਰਾ ਪਿੰਡ ਉਥੇ ਆਇਆ ਬੈਠਾ ਸੀ, ਜਦੋਂ ਦੇਵਾ ਉਹਨਾਂ ਕੋਲ ਪਹੁੰਚਾ ਤਾਂ ਪਿੰਡ ਵਾਲੇ ਆਖਣ ਲੱਗੇ ਉਏ ਦੇਬਿਆ, ਤੇਰੀ ਕਿਸਮਤ ਚੰਗੀ ਆ ਜੋ ਤੂੰ ਬਚ ਗਿਆ, ਥਾਣੇਦਾਰ ਆਇਆ ਨਹੀਂ ਅਜੇ, ਨਹੀਂ ਤਾਂ ਸੁਣਿਆ ਹੈ ਉਹ ਬੰਦੇ ਨੂੰ ਘੜੀਸ ਕੇ ਲੈ ਕੇ ਆਉਂਦਾ ਹੈ…ਦੇਬਾ‌ ਮੁੜਕੋਂ ਮੁੜਕੀ ਹੋਇਆ…ਪਰਨੇ ਨਾਲ ਆਪਣਾ ਉਤਰਿਆ ਮੂੰਹ ਸਾਫ਼ ਕਰ ਰਿਹਾ ਸੀ…ਐਨੇ ਵਿਚ ਜੀਪਾਂ ਆਉਣੀਆਂ ਸ਼ੁਰੂ ਹੋਈਆਂ ਸਾਰੇ ਆਖਣ ਲੱਗੇ, ਚੁੱਪ ਕਰ ਜਾਓ ਉਏ ਇੰਸਪੈਕਟਰ ਆ ਗਿਆ, ਕੋਈ ਆਖੇ ਉਏ ਇਹੀ ਆ ਉਹ ਗੁਰਜੀਤ ਥਾਣੇਦਾਰ, ਉਹ ਗੱਡੀ ਵਿਚੋਂ ਉਤਰਿਆ ਸਾਢੇ ਛੇ ਫੁੱਟ ਕੱਦ ,ਪਹਾੜ ਜਿਹਾ ਸੀਨਾ ਤੇ ਪੱਕਾ ਰੰਗ ਤੇ ਕੁੰਢੀ ਮੁੱਛ… ਸਾਰੇ ਉਸ ਨੂੰ ਵੇਖ ਕੇ ਬਿਲਕੁਲ ਸ਼ਾਂਤ ਹੋ ਗੲੇ…

ਗੁਰਜੀਤ ਇੰਸਪੈਕਟਰ : ਹਾਂ ਬਾਈ ਆਪਣੇ ਆਪ ਖੜਾ ਹੋ ਜਾਵੇ ਉਹ ਬੰਦਾ , ਜਿਹਨੂੰ ਪਤਾ ਕਿ ਰਾਤ ਨੂੰ ਖਾੜਕੂ ਬੰਦੇ, ਕਿੱਥੇ ਰੋਟੀ ਪਾਣੀ ਖਾਂਦੇ ਨੇ, ਮੈਂ ਉਸਨੂੰ ਕੁਝ ਵੀ ਨਹੀਂ ਕਹਾਂਗਾ,ਪਰ ਜੇ ਮੈਨੂੰ ਬਾਅਦ ਵਿਚ ਪਤਾ ਲੱਗਾ ਤਾਂ ਪੁੱਠਾ‌ ਲਮਕਾ ਕੇ ਕੁੱਟ ਪਊ ਉਸ ਦੇ…. ਕੋਈ ਨਾ ਬੋਲਿਆ,ਉਸਨੇ ਵਿਚੋਂ ਵਿਚੋਂ‌ ਪਿੰਡ ਦੇ ਕੲੀ ਬੰਦਿਆਂ ਨੂੰ ਖੜਾ ਕਰਕੇ ਪੁੱਛਿਆ,ਪਰ ਕਿਸੇ ਨੂੰ ਸੱਚ ਮੁੱਚ ਹੀ ਕੁਝ ਨਹੀਂ ਸੀ ਪਤਾ… ਉਸਨੇ ਕਿਹਾ ਕਿ ਇਸ ਵਾਰ ਤੁਹਾਨੂੰ ਸਾਰਿਆਂ ਨੂੰ ਜਾਣ ਦਿੱਤਾ ਜਾਂਦਾ ਹੈ, ਤੇ ਕੁਝ ਦਿਨਾਂ ਬਾਅਦ ਤੁਹਾਨੂੰ ਫੇਰ ਇੱਕਠਾ ਕੀਤਾ‌ ਜਾਵੇਗਾ, ਜੇਕਰ ਕਿਸੇ ਵੀ ਬੰਦੇ ਨੂੰ ਕੋਈ ਖ਼ਬਰ ਸ਼ਬਰ ਮਿਲਦੀ ਹੈ ਤੇ ਉਹ ਆਕੇ ਸਿੱਧਾ ਸਾਨੂੰ ਦੱਸਦਾ ਹੈ ਤਾਂ ‌ਉਸਨੂੰ‌ ਇਨਾਮ ਦਿੱਤਾ ਜਾਵੇਗਾ…ਐਨਾ ਆਖ ਸਾਨੂੰ ਸਭ ਨੂੰ ਘਰਾਂ ਨੂੰ ਤੋਰ ਦਿੱਤਾ,

ਪਿੰਡ ਵਿੱਚ ਅੱਠੇ ਪਹਿਰ ਪੁਲਿਸ ਦਾ ਆਉਣਾ ਜਾਣਾ ਲੱਗਿਆ ਰਹਿੰਦਾ,ਨਰਮਿਆਂ ਦੀ ਰੁੱਤ ਸੀ, ਸਵੇਰੇ ਹੀ ਖੇਤਾਂ ਨੂੰ ਨਿਕਲ ਜਾਂਦੇ ਤੇ ਸ਼ਾਮ ਢਲੀ ਘਰ ਨੂੰ ਆਉਂਦੇ, ਹੋਇਆ ਏਵੇਂ ਰੋਟੀ ਪਾਣੀ ਖਾ ਪੀ ਕੇ ਦੇਬਾ ਤੇ ਉਸਦੇ ਤਿੰਨੇ‌ ਭਰਾ ਛੱਤ ਤੇ ਪੲੇ ਸਨ, ਪਿੰਡਾਂ ਵਿਚ ਬਿਜਲੀ ਦੇ ਕੱਟ ਕੁਝ ਜ਼ਿਆਦਾ ਲੱਗਣ ਕਰਕੇ, ਲਗਪਗ ਸਾਰੇ ਹੀ ਪਿੰਡ ਵਾਲੇ ਰਾਤ ਨੂੰ ਛੱਤ ਤੇ ਸੌਦੇਂ ਸੀ,ਦਸ ਕੁ ਵਜੇ ਦੇ ਕਰੀਬ ਸਮਾਂ ਸੀ, ਸਾਰੇ ਸੁੱਤੇ ਪਏ ਸੀ,ਬੂਹਾ ਖੜਕਿਆ,ਬਾਈ ਰੋਟੀ ਮਿਲੂ ਖਾਣ ਨੂੰ, ਦੇਬੇ ਨੇ ਕੰਨ ਚੁੱਕ‌‌ ਲਏ ,ਉਹ ਦੁਬਾਰਾ ਫੇਰ ਉਹੀ ਸ਼ਬਦ ਬੋਲੇ,ਦੇਬੇ ਨੇ ਬੋਚਕ ਦਿੰਨੇ ਕੋਠੇ ਤੋਂ ‌ਥੱਲੇ ਝਾਕ ਟੱਬਰ ਨੂੰ ਚੁੱਪ‌ ਰਹਿਣ ਦਾ‌ ਇਸ਼ਾਰਾ ਕੀਤਾ, ਉਹ ਬੂਹਾ ਖੜਕਾ ਕੇ ਚਲੇ ਗਏ,ਦੇਬੇ ਦੇ ਛੋਟੇ ਭਰੇ ਨੇ ਪਾਸਾ ਮੱਲਿਆ ਤਾਂ ਉਸਨੂੰ ਪਤਾ ਲੱਗਿਆ ਕਿ ਦੇਬਾ ਆਪਣੇ ਮੰਜੇ ਤੇ ਨਹੀਂ ਹੈ, ਉਸਨੇ ਨੇ ਕਿਹਾ ਉਏ ਦੇਬਿਆ ਕਿੱਥੇ ਆ ਉਏ ਤੂੰ,ਦੇਬਾ ਥੱਲੇ ਗਿਆ ਹੋਇਆ ਸੀ, ਜਵਾਕਾਂ ਨੂੰ ਅੱਗੇ ਤੋਂ ਜਾਗਰੂਕ ਕਰਨ‌ ਲਈ,ਦੇਬੇ ਦਾ ਛੋਟਾ‌ ਭਰਾ ਬੋਲਿਆ, ਬਾਈ ਤੂੰ ਥੱਲੇ ਕਿਉਂ ਚਲਾ ਗਿਆ, ਕਿਉਂ ਕੋਈ ਗੱਲ ਹੋ ਗਈ,ਦੇਬੇ ਨੇ ਕੰਧੋਲੀ ਤੇ ਚੜ ਕੇ ਹੌਲ਼ੀ ਕੇ ਦਿੰਨੇ ਉਹ ਸਾਰੀ‌ ਗੱਲ ਦੱਸ ਦਿੱਤੀ ਕੇ ਬੰਦੇ ਆਏ ਸਨ, ਰੋਟੀ ਖਾਣ ਲਈ,ਦੇਬੇ ਦੇ ਛੋਟੇ ਭਰਾ ਨੇ ਪਿੰਡ ਵਿੱਚੋਂ‌ ਸੁਣਿਆ ਸੀ , ਕਿ ਉਹ ਜਿਹੜੇ ਘਰ ਰੋਟੀ ਖਾਂਦੇ ਨੇ,ਉਹ ਉਹਨਾਂ ਨੂੰ ਬੋਰੀ ਭਰ ਪੈਸੇ ਦੇ ਜਾਂਦੇ ਨੇ…ਉਹ ਭੱਜ ਕੇ ਕੋਠੇ ਤੋਂ ਉਤਰਿਆ ਤੇ ਬੂਹਾ ਖੋਲ੍ਹ ਕੇ ਉਹਨਾਂ ਨੂੰ ਲੱਭਣ ਤੁਰ ਗਿਆ,ਉਹ ਪਤਾ ਨਹੀਂ ਕਿੱਧਰ ਨੂੰ ਲੰਘ ਗੲੇ ਸਨ,ਉਹ ਉਸਨੂੰ ਨਾ ਲੱਭੇ…

ਪੁਲਿਸ ਦੇ ਕੲੀ ਬੰਦੇ ਤਾਂ ਉਹਨਾਂ ਮੁਹਰੇ ਕੁਸਕਦੇ ਤੀਕ ਤੱਕ ਨਹੀਂ ਸਨ, ਉਹਨਾਂ ਨੇ ਐਲਾਨਿਆ ਹੋਇਆ ਸੀ , ਕਿ ਜੇਕਰ ਕੋਈ ਵੀ ਵਿਆਹ ਵਿੱਚ ਦਾਜ਼ ਦਹੇਜ਼ ਦੀ ਮੰਗ ਕਰਦਾ ਹੈ ਤਾਂ ਸਾਨੂੰ ਦੱਸਿਆ ਜਾਵੇ, ਨਾਲ਼ੇ ਕੋਈ ਵੀ ਬਰਾਤ ਵਿੱਚ ਦਸ‌‌ ਬਾਰਾਂ ਬੰਦਿਆਂ ਤੋਂ ਵੱਧ ‌ਬੰਦੇ ਨਹੀਂ ਲੈ ਕੇ ਜਾਵੇਗਾ ਤਾਂ ਵੀ ਦੱਸਿਆ ਜਾਏ, ਇੱਕ ਵਾਰ ਸਵੇਰੇ ਅੱਠ ਕੁ ਵਜੇ ਦਾ ਸਮਾਂ ਸੀ, ਕਿਸੇ ਸਰਦਾਰਾਂ ਦੇ ਮੁੰਡੇ ਦੀ ਬਰਾਤ ਸਾਡੇ ਪਿੰਡ ਵਿਚੋਂ ਲੰਘ ਰਹੀ ਸੀ, ਚਾਣਚੱਕ ਹੀ ਉਹ ਆ ਗੲੇ, ਉਹਨਾਂ ਨੇ ਬਰਾਤ ਰੋਕ ਲੲੀ ਤੇ ਮੁੰਡੇ ਦੇ ਪਿਓ ਨੂੰ ਕਿਹਾ ਕਿ ਉਹ ਦੱਸ ਬੰਦੇ ਚੁ‌ਣ‌‌ ਕੇ ਇੱਕ ਪਾਸੇ ਕੱਢ ਲਵੇ ਤੇ ਬਾਕੀ ਦੇ ਇਕ ਪਾਸੇ , ਮੁੰਡੇ ਦੇ ਪਿਓ ਨੇ ਐਵੇਂ ਹੀ ਕੀਤਾ,ਕੀ ਹੋਇਆ ਦੱਸ ਬੰਦੇ ਪੂਰੇ ਹੋਣ ਤੋਂ ਬਾਅਦ ਇੱਕ ਮੁੰਡੇ ਦਾ‌ ਮਾਮਾ ਰਹਿ ਗਿਆ ਤੇ ਉਹ ਉਹਨਾਂ ਨੂੰ ਆਖਣ ਲੱਗਾ ਕਿ ਹਜ਼ੂਰ ਮੈਂ ਤਾਂ ਮੁੰਡੇ ਦਾ ਮਾਮਾ ਹਾਂ , ਮੈਨੂੰ ਤੇ ਜਾਣ ਦੇਓ, ਕਹਿੰਦੇ ਨੇ ਸਭ ਤੋਂ ਪਹਿਲਾਂ ਪਿੰਡ ਵਾਲੇ ਟੋਭੇ। ਵਿਚੋਂ ਉਸ ਨੂੰ ਲੰਘਾਇਆ ਤੇ ਪਿੱਛੋਂ ਬਾਕੀ ਸਾਰੀ ਜੰਝ ਨੂੰ…

ਕੀ ਹੋਇਆ ਜਦੋਂ ਦੇਬੇ ਨੇ...

ਰਾਤ ਨੂੰ ਵਾਰ ਨਾ‌ ਖੋਲਿਆ ਤਾਂ ਅਗਲੇ ਦਿਨ ਉਹਨਾਂ ਦੇ ਇਕ ਬੰਦੇ ਨੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਸਾਡੇ ਪਿੰਡ ਦੇ ਬੰਦੇ ਨੂੰ ਇਹ ਵਾਰਤਾ ਦੱਸੀ,ਉਹ ਬੰਦੇ ਦੀ, ਦੇਬੇ ਦੇ ਨਿੱਕੇ ਤੋਂ ਵੱਡੇ ਭਰਾ ਨਾਲ ਕਾਫ਼ੀ ਗੂੜ੍ਹੀ ਮਿਤ੍ਰਤਾ ਸੀ,ਉਸਨੇ ਨੇ ਇਹ ਕਹਿ ਦੇਬੇ ਦੇ ਪਰਿਵਾਰ ਨੂੰ ਉਹਨਾਂ ਤੋਂ ਪਾਸਾ ਵਟਾਇਆ ਕਿ ਉਹਨਾਂ ਦੇ ਘਰ ਦੇ ਲਵੇ ਚੁਗ਼ਲ ਖੋਰ ਬੰਦੇ ਨੇ…ਜੋ‌ ਸੀ ਆਈ‌ ਡੀ ਦਾ ਕੰਮ ਕਰਦੇ ਨੇ…

ਅਗਲੇ ਦਿਨ ਪਿੰਡ ਦੇ ਗੁਰੂਘਰ ਦੇ ਸਪੀਕਰ ਵਿੱਚ ਫੇਰ ਉਹੀ‌‌ ਬੇਨਤੀ ਬੋਲੀ ਗੲੀ, ਸਾਰਾ ਪਿੰਡ ਇੱਕਠਾ ਹੋਇਆ ਦੇਬਾ ਵੀ,ਪੁਲਿਸ ਨੇ ਉਸਨੂੰ ਧਮਕੀ ਦਿੱਤੀ ਕਿ ਉਹ ਕੋਈ ਗੱਲ ਲਕੋ ਰਿਹਾ ਹੈ,ਦੇਬੇ ਨੇ ਬਹੁਤ ਕਿਹਾ ਕਿ ਕੋਈ ਵੀ ਗੱਲਬਾਤ ਨਹੀਂ ਹੈ, ਉਸ ਨੇ ਉਹ ਸਾਰੀ ਵਾਰਤਾ ਵੀ ਦੱਸ ਦਿੱਤੀ ਸੀ,ਪਰ ਉਹਨਾਂ ਨੇ ਉਸਦੀ ਇੱਕ ਨਾ ਸੁਣੀ , ਉਹਨਾਂ ਨੇ ਉਹਦੇ ਸਾਹਮਣੇ ਬਿਨਾਂ ਕਸੂਰੋਂ ਉਸਦੇ ਨਿੱਕੇ ਭਾਈ ਨੂੰ ਗੋਲ਼ੀ ਨਾਲ ਮਾਰ ਦਿੱਤਾ, ਦੇਬੇ ਨੂੰ ਛੱਡ ਬਾਕੀ ਸਾਰੇ ਪਰਿਵਾਰ ਨੂੰ ਜੇਲ੍ਹ ਵਿਚ ਲਜਾ ਸੁੱਟ ਦਿੱਤਾ…( ਉਹ ਤਾਂ ਸਿਰਫ਼ ਪਿੰਡ ਵਾਲਿਆਂ ਦਾ ਕਹਿਣਾ ਸੀ,ਪਰ ਅਸਲ ਵਿੱਚ ਤਾਂ ਉਹਨਾਂ ਨੂੰ ਵੀ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ ਸੀ )

ਦੇਬੇ ਨੂੰ ਜ਼ਿੰਦਗੀ ਦੇ ਜਦੋਂ ਸਾਰੇ ਰਸਤੇ ਬੰਦ ਹੋਏ ਵਿਖੇ, ਉਸਨੇ ਅਖੀਰ ਉਹੀ ਰਸਤਾ ਅਪਣਾਇਆ, ਜੋ ਉਸ ਸਮੇਂ ਦੇ ਹਾਲਾਤਾਂ ਵਿੱਚ ਉਸਨੂੰ ਸਹੀ ਲੱਗਿਆ,ਉਹ ਉਹਨਾਂ ਬੰਦਿਆਂ ਨਾਲ ਜਾ ਰਲਿਆ, ਕਿਉਂਕਿ ਉਸਦੇ ਦਿਲ ਦੀ ਸੱਟ ਸਮਝਣ ਵਾਲਾ ਹੋਰ ਕੋਈ ਨਹੀਂ ਸੀ, ਉਸਨੇ ਆਪਣੇ ਕੁੜਤੇ ਤੇ ਲੱਗੇ ਭਾਈ ਤੇ ਪਰਿਵਾਰ ਦੇ ਖੂਨ ਦੇ ਛਿੱਟੇ ਉਹਨਾਂ ਦੇ ਹੀ ਖੂਨ ਨਾਲ ਸਾਫ਼ ਕਰੇ… ਉਸਤੋਂ ਥੋੜ੍ਹੇ ਸਮੇਂ ਬਾਅਦ ਅਚਾਨਕ ਸਮਾਂ ਬਦਲਣਾਂ ਸ਼ੁਰੂ ਹੋਇਆ ਆਪਣਿਆਂ ਨੇ ਹੀ ਆਪਣਿਆਂ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ…

ਉਹ ਵੀਹ ਬੰਦੇ, ਇੱਕ ਇਕੱਠੇ ਪੁਰਾਣੇ ਕਿਸੇ ਜੰਗਲ ਵਿੱਚ ਬੈਠੇ ਆਰਾਮ ਕਰ ਰਹੇ ਸੀ, ਕਿਸੇ ਨੇ ਪੁਲਿਸ ਨੂੰ ਖ਼ਬਰ ਕਰ ਦਿੱਤੀ,ਪੁਲਿਸ ਨੇ ਅਚਾਨਕ ਹਮਲਾ ਕਰ ਦਿੱਤਾ ਤੇ ਦਸ ਜਾਣਿਆਂ ਨੂੰ ਉਸੇ ਹੀ ਥੋਂ‌ ਉੱਪਰ ਮਾਰ ਦਿੱਤਾ ਕਿ ਕੲੀ ਨੂੰ ਭੱਜਣ ਤੋਂ ਅਸਮੱਰਥ ਕਰ ਦਿੱਤਾ,ਪਰ ਕਿਵੇਂ ਨਾ ਕਿਵੇਂ ਦੇਬਾ‌‌ ਤੇ ਉਸਦੇ ਦੋ ਸਾਥੀ ਓਥੋਂ ਬੱਚ‌ ਨਿਕਲੇ ਤੇ ਕੋਲ਼ ਹੀ ਇੱਕ ਰੇਲਵੇ ਸਟੇਸ਼ਨ ਪੈਦਾ ਸੀ,ਉਹ ਉਥੋਂ ਪਤਾ ਨਹੀਂ ਕਿਹੜੀ ਰੇਲ ਵਿਚ ਬੈਠ ਇਕ ਅਣਜਾਣ ਸ਼ਹਿਰ ਜਿਹੇ ਸ਼ਹਿਰ ਵਿਚ ਜਾ ਪਹੁੰਚੇ, ਉਥੇ ਜਾ ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਲੲੀ,ਦੋ ਸਾਲ ਲੰਘ ਗਏ ਸੀ, ਸਵੇਰ ਦੇ ਛੇ ਵੱਜੇ ਸਨ,ਦੇਬਾ ਇੱਕ ਕੱਖਾਂ ਕਾਨਿਆਂ ਦੀ ਬਾੜ ਜਿਹੀ ਵਿਚ ਰਹਿੰਦਾ ਸੀ, ਕਿਸੇ ਨੇ ਹਾਕ ਮਾਰੀ,ਬਾਈ ਟਾਹਲਾ ਤੂੰ ਹੀ ਆ,ਦੇਬਾ ਅੱਖਾਂ ਜਿਹੀ ਸਾਫ਼ ਕਰਕੇ ਬੈਠਾ ਹੋ ਕੇ ਵੇਖਣ ਲੱਗਾ ,ਤੇ ਵੇਖਿਆ ਟਾਹਲੇ ਦੀ ਪੁਲਿਸ ਨੇ ਸਾਰੀ ਦੀ ਸਾਰੀ ‌ਛਾਤੀ ਗੋਲੀਆਂ ਨਾਲ ਭੁੰਨ ਦਿੱਤੀ…ਦੇਬਾ ਤੇ ਉਸਦਾ ਇੱਕ ਸਾਥੀ ਉਥੋਂ ਭੱਜ ਨਿਕਲੇ,

ਪਰ ਇੱਕ ਕਾਗਜ਼ ਦੀ ਵਹੀ ਉੱਪਰ ਇੱਕ ਹੋਰ ਅੱਤਵਾਦੀ ਦਾ ਨਾਂ ਲਿਖ ਕੇ ਵਰਕਾ ਪਲ਼ਟਾ ਦਿੱਤਾ ਗਿਆ,ਕਿੰਨੇ ਦਿਨਾਂ ਤੀਕ ਟਾਹਲੇ ਦੀ ਲਾਸ਼ ਪਈ ਰਹੀ, ਕਿਸੇ ਨਾ ਹੱਥ ਤੀਕ ਨਾ ਲਾਇਆ ਅਖੀਰ ਦੇਬਾ ਤੇ ਉਸਦਾ ਸਾਥੀ ਉਥੇ ਗੲੇ ਤੇ ਚੋਪੜੀ ਨੂੰ ਹੀ ਅੱਗ ਲਗਾਕੇ ਉਸਦਾ ਸੰਸਕਾਰ ਕੀਤਾ…

ਅਖੀਰ ਦੇਬਾ ਤੇ ਉਸਦਾ ਸਾਥੀ ਦੋ ਸਾਲ ਬਾਅਦ ਦੇਬੇ ਦੇ ਪਿੰਡ ਨੂੰ ਵਾਪਿਸ ਪਰਤ ਆਏ, ਉਜੜੇ ਹੋਏ ਘਰ ਨੂੰ ਫੇਰ ਤੋਂ ਘਰ‌ ਬਣਾਇਆ, ਪਿੰਡ ਦੀਆਂ ਲੋਕਾਂ ਕੋਲੋਂ ਅਕਸਰ ਖਾੜਕੂਆਂ ਬਾਰੇ ਗੱਲਾਂ ਸੁਣਨ ਨੂੰ ਮਿਲਦੀਆਂ, ਲੋਕ‌ ਆਪਣੇ ਆਪਣੇ ਵਿਚਾਰ ਅੱਗੇ ਰੱਖਦੇ, ਆਪਣੀ ਸੋਚ ਦੇ ਹਿਸਾਬ ਦੇ ਕਿਸੇ ਬਾਰੇ ਚੰਗਾ ਕਿਸੇ ਬਾਰੇ ਮਾੜਾ ਆਖਦੇ,ਪਰ ਦੇਬਾ ਇਹ ਸੁਣ ਪਿੰਡ ਦੀ ਸੱਥ ਚੋਂ ਨੀਵੀਂ ਪਾ ਖੇਤ ਨੂੰ ਚਲਾ ਜਾਂਦਾ,

ਲੋਕਾਂ ਨੇ ਆਪਣੀਆਂ ਲਾਗਡਾਟਾਂ ਕੱਢਣ ਦੇ ਲਈ ਉਹਨਾਂ ਦਾ‌ ਫਾਇਦਾ ਚੁੱਕਿਆ ਤੇ ਇਸ ਦੇ ਨਤੀਜੇ ਇਹ ਨਿਕਲ਼ੇ ਕਿ ਪਿੰਡਾਂ ਦੇ ਪਿੰਡ ਤਬਾਹ ਹੋ ਗੲੇ, ਮਾਵਾਂ ਦੇ ਪੁੱਤਰ ਮਿੱਟੀ, ਧੀਆਂ ਦੇ ਬਾਬਲ,ਤੇ ਭੈਣਾਂ ਦੇ ਵੀਰ ਤੇ ਕੲੀਆਂ ਦੇ ਸੁਗਾਹ… ਸਮੇਂ ਦੀ ਸਰਕਾਰ ਨੇ ਜਦੋਂ ਵੀ ਕੋਸ਼ਿਸ਼ ਕੀਤੀ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਆਪਸ ਵਿੱਚ ਲੜਕੇ ਮਰ ਜਾਣ ਦੀ ਕੋਸ਼ਿਸ਼ ਕੀਤੀ,ਤੇ ਇਹ ਭੋਲ਼ੇ ਪੰਛੀ ਓਧਰ ਹੀ ਜਾਂਦੇ ਰਹੇ ਜਿੱਧਰ ਚੋਗ ਵਿਖਦਾ ਰਿਹਾ , ਇਹਨਾਂ ਨੇ ਆਪਣੇ ਭਰੇ ਹੋਏ ਕੁੱਜਿਆਂ ਵੱਲ ਕਦੇ ਧਿਆਨ ਹੀ ਨਾ ਦਿੱਤਾ,ਜੋ ਸਾਲਾਂ ਤੋਂ ਪੲੇ ਅਖੀਰ ਉਡੀਕਦੇ ਉਡੀਕਦੇ ਮਿੱਟੀ ਹੋਣ ਲੱਗ ਪਏ…

ਤਿੰਨ ਕੁ ਮਹੀਨੇ ਹੋ ਗਏ ਸਨ,ਕਣਕ ਵੱਲੀਆਂ ਕੱਢ ਆਈਆ ਸੀ, ਪਿੰਡ ਵਿੱਚੋਂ ਕਿਸੇ ਨੇ ਪੁਲਿਸ ਨੂੰ ਦੇਬੇ ਤੇ ਉਸਦੇ ਸਾਥੀ ਦੇ ਮੁੜ ਪਿੰਡ ਆਉਣ ਬਾਰੇ ਦੱਸ ਦਿੱਤਾ,ਰਾਤ ਦੀ‌ ਗਿਆਰਾਂ ਕੁ ਵਜੇ ਦੀ ਪਾਣੀ ਦੀ ਵਾਰੀ ਸੀ,ਦੇਬਾ ਤੇ ਉਹਦਾ ਸਾਥੀ ਦੋਵੇਂ ਪੁਲੀ ਤੇ ਬੈਠੇ ਆਪਣੇ ਪਰਿਵਾਰ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ,ਪੁਲਿਸ ਦੀ ਗੱਡੀ ਦੀ ਲਾਈਟ ਅੱਖਾਂ ਵਿਚ ਵੱਜੀ, ਇੱਕ ਲੰਗੜਾ ਜਿਹਾ ਪੁਲਿਸ ਵਾਲਾ‌ ਜੀਪ ਚੋਂ ਉਤਰਿਆ,ਤੇ ਆਖਿਆ ਦੇਬਾ ਕਿਹੜਾ ਥੋਡੇ ਚੋਂ…ਦੇਬਾ ਬੋਲਿਆ ਮੈਂ…ਅੱਛਾ ਤੂੰ ਹੈ… ਇਹ ਆਖ ਮੱਥੇ ਵਿਚ ਦੋ ਗੋਲੀਆਂ ਟਪਾ ਦਿੱਤੀਆਂ ਤੇ ਦੇਬੇ ਦੇ ਸਾਥੀ ਨੂੰ ‌ਡਾਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਅਖੀਰ ਬੋਰੀ ਵਿਚ ਪਾ ਆਪਣੇ ਨਾਲ ਹੀ ਜੀਪ ਵਿਚ ਲੈ ਗੲੇ ਤੇ ਦੋ ਦਿਨਾਂ ਬਾਅਦ ਘੱਗਰ ਵਿੱਚ ਸੁੱਟ ਦਿੱਤਾ, ਉਥੇ ਇੱਕ ਮੱਝਾਂ ਚਾਰਨ ਵਾਲਾ ਮੱਝਾਂ ਨੂੰ ਪਾਣੀ ਪਿਲਾਉਣ ਉਥੇ ਆਇਆ ਉਸਨੂੰ ਲੱਗਿਆ ਕਿ ਕਿਤੇ ਬੋਰੀ ਵਿਚ ਕੁਝ ਹੋਰ ਹੈ, ਜਦੋਂ ਉਸਨੇ ਬੋਰੀ ਖੋਲੀ ਤਾਂ ਉਸ ਵਿਚ ਦੇਬੇ ਦਾ ਸਾਥੀ ਸੀ,ਉਹ ਮੱਝਾਂ ਵਾਲ਼ਾ ਉਸਨੂੰ ਆਪਣੇ ਘਰ‌ ਲੈ ਗਿਆ ਤੇ ਉਸਨੂੰ ਬੇਹੋਸ਼ੀ ਤੋਂ ਹੋਸ਼ ਵਿਚ ਲਿਆਂਦਾ ਤੇ ਉਸਨੂੰ ਪੁੱਛਿਆ ਕਿ ਉਹ ਕੌਣ ਹੈ, ਤਾਂ ਉਸਨੇ ਨੇ ਆਪਣੀ ਸਾਰੀ ਜ਼ਿੰਦਗੀ ਦਾ ਸਫ਼ਰ ਉਸਨਾਲ ਸਾਂਝਾ ਕੀਤਾ ਤੇ ਅਖੀਰ ਉਸਨੇ ਉਸ ਨਾਲ ਹੀ ਮੱਝੀਆਂ ਚਾਰਨੀਆਂ ਸ਼ੁਰੂ ਕਰ ਦਿੱਤੀਆਂ, ਇੱਕ ਦਿਨ ਉਹ ਮੱਝੀਆਂ ਚਾਰਦੇ ਚਾਰਦੇ ਦੇਬੇ ਦੇ ਪਿੰਡ ਵਿਚੋਂ ਲੰਘ ਰਹੇ ਸਨ ਤੇ ਉਸਨੇ ਵੇਖਿਆ ਕਿ ਦੇਬੇ ਦੇ ਘਰ ਬਾਹਿਰ ਬਹੁਤ ਸਾਰਾ ਇੱਕਠ ਹੋਇਆ ਪਿਆ ਸੀ, ਜਦੋਂ ਅਗਾਂਹ ਹੋ ਉਸਨੇ ਵੇਖਿਆ ਤਾਂ ਉਥੇ ਇੱਕ ਬਾਬੇ ਨੇ ਆਪਣਾ ਆਸਰਾ ਜਮਾਂ ਲਿਆ ਸੀ,ਤੇ ਉਹ ਲੋਕਾਂ ਨੂੰ ਉਹਨਾਂ ਦਾ ਭਵਿੱਖ ਦੱਸ ਆਪਣਾ ਰੁਜ਼ਗਾਰ ਚਲਾ ਰਿਹਾ ਸੀ,ਉਹ ਜ਼ਿਆਦਾ ਚਿਰ ਉਥੇ ਨਾ ਖੜਿਆ,ਉਹ ਮੱਝੀਆਂ ਚਰਾਉਣ ਅਗਾਂਹ ਚਲਾ ਗਿਆ ਤੇ ਜਦੋਂ ਸ਼ਾਮ ਢਲੀ ਉਹ ਵਾਪਿਸ ਪਰਤ ਰਹੇ ਸਨ ਤਾਂ ਉਹਨਾਂ ਨੇ ਉਸ ਬਾਬੇ ਕੋਲ ਰਾਤ ਕੱਟਣੀ ਚਾਹੀ, ਜਦੋਂ ਬਾਬੇ ਨਾਲ਼ ਉਹਨਾਂ ਦੀ ਵਾਰਤਾਲਾਪ ਹੋਈ ਤਾਂ ਪਤਾ ਲੱਗਾ,ਉਹ ਦੇਬੇ ਦਾ ਨਿੱਕੇ ਤੋਂ ਵੱਡਾ ਭਰਾ ਸੀ,ਜੋ ਪਰਿਵਾਰ ਉਸ ਨਾਲ ਰਹਿ ਰਿਹਾ ਸੀ,ਉਹ ਵੀ ਦੇਬੇ ਦਾ ਹੀ ਸੀ, ਪੁਲਿਸੀ ਨੇ ਉਹਨਾਂ ਨੂੰ ਕਿਸੇ ਖੰਡਰ ਜਗਾਹ ਤੇ ਉਤਾਰ ਦਿੱਤਾ ਸੀ, ਉਹਨਾਂ ਨੂੰ ਇਹ ਸੀ ਕਿ ਇਹ ਭੁੱਖੇ ਪਿਆਸੇ ਖੁਦ ਹੀ ਮਰ ਜਾਣਗੇ,ਪਰ ਰੱਬ ਨੇ ਅਜਿਹਾ ਹੋਣ‌ ਤੋਂ ਰੋਕ ਲਿਆ…ਦੇਬੇ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਤੇ ਜਿੰਨੀਂ ਜ਼ਿੰਦਗੀ ਉਸਨੇ ਦੇਬੇ ਨਾਲ ਲੰਘਾਈ, ਕੁਝ ਕਾਗਜ਼ ਦੇ ਪੰਨਿਆਂ ਤੇ ਸਾਂਝਾ ਕੀਤਾ… ਜਿਹਨਾਂ ਅੱਖਰਾਂ ਦੀ ਬਣਤਰ ਇਹਨਾਂ ਅੱਖਰਾਂ ਵਰਗੀ ਹੀ ਸੀ…

ਪੈੜਾਂ ਨੱਪਦੇ ਰਾਹੀਆ ਵੇ
ਇੱਕ ਸੁਨੇਹਾ ਲੈ ਜਾਵੀਂ ਮੇਰਾ…

ਉਹਦਾ ਖੂਨ ਨਾਲ ਭਿੱਜਿਆ ਕੁੜਤਾ,
ਇੱਕ ਵਾਰੀ ਵੇਖ ਕੇ ਚੁੰਮਣਾਂ ਏ…

ਉਹਦਾ ਉਹੀ ਵਿਖਦਾ ਧੁੰਦਲਾ ਚੇਹਰਾ,
ਆਖ਼ਰੀ ਸਾਹ ਤੀਕ ਅੱਗੇ ਘੁੰਮਣਾ ਏ…

***

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

...
...



Related Posts

Leave a Reply

Your email address will not be published. Required fields are marked *

One Comment on “ਜਿੰਦਗੀ ਦਾ ਸਫ਼ਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)