ਇਟਲੀ ਵੱਸੇ ਸਿਖਾਂ ਤੇ ਬਣੀ ਦਸਤਾਵੇਜੀ ਫਿਲਮ..ਨੱਬੇ-ਇਕਾਨਵੇਂ ਵੇਲੇ ਏਧਰ ਪੈਂਦੇ ਪੁਲਸ ਦੇ ਛਾਪੇ..ਅਤੇ ਖੱਜਲ ਖਵਾਰੀ ਤੋਂ ਤੰਗ ਉਹ ਕਿਸੇ ਤਰਾਂ ਸਣੇ ਪਰਿਵਾਰ ਉੱਤਰੀ ਇਟਲੀ ਦੇ ਇੱਕ ਸ਼ਹਿਰ ਅੱਪੜ ਗਿਆ..ਓਥੇ ਡੇਅਰੀ ਫਾਰਮ ਦਾ ਇਟਾਲੀਅਨ ਮਾਲਕ..!
ਖੁਦ ਆਪਣੀ ਔਲਾਦ ਗੋਹੇ,ਪੱਠੇ ਦੱਥੇ,ਦੁੱਧ,ਮਲ ਮੂਤਰ ਵਾਲੇ ਗੰਦੇ ਸਮਝੇ ਜਾਂਦੇ ਇਸ ਕੰਮ ਤੋਂ ਮੁਨਕਰ..!
ਇਤਬਾਰ ਵਾਲੀ ਲੇਬਰ ਚਾਹੀਦੀ ਸੀ..!
ਇਹ ਦਾਹੜੀ ਵਾਲੇ ਅਜੀਬ ਜਿਹੇ ਲੋਕ..ਪਹਿਲਾਂ ਕਦੀ ਨਹੀਂ ਸਨ ਵੇਖੇ..ਅੰਦਰੋਂ ਜਮੀਰ ਨੇ ਅਵਾਜ ਮਾਰੀ..ਰੱਬੀ ਰੂਹਾਂ ਲੱਗਦੀਆਂ ਨੇ..ਇੱਕ ਵਾਰ ਯਕੀਨ ਕਰ ਕੇ ਵੇਖ ਲੈਣਾ ਚਾਹੀਦਾ..ਫੇਰ ਜਦੋਂ ਕੀਤਾ ਤਾਂ ਐਸਾ ਬੱਝਿਆ ਕੇ ਹੁਣ ਤੱਕ ਤੁਰੀ ਆਉਂਦਾ..ਇੱਕ ਨਿੱਕੇ ਪੈਸੇ ਦੀ ਵੀ ਹੇਰਾਫੇਰੀ ਨਹੀਂ..!
ਉਸ ਇਟਾਲੀਅਨ ਦੀ ਧੀ ਵੀ ਆਖਦੀ..ਉਚੇ ਕਿਰਦਾਰ ਵਾਲੇ..ਹਮੇਸ਼ਾਂ ਰੱਬ ਦਾ ਨਾਮ ਜਪਦੇ ਰਹਿੰਦੇ..!
ਯਕੀਨ ਤੋਂ ਇੱਕ ਵਾਰ ਫੇਰ ਦਿੱਲੀ ਦੇ ਹਾਕਮ ਚੇਤੇ ਆ ਗਏ..ਦਾਹੜੀਆਂ ਪੱਗਾਂ ਵਾਲਿਆਂ ਤੇ ਹਮੇਸ਼ਾਂ ਸ਼ੱਕ..ਇਤਬਾਰ ਸਿਰਫ ਓਦੋਂ ਜਦੋਂ ਫਸੇ ਹੋਏ ਹੋਣ ਤੇ ਜਾਂ ਫੇਰ ਸਰਹੱਦ ਤੇ ਗੋਲੀਆਂ ਦੀ ਵਾਛੜ ਹੁੰਦੀ ਹੋਵੇ..!
ਦੱਸਦੇ ਦਿੱਲੀ ਬੈਠੇ ਅਗਲੇ ਨੂੰ ਮਾਰਨ ਤੋਂ ਪਹਿਲਾਂ ਚੰਗੀ ਤਰਾਂ ਭੰਡਦੇ ਨੇ..ਉਸਦੇ ਖਿਲਾਫ ਲਹਿਰ ਬਣਾਉਂਦੇ ਨੇ..!
ਕਿਸੇ ਇਨਬਾਕਸ ਕੀਤਾ..ਕੌਂਮ ਗੱਲ ਗੱਲ ਤੇ ਸ਼ਸਤਰ,ਬੰਦੂਕਾਂ,ਗੋਲੀਆਂ ਘਲੂਕਾਰਿਆ ਲਹੂ ਮਿਝ ਫੱਟਾਂ ਅਤੇ ਸ਼ਹੀਦੀਆਂ ਦੀ ਗੱਲ ਕਰਨ ਤੇ ਉੱਤਰ ਆਉਂਦੀ ਏ..!
ਅੱਗੋਂ ਆਖਿਆ ਭਾਈ ਜੋ ਕਿਸੇ ਕੋਲ ਹੁੰਦਾ..ਬਸ ਓਹੀ ਵਿਖਾਉਂਦਾ..ਜਿਵੇਂ ਚਾਹ ਵਾਲੇ ਦੀ ਕੌਮ ਦੇ ਖੂਨ ਵਿਚ ਵਿਓਪਾਰ ਏ..ਮੁਨਾਫ਼ਾ ਏ..ਸਾਡੇ ਕੋਲ ਤੇ ਬੱਸ ਸ਼ਹੀਦੀਆਂ ਈ ਨੇ..ਜਜਬਾ ਏ..ਮੌਕੇ ਤੇ ਹਿਸਾਬ ਬਰੋਬਰ ਕਰਨ ਦਾ..!
ਅਠਨਵੇਂ ਵਿਚ “ਸ਼ਹੀਦ ਊਧਮ ਸਿੰਘ” ਫਿਲਮ ਦੀ ਸ਼ੂਟਿੰਗ..!
ਰਾਜ ਬੱਬਰ ਅਤੇ ਗੁਰਦਾਸ ਮਾਨ ਤੜਕੇ ਸ਼ੂਟਿੰਗ ਤੋਂ ਵਾਪਿਸ ਪਰਤੇ..ਕਮਰਿਆਂ ਦੀ ਚਾਬੀ ਮੰਗੀ..ਹਾਸੇ ਨਾਲ ਪੁੱਛ ਲਿਆ ਥੋਡੇ ਮੂਹਾਂ ਤੇ ਲੱਗਿਆ ਲਹੂ ਅਸਲੀ ਏ..?
ਆਖਣ ਲੱਗੇ ਰੋਲ ਮੁਤਾਬਿਕ ਮਲਣਾ ਹੀ ਪੈਂਦਾ..ਇੰਝ ਲੱਗਾ ਆਖ ਰਹੇ ਹੋਣ..ਪੈਸੇ ਖਾਤਿਰ..ਮਸਹੂਰੀ ਖਾਤਿਰ..ਜੋ ਆਖਣ ਮਲ ਲਈਦਾ!
ਸੰਨ ਅੱਸੀ ਵਿਚ ਬਣੀ ਫਿਲਮ “ਪੁੱਤ ਜੱਟਾਂ ਦੇ”..ਹੀਰੋ ਸੰਨ ਦੋ ਹਜਾਰ ਵਿਚ ਗੁਰੂ ਦੀ ਨਗਰੀ ਵਿਚ ਹੀ ਮਿਲਿਆ..ਓਦੋਂ ਤੱਕ ਪੱਕੇ ਤੌਰ ਤੇ ਮੁੰਬਈ ਵੱਸ ਗਿਆ ਸੀ..ਐਮ.ਐੱਲ.ਏ...
ਵੀ ਸੀ ਇੱਕ ਪਾਰਟੀ ਦਾ..!
ਆਖਿਆ ਤੁਹਾਡੀ ਫਿਲਮ ਵੀਹ ਵਾਰ ਵੇਖੀ ਹੋਣੀ..ਅੱਗੋਂ ਹਿੰਦੀ ਵਿਚ ਜੁਆਬ..ਸ਼ਾਇਦ ਪੰਜਾਬੀ ਭੁੱਲ ਗਿਆ ਸੀ..ਜਾਂ ਬੋਲਣੀ ਹੀ ਨਹੀਂ ਸੀ ਚਾਹੁੰਦਾ..!
ਇੰਝ ਮਹਿਸੂਸ ਹੋਇਆ ਇਹ ਲੋਕ ਫਿਲਮ ਨਹੀਂ ਬਣਾਉਂਦੇ ਸਗੋਂ ਬੋਲੀ ਨਾਲ ਸਮੂਹਿਕ ਜਬਰ-ਜਿਨਾਹ ਕਰਦੇ ਨੇ..!
ਜੂਨ ਚੁਰਾਸੀ ਮਗਰੋਂ ਢੱਠੇ ਹੋਏ ਸ੍ਰੀ ਅਕਾਲ ਤਖ਼ਤ ਨੂੰ ਬਣਾਉਣ ਦਾ ਸਰਕਾਰੀ ਠੇਕਾ ਲੈਣ ਵਾਲਾ ਸੰਤਾ ਸਿੰਘ..ਉਸ ਵੇਲੇ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਖਾਸ ਯਾਰ ਸੀ..ਦੋ ਸਤੰਬਰ ਚੁਰਾਸੀ ਨੂੰ ਦਰਬਾਰ ਸਾਹਿਬ ਵਿਚ ਵੇਖਿਆ ਸੀ..ਆਸੇ ਪਾਸੇ ਸਿਕੋਰਟੀ ਹੀ ਸਿਕੋਰਟੀ..ਦਿੱਲੀ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਨੂੰ ਭੱਜ ਕੇ ਆਪਣੀ ਬੁੱਕਲ ਵਿਚ ਲੈਂਦੀ ਆਈ ਏ..!
ਇੱਕ ਬਾਪੂ ਜੀ ਪੰਜਾਹ ਕਿਲੋਮੀਟਰ ਦੂਰ ਸਾਈਕਲ ਤੇ ਦਰਬਾਰ ਸਾਬ ਲੰਗਰ ਇਮਾਰਤ ਦੇ ਉੱਪਰ ਉਸਨੂੰ ਸੁਣਨ ਜਾਇਆ ਕਰਦੇ..ਵਾਪਿਸ ਪਰਤਦੇ ਤਾਂ ਏਨੀ ਗੱਲ ਆਖੀ ਜਾਂਦੇ..ਭਾਈ ਸਿੰਘੋ ਕੌਂਮ ਨੂੰ ਇੱਕ ਲੀਡਰ ਮਿਲ ਗਿਆ..ਨਿਡਰ..ਨਿਧੜਕ..ਸੱਚ ਬੋਲਣ ਵਾਲਾ..ਦਲੇਰ..ਸਿੱਧੀ ਗੱਲ ਕਰਨ ਵਾਲਾ..ਜਦੋਂ ਬੋਲਦਾ ਏ ਤਾਂ ਦਿੱਲੀ ਕੰਬ ਉੱਠਦੀ ਏ..ਛੇ ਫੁੱਟ ਤੋਂ ਵੀ ਉਚਾ ਲੰਮਾ..”ਉਚੀ ਮੌਤ ਲਿਖਾ ਲਈ ਜਿਨ੍ਹਾਂ ਕਰਮਾ ਦੇ ਵਿਚ..ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿਚ..ਭੋਰਾ ਸਿਦਕ ਨਾ ਤਿੜਕਿਆ..ਉੱਤੋਂ ਫਤਹਿ ਬੁਲਾ ਤੀ..ਵੇਖ ਸ਼ਹੀਦੀ ਜੱਥਿਆਂ ਨੇ ਭਾਜੜ ਪਾ ਤੀ”
ਫੇਰ ਜਿਸ ਦਿਨ ਤਖ਼ਤ ਤੇ ਫੌਜ ਚੜ ਕੇ ਆਈ..ਤਾਂ ਉਹ ਬਾਪੂ ਜੀ ਨੇ ਵੀ ਪੱਕੀ ਫਤਹਿ ਬੁਲਾ ਤੀ..ਬਿਨਾ ਕਿਸੇ ਨੂੰ ਦੱਸਿਆ ਸਾਈਕਲ ਤੇ ਚੜ ਓਧਰ ਨੂੰ ਹੋ ਤੁਰੇ..ਅਖ਼ੇ ਮੈਨੂੰ ਹਰਮਿੰਦਰ ਸਾਬ ਬੁਲਾਉਂਦਾ ਏ..ਮੁੜ ਫੇਰ ਕਦੀ ਨਹੀਂ ਦਿਸੇ..!
ਦੱਸਦੇ ਕੱਲ ਫੇਰ ਭੁਚਾਲ ਆਇਆ..ਕੰਧਾ ਇੱਕ ਵਾਰ ਫੇਰ ਕੰਬੀਆਂ..ਪਰ ਅਸੀਂ ਦੂਰ ਬੈਠੇ ਸੁਰਖਿਅਤ ਹਾਂ..ਕਾਮਰੇਡ ਰਾਮੂਵਾਲੀਏ ਦੀ ਬਦਾਮ ਦੀ ਗਿਰੀ ਵਾਂਙ..!
ਤਾਂ ਹੀ ਸ਼ਾਇਦ ਕਿਸੇ ਆਖਿਆ..ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..!
ਹਰਪ੍ਰੀਤ ਸਿੰਘ ਜਵੰਦਾ