ਰਵਾਂ-ਰਵੀਂ ਤੁਰੀ ਜਾਂਦੀ ਜਿੰਦਗੀ ਵਿਚ ਇੱਕ ਵੱਡਾ ਭੁਚਾਲ ਆ ਗਿਆ..!
ਬਜਾਰੋਂ ਮੁੜਦੀ ਨਾਲਦੀ ਇੱਕ ਸ਼ਰਾਬੀ ਡਰਾਈਵਰ ਦੀ ਗਲਤੀ ਕਾਰਨ ਹਮੇਸ਼ਾਂ ਲਈ ਅਲਵਿਦਾ ਆਖ ਗਈ..!
ਸਭ ਕੁਝ ਏਨੀ ਛੇਤੀ ਹੋਇਆ ਕੇ ਮੈਨੂੰ ਖੁਦ ਨੂੰ ਕਿੰਨਾ ਚਿਰ ਇਤਬਾਰ ਜਿਹਾ ਹੀ ਨਾ ਆਇਆ ਕਰੇ..!
ਧੀ ਤਾਂ ਸਿਆਣੀ ਸੀ ਪਰ ਪੁੱਤ ਛੋਟਾ ਹੋਣ ਕਾਰਨ ਹਮੇਸ਼ਾਂ ਮੇਰੇ ਕੋਲ ਹੀ ਬੈਠਾ ਰਹਿੰਦਾ!
ਸੰਸਕਾਰ ਮਗਰੋਂ ਭੋਗ ਪਾ ਦਿੱਤਾ ਗਿਆ..ਰਿਸ਼ਤੇਦਾਰ ਅਤੇ ਸਾਕ-ਸਬੰਦੀ ਕੁਝ ਦਿਨ ਰਹਿਣ ਮਗਰੋਂ ਆਪੋ ਆਪਣੇ ਕੰਮਾਂ ਕਾਰਾਂ ਵਿਚ ਰੁਝ ਗਏ..!
ਮੇਰਾ ਕੰਮ ਤੇ ਜਾਣ ਨੂੰ ਜੀ ਨਾ ਕਰਿਆ ਕਰੇ..ਫੇਰ ਵੀ ਇੱਕ ਦਿਨ ਮਨ ਨੂੰ ਮਾਰ ਉੱਠ ਹੀ ਪਿਆ ਤੇ ਖਿੱਲਰ ਗਈ ਜਿੰਦਗੀ ਵਾਲੀ ਪੰਡ ਕੱਠੀ ਕਰਨ ਵਿਚ ਰੁੱਝ ਗਿਆ..!
ਇੱਕ ਦਿਨ ਨਿੱਕੇ ਪੁੱਤ ਨੂੰ ਸਾਈਕਲ ਮਗਰ ਬਿਠਾ ਸੌਦਾ ਲੈਣ ਨਿੱਕਲ ਤੁਰਿਆ..!
ਸੌਦੇ ਵਾਲੀ ਪਰਚੀ ਨੂੰ ਤੁਲੇ ਹੋਏ ਸੌਦੇ ਨਾਲ ਮਿਲਾ ਕੇ ਅਜੇ ਬਾਹਰ ਨੂੰ ਆਉਣ ਹੀ ਲੱਗਾ ਸਾਂ ਕੇ ਬੇਟੇ ਨੇ ਬੋਝੇ...
ਵਿਚੋਂ ਇੱਕ ਹੋਰ ਪਰਚੀ ਕੱਢ ਮੈਨੂੰ ਫੜਾ ਦਿੱਤੀ..ਆਖਣ ਲੱਗਾ ਭੈਣ ਜੀ ਨੇ ਦਿੱਤੀ ਸੀ ਕੇ ਡੈਡੀ ਨੂੰ ਫੜਾ ਦੇਵੀਂ..!
ਇਸ ਪਰਚੀ ਵਿਚ ਲਿਖੀਆਂ ਚੀਜਾਂ ਬਾਰੇ ਪੜ ਕੇ ਹੱਥ ਕੰਬਣ ਜਿਹੇ ਲੱਗੇ..ਫੇਰ ਅਗਲੇ ਹੀ ਪਲ ਚਲੀ ਗਈ ਨੂੰ ਯਾਦ ਕਰ ਖੁਦ ਨੂੰ ਸਾਫ-ਸਾਫ ਆਖ ਦਿੱਤਾ ਕੇ ਗੁਰਮੁਖ ਸਿਆਂ ਏਦਾਂ ਤੇ ਗੱਲ ਨੀ ਬਣਨੀ..ਹੁਣ ਤੇ ਦੋ ਜਵਾਕਾਂ ਦੇ ਬਾਪ ਦੇ ਨਾਲ ਨਾਲ ਜਵਾਨ ਹੁੰਦੀ ਇੱਕ ਧੀ ਦੀ ਮਾਂ ਵੀ ਬਣਨਾ ਹੀ ਪਿਆ ਕਰਨਾ!
ਦੋਸਤੋ ਕਿੰਨਾ ਚੰਗਾ ਹੋਵੇ ਜੇ ਅਚਨਚੇਤ ਬਦਲੇ ਹੋਏ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਹਰ ਮਾਂ ਆਪਣੀ ਧੀ ਦੀ ਅੰਬੜੀ ਹੋਣ ਦੇ ਨਾਲ ਨਾਲ ਜੁਆਨ ਪੁੱਤਰਾਂ ਦਾ ਪਿਓ ਬਣਨਾ ਵੀ ਸਿੱਖ ਲਵੇ!
ਹਰਪ੍ਰੀਤ ਸਿੰਘ ਜਵੰਦਾ