ਜਲੇਬੀਆਂ ਬਨਾਮ ਚਾਹ ☕☕
ਨੇੜੇ ਦੀ ਰਿਸ਼ਤੇਦਾਰੀ ਵਿਚ ਮਰਗਤ ਦਾ ਭੋਗ ਸੀ ਮੈਂ ਵੀ ਸੱਸ ਮਾਤਾ ਅਤੇ ਚਾਚੀਆਂ ਨਾਲ ਉੱਥੇ ਪਹੁੰਚ ਗਈ ।ਭੋਗ ਪੈਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਰੋਟੀ ਖਾ ਰਹੇ ਸਨ।ਰੋਟੀ ਵਿੱਚ ਜਲੇਬੀਆਂ ਵੀ ਸਨ।ਮੇਰੀ ਸੱਸ ਮਾਤਾ ਸ਼ੂਗਰ ਦੀ ਮਰੀਜ਼ ਹੈ ।ਘਰ ਉਹ ਮਿੱਠੀਆਂ ਚੀਜ਼ਾਂ ਖਾਣ ਪੀਣ ਦਾ ਬਹੁਤ ਜ਼ਿਆਦਾ ਪਰਹੇਜ਼ ਰੱਖਦੇ ਹਨ। ਚਾਹ ਵੀ ਫਿੱਕੀ ਹੀ ਪੀਂਦੇ ਹਨ ।
ਉਸ ਦਿਨ ਮੰਮੀ ਅਤੇ ਚਾਚੀ ਨੇ ਰਲ ਕੇ ਜਲੇਬੀਆਂ ਨੂੰ ਚੰਗਾ ਗੇੜਾ ਦਿੱਤਾ ।ਮੈਂ ਹੈਰਾਨ ਹੋਈ ਦੇਖਾਂ ਤੇ ਨਾਲ ਹੀ ਮੈਥੋਂ ਮੰਮੀ ਨੂੰ ਕਹਿ ਹੋ ਗਿਆ ਕਿ ਅੱਜ ਤਾਂ ਤੁਸੀਂ ਜਲੇਬੀਆਂ ਨੂੰ ਚੰਗਾ ਈ ਗੇੜਾ ਦੇ ਦਿੱਤਾ ।ਅੱਗੋਂ ਮਾਤਾ ਸ੍ਰੀ ਭੋਲਾ ਜਿਹਾ ਮੂੰਹ ਬਣਾ ਕੇ ਕਹਿਣ ਲੱਗੇ ਕਦੇ ਕਦੇ ਤਾਂ ਦਿਲ ਕਰੇ ਜਾਂਦਾ ਹੈ ।ਮੈਂ ਵੀ ਸੋਚਿਆ ,ਹੈਗਾ ਤਾਂ ਵੈਸੇ ਔਖਾ ਹੀ ਹੈ ਮੂੰਹ ਬੰਨ੍ਹ ਕੇ ਰੱਖਣਾ ਕੁਝ ਵੀ ਮਿੱਠਾ ਨਾ ਖਾਣਾ।ਕਦੇ ਕਦੇ ਤਾਂ ਦਿਲ ਕਰਦਾ ਹੀ ਹੈ ਚਲ ਕੋਈ ਨਾ।
ਕੁਝ ਸਮੇਂ ਬਾਅਦ ਘਰ ਦੀ ਨੂੰਹ ਚਾਹ ਦੇ ਕੱਪ ਲੈ ਆਈ ।ਚਾਚੀ ਅਤੇ ਮੰਮੀ ਇੱਕ ਹੀ ਸੁਰ ਵਿੱਚ ਬੋਲਣ ਲੱਗੀਆਂ ਕਿ ਅਸੀਂ ਤਾਂ ਭਾਈ ਫਿੱਕੀ ਚਾਹ ਪੀਂਦੀਆਂ ਹਾਂ ਅਸੀਂ ਨਹੀਂ ਮਿੱਠੇ ਵਾਲੀ ਚਾਹ ਲੈਣੀ ਸਾਡੇ ਲਈ ਫਿੱਕੀ ਲਿਆ ਦਿਓ ।ਉਹ...
ਵਿਚਾਰੀ ਕਹਿੰਦੀ ਕੋਈ ਨੀ ਜੀ ਮੈਂ ਤੁਹਾਨੂੰ ਫਿੱਕੀ ਬਣਾ ਲਿਆਉਂਦੀ ਹਾਂ । ਉਨ੍ਹੀਂ ਪੈਰੀਂ ਮੈਨੂੰ ਚਾਹ ਦੇ ਕੇ ਉਹ ਵਾਪਸ ਮੁੜ ਗਈ ।ਕੁਝ ਕੁ ਸਮੇਂ ਬਾਅਦ ਉਹ ਫੇਰ ਫਿੱਕੀ ਚਾਹ ਦੇ ਕੱਪ ਫੜਾ ਗਈ ।ਚਾਹ ਦੀ ਘੁੱਟ ਭਰ ਕੇ ਚਾਚੀ ਮੂੰਹ ਜਿਹਾ ਬਣਾ ਕੇ ਕਹਿਣ ਲੱਗੀ,,, ਭੈਣ ਜੀ ਚਾਹ ਜਮ੍ਹਾਂ ਹੀ ਫਿੱਕੀ ਨੀ ਹੈਗੀ ਲੱਗਦਾ ਵਿੱਚ ਅੱਧਾ ਕੁ ਚਮਚਾ ਚੀਨੀ ਦਾ ਤਾਂ ਪਾਇਆ ਹੋਇਆ ਹੈ ।ਨਾਲੇ ਦੱਸਿਆ ਸੀ, ਬਈ ਅਸੀਂ ਸ਼ੂਗਰ ਦੀਆਂ ਮਰੀਜ਼ ਹਾਂ, ਫਿੱਕੀ ਚਾਹ ਪੀਂਦੀਆਂ ਹਾਂ ।
ਮੈਂ ਵੀ ਕੋਲ ਬੈਠੀ ਸਾਰਾ ਕੁਝ ਸੁਣ ਰਹੀ ਸੀ ਮੈਥੋਂ ਵੀ ਫਿਰ ਕਹੇ ਬਿਨਾਂ ਰਹਿ ਨਾ ਹੋਇਆ,,,,,, ਕਿ ਏਨੀਆਂ ਤਾਂ ਤੁਸੀਂ ਜਲੇਬੀਆਂ ਖਾ ਗਈਆਂ ,ਜੇ ਭੋਰਾ ਮਿੱਠੀ ਚਾਹ ਪੀ ਵੀ ਲਊਂਗੀਆਂ ਤਾਂ ਵੀ ਕੁਛ ਨੀ ਵਿਗੜਨ ਲੱਗਿਆ ।ਮੇਰੀ ਗੱਲ ਸੁਣ ਕੇ ਉਨ੍ਹਾਂ ਦੋਵਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਬਦੋਬਦੀ ਬੁੱਲ੍ਹਾ ਵਿੱਚੋਂ ਨਿਕਲ ਰਹੇ ਹਾਸੇ ਨੂੰ ਕਿਵੇਂ ਰੋਕਿਆ ਜਾਵੇ ।
✍ ਮਨਪ੍ਰੀਤ ਕੌਰ ਮਿਨਹਾਸ