ਅਮ੍ਰਿਤਸਰ ਸ਼ਹਿਰ..ਬੱਸ ਅੱਡੇ ਕੋਲ ਪੈਂਦਾ ਮੁਹੱਲਾ ਸ਼ਰੀਫ ਪੂਰਾ..
ਓਥੇ ਜਾਣਾ ਤਾਂ ਦੂਰ ਦੀ ਗੱਲ ਮੈਨੂੰ ਉਸਦਾ ਨਾਮ ਸੁਣਨਾ ਤੱਕ ਵੀ ਪਸੰਦ ਨਹੀਂ ਸੀ..
ਕਦੀ ਲੋੜ ਪੈ ਜਾਂਦੀ ਤਾਂ ਨੌਕਰ ਨੂੰ ਭੇਜ ਦਿਆ ਕਰਦਾ..
ਕਈ ਵਾਰ ਅੱਧੀ ਰਾਤ ਜਾਗ ਖੁੱਲ ਜਾਂਦੀ ਤਾਂ ਸੋਚਦਾ ਕਾਸ਼ ਉਹ ਮਰ ਹੀ ਗਈ ਹੋਵੇ..
ਕੋਈ ਇੰਝ ਥੋੜੀ ਕਰਦਾ ਆਪਣੇ ਬਾਪ ਨਾਲ..ਉਹ ਵੀ ਉਸ ਬਾਪ ਨਾਲ ਜੋ ਬਾਪ ਹੋਣ ਦੇ ਨਾਲ ਨਾਲ ਮਾਂ ਬਣ ਕੇ ਵੀ ਵਿਚਰਿਆ ਹੋਵੇ..!
ਅਜੇ ਵੀ ਯਾਦ ਏ ਜਦੋਂ ਨਿੱਕੀ ਜਿਹੀ ਨੂੰ ਛੱਡ ਕੇ ਤੁਰ ਗਈ ਸੀ..
ਰਿਸ਼ਤੇਦਾਰਾਂ ਵੱਲੋਂ ਪਾਇਆ ਗਿਆ ਦੂਜੇ ਵਿਆਹ ਲਈ ਜ਼ੋਰ ਅਤੇ ਫੇਰ ਉਸ ਨਿੱਕੀ ਜਿਹੀ ਵੱਲ ਵੇਖ ਮੈਥੋਂ ਨਾਂਹ ਨਿੱਕਲ ਜਾਂਦੀ..ਅਤੇ ਮੁੜ ਇਹ ਨਾਂਹ ਅਖੀਰ ਤੱਕ ਕਾਇਮ ਰਹੀ!
ਫੇਰ ਇੱਕ ਬਿਜਲੀ ਡਿੱਗੀ ਜਦੋਂ ਇੱਕ ਦਿਨ ਪਤਾ ਲੱਗਾ ਕੇ ਉਸਨੇ ਚੁੱਪ ਚੁਪੀਤੇ ਗੁਰੂ ਘਰ ਫੇਰੇ ਲੈ ਲਏ..
ਸਾਕ ਬਰਾਦਰੀ ਰਿਸ਼ਤੇਦਾਰੀ ਆਂਢ ਗਵਾਂਢ ਜਾਣਕਾਰ..
ਸਭ ਦੇ ਸਾਮਣੇ ਕੱਖੋਂ ਹੌਲਾ ਪਾ ਗਈ..ਨਾਲਦੀ ਦੀ ਫੋਟੋ ਅੱਗੇ ਖਲੋ ਕੇ ਕਿੰਨੇ ਦਿਨ ਰੋਂਦਾ ਰਿਹਾ..
ਫੇਰ ਸਹੁੰ ਖਾਦੀ..ਸਾਰੀ ਉਮਰ ਸ਼ਕਲ ਨਹੀਂ ਵੇਖਣੀ ਉਸਦੀ..ਭਾਵੇਂ ਜੋ ਮਰਜੀ ਹੋ ਜਾਵੇ..ਕੋਈ ਵਾਹ ਵਾਸਤਾ ਵੀ ਨਹੀਂ ਰੱਖਣਾ..!
ਫੇਰ ਜਿੰਦਗੀ ਆਪਣੀ ਰਫਤਾਰ ਨਾਲ ਤੁਰੀ ਗਈ..
ਕਈ ਵਾਰ ਉਸਦਾ ਚੇਤਾ ਆ ਜਾਂਦਾ ਤਾਂ ਧਿਆਨ ਦੂਜੇ ਪਾਸੇ ਪਾ ਲੈਂਦਾ..
ਜਦੋ ਕਿਧਰੇ ਵੀ ਕਿਸੇ ਧੀ ਧਿਆਣੀ ਦੇ ਵਿਆਹ ਜਾਂਦਾ..ਡੋਲੀ ਤੁਰਨ ਵਾਲੇ ਸੀਨ ਤੋਂ ਪਹਿਲਾਂ ਹੀ ਓਥੋਂ ਨਿੱਕਲ ਆਇਆ ਕਰਦਾ..!
ਅਖੀਰ ਜਦੋਂ ਅਤੀਤ ਦੇ ਕਾਲੇ ਪਰਛਾਵੇਂ ਵਜੂਦ ਤੇ ਅਸਰ ਕਰਨੋਂ ਨਾ ਹਟੇ ਤਾਂ ਮੈਂ ਇਕ ਦਿਨ ਆਪਣਾ ਸ਼ਹਿਰ ਤੱਕ ਵੀ ਬਦਲ ਲਿਆ..!
ਇੱਕ ਵਾਰ ਜਲੰਧਰੋਂ ਜੀਰਕਪੁਰ ਗਈ ਇੱਕ ਬਰਾਤ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ..
ਲਾਵਾਂ ਫੇਰਿਆਂ ਮਗਰੋਂ ਇੱਕ ਪਾਸੇ ਬੈਠੇ ਹੋਏ ਦਾ ਧਿਆਨ ਅਚਾਨਕ ਕੋਲ ਖੇਡਦੇ ਨਿਆਣਿਆਂ ਦੇ ਇੱਕ ਝੁੰਡ ਵੱਲ ਚਲਾ ਗਿਆ..
ਆਪਣੇ ਧਿਆਨ ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਨੂੰ ਵੇਖ ਆਪਣੇ ਵਾਲੇ ਦੋਹਾਂ ਦਾ ਬਚਪਨ ਚੇਤੇ ਆ ਗਿਆ..
ਫੇਰ ਕੌੜੀਆਂ ਯਾਦਾਂ ਦੇ ਬੱਦਲ ਘਟਾ ਬਣ ਕੇ ਇੱਕ ਵਾਰ ਫੇਰ ਜ਼ਿਹਨ ਤੇ ਛਾ ਜਾਣ ਲੱਗੇ ਤਾਂ ਸੋਚਿਆ ਕੇ ਕਿਓਂ ਨਾ ਓਥੋਂ ਉੱਠ ਕਿਸੇ ਹੋਰ ਪਾਸੇ ਨੂੰ ਹੋ ਜਾਵਾਂ..
ਅਜੇ ਤੁਰਨ ਹੀ ਲੱਗਾ ਸਾਂ ਕੇ ਅਚਾਨਕ ਜੂਸ ਦਾ ਭਰਿਆ ਗਿਲਾਸ ਫੜੀ ਉਹ ਨਿੱਕਾ ਜਿਹਾ ਮੇਰੇ ਵਿਚ ਆਣ ਵੱਜਾ..!
ਉਸਦੇ ਸਾਰੇ ਕੱਪੜੇ ਖਰਾਬ ਹੋ ਗਏ ਤੇ ਉਹ ਰੋਣ ਲੱਗ ਪਿਆ..
ਫੇਰ ਮੇਰੇ ਵੱਲ ਵੇਖ ਲਗਾਤਾਰ ਏਨੀ ਗੱਲ ਆਖੀ ਜਾ ਰਿਹਾ ਸੀ ਕੇ ਹੁਣ ਮੇਰੀ ਮੰਮੀ ਮੈਨੂੰ ਵੇਖ ਗੁੱਸੇ ਹੋਊ..
ਮੈਂ ਉਸ ਨੂੰ ਚੁੱਕ ਲਿਆ..
ਪਹਿਲਾਂ ਰੁਮਾਲ ਨਾਲ ਉਸਦੇ ਅਥਰੂ ਪੂੰਝੇ..ਫੇਰ ਥੋੜੇ ਬਹੁਤ ਕੱਪੜੇ ਸਾਫ ਕੀਤੇ ਤੇ...
ਮੁੜ ਆਖਿਆ ਫਿਕਰ ਨਾ ਕਰ ਪੁੱਤਰ..ਤੂੰ ਮੈਨੂੰ ਆਪਣੀ ਮੰਮੀ ਕੋਲ ਲੈ ਜਾ..ਮੈਂ ਆਪੇ ਦੱਸ ਦੂ ਕੇ ਤੂੰ ਕੁਝ ਨਹੀਂ ਕੀਤਾ ਸਗੋਂ ਮੈਂ ਹੀ ਤੇਰੇ ਵਿਚ ਵੱਜਾ ਸਾਂ..ਤੇਰੀ ਮੰਮੀ ਤੈਨੂੰ ਕੁਝ ਨੀ ਆਖੇਗੀ..!
ਏਨੀ ਗੱਲ ਸੁਣ ਉਹ ਬੇਫਿਕਰ ਜਿਹਾ ਹੋ ਗਿਆ ਤੇ ਉਸਨੇ ਆਪਣੀਆਂ ਦੋਵੇਂ ਬਾਹਵਾਂ ਮੇਰੇ ਗਲ਼ ਦਵਾਲੇ ਪਾ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਲਿਆ..
ਅਜੇ ਅਸੀ ਕਿਸੇ ਤੀਜੇ ਦੀ ਤਲਾਸ਼ ਸ਼ੁਰੂ ਹੀ ਕੀਤੀ ਸੀ ਪਿੱਛਿਓਂ ਕਿਸੇ ਨੇ ਉਸਨੂੰ ਧੂ ਕੇ ਮੇਰੇ ਕੁੱਛੜੋਂ ਲਾਹ ਲਿਆ..
ਮੈਂ ਮੁੜ ਕੇ ਵੇਖਿਆ ਤਾਂ ਸੁੰਨ ਜਿਹਾ ਹੋ ਗਿਆ..ਕਿਸੇ ਵੇਲੇ ਮੇਰੇ ਜਿਗਰ ਦਾ ਟੋਟਾ ਰਿਹਾ ਇੱਕ ਵਜੂਦ ਅੱਜ ਆਪਣੇ ਜਿਗਰ ਦੇ ਟੋਟੇ ਨੂੰ ਆਪਣੀ ਬੁੱਕਲ ਵਿਚ ਲੈ ਕੇ ਲਾਡ ਪਿਆਰ ਕਰ ਰਿਹਾ ਸੀ..!
ਫੇਰ ਨਜਰਾਂ ਮਿਲੀਆਂ..ਕੁਝ ਚਿਰ ਲਈ ਤਾਂ ਇੰਝ ਲੱਗਾ ਜਿੱਦਾਂ ਸਮਾਂ ਰੁਕ ਗਿਆ ਹੋਵੇ..ਨਾ ਉਸ ਤੋਂ ਕੋਈ ਗੱਲ ਹੋਈ ਤੇ ਨਾ ਮੈਥੋਂ ਹੀ ਕੁਝ ਆਖਿਆ ਗਿਆ..
ਫੇਰ ਅਗਲੇ ਹੀ ਪਲ ਉਹ “ਪਾਪਾ ਤੁਸੀ” ਆਖ ਛੇਤੀ ਨਾਲ ਮੇਰੇ ਸੀਨੇ ਨਾਲ ਇੰਝ ਲੱਗ ਗਈ ਜਿੱਦਾਂ ਕਿੰਨੇ ਵਰ੍ਹਿਆਂ ਤੋਂ ਡਾਰੋਂ ਵਿੱਛੜੀ ਇੱਕ ਕੂੰਝ ਆਪਣਿਆਂ ਵਿਚ ਆਣ ਰਲੀ ਹੋਵੇ..!
ਮੇਰੇ ਜ਼ਿਹਨ ਵਿਚ ਕਿੰਨੇ ਚਿਰ ਤੋਂ ਪ੍ਰਵਾਨ ਚੜ੍ਹਦੀ ਗੁੱਸੇ ਅਤੇ ਪਛਤਾਵੇ ਦੀ ਅੱਗ ਪੋਹ ਮਾਘ ਦੇ ਸਿਆਲਾਂ ਵਾਲੀ ਠੰਡੀ ਧੁੰਦ ਬਣ ਅੱਖੀਆਂ ਵਿਚ ਫੈਲ ਗਈ ਤੇ ਮੈਨੂੰ ਬਿੰਦ ਕੂ ਲਈ ਦਿਸਣੋਂ ਹਟ ਗਿਆ..!
ਆਪਣੀ ਮਾਂ ਦੀ ਕੁੱਛੜ ਚੜਿਆ ਨਿੱਕਾ ਜਿਹਾ ਉਹ ਸਾਮਣੇ ਵਾਪਰਦੇ ਘਟਨਾ ਕਰਮ ਤੋਂ ਹੈਰਾਨ ਹੋਇਆ ਬੱਸ ਏਨੀ ਗੱਲ ਪੁੱਛੀ ਜਾ ਰਿਹਾ ਸੀ..”ਮੰਮਾ ਇਹ ਕੌਣ ਨੇ..”?
ਤੇ ਨੈਪਕਿਨ ਨਾਲ ਨੱਕ ਪੂੰਝਦੀ ਕੋਲੋਂ ਹਰ ਵਾਰ ਬੱਸ ਏਨਾ ਹੀ ਆਖ ਹੂੰਦਾ..ਪੁੱਤ ਇਹ ਤੇਰਾ ਨਾਨਾ ਜੀ ਏ..ਤੇ ਫੇਰ ਉਸ ਤੋਂ ਅੱਗਿਓਂ ਹੋਰ ਕੋਈ ਗੱਲ ਨਾ ਹੁੰਦੀ..!
ਦੂਰ ਆਸਮਾਨ ਵਿਚ ਸੁਵੇਰ ਤੋਂ ਹੀ ਕਾਲੇ ਸਿਆਹ ਬੱਦਲਾਂ ਨਾਲ ਲੁਕਣਮੀਚੀ ਖੇਡਦੇ ਹੋਏ ਸੂਰਜ ਦੀ ਲਾਲੀ ਹੁਣ ਢਲਦੇ ਵੇਲੇ ਆਪਣੇ ਪੂਰੇ ਜੋਵਨ ਤੇ ਆ ਗਈ ਸੀ..!
ਦੋਸਤੋ ਇਸ ਸਚੀ ਕਹਾਣੀ ਨੂੰ ਤੁਹਾਡੇ ਨਾਲ ਸਾਂਝਿਆਂ ਕਰਨ ਦਾ ਮਕਸਦ ਸਿਰਫ ਤੇ ਸਿਰਫ ਏਨੀ ਗੱਲ ਦੱਸਣਾ ਏ ਕੇ ਹਯਾਤੀ ਦੇ ਇੱਕ ਨਿੱਕੇ ਜਿਹੇ ਪਲ ਵਿਚ ਇਨਸਾਨ ਦੀ ਜਿੰਦਗੀ ਬਦਲਣ ਦੀ ਸਮ੍ਰਥਾ ਹੁੰਦੀ ਏ..
ਤੇ ਦੂਜਾ..ਆਂਦਰਾਂ ਦੀ ਨਿੱਘੀ ਸਾਂਝ ਜਦੋਂ ਆਪਣਾ ਪਾਸਾ ਪਰਤਦੀ ਏ ਤਾਂ ਮਨ ਹੀ ਮਨ ਉਸਾਰ ਲਈ ਨਫਰਤ ਦੀ ਮੋਟੀ ਕੰਧ ਨੂੰ ਵੀ ਫਨਾਹ ਹੁੰਦਿਆਂ ਘੜੀ ਨਹੀਂ ਲੱਗਦੀ..!
ਹਰਪ੍ਰੀਤ ਸਿੰਘ ਜਵੰਦਾ
Preet
kmaal story