ਛੋਟੇ ਲੋਕ
ਅਕਸਰ ਛੋਟੇ ਨਹੀਂ ਹੁੰਦੇ। ਕਈ ਵਾਰੀ ਇਹਨਾਂ ਦੀ ਸੋਚ ਵੱਡੇ ਕਹਾਏ ਜਾਣ ਵਾਲੇ ਲੋਕਾਂ ਤੋਂ ਵੀ ਕਿਤੇ ਉੱਪਰ ਦੀ ਹੁੰਦੀ ਹੈ। ਮੈਂ ਆਪਣੀ ਬੇਟੀ ਨੂੰ ਉਸਦੇ ਜਨਮ ਤੋਂ ਹੀ ਆਪਣੇ ਨਾਲ ਸਕੂਲ ਡਿਊਟੀ ਤੇ ਲੈਕੇ ਜਾਂਦੀ ਸੀ। ਪਿੰਡ ਦੇ ਹੀ ਇੱਕ ਆਂਟੀ ਜੀ ਨੂੰ ਮੈਂ ਆਪਣੀ ਬੇਟੀ ਦੀ caretaker ਰੱਖਿਆ ਹੋਇਆ ਸੀ। ਸੱਚ ਪੁੱਛੋ ਤਾਂ ਮੈਨੂੰ ਲੱਗਦਾ ਉਹਨਾਂ ਨੇ ਮੇਰੀ ਬੇਟੀ ਨੂੰ ਮੇਰੇ ਨਾਲੋਂ ਵੀ ਵੱਧ ਪਿਆਰ ਦਿੱਤਾ ਸੀ। ਮੈਂ ਆਪਣੀ ਬੇਟੀ ਲਈ ਬਹੁਤ ਕੁਝ ਖਾਣ ਨੂੰ ਲੈਕੇ ਜਾਂਦੀ ਸੀ। ਆਂਟੀ ਪੂਰੀ ਮਿਹਨਤ ਨਾਲ ਮੇਰੀ ਬੇਟੀ ਨੂੰ ਸਾਰਾ ਕੁੱਝ ਖੁਆਉਣ ਦੀ ਕੋਸ਼ਿਸ਼ ਕਰਦੇ ਸੀ। ਜਿੰਨਾ ਬੱਚ ਜਾਂਦਾ ਸੀ ਓਨਾ ਟਿਫਨ ਵਿੱਚ ਵਾਪਿਸ ਰੱਖ ਦਿੰਦੇ ਸੀ। ਡੇਢ ਸਾਲ ਦੇ ਸਮੇਂ ਦੌਰਾਨ ਕਦੇ ਓਹਨਾਂ ਨੇ ਬੇਟੀ ਦੀ ਕਿਸੇ ਵੀ ਖਾਣ ਦੀ ਚੀਜ਼ ਨੂੰ ਦੇਖ ਕੇ ਖਾਣ ਦੀ ਇੱਛਾ ਨਹੀਂ ਜਤਾਈ ਸੀ। ਖਾਣ ਦੀ ਚੀਜ਼ ਸਾਹਮਣੇ ਪਈ ਹੋਵੇ ਤਾਂ ਮਲੋ ਮਲੀ ਉਸਨੂੰ ਖਾਣ ਦਾ ਜੀ ਕਰਦਾ ਹੈ । ਮੈਂ ਆਂਟੀ ਜੀ ਦੇ ਸਬਰ ਨੂੰ ਦੇਖ ਕੇ ਬੇਹੱਦ ਹੈਰਾਨ ਹੁੰਦੀ ਸੀ । ਆਂਟੀ ਦੇ ਏਸੇ ਵਰਤਾਵ ਕਰਕੇ ਮੈਂ ਹਮੇਸ਼ਾਂ ਓਹਨਾਂ ਨੂੰ ਜਿੰਨੀ ਦੇਰ ਸਾਂਝ ਰਹੀ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੀ ਸਮਝਦੀ ਰਹੀ।
ਇੱਕ ਲੱਕੜ ਦਾ ਮਿਸਤਰੀ ਮੇਰੇ ਘਰ ਕਈ ਮਹੀਨੇ ਕੰਮ ਕਰਦਾ ਰਿਹਾ। ਬਹੁਤ ਸ਼ਿੱਦਤ ਨਾਲ਼ ਕੰਮ ਕਰਦਾ ਸੀ। ਉਸਦੇ ਔਜ਼ਾਰ ਐਨੇ ਸੋਹਣੇ ਤਰੀਕੇ ਨਾਲ ਰੱਖੇ ਹੁੰਦੇ ਸੀ ਜਿਵੇਂ ਕੋਈ ਗਹਿਣੇ ਰੱਖੇ ਹੋਣ।ਅਸੀਂ ਘਰ ਹੁੰਦੇ ਜਾਂ ਡਿਊਟੀ ਤੇ ਉਸਦੇ ਕੰਮ ਦੀ ਰਫ਼ਤਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ। ਸਾਰਾ ਘਰ ਖੁੱਲਾ ਛੱਡ ਕੇ ਜਾ ਵੜਦੇ ਸੀ। ਕਦੇ ਕੋਈ ਤਾਲਾ ਨਹੀਂ ਲਗਾਇਆ ਸੀ ਤੇ ਇੱਕ ਪੈਸੇ ਦੀ ਚੀਜ਼ ਏਧਰ ਤੋਂ ਓਧਰ ਨਹੀਂ ਹੋਈ ਸੀ। ਐਨੀ ਇਮਾਨਦਾਰੀ ਤੇ ਆਪਣੇ ਕੰਮ ਪ੍ਰਤੀ ਵਫਾਦਾਰੀ ਅਕਸਰ ਵੱਡੇ ਲੋਕਾਂ ਵਿਚ ਦੇਖਣ ਨੂੰ ਨਹੀਂ ਮਿਲਦੀ ਹੈ।
ਮੇਰੇ ਪ੍ਰੈੱਸ ਵਾਲੇ ਅੰਕਲ ਹੋਰ ਵੀ ਮਹਾਨ ਹਨ। ਲੋੜ ਪੈਣ ਤੇ ਪੈਸੇ ਮੰਗ...
ਕੇ ਲੈ ਜਾਂਦੇ ਹਨ। ਪਰ ਜਦੋਂ ਦੇਣ ਜੋਗੇ ਹੋ ਜਾਂਦੇ ਤਾਂ ਇੱਕ ਇੱਕ ਪੈਸਾ ਮੋੜ ਜਾਂਦੇ ਹਨ। ਕਈ ਵਾਰੀ ਕਿਹਾ ਹੈ ਕਿ ਅੰਕਲ ਜੀ ਤੁਸੀਂ ਵਾਪਿਸ ਨਾ ਕਰੋ ਪਰ ਉਹ ਨਹੀਂ ਮੰਨਦੇ। ਇਸ ਵਾਰੀ ਕਰਵਾ ਚੋਥ ਤੇ ਮੇਰੇ ਤੋਂ ਮੇਰੀ ਡਰੈੱਸ ਪ੍ਰੈੱਸ ਕਰਵਾਈ ਦੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ । ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ ਕਿ ਤੁਸੀਂ ਵੀ ਮੇਰੀ ਧੀ ਵਰਗੇ ਹੀ ਹੋ। ਅੱਜ ਤਿਉਹਾਰ ਹੈ ਮੈਂ ਪੈਸੇ ਨਹੀਂ ਲੈਣੇ।ਡਰੈੱਸ ਮਹਿੰਗੀ ਸੀ ਤੇ ਪੈਸੇ ਵੀ ਜਿਆਦਾ ਬਣਦੇ ਸੀ। ਪਰ ਮੈਂ ਉਹਨਾਂ ਦੀ ਸੋਚ ਦੇ ਅੱਗੇ ਝੁੱਕ ਗਈ । ਮੈਂ ਉਹਨਾਂ ਨੂੰ ਮਹਾਨ ਬਣਦੇ ਹੋਏ ਦੇਖਣਾ ਚਾਹੁੰਦੀ ਸੀ।(ਭਾਵੇਂ ਇਹ ਕਰਜ਼ ਮੈਂ ਕਿਸੇ ਹੋਰ ਰੂਪ ਵਿੱਚ ਬਾਅਦ ਵਿੱਚ ਉਤਾਰ ਦਿੱਤਾ ਸੀ ।)
ਜ਼ਰੂਰੀ ਨਹੀਂ ਹੁੰਦਾ ਕਿ ਮਹਾਨ ਲੋਕਾਂ ਦੀਆਂ ਜੀਵਨੀਆਂ ਨੂੰ ਪੜ੍ਹ ਕੇ ਹੀ ਮਹਾਨ ਬਣਿਆ ਜਾ ਸਕਦਾ ਹੈ। ਸਾਡੇ ਆਸ ਪਾਸ ਰੋਜ਼ਾਨਾ ਜ਼ਿੰਦਗੀ ਵਿਚ ਵੀ ਸਾਨੂੰ ਬਹੁਤ ਸਾਰੀਆਂ ਉਦਾਹਰਣਾਂ ਦੇਖਣ ਨੂੰ ਮਿਲ ਜਾਂਦੀਆਂ ਹਨ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮਾਜ ਵਿੱਚ ਬਹੁਤੇ ਲੋਕ ਨੀਵੀਂ ਨਜ਼ਰ ਨਾਲ ਦੇਖਦੇ ਹਨ । ਮੈਨੂੰ ਬਹੁਤ ਦੁੱਖ ਲਗਦਾ ਹੈ । ਮੇਰੇ ਸਕੂਲ ਦੇ ਕਈ ਬੱਚੇ ਬਹੁਤ ਉੱਚੀ ਸੋਚ ਦੇ ਮਾਲਕ ਹਨ। ਮੈਨੂੰ ਬੇਹੱਦ ਪਿਆਰ ਮਿਲਦਾ ਹੈ ਉਹਨਾਂ ਤੋਂ । ਕੋਈ ਛਲ ਕਪਟ ਨਹੀਂ ਕੋਈ ਸੁਵਾਰਥ ਨਹੀਂ। ਬਨਾਵਟੀ ਦੁਨੀਆਂ ਵਿੱਚ ਰਹਿੰਦੇ ਹੋਏ ਜਦੋਂ ਕਦੇ ਅੱਕ ਜਾਣੀ ਹਾਂ ਤਾਂ ਇਹਨਾਂ ਬੱਚਿਆਂ ਵੱਲ ਭੱਜਦੀ ਹਾਂ । ਇਹ ਮੇਰੀ ਰੂਹ ਨੂੰ ਸਕੂਨ ਦਿੰਦੇ ਹਨ । ਸੱਚ ਪੁੱਛੋ ਤਾਂ ਮੈਂਨੂੰ ਲੱਗਦਾ ਛੋਟੇ ਲੋਕ ਵੱਡੇ ਲੋਕਾਂ ਨਾਲੋ ਜਿਆਦਾ ਸੋਹਣੇ ਢੰਗ ਨਾਲ ਜ਼ਿੰਦਗੀ ਜਿਊਂਦੇ ਹਨ । ਏਹ ਤਾਂ ਬਸ ਕਹਿਣ ਨੂੰ ਹੀ ਛੋਟੇ ਹੁੰਦੇ ਹਨ ।ਤਾਹੀਂ ਸ਼ਾਇਦ ਮੈਂਨੂੰ ਛੋਟੇ ਕਹਾਏ ਜਾਣ ਵਾਲੇ ਲੋਕਾਂ ਦਾ ਸਾਥ ਜਿਆਦਾ ਪਸੰਦ ਆਉਦਾ ਹੈ ।
✍️✍️✍️
Meenu Bala
7-04-21
krishna makol
wah