More Punjabi Kahaniya  Posts
ਇੱਕ ਕੁੜੀ


ਇਹ ਕਹਾਣੀ ਹਰ ਮੁੰਡੇ ਕੁੜੀ ਦੀ ਇੱਕ ਜੋਬਤ ਰੁੱਤੇ ਅਧੂਰੀ ਰਹੀ ਖਵਾਇਸ਼ ਨਾ ਭਰਨ ਵਾਲੀ ਖ਼ਾਲੀ ਜਗਾਹ ਦੇ ਨਾਮ ਹੈ
ਤਕਰੀਬਨ ਰਾਤ ਦੇ ਦਸ ਵੱਜ ਗਏ ਸੀ,ਘਰ ਵਿੱਚ ਸਾਰੇ ਸੁੱਤੇ ਪਏ ਸਨ,ਪਰ ਇੱਕ ਮੈਂ ਹੀ ਸੀ,ਜੋ ਏਧਰ ਤੋਂ ਓਧਰ ਪਾਸੇ ਲੈ ਰਿਹਾ ਸੀ ਤੇ ਪਲ਼ ਪਲ਼ ਪਿੱਛੋਂ ਸਿਰਹਾਣੇ ਪਏ ਫੋਨ ਨੂੰ ਚੁੱਕ ਕੇ ਵੇਖਦਾ ਤੇ ਫੇਰ ਮੁੜ ਵਾਪਿਸ ਉਥੇ ਹੀ ਧਰ‌ ਦੇਂਦਾ, ਕਿੰਨੀਂ ਘਰ ਕਰ ਜਾਂਦੀ ਹੈ ਨਾ, ਕਿਸੇ ਦੀ ਉਡੀਕ… ਦਰਅਸਲ ਵਿਚ ਮੈਂ ਕਿਸੇ ਦੇ ਮੈਸਜ਼ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਉਸਦਾ ਆਨਲਾਈਨ ਹੁੰਦੇ ਹੋਏ ਵੀ ਮੈਸਜ਼ ਨਹੀਂ ਸੀ ਆ ਰਿਹਾ ਆ, ਮੈਂ ਉਡੀਕਦਾ ਰਿਹਾ ਪਰ ਮੈਸਜ਼ ਨਾ ਆਇਆ, ਮੈਂ ਫੇਰ ਫੋਨ ਸਿਰਹਾਣੇ ਧਰ ਦਿੱਤਾ ਤੇ ਕੁਝ ਸਮੇਂ ਬਾਅਦ ਫੇਰ ਉਹੀ ਉਡੀਕ ਨਾਲ ਫੋਨ ਚੁੱਕ ਵੇਖਿਆ ਅਜੇ ਵੀ ਮੈਸਜ਼ ਨਹੀਂ ਸੀ ਆਇਆ,ਪਰ ਹਾਂ ਹੁਣ ਉਹ ਆਨਲਾਈਨ ਵੀ ਨਹੀਂ ਸੀ , ਮੈਂ ਫੋਨ ਨੂੰ ਫ਼ਲਾਈਟ ਮੂਡ ਤੇ ਲਾਇਆ ਤਾਂ ਵੇਖਿਆ ਤਾਂ ਗਿਆਰਾਂ ਵੱਜ ਚੁੱਕੇ ਸਨ, ਮੈਂ ਫੋਨ ਧਰਨ ਲੱਗਾ ਬਾਪੂ ਨੂੰ ਪਤਾ ਲੱਗ ਗਿਆ ਕਿ ਹਲੇ ਮੁੰਡਾ ਸੁੱਤਾ ਨਹੀਂ ਆ, ਫੇਰ ਕੀ ਹੋਣਾ ਸੀ,ਬਾਪੂ ਲੱਗ ਗਿਆ ਗਾਲਾਂ ਦੇਣ…

ਬਾਪੂ : ਨਾ ਪਿਆ ਨੀਂ ਜਾਂਦਾ ਤੇਰੇ ਤੋਂ…ਅੱਧੀ ਰਾਤ ਹੋਈ ਪਈ ਆ… ਤੜਕੇ ਤਾਂ ‌ਗਿਆਰਾਂ‌ ਵਜੇ ਤੀਕ ਪਾਸਾ ਨੀਂ ਮੱਲਦਾ…ਹੁਣ ਆ ਧੀ ਦੇ ਖ਼ਸਮਾਂ ਦੇ ਨੂੰ ਧਰਦਾ ਨੀਂ ਹੈਗਾ… ਕਿਸੇ ਦਿਨ ਕੰਧ ਚ ਮਾਰ ਕੇ ਭੰਨ ਦੇਣਾ ਮੈਂ… ਨਾਲ਼ੇ ਦੱਸਾਂ ਤੈਨੂੰ…ਨਾ ਪੈਣਾਂ ਕਿ ਨਾ ਹੁਣ…ਕਿ ਹੋਵਾਂ ਮੈਂ ਖੜ੍ਹਾ

ਮੈਂ : ਨਹੀਂ ! ਨਹੀਂ ! , ਬਸ‌ ਬਾਪੂ ਧਰ ਦਿੱਤਾ
ਬਾਪੂ : ਠੀਕ ਐ…ਪੈ ਜਾ ਹੁਣ

ਐਨੇ ਵਿਚ ਹੀ ਮਾਂ ਨੂੰ ਜਾਗ ਆ ਗੲੀ,ਨਾ ਕਿਉਂ ਮੁੰਡੇ ਨੂੰ ਲੜੀ ਜਾਣਾਂ…ਅੱਧੀ ਰਾਤ ਹੋਈ ਪਈ ਆ…ਨਿਆਣਾ ਹਲੇ… ਸਾਰਾ ਦਿਨ ਤਾਂ ਕੰਮ‌ ਕਰਦਾ ਰਹਿੰਦਾ… ਤੜਕੇ ਵੀ ਤੇਰੇ ਤੋਂ ਪਹਿਲਾਂ ਉੱਠ ਖੜਦਾ ਹੈ… ਕਿਉਂ ਤੂੰ ਐਵੇਂ ਜਵਾਕ ਨੂੰ ਲੜੀ ਜਾਣਾਂ…ਆਪੈ ਸੌਂ ਜਾਊਗਾ…ਬਸ‌‌ ਤੂੰ ਪੈਜਾ

ਬਾਪੂ : ਹਾਂ ਹਾਂ, ਮੈਂ ਪੈ ਜਾਵਾਂ… ਉਹਨੂੰ ਚੰਗੀ‌ ਮੱਤ ਨਾ ਦੇਈਂ ਕੋਈ
ਮਾਂ : ਮੈਥੋਂ ਨੀਂ ਬੋਲਿਆ ਜਾਂਦਾ… ਤੇਰੇ ਨਾ

ਦੋਵੇਂ ਚੁੱਪ ਕਰ ਗਏ, ਮੈਂ ਅਸਮਾਨ ਵੱਲ ਵੇਖਦਾ ਰਿਹਾ ਤੇ ਕਿੰਨਾ ਚਿਰ ਸੋਚਦਾ ਰਿਹਾ,ਕਿ ਭਲਾਂ ਉਹਨੇ ਮੈਸਜ਼ ਕਿਉਂ ਨਹੀਂ ਕਰਿਆ,ਕੀ ਵਜ੍ਹਾ ਹੋ ਸਕਦੀ ਹੈ, ਫੇਰ ਆਪਣੇ ਹੀ ਆਪ ਨੂੰ ਕਹਿਣ ਲੱਗਾ… ਛੱਡ ਸੁਖ ਸਿਆਂ ਕਿਉਂ ਕਿਸੇ ਬਾਰੇ ਸੋਚ ਸੋਚ ਆਪਣਾ ਦਿਮਾਗ ਨਾਲ਼ੇ ਵਕ਼ਤ ਖ਼ਰਾਬ ਕਰਿਆ ਏ, ਜਦੋਂ ਉਹਨੂੰ ਤੇਰੀ ਕੋਈ ਫ਼ਿਕਰ ਨਹੀਂ ਆ, ਫੇਰ ਤੂੰ ਕਿਉਂ ਐਵੇਂ ਹੀ ਸੋਚੀਂ ਜਾਣਾਂ, ਨਾਲ਼ੇ ਕੀ ਪਤਾ ਕੋਈ ਹੋਰ ਹੋਵੇ ਉਸਦੀ ਜ਼ਿੰਦਗੀ ਵਿਚ… ਤਾਹੀਂ ਜਵਾਬ ਨਾ ਦਿੱਤਾ ਹੋਵੇ ਮੈਸਜ਼ ਦਾ, ਫੇਰ ਸੋਚਦਾ ਨਹੀਂ..ਨਹੀਂ,ਏਵੇਂ ਥੋੜ੍ਹਾ ਹੁੰਦਾ… ਅੱਜ ਤੀਕ ਹਰ ਵਾਰ ਪਹਿਲਾਂ ਮੈਸਜ਼ ਉਸਨੇ ਹੀ ਕੀਤਾ ਹੈ,ਕੀ ਪਤਾ ਕੋਈ ਕੰਮ-ਕਾਜ ਕਰ ਰਹੀ ਹੋਵੇ, ਨਾਲ਼ੇ ਪਹਿਲਾਂ ਵੀ ਹਰਰੋਜ਼ ਮੈਸਜ਼ ਕਰਦੀ ਹੀ ਆ,ਕੀ ਹੋਇਆ ਜੇ ਇੱਕ ਦਿਨ ਨਾ ਕੀਤਾ… ਫੇਰ ਸੋਚਦਾ ਲੈ ਐਵੇਂ ਕਿਵੇਂ ਨਾ ਕੀਤਾ… ਚੱਲ ਛੱਡ ਸੁਖ ਸਿਆਂ ਕੱਲ੍ਹ ਕਰਦੇ ਆਂ ਗੱਲ… ਨਾਲ਼ੇ ਪੁਛਾਂਗੇ ਕਿ ਮੈਸਜ਼ ਕਿਉਂ ਨਹੀਂ ਕਰਿਆ, ਨਾਲ਼ੇ ਦੱਸਾਂਗੇ ਕਿ ਕਿੰਨੀ ਉਡੀਕ ਕੀਤੀ… ਇਹ ਸੋਚਦੇ ਸੋਚਦੇ ਪਤਾ ਹੀ ਨਾ ਲੱਗਾ ਸੁਖ ਨੂੰ ਕਦ ਨੀਂਦ ਆ ਗੲੀ।

ਘੱਗਰ ਤੋਂ ਦੋ ਮੀਲ ਦੀ ਦੂਰੀ ਉਰਾਂ ਇੱਕ ਨਿੱਕਾ ਜਿਹਾ ਪਿੰਡ ਉੱਚਾ ਟਿੱਲਾ ਜੋ ਕਿ ਬਿਲਕੁਲ ਹਰਿਆਣੇ ਦੇ ਨਾਲ ਹੀ ਪੈ ਜਾਂਦਾ ਸੀ ਤੇ ਪੰਜਾਬ ਦੇ ਮਾਨਸੇ ਜ਼ਿਲ੍ਹੇ ਵਿੱਚ ਆਉਂਦਾ ਸੀ, ਉਥੋਂ ਦੇ ਇੱਕ ਆਮ ਜਿਹੇ ਪਰਿਵਾਰ ਦਾ ਮੁੰਡਾ ਜਿਸ ਨੂੰ ਸਾਰੇ ਸੁਖ.. ਸੁਖ ਆਖਦੇ ਸਨ,ਪਰ ਜਿਸਦਾ ਪੂਰਾ ਨਾਮ ਸੀ ਸੁਖਦੀਪ ਸਿੰਘ,ਵੇਖਣ ਵਿਚ ਨਰਮ ਜਿਹੇ ਸੁਭਾਅ ਦਾ ਮੁੰਡਾ ਸੀ,ਕੱਦ ਕਾਠ ਠੀਕ ਠਾਕ ਹੀ ਸੀ, ਰੰਗ ਰੂਪ ਵੀ ਵੱਤ ਦਾ ਸੀ, ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਦੇ ਬਾਵਜੂਦ ਵੀ ਬੜਾ ਸਿਆਣਾ ਸੀ, ਜਦੋਂ ਉਹ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ, ਉਦੋਂ ਉਸਦੇ ਬਾਪੂ ਦੀ ਤਾਏ ਨਾਲ ਲੜਾਈ ਹੋ ਗਈ ਸੀ,ਜਿਸ ਕਰਕੇ ਸੁਖਦੀਪ ਦੇ ਬਾਪੂ ਨੇ ਖੇਤ ਜਾ ਘਰ ਪਾ ਲਿਆ, ਪਿੰਡ ਤੋਂ ਜ਼ਿਆਦਾ ਦੂਰ ਤੇ ਨਹੀਂ ਸੀ, ਪਰ ਹਾਂ ਕੋਲ਼ ਨੇੜੇ ਤੇੜੇ ਘਰ ਵੀ ਕੋਈ ਨਹੀਂ ਸੀ, ਜ਼ੱਦੀ ਪੈਲੀ ਸੀ,ਪੰਜ ਕੁ ਕਿੱਲੇ ਉਸ ਨਾਲ ਹੀ ਚਲਦੀ ਸੀ ਸਾਰੀ ਕਬੀਲਦਾਰੀ, ਉਂਝ ਮੱਝਾਂ ਵੀ ਰੱਖੀਆਂ ਹੋਈਆਂ ਸਨ, ਜਿਹਨਾਂ ਦਾ ਦੁੱਧ ਡਾਇਰੀ ਵਿਚ ਪਾਉਣ ਕਰਕੇ, ਵਧੀਆ ਆਈ ਚਲਾਈ ਚੱਲਦੀ ਸੀ, ਫਿਲਹਾਲ ਘਰ ਵਿਚ ਕਿਸੇ ਚੀਜ਼ ਦੀ ਕੋਈ ਵੀ ਤੰਗੀ ਪੇਸ਼ੀ ਨਹੀਂ ਸੀ, ਸੁਖਦੀਪ ਨੇ ਬਾਰਵੀਂ ਜਮਾਤ ਤੀਕ ਦੀ ਪੜ੍ਹਾਈ ਆਪਣੇ ਪਿੰਡ ਆਲੇ ਸਰਕਾਰੀ ਸਕੂਲ ਵਿੱਚ ਹੀ ਕੀਤੀ ਸੀ ਤੇ ਬਾਰਵੀਂ ਤੋਂ ਬਾਅਦ ਉਹ ਨਾਲਦੇ ਸ਼ਹਿਰ ਮਾਨਸੇ ਹੀ ਇੱਕ ਸਰਕਾਰੀ ਕਾਲਜ ਵਿੱਚ ਬੀ.ਏ ਕਰ ਰਿਹਾ ਸੀ।

ਕੁਝ ਮਹੀਨੇ ਕਾਲਜ ਜਾਣ‌ ਤੋਂ ਬਾਅਦ ਉਸ ਦੀ ਸੰਗਤ ਵਧੀਆ ਮੁੰਡਿਆਂ ਨਾਲ ਹੋ ਗੲੀ,ਜਿਸਦੇ ਨਾਲ ਸੁਖ ਦੀ ਸੋਚ ਉੱਪਰ ਬਹੁਤ ਹੀ ਜ਼ਿਆਦਾ ਫ਼ਰਕ ਪਿਆ,ਸੁਖ ਨੂੰ ਲਾਇਬ੍ਰੇਰੀ ਵਿਚੋਂ ਕਿਤਾਬਾਂ ਲੈ ਕੇ ਪੜ੍ਹਨ ਦਾ ਸ਼ੌਕ ਸੀ,ਇਹ ਸ਼ੌਕ ਉਸਦਾ ਸਕੂਲ ਸਮੇਂ ਤੋਂ ਹੀ ਸੀ,ਪਰ ਉਸਦਾ ਇਹ ਸ਼ੌਕ ਹੌਲੀ-ਹੌਲੀ ਲਿਖਣ ਵਿਚ ਤਬਦੀਲ ਹੋਣ ਲੱਗਿਆ,ਉਸਨੇ ਅਕਸਰ ਬੀਤੇ ਦਿਨ ਤੇ ਚਾਰ ਲਾਈਨਾਂ ਜੋੜ ਕੁਝ ਨਾ ਕੁਝ ਸੋਸ਼ਲ ਮੀਡੀਆ ਉੱਪਰ ਪਾ ਦੇਣਾ, ਹੌਲ਼ੀ ਹੌਲ਼ੀ ਉਸਨਾਲ ਇਸ ਤਰ੍ਹਾਂ ਕਾਫੀ ਲੋਕ ਜੁੜ ਗੲੇ,ਉਸਦੀ ਲਿਖਣਾ ਆਦਤ ਜਿਹੀ ਬਣ ਗਿਆ,ਸੁਖ ਕਹਾਣੀਆਂ ਪੜ੍ਹਨੀਆਂ ਬੜੀਆਂ ਪਸੰਦ ਸਨ,ਉਹ ਅਕਸਰ ਸੋਚਿਆ ਕਰਦਾ ਸੀ,ਕਿ ਉਹ ਵੀ ਇੱਕ ਦਿਨ ਜ਼ਰੂਰ ਕਹਾਣੀ ਲਿਖੇਗਾ, ਉਸਨੇ ਇਹ ਗੱਲ ਆਪਣੇ ਦੋਸਤਾਂ ਨਾਲ ਵੀ ਸਾਂਝੀ ਕੀਤੀ, ਤਾਂ ਉਸਦੇ ਇੱਕ ਦੋਸਤ ਨੇ ਉਸਨੂੰ ਉਸਦੀ ਪਿਆਰ ਕਹਾਣੀ ਤੇ ਕਹਾਣੀ ਲਿਖਣ ਲਈ ਕਿਹਾ,ਸੁਖ ਨੇ ਵਕ਼ਤ ਤੇ ਉਸ ਗੱਲ ਨੂੰ ਜ਼ਿਆਦਾ ਤਰਜੀਹ ਨਾ ਦਿੱਤੀ,ਤੇ ਗੱਲ ਟਾਲੇ ਪਾ ਦਿੱਤੇ, ਪਰ ਕੲੀ ਮਹੀਨੇ ਬੀਤ ਗਏ,ਕਾਲਜ ਵਿੱਚ ਛੁੱਟੀਆਂ ਸਨ, ਕਣਕਾਂ ਦਾ ਕੰਮ ਨਿਬੇੜ ਕੇ ਲੋਕ ਵੀ ਵਿਹਲੇ ਸਨ,ਝੋਨਾ ਲਗਾਉਣ ਵਿਚ ਹਲੇ ਕਾਫ਼ੀ ਸਮਾਂ ਬਾਕੀ ਸੀ।

ਸ਼ਾਮ ਕੁ ਸੱਤ ਵਜੇ ਦਾ ਸਮਾਂ ਸੀ,ਸੁਖ ਛੱਤ ਤੇ ਬੈਠਾ, ਕੁਝ ਲਿਖਣ ਬਾਰੇ ਸੋਚ ਰਿਹਾ ਸੀ, ਅਚਾਨਕ ਉਸਨੇ ਮਨ ਵਿਚ ਖਿਆਲ ਆਇਆ ਕਿ ਕਿਉਂ ਨਾ ਇੱਕ ਕਹਾਣੀ ਲਿਖੀ ਜਾਏ, ਫੇਰ ਸੋਚਿਆ ਕਿ ਲਿਖੀ ਕਿਸ ਵਿਸ਼ੇ ਤੇ ਜਾਵੇ ਤਾਂ ਸੁਖ ਨੂੰ ‌ਆਪਣੇ ਦੋਸਤ ਦੀ ਕਹੀ ਗੱਲ ਚੇਤੇ ਆ‌ ਗੲੀ, ਸੁਖ ਨੇ ਹੂਬਹੂ ਜਿਦਾਂ ਉਸਦੇ ਦੋਸਤ ਨਾਲ ਬੀਤੀ ਸੀ, ਓਦਾਂ ਕਹਾਣੀ ਲਿਖ ਦਿੱਤੀ ਤੇ ਮੁਹੱਬਤ ਦੇ ਰੰਗ ਸਿਰਨਾਮਾ ਰੱਖ ਕੇ ਉਸਨੂੰ ਆਪਣੇ ਨਾਲ ਜੁੜੇ ਦੋਸਤਾਂ ਮਿੱਤਰਾਂ ਨੂੰ ਭੇਜ ਦਿੱਤਾ, ਸਾਰਿਆਂ ਨੇ ਕਹਾਣੀ ਨੂੰ ਬਹੁਤ ਹੀ ਪਿਆਰ ਦਿੱਤਾ,ਸੁਖ ਨੂੰ ਖੁਦ ਯਕੀਨ ਨਹੀਂ ਸੀ ਹੋ ਰਿਹਾ ਕਿ ਲੋਕ ਉਸ ਦੁਬਾਰਾ ਲਿਖੀ ਕਹਾਣੀ ਦੀ ਪ੍ਰੰਸ਼ਸਾ ਕਰ ਰਹੇ ਨੇ, ਅਖੀਰਕਾਰ ਉਸਦੇ ਦੋਸਤਾਂ ਨੇ ਸੁਖ ਦੀ ਉਹ ਕਹਾਣੀ ਇੱਕ ਦੋ ਕਹਾਣੀਆਂ ਵਾਲੀਆਂ ਐੱਪਸ ਉੱਪਰ ਵੀ ਪਾ ਦਿੱਤੀ ,ਜਿਸ ਨਾਲ ਸੁਖ ਦੀ ਕ਼ਲਮ ਨੂੰ ਪੜਨ ਵਾਲਿਆ ਦੀ ਗਿਣਤੀ ਹੋਰ ਵੱਧਣ ਲੱਗ ਪੲੀ… ਉਸਦੇ ਦੋਸਤਾਂ ਨੇ ਵੀ ਭਰਮਾ ਹੁੰਗਾਰਾ ਦਿੱਤਾ ਤੇ ਕਿਹਾ ਕਿ ਉਹ ਸੱਚਮੁੱਚ ਹੀ ਇੱਕ ਚੋਟੀ ਦਾ ਕਹਾਣੀ ਕਾਰ ਹੈ…ਅੱਗੇ ਜਾ ਇਹ ਹੋਰ ਜ਼ਿਆਦਾ ਵਧੀਆ ਕਹਾਣੀਆਂ ਲਿਖੇਗਾ…

ਉਸਦੀ ਕਹਾਣੀ ਪੜ੍ਹ ਕੇ ਕਿਸੇ ਅਣਜਾਣ ਜਿਹੇ ਨੰਬਰ ਤੇ ਇੱਕ ਮੈਸਜ਼ ਆਇਆ,ਸੁਖ ਲਈ ਹੁਣ ਏਦਾਂ ਮੈਸਜ਼ ਆਉਣਾ ਕੋਈ ਵੱਡੀ ਗੱਲ ਤੇ ਨਹੀਂ ਸੀ,ਉਸ ਮੈਸਜ਼ ਵਿਚ ਵੀ ਹੋਰਾਂ ਵਾਂਗ ਹੀ ਲਿਖਿਆ ਹੋਇਆ ਸੀ

ਅਣਜਾਣ ਨੰਬਰ : ਹੈਲੋ ਸਰ, ਮੈਂ ਆਪ ਜੀ ਦੀ ਮੁਹੱਬਤ ਉੱਪਰ ਲਿਖੀ ਕਹਾਣੀ ਪੜੀ,ਜੋ ਕੇ ਕਾਬਿਲ ਏ ਤਾਰੀਫ਼ ਹੈ,ਸਰ ਅਸੀਂ ਹੋਰ ਵੀ‌ ਬਹੁਤ ਕਹਾਣੀਆਂ ਪੜ੍ਹੀਆਂ,ਪਰ ਇਹ ਸਭ ਤੋਂ ਵਧੀਆ ਲੱਗੀ,ਕੀ ਸਰ ਸਾਨੂੰ ਇਸ ਕਹਾਣੀ ਦਾ ਅਗਲਾ ਭਾਗ ਮਿਲ਼ ਸਕਦਾ ਹੈ।

ਸੁਖ ਉਸ ਦਿਨ ਸਾਰਾ ਦਿਨ ਕੰਮ ਕਾਜ ਵਿਚ ਰੁੱਝਿਆ ਹੋਇਆ ਸੀ,ਜਿਸ ਕਰਕੇ ਉਹ ਉਸ ਦਿਨ ਮੈਸਜ਼ ਨਾ ਵੇਖ ਸਕਿਆ, ਦੂਸਰੇ ਦਿਨ ਉਹ ਆਪਣੇ ਬਾਪੂ ਨਾਲ ਸ਼ਹਿਰ ਚਲਾ ਗਿਆ, ਬਾਪੂ ਨਾਲ ਹੋਣ ਕਰਕੇ, ਸੁਖ ਦੀ ਫੋਨ ਜੇਬ ਵਿੱਚੋ ਬਾਹਿਰ ਕੱਢਣ ਦੀ ਵੀ ਹਿੰਮਤ ਜਿਹੀ ਨਾ ਪਈਂ ਤੇ ਸ਼ਹਿਰੋਂ ਆਉਂਦੇ ਸਾਰ ਹੀ ਉਹ ਪਸ਼ੂਆਂ ਲਈ ਪੱਠੇ ਵੱਢਣ ਚਲਾ ਗਿਆ,ਪੱਠੇ ਲਿਆ ਕੇ, ਉਹਨਾਂ ਨੂੰ ਕੁੱਟ ਕੇ ਤੇ ਪਸ਼ੂਆਂ ਨੂੰ ਪਾਉਂਦੇ ਸਾਰ ਹੀ ਉਹ ਨਹਾਉਣ ਲਈ ਚਲਾ ਗਿਆ,ਨਹਾ ਕੇ ਜਦੋਂ ਆਇਆਂ ਤੇ ਮਾਂ ਨੇ ਆਉਂਦੇ ਸਾਰ ਹੀ ਕਹਿ ਦਿੱਤਾ, ਪੁੱਤ ਜੇ ਨਹਾ ਆਇਆ ਤਾਂ ਕੂਲਰ ਵਿਚ ਪਾਣੀ ਪਾ ਦੇ ਤੇ‌ ਨਾਲ਼ੇ ਤੇਰੇ ਬਾਪੂ ਦੀ ਰੋਟੀ ਪਾ ਰਹੀ ਆ ਤੂੰ ‌ਫੜਾ ਦੇ , ਮੈਂ ਛੇਤੀ ਛੇਤੀ ਕੰਮ ਨਿਬੇੜ ਲਵਾਂ,ਸੁਖ ਨੇ ਬਾਪੂ ਨੂੰ ਰੋਟੀ‌ ਫੜਾ ਕੇ, ਆਪਣੀ ਰੋਟੀ ਪਾਉਣੀ ਸ਼ੁਰੂ ਕਰ ਦਿੱਤੀ,ਤੇ ਕੂਲਰ ਵਿਚ ਪਾਣੀ ਵੀ‌ ਪਾ ਦਿੱਤਾ, ਐਨੇ ਵਿਚ ਬਾਪੂ ਨੇ ਵੀ ਰੋਟੀ ਖਾ‌ ਲਈ,ਤੇ ਨਾਲ਼ ਦੇ ਨਾਲ ਹੀ ਸੁਖ ਵੀ ਰੋਟੀ ਖਾਣ ਲੱਗ ਪਿਆ,ਰੋਟੀ ਖਾਣ ਤੋਂ ਬਾਅਦ ਸੁਖ ਨੇ ਸਾਰਿਆਂ ਦੇ ਬਿਸਤਰੇ ਕੱਢ ਦਿੱਤੇ ਤੇ ਆਪਣੇ ਬਿਸਤਰ ਸਿੱਧੇ ਕਰ ਲੇਟ ਗਿਆ ਤੇ ਫੋਨ ਚੁੱਕਿਆ ਤਾਂ ਮੈਸਜ਼ ਦਾ ਢੇਰ ਲੱਗਿਆ ਪਿਆ ਸੀ,ਸੁਖ ਨੇ ਜਦੋਂ ਉਹ ਅਣਜਾਣ ਨੰਬਰ ਵਾਲ਼ਾ ਮੈਸਜ਼ ਪੜਿਆ ਤਾਂ ਉਸਨੇ ਸ਼ੁਕਰੀਆ ਲਿਖਦੇ ਸਾਰ ਹੀ ਲਿਖ ਦਿੱਤਾ ਕਿ ਆਪ ਜੀ ਦਾ ਸ਼ੁਭ ਨਾਮ ਤੇ ਇਹ ਲਿਖ ਉਹ ਸਟੇਟਸ ਵੇਖਣ ਵਿਚ ਰੁੱਝ ਗਿਆ,ਉਸ ਅਣਜਾਣ ਨੰਬਰ ਤੋਂ ਨਾਲਦੀ ਨਾਲ ਹੀ ਮੈਸਜ਼ ਆ ਗਿਆ

ਅਣਜਾਣ ਨੰਬਰ : ( ਅਗਲੇ ਭਾਗ ਵਿਚ ਨਾਂ ਦੱਸ ਸਕਦੇ ਹਾਂ ) …ਕੌਰ ਜੀ, ਰਾਵੀ ਦੇ ਕੰਢੇ ਕੋਲ ਪਿੰਡ ਹੈ,ਗੱਗਾ
ਸੁਖ : ਜੀ
ਅਣਜਾਣ ਨੰਬਰ : ਵੈਸੇ ਸਾਰੇ ਮੈਨੂੰ ਆਖਦੇ 🤔(…) ਹੀ ਨੇ
ਸੁਖ : ਜੀ,
ਅਣਜਾਣ : ਤੁਸੀਂ ਲੇਖਕ ਹੀ ਹੋ
ਸੁਖ : ਮਤਲਬ
ਅਣਜਾਣ : ਤੁਸੀਂ ਸਿਰਫ ਲਿਖਦੇ ਹੀ ਹੋ, ਜਾਂ ਕੁਝ ਹੋਰ ਵੀ ਕਰਦੇ ਹੋ
ਸੁਖ : ਹਾਂਜੀ , ਮੈਂ ਬੀ.ਏ ਵੀ ਕਰ ਰਿਹਾ ਹਾਂ ,ਤੇ ਤੁਸੀਂ…???
ਅਣਜਾਣ : ਮੈਂ ਬਾਰਵੀਂ ਜਮਾਤ ਵਿਚ ਹਾਂ ਦੋ ਪੇਪਰ ਰਹਿੰਦੇ ਨੇ,ਕਰੋਨਾ ਵਾਇਰਸ ਕਰਕੇ
ਸੁਖ : ਚੱਲੋ ਕੋਈ ਨਾ ਜੀ,ਉਹ ਵੀ ਹੋ ਜਾਣਗੇ
ਅਣਜਾਣ : ਤੁਸੀਂ ਕਿੱਥੇ ਰਹਿੰਦੇ ਹੋ
ਸੁਖ : ਧਰਤੀ ਤੇ ( ਮਜ਼ਾਕ ਚ )
ਅਣਜਾਣ : ਨਹੀਂ ਜੀ ਉਹ ਤਾਂ ਪਤਾ ਹੈ,ਮੇਰਾ ਮਤਲਬ...

ਕਿਹੜਾ ਪਿੰਡ,ਕਿਹੜਾ ਸ਼ਹਿਰ
ਸੁਖ : ਉੱਚਾ ਟਿੱਲਾ , ਜ਼ਿਲ੍ਹਾ ਮਾਨਸਾ ( ਟਿੱਬਿਆਂ ਦੇ ਵਸਨੀਕ )
ਅਣਜਾਣ : ਬਹੁਤ ਸੋਹਣਾ ਜੀ
ਸੁਖ : ਜੀ
ਅਣਜਾਣ : ਕੀ ਮੈਂ ਤੁਹਾਨੂੰ ਬਲੌਕ ਕਰ ਸਕਦੀ ਆਂ
ਸੁਖ : ( ਹੈਰਾਨ ਹੋ ਕੇ ) ਜਿਵੇਂ ਤੁਹਾਡੀ ਖ਼ਿਆਲਾਤ,
ਅਣਜਾਣ : ਵੈਸੇ ਤੁਸੀਂ ਕਹਾਣੀ ਕਿੱਥੋਂ ਲੲੀ ਸੀ
ਸੁਖ : ਮੈਂ ਖੁਦ ਲਿਖੀ ਸੀ ਜੀ
ਅਣਜਾਣ ‌: ਉਹ ਤਾਂ ਤੁਹਾਡੀ ਪੰਜਾਬੀ ਵਿਚ ਗੱਲਬਾਤ ਵੇਖ ਕੇ ਪਤਾ ਲੱਗ ਹੀ ਰਿਹਾ ਹੈ
ਸੁਖ : ਤੁਹਾਡੀ ਇੰਗਲਿਸ਼ ਵੇਖ ਕੇ, ਜ਼ਰੂਰੀ ਹੈ, ਵੈਸੇ ਸਾਡਾ ਹੱਥ ਤੰਗ ਹੈ , ਇੰਗਲਿਸ਼ ਵਿਚੋਂ
ਅਣਜਾਣ : ਨਹੀਂ ਜੀ,ਸਭ ਦਾ ਹੀ ਹੁੰਦਾ ਹੈ
ਸੁਖ : ਜੀ
ਅਣਜਾਣ : ਤੁਸੀਂ ਮੈਨੂੰ ਹੋਰ ਕਹਾਣੀਆਂ ਵੀ ਭੇਜ ਦੇਵੋ
ਸੁਖ : ਜੀ ( ਕਾਫ਼ੀ ਸਮੇਂ ਬਾਅਦ ਇੱਕ ਤਸਵੀਰ ਭੇਜੀ) ਤੁਸੀਂ ਇਹਨਾਂ ਨੂੰ ਜਾਣਦੇ ਹੋ,
ਅਣਜਾਣ : ਨਹੀਂ ਜੀ
ਸੁਖ : ਤੁਹਾਡੇ ਹੀ ਕੋਲ਼ ਦੇ ਨੇ
ਅਣਜਾਣ : ਨਹੀਂ ਜੀ ਨਹੀਂ ਜਾਣਦੀ
ਸੁਖ : ਵੈਸੇ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ
ਅਣਜਾਣ : ਇੱਕ ਐਪ ਤੇ ਕਹਾਣੀ ਵਿਚ ਸੀ
ਸੁਖ : ਜੀ
ਅਣਜਾਣ : ਤੁਸੀਂ ਏਦਾਂ ਹੀ ਲਿਖਦੇ ਰਹੋ, ਮੈਂ ਤੁਹਾਨੂੰ ਤਾਂ ਮੈਸਜ਼ ਕੀਤਾ, ਕਿਉਂਕਿ ਜਦੋਂ ਕੋਈ ਏਦਾਂ ਆਪਾਂ ਨੂੰ ਮੈਸਜ਼ ਕਰਕੇ ਆਪਣੇ ਵਿਚਾਰ ਦੱਸਦਾ ਹੈ ਤਾਂ ਆਪਣੇ ਅੰਦਰ ਹੋਰ ਜ਼ਿਆਦਾ ਤਾਂਘਣਾ ਪੈਦਾ ਹੁੰਦੀ ਹੈ ਕਿ ਆਪਾਂ ਹੋਰ ਵਧੀਆ ਲਿਖੀਏ।
ਸੁਖ : ਹਾਂਜੀ ਬਿਲਕੁਲ ਸਹੀ ਕਿਹਾ, ਫਿਲਹਾਲ ਇਹ‌ ਮੇਰੀ ਪਹਿਲੀ ਕਹਾਣੀ ਹੈ
ਅਣਜਾਣ : ਜੀ
ਸੁਖ : ਆਪਣੇ ਪਰਿਵਾਰ ਵਿੱਚ ਕੌਣ ਕੌਣ ਹੈ ਜੀ
ਅਣਜਾਣ : ਆਪਣਾ ਪਰਿਵਾਰ ਇੱਕਠਾ ਹੀ ਹੈ
ਸੁਖ : ਫੇਰ ਵੀ
ਅਣਜਾਣ : ਦਾਦਾ- ਦਾਦੀ,ਚਾਚਾ-ਚਾਚੀ,ਤਾਇਆ- ਤਾਈ, ਮੇਰੇ ਭਰਾ, ਕੁਝ ਵੱਡੇ, ਕੁਝ ਛੋਟੇ
ਸੁਖ : ਫਿਰ ਤਾਂ ਨਜ਼ਾਰੇ ਨੇ
ਅਣਜਾਣ : ਬਸ ਵਧੀਆ ਦਿਨ ਲੰਘ ਜਾਂਦਾ…
ਸੁਖ : ਹਾਂਜੀ
ਅਣਜਾਣ : ਸੱਚ ਜੇ ਮੈਂ ਤੁਹਾਨੂੰ ਬਲੌਕ ਕਰ ਦਿੱਤਾ ਫੇਰ ਮੈਂ ਕਹਾਣੀਆਂ ਕਿੱਥੋਂ ਪੜਾਗੀਂ
ਸੁਖ : ਫੇਰ ਨਾ ਕਰੋ ਜੀ
ਅਣਜਾਣ : ਪਤਾ ਕੀ ਗੱਲ ਐ,ਇਹ ਫੋਨ ਮੰਮੀ ਦਾ ਹੈ
ਸੁਖ : ਫੇਰ ਕੀ ਹੁੰਦਾ
ਅਣਜਾਣ : ਵੈਸੇ ਦੱਸ ਦਿੱਤਾ ਸੀ,ਮੰਮੀ ਨੂੰ ਤੁਹਾਡੇ ਬਾਰੇ
ਸੁਖ : ਜੀ
ਅਣਜਾਣ : ਬਾਏ ਜੀ ਗੁੱਡ ਨਾਈਟ
ਸੁਖ : ਬਾਏ ਜੀ

ਦਸ ਵੱਜ ਗਏ ਪਤਾ ਹੀ ਨਾ ਲੱਗਾ, ਗੱਲ ਕਰਕੇ ਐਦਾਂ ਲੱਗਿਆ ਜਿਦਾਂ ਕੋਈ ਆਪਣਾ ਹੀ ਗੱਲ ਕਰਕੇ ਹੱਟਿਆ ਹੋਵੇ, ਮੈਂ ਕਿੰਨਾ ਚਿਰ ਉਸ ਕੁੜੀ ਬਾਰੇ ਸੋਚਦਾ ਰਿਹਾ , ਮੈਂ ਪਹਿਲੀ ਵਾਰ ਕਿਸੇ ਅਣਜਾਣ ਕੁੜੀ ਨਾਲ ਐਨੀ ਲੰਮੀ ਗੱਲ ਬਾਤ ਕੀਤੀ ਸੀ, ਉਹਦੇ ਬਾਰੇ ਹੀ ਸੋਚਦਾ ਰਿਹਾ, ਮੈਂ ਉਸ ਨਾਲ ਗੱਲ ਬਾਤ ਕਰਨ ਤੋਂ ਬਾਅਦ ਫੋਨ ਨੂੰ ਬੰਦ ਕਰ ਸਿਰਹਾਣੇ ਧਰ ਦਿੱਤਾ ਸੀ, ਸਿਰਫ਼ ਸੋਚ ਰਿਹਾ ਸੀ, ਸਿਰਫ਼ ਉਸਦੇ ਬਾਰੇ ਹੋਰ ਕੁਝ ਨਹੀਂ, ਵੇਖਿਆ ਬਾਰਾਂ ਵੱਜ ਗਏ, ਮੇਰੀਆਂ ਅੱਖਾਂ ਵਿਚ ਅਜੇ ਵੀ ਨੀਂਦ ਨਹੀਂ ਸੀ , ਕੁਝ ਲਿਖਣ ਦੀ ਕੋਸ਼ਿਸ਼ ਕੀਤੀ : –

ਤੁਹਾਡੇ ਸਦਕੇ ਲਿਖ ਕੇ , ਕੁਝ ਸੁਣਾਇਆ ਜਾ ਰਿਹਾ ਹੈ
ਹਜ਼ੂਰ ਧਿਆਨ ਦੇਣਾ…

ਉਹ ਬੋਲ ਰਹੇ ਨੇ, ਆਪਣੇ ਹੀ ਹੱਕਾਂ ਦੀ ਖਾਤਰ
ਹਜ਼ੂਰ ਬਿਆਨ ਦੇਣਾ…

ਗੁਸਤਾਖੀ ਵੀ ਹੋ ਸਕਦੀ ਹੈ, ਰੱਬ ਤੇ ਨੲੀ ਨਾ
ਹਜ਼ੂਰ ਗਿਆਨ ਦੇਣਾ…

ਝੂਠੇ ਦੋਸਤ ਨਹੀਂ, ਸੱਚੇ ਹਮਸਫ਼ਰ ਦੀ ਲੋੜ ਹੈ
ਹਜ਼ੂਰ ਜ਼ੁਬਾਨ ਦੇਣਾ…

ਉਹਨੇ ਮੈਨੂੰ ਅਣਦੇਖਾ ਕਰਕੇ ਛੱਡਿਆ ਏ
ਹਜ਼ੂਰ ਕਮਾਨ ਦੇਣਾ…

ਵਿੱਕਿਆ ਵੀ ਤਾਂ,ਗਿਆ ਰੱਦੀ ਚ,ਸੋਖਾ ਨਹੀ ਹੁੰਦਾ
ਹਜ਼ੂਰ ਇਮਾਨ ਦੇਣਾ…

ਰੱਬ ਲੱਭਣ ਤੁਰਿਆ ਹੈ, ਖੁਦ ਨੂੰ ਭੁੱਲ ਕੇ
ਹਜ਼ੂਰ ਜ਼ਰਾ ਕੁਰਾਨ ਦੇਣਾ…

ਹਰ ਡਾਇਰੀ ਉਹਦੇ ਸਦਕਾ‌, ਸ਼ਾਮ ‌ਤੀਕ ਭਰ ਜਾਂਦੀ ਏ
ਹਜ਼ੂਰ ਲਿਖਣ ਲਈ ਲਿਆ ਅਸਮਾਨ ਦੇਣਾ

ਸੂਰਜ ਉੱਗਿਆ ਐਦਾਂ ਲੱਗਿਆ ਅੱਜ ਪਹਿਲੀ ਵਾਰ ਧੁੱਪ ਚੜ੍ਹੀ ਹੈ, ਅੱਜ ਕਿਸੇ ਮਾਂ ਨੇ ਚਾਵਾਂ ਨਾਲ ਨਵਾ ਕੇ ਤੋਰਿਆ ਹੋਵੇ ਧੁੱਪ ਨੂੰ,ਵੱਖਰੇ ਜਿਹੇ ਹੀ ਗੀਤ ਅੱਜ ਚਿੜੀਆਂ ਗਾ ਰਹੀਆਂ ਸੀ, ਮੈਂ ਬਿਸਤਰ ਚੁੱਕ ਕੇ ਅੰਦਰ ਬੈੱਡ ਵਿਚ ਰੱਖ ਆਇਆ ਤੇ ਮੂੰਹ ਧੋ ਰਸੋਈ ਵਿਚ ਚਲਾ ਗਿਆ, ਮਾਂ ਚਾਹ ਨਹੀਂ ਬਣਾਈ , ਪੁੱਤ ਗੈਸ ਉੱਪਰ ਪੲੀ ਹੈ, ਬਾਹਿਰ ਕੰਮ ਕਰਦੀ ਮਾਂ ਨੇ ਉੱਚੀ ਦਿੰਨੇ ਆਵਾਜ਼ ਨਾਲ ਕਿਹਾ, ਮੈਂ ਚਾਹ ਪੀ ਕੇ ਨਹਾ ਗੁਰੂ ਘਰ ਚਲਾ ਗਿਆ, ਉਥੇ ਜਾ ਪਤਾ ਲੱਗਾ ਕਿ ਅੱਜ ਤਾਂ ਦਸਵੀਂ ਹੈ ਤੇ ਭੋਗ ਵੀ ਪੈਣਾ ਹੈ ਅੱਜ , ਮੈਂ ਬਾਪੂ ਨੂੰ ਫੋਨ ਕਰਕੇ ਦੱਸ ਦਿੱਤਾ,ਗੁਰੂ ਘਰ ਤੋਂ ਘਰ ਆਉਂਦੇ ਮੈਨੂੰ ਗਿਆਰਾਂ ਵੱਜ ਗਏ,ਘਰ ਆ ਕੇ ਮੈਂ ਉਸ ਕਹਾਣੀ ਦਾ ਅਗਲਾ ਭਾਗ ਸੋਚਣ ਲੱਗਾ, ਸੋਚਦੇ ਸੋਚਦੇ ਖਿਆਲ ਆਇਆ ਕਿਉਂ ਨਾ ਇੱਕ ਫੌਜੀ ਦੀ ਜ਼ਿੰਦਗੀ ਵਿਚ ਮੁਹੱਬਤ ਬਾਰੇ ਲਿਖਿਆ ਜਾਏ, ਮੈਂ ਮੁਹੱਬਤ ਦੇ ਰੰਗ ਕਹਾਣੀ ਦਾ ਦੂਸਰੇ ਤੋਂ ਪਹਿਲਾਂ ਤੀਸਰਾ ਭਾਗ ਲਿਖਿਆ,ਜੋ ਕਦੇ ਸੋਚਿਆ ਵੀ ਨਹੀਂ ਸੀ…

ਉਸਤੋਂ ਬਾਅਦ ਸਾਡੀ ਹਰਰੋਜ਼ ਗੱਲ ਬਾਤ ਹੋਣੀ ਸ਼ੁਰੂ ਹੋ ਗਈ, ਸਾਨੂੰ ਗਿਆਰਾਂ ਗਿਆਰਾਂ ਵੱਜ ਜਾਂਦੇ, ਗੱਲ ਕਰਦਿਆਂ… ਇੱਕ ਦਿਨ ਮਾਂ ਨੇ ਫੋਨ ਲਗਾ ਰੱਖਿਆ ਸੀ,ਨਾਨਕੇ ਪਿੰਡ ਤੇ ਉਸਦੇ ਦੇ ਮੈਸਜ਼ ਤੇ ਮੈਸਜ਼ ਆ ਰਹੇ ਸੀ, ਜਦੋਂ ਮਾਂ ਨੇ ਫੋਨ ਕੱਟ ਕੀਤਾ ਤਾਂ ਵੇਖਿਆ ਉਸਦੇ ਮੈਸਜ਼ ਕੁਝ ਇਸ ਪ੍ਰਕਾਰ ਸੀ :–

ਅਣਜਾਣ ਨੰਬਰ : ਸੁਖ ਹੋ ਸਕਿਆ ਤਾਂ ਮਾਫ਼ ਕਰ ਦੇਓ, ਮੈਂ ਤੁਹਾਨੂੰ ਬਲੌਕ ਕਰਨ ਲੱਗੀ ਆਂ, ਮੈਨੂੰ ਤੁਹਾਡੀ ਦਿਨੋ-ਦਿਨ ਆਦਤ ਪੈ ਰਹੀ ਆ,ਇਸ ਤੋਂ ਚੰਗਾ ਮੈਂ ਗੱਲ ਨਾ ਕਰਾਂ, ਪਰ ਹਾਂ ਮੈਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੀ…

ਇਸ ਤੋਂ ਬਾਅਦ ਉਸਨੇ ਬਲੌਕ ਕਰ ਦਿੱਤਾ,ਸਾਰੀ ਦੀ ਸਾਰੀ ਜ਼ਿੰਦਗੀ ਹੀ ਬਦਲ ਗਈ, ਹਰ ਲਿਖਣੀ ਵਿਚ ਉਸਦਾ ਹੀ ਜ਼ਿਕਰ ਹੁੰਦਾ ਰਿਹਾ , ਏਦਾਂ ਲੱਗਿਆ ਜਿਵੇਂ ਮੇਰੇ ਹੀ ਸਰੀਰ ਦਾ ਇਕ ਭਾਗ ਮੇਰੇ ਕੋਲੋਂ ਅਲੱਗ ਹੋ ਗਿਆ ਹੋਵੇ, ਮੈਂ ਹਰ ਰੋਜ਼ ਉਸਨੂੰ ਮੈਸਜ਼ ਕਰਦਾ,ਹਰ ਰੋਜ਼ ਉਸਦੇ ਮੈਸਜ਼ ਦੀ ਉਡੀਕ ਕਰਦਾ ,ਪਰ ਉਸਨੇ ਇੱਕ ਮੈਸਜ਼ ਮੁੜ ਨਾ ਘੱਲਿਆ, ਮੈਨੂੰ ਆਪਣੇ ਆਪ ਉੱਪਰ ਗੁੱਸਾ ਆਉਂਦਾ ਕਿ ਕਿਉਂ ਕਿਸੇ ਅਜਨਬੀ ਨੂੰ ਐਨਾ ਦਿਲ ਦੇ ਕਰੀਬ ਲੈ ਕੇ ਆਂਦਾ, ਕਿਉਂ ਕਿਸੇ ਨੂੰ ਆਪਣਾ ਸਮਝ ਬੈਠਾ, ਫੇਰ ਉਹ ਖੁਦ ਨੂੰ ਆਖਦਾ ਸੁਖ ਸਿਆਂ ਤੂੰ ਤੇ ਉਸ ਨੂੰ ਵੇਖਿਆ ਵੀ ਨਹੀਂ ਆ, ਫਿਰ ਐਨਾ ਫ਼ਿਕਰ, ਫਿਰ ਵੀ ਐਨਾ ਬੁਰਾ ਹਾਲ …ਕੀ ਲੋਕ ਇਸੇ ਨੂੰ ਮੁਹੱਬਤ ਆਖਦੇ ਨੇ… ਨਹੀਂ ਨਹੀਂ ਇਹ ਤਾਂ ਮੋਹ ਹੈ,ਜੋ ਅਸੀਂ ਅਕਸਰ ਆਪਣੇ ਵਰਗਿਆਂ ਨਾਲ ਕਰ ਬੈਠਦੇ ਹਾਂ,ਇਹ ਮੁਹੱਬਤ ਥੋੜ੍ਹੀ ਹੁੰਦੀ ਹੈ, ਨਾਲ਼ੇ ਹਾਂ ਤੇਰੇ ਹਿੱਸੇ ਮੁਹੱਬਤ ਕਿੱਥੇ,ਇਹ ਤਾਂ ਸੋਹਣੀਆਂ ਸ਼ਕਲਾਂ ਵਾਲਿਆਂ ਦੇ ਹਿੱਸੇ ਦੀ ਖੇਡ ਆ, ਆਪਣੇ ਲਈ ਤਾਂ ਖਾਲਾਂ ਦਾ ਪਾਣੀ ਹੀ ਮਹਿਬੂਬ ਵਰਗਾ ਏ,ਤੇ ਖੇਤਾਂ ਦੀ ਮਿੱਟੀ ਮੁਹੱਬਤ

ਯਾਦਾਂ ਦੀ ਯਾਦ ਚ ਗਿੜਦੇ, ਨਲ਼ਕੇ ਹਾਲੇ ਊਣੇ ਨੇ,
ਤੇਰੇ ਤੇ ਅਸਰ ਭੋਰਾ ਨਾ, ਕੀਤੇ ਕਿੰਨੇ ਟੂਣੇ ਨੇ…

ਦੀਦਾਂ ਦੀ ਤਪਸ਼ ਚ ਘੁੰਮਦੀ , ਭਟਕਣ ਹੈ ਖੈਰਾਂ ਨੂੰ,
ਵੇਖੀਂ ਨਾ ਨਾਪ ਤੂੰ ਦੇਂਦੀ, ਝਾਂਜਰ ਦਾ ਗ਼ੈਰਾਂ ਨੂੰ…

ਟਿੱਬਿਆਂ ਦੇ ਰੇਤੇ‌ ਵਰਗਾ, ਚਿਹਰੇ ਦਾ ਰੰਗ ਹੈ ਤੇਰਾ
ਵੇਖਿਆਂ ਨੀਂ ਤੇਰੀ ਸੂਰਤ,ਸ਼ੁਰੂ ਦਿਨ ਹੁੰਦਾ ਮੇਰਾ…

ਵੇਖੀਂ ਨਾ ਬਣ ਕੇ ਉਡ ਜੀਂ, ਭਾਫ਼ਾਂ ਦਾ ਬੱਦਲ਼ ਨੀਂ,
ਤੇਰੇ ਨੀਂ ਵਾਜੋਂ ਸਾਡੀ ਜ਼ਿੰਦਗੀ ਆ ਖੱਜਲ ਨੀਂ…

ਵਾਵਾ ਹੀ ਦੇਣ ਦਲੇਰੀ,ਤੇਰੀਆਂ ਜੋ ਗੱਲਾਂ ਨੀਂ ,
ਬੱਦਲਾਂ ਦੇ ਨਕਸ਼ੇ ਘੜਕੇ,ਪਾਣੀ ਤੇ ਚੱਲਾਂ ਨੀਂ…

ਝਾਂਜਰ ਦੀ ਛਣਕਾਹਟ ਤੇਰੀ,ਟਾਹਲੀ ਦੇ ਪੱਤਿਆਂ ਵਰਗੀ,
ਟੁੱਕੜੇ ਨਾ ਕਰ ਕੇ ਸੁੱਟ ਜੀਂ, ਜ਼ਿੰਦਗੀ ਆ ਫਟਿਆ ਵਰਗੀ..

ਰਿਸ਼ਤਾ ਕੀ ਤੇਰਾ ਮੇਰਾ, ਮੈਨੂੰ ਨੀਂ ਅੰਬਰ ਪੁੱਛੇ,
ਛਾਵੇ ਕਿਉਂ ਦਿਲ ਬੇਚੈਨੀ,ਜਦ ਵੀ ਤੂੰ ਕਿੱਧਰੇ ਰੁੱਸੇ…

ਦਿੱਖਣ ਵੀ ਲੱਗ ਗਿਆ ਚਿਹਰੇ, ਪਿੰਡ ਦੀਆਂ ਹਾਏ ਗਲੀਆਂ ਤੇ,
ਇਜਾਜ਼ਤ ਜੇ ਤੇਰੀ ਹੋਵੇ,ਨਾ‌ ਲਿਖਵਾਲਾਂ ਹੱਥਾਂ ਦੀਆਂ ਤਲੀਆਂ ਤੇ…

ਬਾਬਿਆਂ ਦੀ ਬਾਣੀ ਚੋਂ ਵੀ , ਹੁਣ ਤੇਰਾ ਹੀ ਨਾਮ ਸੁਣਦਾ ਏ,
ਦੁਨੀਆਂ ਤੇ ਲੱਖਾਂ ਚਿਹਰੇ,ਦਿਲ ਪਰ ਇੱਕੋ ਹੀ ਚੁਣਦਾ ਏ…

ਹੋਰਾਂ ਤੋਂ ਵੱਖ ਨੇ ਇਹੇ, ਮੁਹੱਬਤ ਦੇ ਰਾਹ ਨੇ ਬੀਬਾ,
ਸਾਡੇ ਤਾਂ ਸਾਡੇ ਵਾਂਗੂੰ ਨਿੱਕੇ ਨਿੱਕੇ ਜਿਹੇ ਚਾਅ ਨੇ ਬੀਬਾ…

ਜਿਹੜੀ ਵੀ ਦਿਲ ਵਿਚ ਆਈ,ਦੱਸੀ ਤੈਨੂੰ ਤੇ ਖਾਲਾਂ ਦੇ ਪਾਣੀ ਨੂੰ,
ਜੋਬਨ ਜਿਹੀ ਉਮਰ ਹੈ ਲੱਭਦੀ, ਕੁੜੀਏ ਉਮਰਾਂ ਦੇ ਹਾਣੀ ਨੂੰ…

ਟੁੱਕੜੇ ਜੇ ਕਰ ਕੇ ਸੁੱਟਿਆ, ਝੋਲ਼ੀ ਭਰ ਤੁਰ ਜਾ ਗੇ,
ਹਾਲੇ ਵੀ ਵਕਤ ਹੈ ਬੀਬਾ, ਪਿੱਛੇ ਵੱਲ ਮੁੜਜਾਂ ਗੇ…

ਕਿੱਥੇ ਆ ਕੌਣ ਹੈ ਮਿਲ਼ਦਾ, ਕਿੱਥੇ ਆ ਦੂਰ ਹੋਏ,
ਮੰਗਦਾਂ ਹਾਂ ਅੱਜ ਵੀ ਤੈਨੂੰ ,ਜਦ ਵੀ ਚੰਨ ਪੂਰ ਹੋਏ…

ਵਾਦੇ ਤੂੰ ਜੋ ਵੀ ਕੀਤੇ ਸੀ,ਪੂਰੇ ਤਾਂ ਕਰ ਜਾਂਦਾ,
ਐਨਾ ਨੇੜੇ ਹੀ ਆਉਂਦਾ ਨਾ ਜੇ, ਤਾਂ ਵੀ ਤਾਂ ਸਰ ਜਾਂਦਾ…

ਛੱਡਦੇ ਹੁਣ ਉਹੋ ਗੱਲਾਂ, ਕਾਹਨੂੰ ਚੇਤੇ ਵਿਚ ਰੱਖਿਆ ਏ,
ਗੱਲ ਇੱਕ ਹੋਰ ਜ਼ਰੂਰੀ, ਕੱਲ੍ਹ ਸੁਪਨੇ ਵਿਚ ਤੱਕਿਆ ਏ…

ਯਾਦਾਂ ਦੇ ਪੰਛੀ ਉਡਕੇ,ਦਿਲ ਅੰਦਰ ਘਰ ਜਿਹਾ ਕਰ ਗਏ,
ਆਕੇ ਤੂੰ ਵੇਖ ਨੀਂ ਅੜੀਏ, ਕਿੰਨੇ ਹੀ ਵਰਕੇ ਭਰ ਗੲੇ…

ਇਟਸਿਟ ਵਰਗੇ ਚਿਹਰੇ ਸਾਡੇ, ਭੱਖੜੇ ਦੇ ਨਕਸ਼ੇ ਨੇ,
ਆਹਾ ਜਿਹੜੇ ਜੁੜਦੇ ਅੱਖਰ, ਤੇਰੇ ਹੀ ਬਖ਼ਸ਼ੇ ਨੇ…

ਪੁੱਛਦਾ ਸੀ ਰੁੱਖਾਂ ਕੋਲੋਂ, ਕਿੱਥੇ ਮੇਰੇ ਹਾਣ ਦਾ ਰਹਿੰਦਾ,
ਧੁੰਦਲਾ ਜਿਹਾ ਚੇਹਰਾ ਤੇਰਾ, ਸੀ ਦੂਰੋਂ ਹਾਂ ਮੈਂ ਹੀ ਕਹਿੰਦਾ…

ਸੁਣਿਆ ਮੈਂ ਪਹਿਲਾਂ ਵੀ ਸੀ,ਕਿ ਇਸ਼ਕ਼ੇ ਦੀ ਮਾਰ ਹੈ ਮਾੜੀ,
ਵੇਖਿਆ ਨੀਂ ਤੂੰ ਵੀ ਤੁਰ ਗੲੀ, ਇੱਕ ਹੱਥ ਨਾਲ ਮਾਰ ਕੇ ਤਾੜੀ…

ਖੌਰੇ ਕਦ ਹੱਥਾਂ ਦੀਆਂ ਲੀਕਾਂ ਨੇ, ਹੁਣ ਤੇਰੇ ਵੱਲ ਮੁੜਨਾ ਨੀਂ,
ਤੱਕ ਕੇ ਤੇਰੀ ਦੂਰੀ ਅੜੀਏ, ਸ਼ਾਇਰ ਨੇ ਅੰਦਰੀਂ ਹੈ ਝੁਰਨਾ ਨੀਂ

ਕੀ ਇਸੇ ਨੂੰ ਮੁਹੱਬਤ ਆਖਦੇ ਨੇ …???
ਜਾਂ ਮੁਹੱਬਤ ਕੁਝ ਹੋਰ ਹੈ…. !!!
ਕੀ ਉਹ ਕੁੜੀ ਮੁੜ ਸੁਖ ਨੂੰ ਮੈਸਜ਼ ਕਰੇਗੀ ਜਾਂ ਨਹੀਂ…???
ਕੀ ਜੋ ਸਭ ਸੁਖ ਸੋਚ ਰਿਹਾ ਹੈ, ਉਹ,ਉਹ ਕੁੜੀ ਵੀ ਸੋਚ ਰਹੀਂ ਹੈ …????

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਅਕਾਊਂਟ ਉੱਪਰ ਸੰਪਰਕ ਜਾਂ ਮੈਸਜ ਕਰ ਸਕਦੇ ਹੋ।

ਸੰਪਰਕ : ਸੁਖਦੀਪ ਸਿੰਘ ਰਾਏਪੁਰ ( 8699633924 )
ਈ-ਮੇਲ : writersukhdeep@gmail.com
ਇੰਸਟਾਗ੍ਰਾਮ : s_u_k_h_d_e_p

...
...



Related Posts

Leave a Reply

Your email address will not be published. Required fields are marked *

12 Comments on “ਇੱਕ ਕੁੜੀ”

  • ਸੁਖਦੀਪ ਸਿੰਘ ਰਾਏਪੁਰ

    ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ♥️♥️♥️♥️

  • 🥰ਜਮਾਂ ਦਿਲਦਾਰ ਗੱਲਾਂ🥰

  • ਬਹੁਤ ਵਧੀਆ ਲਿਖਦਾ ਵੀਰ ਰੱਬ ਤਰੱਕੀ ਬਖਸੇ ਇਕ ਇਕ ਗੱਲ ਦਿਲ ਤੇ ਲੱਗਦੀ ਆ ਅਗਲਾ ਭਾਗ ਜਰੂਰ ਭੇਜੋ

  • Awesome story ❤️

  • Bhut sohni story a veer nd kavita de words dill nu touch krde awesome

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)