More Punjabi Kahaniya  Posts
ਮੁਆਵਜ਼ਾ!!


ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸਰਬਸ ਨਗਰ ਨਿਵਾਸੀ ਧਿਆਨ ਦੇਣ ਅੱਜ ਸਵੇਰੇ ਨੋਂ ਵਜੇ,ਨਰਮੇ ਦੀ ਫਸਲ ਦਾ ਖਰਾਬਾ ਲਿਖਣ, ਸਪੇਸ਼ਲ ਗਿਰਦਾਵਰੀ ਕਰਨ ਪਟਵਾਰੀ ਸਾਬ੍ਹ, ਨੰਬਰਦਾਰ ਸਾਬ੍ਹ ਦੇ ਘਰ ਆਉਣਗੇ, ਸਾਰੇ ਖਰਾਬੇ ਆਲੇ ਕਿਸਾਨ ਵੀਰ ਆਪਣਾ ਮੁਆਵਜ਼ਾ ਬਣਵਾ ਲੈਣ,, ਵਾਹਿਗੁਰੂ ਜੀ,,,,”। ਗੁਰਦਵਾਰੇ ਤੋਂ ਕੀਤੀ ਅਨਾਊਂਸਮੈਂਟ ਚ, ਨਿਰਾਸ਼-ਹਤਾਸ਼ ਜੱਸੇ ਨੂੰ ਥੋੜੀ-ਬਹੁਤ ਰੋਸ਼ਨੀ ਨਜ਼ਰ ਆਈ। 2 ਕਿਲਿਆਂ ਦੇ ਮਾਲਕ ਜੱਸੇ ਨੇ ਇਸ ਵਾਰੀ ਨਾਲ ਲੱਗਦੇ ਸੁਨਿਆਰਿਆਂ ਦੇ 14 ਕਿੱਲੇ, 50000 ਰੁਪਏ ਪ੍ਰਤਿ ਕਿੱਲਾ ਠੇਕੇ ਲੈ ਕੇ ਨਰਮਾ ਗੁਡਿਆ ਸੀ। ਪੂਰੇ ਪਰਿਵਾਰ ਦੀ ਜਬਰਦਸਤ ਮਿਹਨਤ ਨਾਲ ਫਸਲ ਵੀ ਸਾਰੀ, ਸਿਰਾ ਖੜੀ ਸੀ। ਘਰਦੀ ਜੀਤੋ ਵੀ ਜੱਸੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੀ ਸੀ, ਸ਼ਾਨਦਾਰ ਫਸਲ ਵੇਖ, ਕੁੜੀ ਦਾ ਵਿਆਹ ਦੀਵਾਲੀ ਲਾਗੇ ਧਰ ਦਿੱਤਾ ਸੀ, ਦੋਵਾਂ ਜੀਆਂ ਨੇ।ਪਰ ਆਹ ਕੀ ਤਿੰਨ ਦਿਨ ਲਗਾਤਾਰ ਮੀਂਹ ਤੇ ਸਾਰਾ ਨਰਮਾ ਤਬਾਹ ਹੋ ਗਿਆ, ਜੱਸੇ ਹੁਰਾਂ ਦਾ ਚੁੱਲਾ ਪਿਛਲੇ ਤਿੰਨ ਦਿਨਾਂ ਤੋਂ ਲਗਭਗ ਠੰਡਾ ਈ ਸੀ।
ਨੰਬਰਦਾਰ ਸਾਬ੍ਹ ਦੀ ਬੈਠਕ ਚ, ਉਨਾਂ ਦੇ ਖਾਸਮਖਾਸ ਚੇਲੇ ਚਪਾਟੇ ਬੈਠੇ, ਉਨਾਂ ਦੀਆਂ ਲੰਡੂ ਗੱਲਾਂ ਤੇ ਵੀ ਰੱਜਵੇਂ ਠਹਾਕੇ ਲਾ ਰਹੇ ਸਨ, ਅਖੀਰ 11 ਵਜੇ ਪਟਵਾਰੀ ਸਾਬ੍ਹ ਪਹੁੰਚੇ, ਚਾਹ-ਠੰਡਾ ਫੇਰ ਗੱਲਾਂ ਦਾ ਦੌਰ । ਅਖੀਰ ਅੱਕ ਕੇ ਜੱਸਾ ਪਟਵਾਰੀ ਨੂੰ ਕਹਿੰਦਾ,”ਪਟਵਾਰੀ ਸਾਬ੍ਹ, ਮੇਰਾ 16 ਕਿੱਲੇ ਨਰਮਾ ਪੂਰਾ ਈ ਖਰਾਬ ਹੋ ਗਿਆ, ਤੁਸੀਂ ਖੇਤ ਚੱਲੋ ਤੇ ਮੇਰਾ ਸੋ ਫੀਸਦੀ ਖਰਾਬਾ ਦਰਜ ਕਰੋ”। ਪਟਵਾਰੀ ਤੋਂ ਪਹਿਲਾਂ ਈ ਨੰਬਰਦਾਰ ਬੋਲਿਆ,”ਓ ਜੱਸੇ ਯਾਰ, ਪਟਵਾਰੀ ਸਾਬ੍ਹ ਹੁਣ ਕਿੱਥੇ ਖੇਤਾਂ ਚ ਧੱਕੇ ਖਾਣ ਗੇ, ਇੱਥੇ ਈ ਲਿਖਿਆ ਜਾਣਾ ਏ, ਮੁਆਵਜ਼ਾ”। ਪਟਵਾਰੀ, ਨੰਬਰਦਾਰ ਦਾ ਇਸ਼ਾਰਾ ਸਮਝ ਗਿਆ।
ਇਸੇ ਦੌਰਾਨ ਨੰਬਰਦਾਰ ਦਾ ਇਕ ਖਾਸਮਖਾਸ ਅਖੌਤੀ ਸਮਾਜਸੇਵੀ ਜੱਸੇ ਨੂੰ ਪਾਸੇ ਲਿਜਾ ਹੋਲੀ ਜਿਹੀ ਕਹਿੰਦਾ,”ਜੱਸਿਆ,ਇੰਝ ਥੋੜੀ ਮੁਆਵਜ਼ੇ ਮਿਲਦੇ ਨੇ, ਪਟਵਾਰੀ ਦੇ ਵੀ ਸੋ ਖਰਚੇ ਨੇਂ, ਦਸ ਹਜ਼ਾਰ ਦੇ, ਹੁਣੇ ਲਿਖਾ ਦਿੰਨੇ ਆਂ”। ਜੱਸਾ ਗਰਮ ਹੋ ਗਿਆ,”ਮੇਰਾ ਸਾਰਾ ਨਰਮਾ ਸੜ੍ਹ ਗਿਆ, ਤੇ ਮੈਂ ਹੀ ਪੈਸੇ ਭਰਾਂ, ਇਹ ਕਿਹੜਾ ਮੁਆਵਜ਼ਾ”? ਪਟਵਾਰੀ ਤੇ ਨੰਬਰਦਾਰ ਨੂੰ ਜੱਸੇ ਦੇ ਬੋਲਾਂ ਨੇ ਅਸਹਿਜ਼ ਕਰਤਾ ਪਰ ਨੰਬਰਦਾਰ ਮੰਝਿਆ ਖਿਲਾੜੀ ਸੀ, ਪਟਵਾਰੀ ਨੂੰ ਇਸ਼ਾਰਾ ਕਰਕੇ ਕਹਿੰਦਾ,”ਸਭ ਤੋਂ ਪਹਿਲਾਂ ਜੱਸੇ ਦਾ ਲਿਖੋ,, ਮੁਆਵਜ਼ਾ”। ਪਟਵਾਰੀ ਨੇ ਜੱਸੇ ਦੀ ਪੈਲ੍ਹੀ ਦੇ ਨੰਬਰ ਲਿਖ, ਦਸਤਖਤ ਕਰਵਾ ਜੱਸਾ ਤੌਰਤਾ। ਨੰਬਰਦਾਰ ਸਾਬ੍ਹ ਦੀ ਰਹਿਨੁਮਾਈ...

ਚ ਪੂਰੇ ਪਿੰਡ ਦਾ ਮੁਆਵਜ਼ਾ,ਪਟਵਾਰੀ ਸਾਬ੍ਹ ਨੇ ਚੜ੍ਹਾਵੇ ਅਨੁਸਾਰ ਬਣਾ ਦਿੱਤਾ।
ਲਓ ਜੀ, ਅੱਜ ਮੁਆਵਜ਼ੇ ਦੇ ਚੈਕ ਵੰਡੇ ਜਾਣ ਦਾ ਵੱਡਾ ਪ੍ਰੋਗਰਾਮ ਏ, ਐਮ ਐਲ ਏ ਸਾਬ੍ਹ ਆਪ ਪਹੁੰਚੇ ਨੇਂ। ਵੱਡਾ ਟੈਂਟ, ਨੰਬਰਦਾਰ ਸਾਬ੍ਹ ਦੇ ਗੇਟ ਅੱਗੇ ਪੂਰਾ ਇਕੱਠ। ਪਹਿਲਾਂ ਤਾਂ ਨੰਬਰਦਾਰ, ਐਮ ਐਲ ਏ ਦੀ ਚਮਚਾਗਿਰੀ ਚ ਇੰਨਾ ਲੰਬਾ ਸੰਬੋਧਨ ਕਰ ਗਿਆ ਕਿ ਅਖੀਰ ਪਿਛੋਂ ਐਮ ਐਲ ਏ ਸਾਬ੍ਹ ਨੇ ਕੁੜਤਾ ਖਿਚ ਕੇ ਨੰਬਰਦਾਰ ਬਿਠਾਇਆ, ਫੇਰ ਐਲ ਐਮ ਏ ਸਾਬ੍ਹ ਨੇ ਆਪਣੀ ਸਰਕਾਰ ਦੇ ਲੋਕ ਭਲਾਈ ਕੰਮਾਂ ਦੇ ਕਸੀਦੇ ਪੜ੍ਹੇ, ਫੇਰ ਲਗਾਤਾਰ ਸ਼ਾਨਦਾਰ ਲੋਕ ਸੇਵਾ ਕਰ ਰਹੇ ਪਟਵਾਰੀ ਸਾਬ੍ਹ ਨੂੰ ਸਨਮਾਨਿਤ ਕੀਤਾ ਗਿਆ ਤੇ ਫੇਰ ਚੈਕ ਵੰਡੇ ਗਏ। ਨੰਬਰਦਾਰ ਸਾਬ੍ਹ ਦੇ ਚੇਲੇ-ਚਪਾਟੇ ਬਹੁਤ ਖੁਸ਼ ਸਨ, ਵੱਡੇ-ਵੱਡੇ ਚੈਕ ਜੋ ਮਿਲੇ ਸਨ, ਹਾਲਾਂਕਿ ਇੰਨਾਂ ਚੋਂ ਜਿਆਦਾਤਰ ਦੇ ਖੇਤਾਂ ਚ ਤ ਝੋਨਾ ਖੜਾ ਸੀ, ਪਰ ਪਟਵਾਰੀ ਸਾਬ੍ਹ ਨੇ ਮੇਹਰਬਾਨੀ ਕਰ ਸਰਕਾਰੀ ਕਾਗਜ਼ਾਂ ਚ ਨਰਮਾ ਬੀਜ ਦਿੱਤਾ ਸੀ। ਜੱਸੇ ਨੂੰ ਵੀ ਚੈਕ ਤਾਂ ਮਿਲਿਆ ਪਰ ਰਾਸ਼ੀ ਦੇਖ ਜੱਸੇ ਦਾ ਪਾਰਾ ਚੜ੍ਹ ਗਿਆ, 128 ਰੁਪਏ ਦਾ ਚੈੱਕ ਮਿਲਿਆ, ਜੱਸੇ ਨੂੰ।
ਉਹ ਸਿੱਧਾ ਨੰਬਰਦਾਰ ਦੀ ਬੈਠਕ ਚ ਚਲਦੀ ਪਾਰਟੀ ਚ ਪਟਵਾਰੀ ਕੋਲ ਗਿਆ ਪਰ ਪਟਵਾਰੀ ਨੇ ਗੋਲ਼ਿਆ ਈ ਨਹੀਂ ਤਾਂ ਉਹਨੇ ਐਮ ਐਲ ਏ ਸਾਬ੍ਹ ਨੂੰ ਪਟਵਾਰੀ ਤੇ ਨੰਬਰਦਾਰ ਦੀ ਸ਼ਿਕਾਇਤ ਕਰ ਦਿੱਤੀ ਨੰਬਰਦਾਰ ਨੇ ਐਮ ਐਲ ਏ ਦੇ ਕੰਨ ਚ ਫੂਕ ਮਾਰ ਦਿੱਤੀ। ਐਮ ਐਲ ਏ ਸਾਬ੍ਹ ਜੱਸੇ ਦੇ ਮੋਢੇ ਤੇ ਹੱਥ ਰੱਖ ਬੋਲੇ,” ਬਿਨਾਂ ਮਤਲਬ ਇਮਾਨਦਾਰ ਲੋਕਾਂ ਦੀ ਸ਼ਿਕਾਇਤ ਨ੍ਹੀਂ ਕਰੀਦੀ ਹੁੰਦੀ, ਤੈਨੂੰ ਕੁਝ ਦਿੱਤਾ ਈ ਏ, ਅਗਲਿਆਂ ਨੇਂ,,ਬਾਕੀ ਆਉਂਦੀਆਂ ਚੌਣਾਂ ਚ ਸਾਡੇ ਨਾਲ ਆ,, ਫੇਰ ਦੇਖੀਂ,, ਬਾਕੀ ਜਵਾਨਾਂ ਪਾਣੀ ਤਾਂ ਪੁਲਾਂ ਦੇ ਥੱਲਿਓਂ ਈ ਲੰਘਦਾ, ਜਿਆਦਾ ਇਨਕਲਾਬੀ ਭੁੱਖੇ ਈ ਮਰਦੇ ਨੇਂ”। ਜੱਸੇ ਨੂੰ ਲੋਕਤੰਤਰ ਦਾ ਅਸਲੀ ਮਤਲਬ ਅੱਜ ਸਮਝ ਆ ਗਿਆ, ਚੈੱਕ ਪਾੜ ਕੇ ਉੱਥੇ ਈ ਖਿਲਾਰ ਉਹ ਬਾਹਰ ਆ ਗਿਆ,, ਬਾਹਰ ਖਤਮ ਹੋਏ ਪ੍ਰੋਗਰਾਮ ਦੇ ਸਪੀਕਰ ਚ ਦੇਸ਼ਭਗਤੀ ਦਾ ਗੀਤ ਬਹੁਤ ਉੱਚੀ ਵੱਜ ਰਿਹਾ ਸੀ,”ਐਸਾ ਦੇਸ ਹੈ ਮੇਰਾ,,,”।
ਅਸ਼ੋਕ ਸੋਨੀ 9872705078

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)