More Punjabi Kahaniya  Posts
ਚੱਲ ਕੋਈ ਨਾ


ਸਮਰਪਿਤ
ਉਹ ਹਰ ਔਰਤ ਹਰ ਕੁੜੀ ਨੂੰ ਜਿਸ ਨੂੰ ਜ਼ਿੰਦਗੀ ਨੇ‌ ਹਰ ਮੋੜ ਤੇ ਖੁਸ਼ੀ ਦਾ ਲਾਲਚ ਦੇ ਇੱਕ ਨਵੀਂ ‌ਪੀੜ ਦਿੱਤੀ
ਸੁਖਦੀਪ ਸਿੰਘ ਰਾਏਪੁਰ
ਉਹ ਊਰੀ‌‌ ਦੀ ‌ਛੱਤ ਜਿਹੀ
ਉਹ ਟੇਰਠ ਦੀ ਮੱਤ‌ ਜਿਹੀ
ਹੱਥੇ ਦੀਆਂ ਤੀਲਾਂ ਵਰਗੀ
ਉਹ ਕੰਘੀਆਂ ਦੀ ਜੋੜੀ ‌ਸੀ
ਦੱਸਦੇ ਦੱਸਦੇ ਦਿਲ ਖੁਸ਼ ਹੋਵੇ
ਪਰ ਅੱਖ ਵੀ‌ ਰੋਂਦੀ ‌ਏ, ਉਹ ਕੁੜੀ
ਹਾਂ,ਆਈ‌ ਮੇਰੇ ਹਿੱਸੇ ਵੀ ਥੋੜ੍ਹੀ ਸੀ।
ਢਾਬ ਚ ਉੱਗੇ ਕਿਸੇ ਕੱਖ ਦੇ ਵਰਗੀ
ਧਰਤੀ ਨੂੰ ਲੁੱਕ ਵੇਖਦੀ ਅੱਖ ਦੇ ਵਰਗੀ
ਹੈ ਲੋਕੀਂ ਬਹੁਤ ਨੇ,ਪਰ ਉਹ ਤੇ ਨਹੀਂ ਨਾ
ਉਹ ਤੇ ਇੱਕਲੀ ਹੀ ਸੀ ਲੱਖ‌ ਦੇ ਵਰਗੀ
ਘੱਟਣੇ ਨੂੰ ਵੱਧਣੇ ਪਾਇਆ,ਵੱਧਣੇ ਨੂੰ ਘੱਟਣੇ ਜੀ
ਉਹਦੇ ਮੈਂ ਨਾਂ ਦੇ ਅੱਖਰ,ਮੁੜ ਮੁੜ ਕੇ ਰੱਟਣੇ ਜੀ

ਮੈਂ ਤੰਬਾਕੂ ਦੀ ਬਲਦੀ ਅੱਗ ਤੇ ਹੂਕੇ ਦੀਆਂ ਪਾਈਪਾਂ ਨੂੰ ਨਿਰਨੇ ਕਾਲਜੇ ਵੇਖ ਕੇ ਵੱਡੀ ਹੋਈ,ਵੱਡੀ ਤੇ ਹੋਈ ਵੀ ਨਹੀਂ,ਮੇਰਾ ਕੱਦ ਤੇ ਅਜੇ ਸਾਂਝੀ ਕੱਦ ਦੇ ਹਾਣਦਾ ਵੀ ਨਹੀਂ ਸੀ ਹੋਇਆ,ਪਰ ਹਾਂ ਮੇਰਾ ਸਿਰ ਤੇ ਬੋਝ ਕਰਜ਼ੇ ਦੇ ਹਾਣਦਾ ਜ਼ਰੂਰ ਹੋ ਗਿਆ ਸੀ।ਸ਼ਾਇਦ ਤਾਹੀਂ ਘਰ ਵਿਚ ਮੇਰੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸਨ। ਹੈਰਾਨ ਦੀ‌ ਗੱਲ ਇਹ ਹੈ ਕਿ ਜਿਹਨਾਂ ਰਿਸ਼ਤਿਆਂ ਵਿਚ ਮੈਨੂੰ ਬੰਧਨ ਦੀ ਗੱਲ ਬਾਤ ਹੋ ਰਹੀ ਹੈ, ਮੈਨੂੰ ਉਹਨਾਂ ਬਾਰੇ ਤਿਨਕਾ ਵੀ ਮਾਲੁਮ ਨਹੀਂ ਹੈ।

ਪੰਜਵੀਂ ਪੂਰੀ ਵੀ ਨਹੀਂ ਸੀ ਹੋਈ , ਦਾਦੀ ਮਾਂ ਨੇ ਪਹਿਲਾਂ ਹੀ ਹਟਾ ਲਿਆ ਸਕੂਲੋਂ, ਕਿਉਂਕਿ ਦਾਦੀ ਮਾਂ ਦਾ ਸੁਭਾਅ ਐਨਾ ਕਿ‌ ਤੱਤਾ‌ ਸੀ ਕਿ ਪਿੰਡ ਦੀ ਹਰ ਵੱਡੀ ਤੋਂ ਵੱਡੀ ਸ਼ੈਅ ਦਾਦੀ ਮਾਂ ਅੱਗੇ ਨਿੱਕੀ ਸੀ, ਨੂੰਹ,ਧੀ,ਪਿਓ, ਪੁੱਤ, ਪ੍ਰਾਉਣਾ ਕੋਈ ਵੀ ਹੋਵੇ, ਦਾਦੀ ਕਿਸੇ ਨੂੰ ਨਹੀਂ ਸੀ‌‌ ਬਖਸ਼ਦੀ ਤੇ ਫੇਰ ਮੈਂ ਤਾਂ ਕੌਣ‌ ਵਿਚਾਰੀ ਸੀ, ਨਾਲ਼ੇ ਜਿਹੜੀ ਕੁੜੀ ਦੇ ‌ਸਿਰ‌ ਤੇ ਸਕੀ ਮਾਂ ਨਾ ਹੋਵੇ ਕੌਣ ਸੁਣਦਾ ਹੈ ਉਹਦੀ, ਮੈਂ ਮਸਾਂ ਸੱਤ ਅੱਠ ਸਾਲ ਦੀ ਹੋਣੀਂ ਆ , ਜਦੋਂ ਦਾਦੀ ਨੇ ਮੈਨੂੰ ਕੰਮ‌ ਕਰਨ ਆਪਣੇ ਨਾਲ ਲਗਾ ਲਿਆ ਸੀ, ਹੁਣ ਤਾਂ ‌ਪਿਛਲੇ‌ ਪੰਜ ਛੇ ਸਾਲ‌‌ ਦੀ‌ ਸਾਰਾ ਕੰਮ ਹੀ ਮੈਂ ਕਰਦੀ‌ ਹਾਂ,ਬਸ‌ ਦਾਦੀ ਮਾਂ ਤਾਂ ‌ਹਕੁਮਤ‌ ਚਲਾਉਂਦੀ ਹੈ,ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ,ਪਰ ਉਹ‌ ਕਦੇ ਵੀ‌ ਮੈਨੂੰ ਪਿਆਰ ਨਾਲ ਬੁਲਾਉਂਦੀ ਤੇ ਸਾਰਾ ਦਿਨ ਵੱਢ ਖਾਣਿਆਂ ਵਾਂਗ ਪੈਂਦੀ ਰਹਿੰਦੀ ਆ, ਜਿਸ ਦਿਨ ਦਾਲ਼ ਪਾਣੀਂ ਵਿੱਚ ਕੋਈ‌ ਕਮੀਂ ਪੇਸ਼ੀ ਰਹਿ ਜਾਵੇ,ਉਸ ਦਿਨ ਮੇਰੇ ਉਪਰ ਇੱਕ ਤਰ੍ਹਾਂ ਦੀ ਸ਼ਾਮਤ ਆਈ ਹੁੰਦੀ ਹੈ, ਦਾਦੀ ਮੂੰਹ ਵਿੱਚ ਬੁਕਰੀ ਪਾਉਂਦੇ ਸਾਰ‌ ਹੀ ਸ਼ੁਰੂ ਹੋ ਜਾਂਦੀ ਹੈ।

ਵੀਹ ਸਾਲ ਹੋ‌ ਗਏ ਤੈਨੂੰ ਰੋਟੀ ਟੁੱਕ ਕਰਦੀ ਨੂੰ…ਨਾ ਤੈਨੂੰ ਹਲੇ ਵੀ‌ ਕੁਝ ਚੱਜ‌ ਨਾਲ਼ ਨਹੀਂ ਬਣਾਉਂਣਾ ਆਉਂਦਾ, ਦੂਜੇ ਦਿਨ ਦਾਲ਼ ਸਬਜ਼ੀ ਦਾ ਧੇਲਾ ਪੱਟ ਕੇ ਰੱਖ‌ ਦੇਂਦੀ ਹੈ,ਕਦੇ ਰੋਟੀ ਨੂੰ ਮਚਾ ਤਾ ਕਦੇ‌ ਕੱਚੀ ਰੱਖਤਾ, ਕਿਉਂ ਮੇਰੇ ਸਿਰ ਵਿੱਚ ਗਲੀਆਂ ਕਰਵਾਉਂਦੀ ਏ,ਹਾੜੇ ਤੇਰੇ ਅੱਗੇ ਹੱਥ ਬੰਨ੍ਹੇ ਕੋਈ ਤਾਂ ਕੰਮ‌ ਸਿਖਲਾ ਚੱਜ‌ ਨਾਲ਼… ਨਾਲ਼ੇ ਇਹ‌ ਏਥੇ ਹੀ ਆ…ਜੋ‌ ਆਪਣੀ‌ਆਂ ਮਨਮਰਜ਼ੀਆਂ ਕਰਦੀਂ‌ ਐਂ… ਕੱਲ੍ਹ ਨੂੰ ਬੇਗਾਨੇ ਘਰ ਨੀਂ ਏਵੇਂ ‌ਸਰਨਾ…ਸੱਸ ਨੇ ਘੋਟਾ ਸੁੱਟਿਆ ਕਰਨਾ ਵੱਗਵਾਂ‌… ਨਾਲ਼ੇ ਖਾਇਆਂ‌ ਕਰੇਂਗੀ ‌ਆਪਣੇ‌ ਖ਼ਸਮ ਤੋਂ ਕੁੱਟ…

ਦਾਦੀ ਦੀਆਂ ਇਹ‌ ਬਦ ਅਸੀਸਾਂ ਸੁਣ ਮੇਰੀ‌‌ ਅੱਖ ਭਰ ਆਉਂਦੀ ਤੇ ਮੈਂ ਅੱਗੇ ਦੀ ਜ਼ਿੰਦਗੀ ਬਾਰੇ ਸੋਚਣ ਲੱਗਦੀ,ਜੇ ਕਿਤੇ ਮੇਰਾ ਸੋਹਰਾ‌ ਪਰਿਵਾਰ ਐਦਾਂ ਦਾ ਹੋਇਆ‌, ਮੇਰੇ ਤੋਂ ਤਾਂ‌ ਨਹੀਂ ‌ਜੀ‌ ਹੋਣਾ ‌ਐਦਾਂ‌ ਦੇ‌‌ ਪਰਿਵਾਰ ਅੰਦਰ,ਫੇਰ‌ ਆਪਣੇ ਆਪ ਨੂੰ ਹੀ‌‌ ਆਖਦੀ ਨੂਰ ਕੁੜੇ‌ ਹੁਣ ਵੀ ਤਾਂ ਜੀ ਹੀ ਰਹੀਂ ਆਂ, ਮੈਂ ‌ਭਰੀ‌ ਅੱਖਾਂ ਨਾਲ ਤੌੜੀ ਤੋਂ ਚੱਪਣ ਚੁੱਕਦੀ ਤੇ ਅੱਧੀ ਕੜਛੀ ਦਾਲ‌ ਦੀ‌ ਕੌਲੀ ਵਿੱਚ ‌ਪਾ ਇੱਕ ‌ਰੋਟੀ‌ ਛਾਬੇ‌ ਵਿੱਚੋਂ ਚੁੱਕ,ਕੌਲੀ ਸੱਜੇ ਹੱਥ ਉੱਪਰ ਧਰ ਤੇ ਰੋਟੀ ਉਸੇ ਹੱਥ ਦੀਆਂ ਦੋ ਉਂਗਲਾਂ ਵਿਚ ਫੜ ਸੱਜੇ ਹੱਥ ਨਾਲ ਬੁਕਰੀ‌ ਤੋੜ‌ ਦਾਲ਼ ਵਾਲ਼ੀ ਕੌਲੀ ਵਿੱਚ ਡਬੋ ਮੂੰਹ ਵਿਚ ਤੇ ਪਾ ਲੈਂਦੀ, ਪਰ ਬੁਰਕੀ ਮੇਰੇ ਹਲਕ ਤੋਂ ਥੱਲੇ ਨਾ ਉਤਰਦੀ‌ ਤੇ ਮੈਂ ‌ਮਸਾਂ ਔਖੀ ਸੌਖੀ ਇੱਕ ਰੋਟੀ‌ ਖਾਂਦੀ,ਦਸ‌ ਗਿਆਰਾਂ ਰੋਜ਼ ਦਾ‌ ਸਮਾਂ ਸੀ। ਜੋ ਮੈਨੂੰ ਕੰਮ‌ ਨਿਬੇੜਦਿਆਂ ਹੋ ਹੀ ਜਾਂਦਾ ਸੀ, ਮੈਂ ਸਾਰੀ ਰਾਤ ਮੰਜੇ ਤੇ ਪਈ,ਮੁੜ ਮੁੜ ਦਾਦੀ‌ ਦੀਆਂ ਕਹੀਆਂ ਗੱਲਾਂ ਨੂੰ ਚੇਤੇ ਕਰ ਕਰ ਰੋਂਦੀ ਰਹਿੰਦੀ।

ਤਿੰਨ ਚਾਰ ਦਿਨ ਬਾਅਦ ਇਹੀ ਤਮਾਸ਼ਾ ਮੁੜ ਹੁੰਦਾ, ਉਵੇਂ ਹੀ ਸਾਰਾ ਕੁਝ ਹੁੰਦਾ, ਮੈਂ ਸਾਰੀ ਰਾਤ ਰੋਂਦੀ ਤੇ ਸਵੇਰੇ ਉਠਦੇ ਸਾਰ ਹੀ ਫੇਰ ਜੁਟ ਜਾਂਦੀ ਕੰਮਾਂ ਕਾਰਾਂ ਵਿੱਚ ਤੇ ਸਭ ਭੁੱਲ ਜਾਂਦੀ,ਆਹ ਬੀਤੇ ਤਿੰਨ ਦਿਨ ਪਹਿਲਾਂ ਦਾਦੀ ਨੇ ਦੱਸਿਆ ਕਿ ਮੈਂ ਪੂਰੇ ਸੌਲਾਂ ਸਾਲਾਂ ਦੀ ਹੋ ਗਈ ਆ, ਮੈਨੂੰ ਅਸਚਰਜਤਾ‌‌ ਜਿਹੀ ਮਹਿਸੂਸ ਹੋਈ ਕਿ ਪਤਾ ਹੀ ਨਹੀਂ ਲੱਗਦਾ ਸਾਲ ਬੀਤਦਿਆਂ ਨੂੰ ਅੱਜ ਅੰਮੀਂ ਨੂੰ ਛੱਡ ਕੇ ਗਿਆਂ ਵੀ ਗਿਆਰਾਂ ਸਾਲ ਸੋ ਗਏ, ਮੈਂ ਅੰਦਰੋਂ ਉੱਠਦੀ ਭੁੱਬ ਨੂੰ ਅੰਦਰ ਹੀ ਦੱਬਿਆ ਤੇ ਡੱਗੀ ਤੋਂ ਮੇਰੇ ਸਹੇਲੀ ਰਾਣੀ ਨਾਲ ਪਾਣੀ ਲੈਣ ਚੱਲੀ ਗਈ, ਪਿੰਡ ਵਿੱਚ ਉਂਝ ਤਾਂ ਤਿੰਨ ਡੱਗੀਆਂ ਸਨ,ਜੋ ਕਿ ਮਜ਼ਹਬ ਦੇ ਆਧਾਰ ਨਾਲ ਵੰਡੀਆਂ ਹੋਈਆਂ ਸੀ ਜਿਵੇਂ ਜੋ ਝਿਉਰਾਂ‌ ਦੀ ਡੱਗੀ ਸੀ , ਝਿਉਰਾਂ‌ ਦੀ ਡੱਗੀ ਤੇ ਸਾਡੇ ਵਾਲ਼ੀ ਨੂੰ ਮਾਂਗਟਾਂ ਦੀ ਡੱਗੀ ਤੇ ਜੋ ਵੱਡੀ ਡੱਗੀ ਸੀ,ਜੋ ਪਿੰਡ ਦੇ ਪਰਲੇ ਪਾਸੇ ਸੀ‌ ਉਸਨੂੰ ਦੇਵਦਾਸੀਆਂ ਦੀ ਡੱਗੀ‌‌ ਬੋਲਦੇ ਸਨ,ਸਾਡਾ ਸਾਰਾ ਪਿੰਡ ਡੱਗੀਆਂ ਤੋਂ ਹੀ ਪਾਣੀ ਭਰਦਾ ਸੀ, ਉਥੇ ਹੀ ਕੁੜੀਆਂ, ਰਲ਼ ਮਿਲ਼ ਪਲ਼ ਛਿਣ ਇੱਕਠੀਆਂ ਹੋ ਕੇ ਬਹਿੰਦੀਆਂ ਸਨ, ਮੈਂ ਤੇ ਰਾਣੀ ਪਾਣੀ ਲੈਣ ਚਲੀਆਂ ਗਈਆਂ, ਅੱਜ ਲਾਈਨ ‌ਬਹੁਤ ਜ਼ਿਆਦਾ ਲੰਮੀਂ ਸੀ, ਮੈਂ ਤੇ ਰਾਣੀ ਨੇ‌ ਆਪਣੀਆਂ ਗਾਗਰਾਂ‌ ਨੂੰ ਲਾਇਨ ਵਿਚ ਧਰਿਆ ਤੇ ਆਪ ਕੋਲ਼ ਹੀ ਦਰਗਾਹ ਤੇ ਮੱਥਾ ਟੇਕਣ ਚਲੀਆਂ ਗਈਆਂ, ਮੈਂ ਏਥੇ ਹਰਰੋਜ਼ ਵਾਂਗ ਹੀ‌ ਮੱਥਾ ਟੇਕ ਜਾਇਆ ਕਰਦੀ ਸੀ, ਕਿਉਂਕਿ ਸਾਰਾ ਪਿੰਡ ਹੀ ਏਥੇ ਮੰਨਤਾਂ ਸੁੱਖਦਾ
ਸੀ ਤੇ ਉਹ ਪੂਰੀਆਂ ਵੀ ਹੁੰਦੀਆਂ ਸਨ, ਮੈਂ ਵੀ ਏਥੇ ਇੱਕ ਮੰਨਤ ਸੁੱਖੀ ਏ,ਜੋ ਹਲੇ ਤੀਕ ਤੇ ਪੂਰੀ ਨਹੀਂ ਹੋਈ,ਪਰ ਮੈਨੂੰ ਪਤਾ ਹੈ ਜੋ ਜਲਦ ਪੂਰੀ ਹੋ ਜਾਵੇਗੀ, ਸਾਨੂੰ ਅੱਜ ਪਾਣੀਂ ਲੈ ਕੇ ਘਰ ਵਾਪਿਸ ਜਾਂਦਿਆਂ ਨੂੰ ਕੁਝ ਜ਼ਿਆਦਾ ਹੀ ਕੁਵੇਲਾ ਹੋ ਗਿਆ, ਜਾਂਦੇ ਹੀ ਦਾਦੀ ਮਾਂ ਨੇ ਆਪਣੀ ਚਾਬੀ ਸ਼ੁਰੂ ਕਰ ਦਿੱਤੀ, ਮੈਂ ਇੱਕ ਵਾਰ ਕਹਿ ਚੁੱਪ ਕਰ ਗਈ ਕਿ ਦਾਦੀ ਮਾਂ ਅੱਗੇ ਉਥੇ ਲਾਇਨ ਲੰਮੀ ਸੀ ਤਾਂ ਕਰਕੇ ਜ਼ਿਆਦਾ ਸਮਾਂ ਲੱਗ ਗਿਆ,ਪਰ ਦਾਦੀ ਮਾਂ ਕਿੱਥੇ, ਰੌਜ਼ਾਨਾ ਵਾਂਗ ਉਹੀ ਕੰਮ ਧੰਦਾ ਨਿਬੇੜਦਿਆਂ ਦਸ ਵੱਜ ਗਏ, ਮੈਂ ਅਜੇ ਮੰਜੇ ਤੇ ਜਾ ਚਾਦਰ ਹੀ ਸਿੱਧੀ ਕਰੀ ਸੀ। ਕਿ ਦਾਦੀ ਮਾਂ ਬੋਲੀ
ਸੁਣ ਕੁੜੀਏ… ਤੂੰ ਹੁਣ ਨਿਆਣੀ ਨਹੀਂ ਹੈਗੀ…ਸੁਖ ਨਾਲ ਸੋਲਾਂ ਸਾਲ ਦੀ ਹੋ ਗਈ ਏ… ਸਭ ਪਤਾ ਹੁਣ‌ ਤੈਨੂੰ… ਨਾਲ਼ੇ ਧੀਆਂ ਕਿਹੜਾ ਸਾਰੀ ਉਮਰ ਘਰ‌‌ ਬਿਠਾ ਕਿ ਰੱਖੀਆਂ ਜਾਂਦੀਆਂ…ਅੱਜ ਨਹੀਂ ਤੇ ਕੱਲ੍ਹ … ਇਹਨਾਂ ਨੇ ਤਾਂ ਆਪਣੇ ਘਰ ਜਾਣਾਂ ਹੀ ਹੁੰਦਾ… ਨਾਲ਼ੇ ਜਵਾਕ ਦਾ‌ ਸਮੇਂ ਸਿਰ…ਇਹ ਕਾਰਜ਼ ਕਰ ਦਿੱਤਾ ਜਾਵੇ ਤਾਂ …. ਜਵਾਕ ‌ਆਪ ਸੂਝਵਾਨ ਹੋ ਜਾਂਦਾ

ਮੈਂ : ਹਾਂਜੀ ਦਾਦੀ ਮਾਂ
ਦਾਦੀ ਮਾਂ : ਪੁੱਤ ਤੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਜਦੋਂ ਵੀ ਮੇਰੀ ਧੀ ਦਾ ਵਿਆਹ ਕਰੋ ਤਾਂ ਉਹ ਰਿਸ਼ਤਾ ਮੇਰਾ ਭਰਾ ਕਰਾਵੇ, ਪੁੱਤ ਤੇਰੇ ਮਾਮੇ ਦੀ ਚਿੱਠੀ ਆਈ ਤੇ ਕੱਲ੍ਹ ਨੂੰ ਤੇਰਾ‌ ਮਾਮਾ ਨਾਲ਼ੇ ਮੁੰਡੇ ਵਾਲੇ ਤੈਨੂੰ ਵੇਖਣ ਆ ਰਹੇ ਨੇ, ਪੁੱਤ ਸੰਦੇਹਾਂ ਉੱਠ ਖੜ੍ਹੀ
ਮੈਂ : ਹਾਂ ਦਾਦੀ
ਮੈਂ ਦਾਦੀ‌ ਨੂੰ ਤਾਂ ਹਾਂ ਕਹਿ ਦਿੱਤੀ, ਪਰ ਪਤਾ ਨਹੀਂ ਕਿਉਂ ‌ਮੇਰੇ ਦਿਲ ਦੀ ਧੜਕਣ ਬੱਦਲਾਂ ਵਾਂਗੂੰ ਗੱਜ ਰਹੀ ਸੀ,ਤੇ ਮਨ ਵਿਚ ਭੈੜੇ ਭੈੜੇ ਖ਼ਿਆਲ ਆ ਰਹੇ ਸਨ, ਉਹ ਮਾਮਾ ਜਿਹੜਾ ਸੋਲ਼ਾਂ ਸਾਲ ਵਿਚ ਮੈਨੂੰ ਇੱਕ ਵਾਰ ਵੀ ਮਿਲਣ ਨਹੀਂ ਆਇਆ,ਉਹ ਕੱਲ੍ਹ ਨੂੰ ਮੇਰਾ ਰਿਸ਼ਤਾ ਕਰਾਉਣ ਆ ਰਿਹਾ, ਮੇਰੇ ਕੋਲ ਨਿੱਕੇ ਨਿੱਕੇ ਸਵਾਲ ਸਨ, ਪਰ ਜਿਨ੍ਹਾਂ ਨੂੰ ਕਹਿਣ‌ ਦੀ‌ ਹਿੰਮਤ…ਹੇ ਅੱਲਾ…ਭੋਰਾ ਵੀ ਨਹੀਂ ਸੀ।
ਮੈਨੂੰ ਪਤਾ ਮੈਂ ਉਹ ਰਾਤ ਕਦੇ ਏਧਰ ਕਦੇ ਓਧਰ ਉੱਸਲ ਵੱਟੇ ਮਾਰਦਿਆਂ ਹੀ ਕੱਢੀ, ਮੈਨੂੰ ਮੇਰੀ ਦਾਦੀ ਦੇ ਮੂੰਹੋ ਕਿਹਾ ਪੁੱਤ ਸ਼ਬਦ ਸੱਚੀਂ ਐਨਾ ਪਿਆਰਾ ਲੱਗਾ ਕਿ ਮੈਂ ਦੱਸ ਨਹੀਂ ਸਕਦੀ ਸੀ,ਦਿਲ ਕਰਦਾ ਸੀ ਦਾਦੀ ਨੂੰ ਗਲਾਵੇਂ ਨਾਲ਼ ਲਗਾ ਘੁੱਟ ਲਵਾਂ…

ਸਵੇਰ ਉਹੀ, ਮੈਂ ਜਲਦੀ ਜਲਦੀ ਕੰਮ ਨਿਬੇੜ ਲ਼ਿਆ ਤੇ ਮੈਂ ਦਾਦੀ ਨੂੰ ਡਰਦੀ ਡਰਦੀ ਨੇ ਕਿਹਾ ਕਿ ਮੇਰੇ ਕੋਲ ਤੇ ਕੋਈ ਸੂਟ ਹੀ ਨਹੀਂ ਆ, ਦਾਦੀ ਨੇ ਕਿਹਾ ਕਿ ਮੈਂ ਲੈ ਆਈ ਸੀ ਬੀਬੋ ਕੀ ਸੰਦੋਂ ਦਾ ਮੰਗ ਕੇ, ਜਵਾਂ ਕੱਦ,ਕਾਠ,ਮੋਟੀ,ਪਤਲੀ ਤੇਰੇ ਵਰਗੀ ਹੀ ਹੈ, ਨਾਲ਼ੇ ਰਾਣੀ ਦੀ ਭਾਬੀ ਨੂੰ ਵੀ ਕਹਿਤਾ ਸੀ,ਉਹ ਕਰਦੂ ਸਿਰ‌ ਕੰਘੀ ਤੇਰੇ,ਆ ਖਿਲਰੇ ਜਿਹੇ‌ ਵਾਲ ਸੋਹਣੇ ਨਹੀਂ ਲੱਗਦੇ, ਸੱਚੀਂ ਮੈਨੂੰ ਏਵੇਂ ਲੱਗ ਰਿਹਾ ਕਿ ਮੇਰੀ ਦਾਦੀ ਨੂੰ ਵੀ ਪਤਾ ਇਹ ਸਭ, ਕਿੰਨੇ ‌ਸੌਕ ਹੋਣੇਂ ਦਾਦੀ ਦੇ ਵੀ,ਪਰ ਫੇਰ ਕਿੱਥੇ ‌ਚਲੇ‌ ਗਏ, ਕੀਹਨੇ ਦੱਬ ਲ਼ਿਆ ਸ਼ੌਕਾਂ ਨੂੰ,ਠੀਕ ਦੁਪਹਿਰ ਦੇ ਦਸ‌ ਵੱਜ ਗਏ, ਮੈਂ ਬਿਲਕੁਲ ਤਿਆਰ ਹੋ‌ ਕੇ ਬੈਠੀ ਸਾਂ, ਅੰਦਰਲੀ ਸਬਾਤ ਵਿਚ,ਜਿਸ ਵਿਚ ਇੱਕ ਬਾਰੀਕ ਜਿਹੀ ਮੋਹਰੀ ਸੀ, ਜਿੱਥੋਂ ਘਰ ਆਉਂਦਾ ਜਾਂਦਾ ਹਰ‌ ਜੀ ਵਿਖਦਾ ਸੀ,ਵੇਖਿਆ ਇੱਕ ‌ਲੰਮੇ‌ ਜਿਹੇ ਕੱਦ ਵਾਲੀ ਬੋਤੀ ਲੈ…ਘਰ ਅੰਦਰ ਦੋ ਜੀ ਬੜ੍ਹੇ, ਇੱਕ ਤਾਂ ਮਡੰਗੇ ਤੋਂ ਮੇਰਾ ਮਾਮਾ ਲੱਗਿਆ,ਜਿਸਦੀ ਉਮਰ ਤਕਰੀਬਨ ਪੰਜਾਹ ਕੁ ਸਾਲ ਦੀ ਹੋਣੀਂ, ਇੱਕ ‌ਭਰਮੇ ਜਿਹੇ ਸਰੀਰ ਦਾ ਕੁੰਡੀਆਂ ਮੁੱਛਾਂ ਵਾਲਾ,ਤੀਹ ਕੁ ਸਾਲ ਦਾ ਮੁੰਡਾ, ਵੇਖਣ ਤੋਂ ਹੀ ਕਾਫ਼ੀ ਰੁੱਖੇ ਜਿਹੇ ਸੁਭਾਅ ਲੱਗਦਾ ਸੀ,ਮਗਰ ਹੀ ਇੱਕ ‌ਤੇਜ ਜਿਹੀ ਬੁੜੀ‌ ਤੇ‌ ਆਪਣੇ ਬੰਦੇ ਦੇ ਕੰਨ ਵਿੱਚ ਘੁਸੜ ਮੁਸੜ ਕਰਦੀ ਆਈ,ਜੋ ਮੁੰਡੇ ਦੇ ਮਾਂ ਪਿਓ ਲੱਗਦੇ ਸੀ,ਭਾਬੀ ਨੇ ਉਹਨਾਂ ਨੂੰ ਪਾਣੀ ਫੜਾਇਆ ਤੇ ਉਹ ਗੱਲਾਂ ਬਾਤਾਂ ਕਰਨ ਲੱਗੇ, ਐਨੇ ਵਿਚ ਦਾਦੀ ਮਾਂ ਨੇ ਹਾਕ ਮਾਰੀ ਤੇ ਚਾਹ ਲੈ ਕੇ ਆਉਣ ਨੂੰ ਕਿਹਾ ਮੇਰੇ ਦਿਲ ਦੀ ਧੜਕਣ ਧੱਕ…ਧੱਕ ਕਰ ਰਹੀ ਤੇ ਸਾਰਾ ਸਰੀਰ‌ ਕੰਬ ਰਿਹਾ ਸੀ, ਮੈਂ ਲੱਕੜ‌ ਦੇ ਮੇਜ਼ ਤੇ ਜਾ ਚਾਹ ਧਰ ਦਿੱਤੀ ਤੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਬੁਲਾ‌ ਦਾਦੀ ਮਾਂ ਦੇ ਕੋਲ ਹੋ ਬੈਠ ਗਈ
ਦਾਦੀ ਮਾਂ : ਵੇਖ ਲਵੋ ਭੈਣ ਜੀ ਇਹ ਹੈ ਕੁੜੀ, ਤੁਹਾਡੇ ਸਾਹਮਣੇ ਹੀ ਤੁਰ ਕੇ ਆਈ ਹੈ, ਬਲਾਈਂ ਨਰਮ ਸੁਭਾਅ ਹੈ…ਸਾਡੀ ਨੂਰ ਦਾ,ਪੰਜ ਕੁ ਸਾਲ ਦੀ ਸੀ ਵਿਚਾਰੀ ਇਹ ਤਾਂ ਜਦੋਂ ਮਾਂ ਤੁਰ ਗਈ ਸੀ ਇਹ ਤਾਂ ਮੈਂ ਹੀ ਪਾਲ਼ੀ ਹੈ, ਮੈਨੂੰ ਤੇ ਮੇਰੀਆਂ ਧੀਆਂ ਤੋਂ ਵੀ ਵੱਧ ਕੇ ਹੈ, ਕਦੇ ਟਕੇ ਦਾ ਉਲਾਂਭਾ ਨਹੀਂ ਦਬਾਇਆ ਮੇਰੀ ਧੀ ਨੇ ਤੇ ਸਾਰਾ ਕੰਮ ਕਾਜ ਵੀ ਆਪ ਕਰਦੀ ਹੈ, ਨਿੱਕੀ ਜਿਹੀ ਹੀ ਕਰਨ ਲੱਗ ਗਈ ਸੀ,ਸਾਰਾ ਕੰਮ ਕਾਜ, ਮੈਂ ਤੇ ਕਦੇ ਕੌਲੀ ਵੀ ਨਹੀਂ ਚੁੱਕ ਕੇ ਏਧਰ ਤੋਂ ਓਧਰ ਰੱਖੀ,ਬਾਕੀ ਤੁਸੀਂ ਦੱਸੋ ਭੈਣ ਜੀ ਤੁਹਾਨੂੰ ਕੁੜੀ ਕਿਵੇਂ ਲੱਗੀ
ਮੇਰੀ ਸੱਸ : ‌ਹਾਂ‌ ਭੈਣ ਜੀ ਕੁੜੀ ਤੇ ਸਿਆਣੀ ਲੱਗਦੀ ਹੈ,ਬਾਕੀ‌ ਸੁਭਾਅ ਤਾਂ ‌ਭੈਣ ਜੀ ਮਿਲ਼ ਵਰਤੇ ਤੋਂ ਹੀ ਪਤਾ ਲੱਗਦਾ,ਵੇਖਣ‌ ਨੂੰ ਚੰਦਰੀ ਉਹ ਵੀ ਬਹੁਤ ਸੋਹਣੀ ਸੀ,ਪਰ ਸਿਰ ਵਿੱਚ ‌ਖੇਹ ਪਬਾ ਤੁਰ ਗਈ
ਦਾਦੀ ਮਾਂ : ਭੈਣ ਜੀ ਚਾਹ ਚੁੱਕੋ ਤੁਸੀਂ
ਮੇਰੇ ਇਹ ਗੱਲ ਸਮਝ ਨਾ ਪਈ ਕਿ ਮੇਰੀ ਸੱਸ ਕਿਸਦੀ ਗੱਲ ਕਰ ਗਈ,ਕੌਣ ਖੇਹ ਪਬਾ ਤੁਰ ਗਈ, ਮੈਂ ਗੱਲ ਨੂੰ ਅਣਗੌਲਿਆਂ ਕੀਤਾ
ਉਹਨਾਂ ਨੇ ‌ਮੇਰੇ ਖੱਮਣੀਂ ਬੰਨੀਂ ਤੇ ਮੇਰਾ ਰੋਕਾ( ਮੰਗਣਾਂ ) ਹੋ ਗਿਆ, ਦਾਦੀ ਮਾਂ ਨੇ ਕਿਹਾ ਕਿ ਅਸੀਂ ਵਿਆਹ ਛੇ‌ ਮਹੀਨਿਆਂ ਨੂੰ ਦੇਵਾਂਗੇ,ਹਜੇ ਥੋੜਾ ਬਹੁਤ ਮੁਕਲਾਵਾ ਤਿਆਰ ਕਰਨ ਵਾਲਾ ਪਿਆ ਹੈ, ਦੇਣ ਲੈਣ ਵਿੱਚ ਸਿਰਫ਼ ਪਰੋਣੇ ਨੂੰ ਕੜਾ ਪਵਾਂਗੇ,ਹੋਰ ਅਸੀਂ ਕੁਝ ਨਾ ਦੇਈਏ ਨਾ ਲਾਈਏ,
ਮੇਰੀ ਸੱਸ : ਨਹੀਂ ਭੈਣਜੀ ਸਾਨੂੰ ਕੁੜੀ ਚਾਹੀਦੀ ਹੈ, ਸਾਨੂੰ ਇਹ ਸਭ‌ ਕਾਸੇ ਦੀ ਵੀ ਲੋੜ ਨਹੀਂ ਆ, ਸਾਨੂੰ ਤੇ ਮੁਕਲਾਵਾ ਵੀ ਨਾ ਦੇਵੋ,ਸੁਖ ਨਾਲ ਬਹੁਤ ਕੁਝ ਬਣਾਂ ਰੱਖਿਅ ਮੈਂ ‌ਨੂੰਹ ਰਾਣੀ ਲਈ, ਨਾਲ਼ੇ ਜੀਹਨੇ ਆਪਣੀ ਧੀ ਦੇ ਦਿੱਤੇ ਉਹ ਹੋਰ ਕੀ ਦੇਉ

ਮੇਰੀ ਦਾਦੀ ਨੂੰ ਇਹ ਗੱਲ ਚੰਗੀ ਲੱਗੀ, ਉਸਨੇ ਅਗਲੇ ਮਹੀਨੇ ਦਾ ਹੀ ਰੱਖ ਦਿੱਤਾ ‌ਵਿਆਹ,ਤੇ ਜਿੰਨਾਂ ਮੁਕਲਾਵਾ ਬਣਿਆ‌ ਪਿਆ ਸੀ, ਉਹ ਹੀ ਤਿਆਰ ਕਰਨ ਨੂੰ ਕਿਹਾ, ਗਿਣਵੇਂ ਦਿਨ ਸਨ,ਜੋ ਪਤਾ ਹੀ ਲੱਗਾ ਕਦ ਬੀਤ ਗਏ, ਮੇਰਾ ਵਿਆਹ ਹੋ ਗਿਆ, ਮੈਂ ਨਵੇਂ ਘਰ ਵਿਚ ਚਲੀ‌ ਗਈ, ਮੇਰਾ ਸੋਹਰਾ ਘਰ ਕਾਫ਼ੀ ਵੱਡਾ ਸੀ,ਦੋ ਮੱਝਾਂ ਸਨ ਤੇ ਇੱਕ ‌ਕੱਟੀ ਤੇ‌ ਇੱਕ ਜੋੜੀ ਬੱਦਲ਼ ,‌ ਪੈਲ਼ੀ ਵਧੀਆ ਸੀ, ਪਿੰਡ ਵਿੱਚ ਵੱਡੇ ਲਾਣੇ ਕੇ ਵੱਜਦੇ ਸਨ, ਇੱਕ ‌ਮੇਰੀ ਨਨਾਣ ਵੀ ਸੀ,ਜੋ ਮੇਰੇ ਤੋਂ ਇੱਕ ਕੁ ਸਾਲ ਛੋਟੀ ਸੀ। ਜੋ ਸ਼ਹਿਰ ਪੜ੍ਹਦੀ ਸੀ, ਇੱਕ ਹਫ਼ਤਾ ਤਾਂ ਮਿਲਣੀਆਂ ਗਿਲਣੀਆਂ ਵਿਚ ਹੀ ਲੰਘ ਗਿਆ

ਅਗਲੇ ਹਫ਼ਤੇ ਮੇਰੇ ਸੱਸ ਨੇ ਮੈਨੂੰ ‌ਥੋੜਾ‌ ਬਹੁਤ ਕੰਮ ਕਰਨ ਲਗਾ ਲ਼ਿਆ,ਜੋ ਮੈਂ ਤੇ ਮੇਰੀ ਨਨਾਣ ਵੰਡ ਕੇ ਕਰ ਲੈਂਦੀਆਂ,ਮੇਰੀ ਸੱਸ ਦਾ ਸੁਭਾਅ ਵੀ ਬੜਾ ਵਧੀਆ ਲੱਗਾ,ਤੇ ਬਾਕੀਆਂ ਦਾ ਵੀ, ਏਥੇ ਕੋਈ ਵੀ ਉੱਚੀ ਆਵਾਜ਼ ਵਿਚ ਨਹੀਂ ਸੀ, ਬੋਲਦਾ,ਜੋ ਸਭ ਤੋਂ ਜ਼ਿਆਦਾ ਮੇਰੇ ਦਿਲ ਨੂੰ ਭਾਇਆ, ਮੇਰੇ ਘਰਵਾਲ਼ੇ ਦਾ ਨਾਂ ਜੱਗਾ ਸੀ, ਉਹ ਸਵੇਰੇ ਹੀ ਖੇਤਾਂ ਨੂੰ ਚਲਾ ਜਾਂਦਾ ਤੇ ਸ਼ਾਮ ਪਈ ਹੀ ਘਰ ਆਉਂਦਾ, ਮੈਨੂੰ ‌ਵੀ ਥੋੜਾ ਬਹੁਤ ਹੀ‌ ਬੁਲਾਉਂਦਾ, ਬਸ ਰਾਤ ਨੂੰ ਆਉਂਦੇ ਸਾਰ ਹੀ ਮੈਨੂੰ ‌ਬੋਲਦਾ ਕਿ ਰੋਟੀ ਲੈ ਕੇ ਆ, ਮੈਂ ਰੋਟੀ ਲੈ ਕੇ ਜਾਂਦੀ ਆਪ ਕਿੰਨਾ ਕਿੰਨਾ ਚਿਰ ਸ਼ਾਰਾਬ ਪੀ ਜਾਂਦਾ ਰਹਿੰਦਾ ਤੇ ਕਦੇ ਕਦੇ ਤਾਂ ਰੋਟੀ ਵੀ ਕੋਲ਼ ਪਈ ਠਰ ਜਾਂਦੀ, ਬਿਨਾਂ ਖਾਏ ਹੀ ਸੌਂ ਜਾਂਦਾ, ਉਹ ਐਨੀ ਸ਼ਾਰਾਬ ਪੀਂਦਾ ਕਿ ਉਸਨੂੰ ਕੋਈ ਹੋਸ਼ ਨਾ ਰਹਿੰਦੀ, ਮੈਂ ਇਹ ਸਬ ਇੱਕ ਦੋ ਮਹੀਨੇ ਤਾਂ ‌ਵੇਖਿਆ ਫੇਰ ਮੈਂ ਇਹ ਗੱਲ ਆਪਣੀਂ ‌ਸੱਸ ਨੂੰ ਦੱਸੀਂ,ਪਰ ਫੇਰ ਵੀ ਕੋਈ ਫ਼ਰਕ ਨਾ ਪਿਆ,ਉਸਦਾ ਰੋਜ਼ ਹੀ ਇਹ ਹਾਲ,ਔਰਤ ਦੀਆਂ ਸਮਾਜਿਕ ਲੋੜਾਂ ਤੋਂ ਬਿਨਾਂ ਕੁਝ ਕੁ ਸਰੀਰਕ ਲੋੜਾਂ ਵੀ ਹੁੰਦੀਆਂ ਨੇ , ਜਿਹਨਾਂ ਨੂੰ ਇੱਕ ਮਰਦ ਹੀ ਪੂਰਾ ਕਰ ਸਕਦਾ ਹੈ, ਸ਼ਾਇਦ ਇਸੇ ਲਈ ਇੱਕ ਔਰਤ ਨੂੰ ਵਿਆਹ ਦੇ ਬੰਧਨਾਂ ਨਾਲ‌ ਬੰਧਿਆਂ ਜਾਂਦਾ ਹੈ,ਪਰ ਜੇ ਉਹ ਇਸ ਜ਼ਰੂਰਤ ਪੂਰੀ ਨਹੀਂ ਕਰ ਸਕਦਾ ਤਾਂ ਫੇਰ ਉਸਨੂੰ ਮਰਦ ਨਹੀਂ ਕਹਾ ਜਾ ਸਕਦਾ,ਕਰਦੇ ਕਰਾਉਂਦੇ, ਇੱਕ ਸਾਲ ਬੀਤ ਗਿਆ, ਮੈਂ ‌ਤੀਆਂ ਦੇ ਤਿਉਹਾਰ ਮਨਾਉਣ ਪਿੰਡ ਗਈ, ਮੈਂ ਇਹ‌ ਸਾਰੀ ਗੱਲ ‌ਰਾਣੀ ਦੀ‌‌ ਭਾਬੀ‌ ਨੂੰ ਦੱਸੀ, ਉਸਨੇ ਇਹ ਗੱਲ ‌ਦਾਦੀ ਮਾਂ ਨੂੰ ਦੱਸੀ, ਦਾਦੀ ਮਾਂ ਨੇ ਮੈਨੂੰ ਇਹ ਗੱਲ ‌ਪੁੱਛੀ, ਕੇ ਕੀ ਇਹ ਸੱਚ ਹੈ, ਮੈਂ ਦਾਦੀ ਮਾਂ ਨੂੰ ਕਿਹਾ … ਹਾਂ,ਉਹ ਮੇਰੇ ਨਾਲ ਮੇਰੇ ਸੋਹਰੇ ਘਰ ਗਈ ਤੇ ਮੇਰੀ ਸੱਸ ਨਾਲ ਗੱਲ ਬਾਤ ਕੀਤੀ ਤੇ ਉਸਨੇ ਕਿਹਾ ਕਿ ਮੁੰਡਾ ਖੂਹ ਵਿੱਚ ਡਿੱਗ ਗਿਆ ਸੀ, ਜਿਸ ਕਰਕੇ ਦਿਮਾਗ਼ ਤੇ ਥੋੜ੍ਹੀ ਸੱਟ ਲੱਗ ਗਈ, ਹੋਰ ਕੋਈ ਗੱਲ ਨਹੀਂ,ਦਵਾਈ ਚੱਲ ਰਹੀ ਹੈ,ਜਲਦੀ ਠੀਕ ਹੋ ਜਾਵੇਗਾ,ਪਰ ਮੇਰੀ ਸੱਸ ਨੂੰ ਮੇਰੀ ਦਾਦੀ ਮਾਂ ਦੁਬਾਰਾ ਕਹੀ ਇਹ ਗੱਲ, ਕਿਸੇ ਕੱਚ ਦੇ ਟੁਕੜੇ ਵਾਂਗ ਚੁੱਬੀ,ਜੋ ਘਰ ਵਿਚ ਕਲੇਸ਼ ਦਾ ਰੂਪ ਧਾਰਨ ਕਰ ਗਈ,ਉਹ ਸੱਸ‌ ਜੋ ਮੈਨੂੰ ਪੁੱਤ ਤੋਂ ਬਿਨਾਂ ਨਹੀਂ ਸੀ ਬੋਲਦੀ,ਉਹ ਹਰ ਵਕ਼ਤ ਮੇਰੇ ਨਾਲ ਕਿਸੇ ਨਾ ਕਿਸੇ ਗੱਲ ਪਿਛੇ ਲੜਦੀ ਰਹਿੰਦੀ।

ਅੱਜ‌ ਜੱਗਾ ਅੱਜ ਮੂੰਹ ਹਨੇਰੇ ਹੀ ਚੱਲਾ‌ ਗਿਆ, ਮੇਰੀ ਸੱਸ ਕਹਿੰਦੀ ਮੇਰਾ‌ ਸਿਰ ਦਰਦ ਕਰ ਰਿਹਾ, ਜਾ ਤੂੰ ‌ਭੱਤਾ‌ ਫੜਾ‌ ਆ...

ਜੱਗੇ ਨੂੰ, ਮੈਂ ਭੱਤਾ‌ ਲੈ‌ ਕੇ ਅੱਜ ਤੋਂ ਪਹਿਲਾਂ ਵੀ ਕਈ ਵਾਰ ਜਾ‌ ਚੁੱਕੀ ਸੀ, ਮੈਂ ਰੋਟੀ ਬੰਨ੍ਹ ਤੇ‌ ਹੱਥ ਵਿਚ ਲੱਸੀ ਵਾਲਾ ਪਿੱਤਲ ਦਾ‌ ਡੋਲੂ ਫੜ‌ ਤੁਰ ਪਈ, ਖੇਤ ਕੋਈ ਜ਼ਿਆਦਾ ਦੂਰ ਨਹੀਂ ਸੀ, ਪਰ ਤੁਰ ਕੇ ਜਾਂਦਿਆਂ ਫ਼ੇਰ ਵੀ ਵੀਹ ਪੱਚੀ ਮਿੰਟ ਲੱਗ ਜਾਂਦੇ ‌ਸੀ, ਮੈਂ ਪੁਰਾਣੇ ‌ਕੋਠੇ ਵਾਲ਼ੀ ਪਹੀ ਹੀ ਮੁੜੀ ਸੀ ਕਿ ਵੱਡੀ‌ ਬੇਰੀ‌ ਕੋਲ਼ ਇੱਕ ਉੱਚਾ‌ ਲੰਮਾ ਗੱਭਰੂ ਗੰਨਾ‌ ਚੱਬ ਰਿਹਾ ਸੀ ਤੇ ਟੇਡੀ‌‌ ਟੇਡੀ ਅੱਖ ਨਾਲ ਮੇਰੇ ਵੱਲ ਵੇਖ ਰਿਹਾ ਸੀ,ਵੇਖਣ‌ ਤੋਂ ਸਰਦਾਰ ਲੱਗਦਾ ਸੀ, ਜਦੋਂ ਮੈਂ ‌ਕੋਲੋਂ‌ ਦੀ ਲੰਘਣ‌ ਲੱਗੀ ਤਾਂ ਬੋਲਿਆ…ਜੇ ਗੰਨੇ ਗੁੰਨੇ ਚਾਹਿਦੇ ਹੋਏ ਤਾਂ ਦੱਸਿਓ ਜੀ… ਮੈਂ ਹਲਕਾ‌ ਜਿਹਾ ਪਿਛਾਂਹ ‌ਮੁੜ‌ ਕੇ ਵੇਖਿਆ ਤੇ ਬਣਾ ਕੁਝ ਬੋਲੇ‌ ਸਿੱਧਾ‌‌ ਆਪਣੇ ਖੇਤ ਚਲੀ‌‌ ਗਈ, ਮੈਂ ‌ਵੇਖਿਆ ਜੱਗਾ‌ ਟਾਹਲੀ‌ ਦੀ‌ ਛੌਂਹ‌ ਹੇਠ ਖਾਲ ਵਿਚ ‌ਪੱਲੀ‌ ਵਿਛਾਈ ਪਿਆ ਸੀ, ਮੇਰੀ ਝਾਂਜਰਾਂ ਦੀ ਆਵਾਜ਼ ਸੁਣ ਉਹ ਦੂਰੋਂ ਹੀ ਉੱਠ ਖਲੋਇਆ, ਮੈਂ ਰੋਟੀ ਪਾਉਣ ਲੱਗ ਪਈ ਤੇ ਉਹ ਹੱਥ ਧੋ ਕੇ,ਸਿਰ ਪਰਨਾ ਬੰਨਣ ਲੱਗ ਪਿਆ

ਮੈਂ : ਜੀ ਇੱਕ ਗੱਲ ਕਹਾਂ
ਜੱਗਾ : ਹਾਂ ਬੋਲ
ਮੈਂ : ਲੋਕ‌ ਤਾਹਨੇ ਮਿਹਣੇ ਦੇਂਦੇ ਨੇ ਕਿ ਵਿਆਹ ਨੂੰ ਦੋ ਸਾਲ‌ ਹੋ ਗਏ,ਪਰ ਕੋਈ ਖੁਸ਼ੀ ਨਹੀਂ ਆਈ ਘਰ ਵਿਚ
ਜੱਗਾ : ਫੇਰ ਮੈਂ ਕੀ ਕਰਾਂ, ਮੈਂ ਥੋੜ੍ਹੀ ਕੋਈ ਤਾਹਨਾ ਮਿਹਣਾ ਮਾਰਿਆ,ਜਿਹਨੇ ਮਾਰਿਆ ਉਹਨੂੰ ਪੁੱਛ
ਮੈਂ : ਜੇ ਆਹ ਗੱਲ ਆ, ਫੇਰ ਲੱਗਜੂ ਪਤਾ ਸੋਨੂੰ ਵੀ,ਜੇ ਮਰਦ ਹੀ ਨਹੀਂ ਸੀ, ਫੇਰ ਵਿਆਹ ਧੱਕੇ ਖਵਾਉਣ ਨੂੰ ਕਰਾਇਆ ਸੀ,ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ,( ਮੇਰੀਆਂ ਅੱਖਾਂ ਨਹਿਰ ਦੇ ਪਾਣੀ ਵਾਲੀ ਵਗਣ ਲੱਗੀਆਂ )
ਜੱਗਾ : ਤੂੰ ਜ਼ੁਬਾਨ ਨੂੰ ਲਗਾਮ ਦੇ, ਮੇਰੇ ਤੋਂ ਹੋਰ ਨਾ ਸੁਣ ਲਈ
ਮੈਂ : ਹਾਂ ਹਾਂ ‌ਬੋਲ ਅੱਗੇ…
ਜੱਗਾ : ਜਾ ਜੇ ਨਹੀਂ ਨਿੱਭਦੀ ‌ਤਲਾਕ ਦੇਦੇ
ਮੈਂ : ਵਿਆਹ ਮੈਂ‌ ਤਲਾਕ ਕਰਵਾਉਣ ਨਹੀਂ ਸੀ ਕਰਾਇਆ

ਮੈਂ ਬਿਨਾਂ ਭਾਂਡੇ ਖਾਲੀ ‌ਕਰੇ ਹੀ ਵਾਪਿਸ ਘਰ‌‌ ਨੂੰ ਤੁਰ‌‌ ਪਈ, ਮੇਰੀਆਂ ਅੱਖਾਂ ਹੁਣ ਵੀ ਡੁੱਲ੍ਹ ਰਹੀਆਂ ਸੀ, ਕਿਉਂਕਿ ਮੇਰਾ ਅੰਦਰਲਾ ਦਰਦ ਚੀਕ ਰਿਹਾ ਸੀ, ਮੇਰੀ ਸੀਤ ਜਵਾਨੀ ਹੁਣ ‌ਮੇਰੇ ਵੀ ਵੱਸ ਤੋਂ ਬਾਹਰ ਹੁੰਦੀ ਜਾ ਰਿਹਾ ਸੀ,ਮੇਰਾ ਦਿਲ ਕਹਿੰਦਾ ਸੀ ਜਾਂ ਤਾਂ ਮਰ ਜਾਵਾਂ ਜਾਂ ਕਿੱਧਰੇ ਭੱਜ‌‌ ਨਿਕਲਾ, ਮੈਂ ਸੋਚਦੀ ਸੋਚਦੀ ਅਜੇ‌ ਉਸੇ ਵੱਡੀ ਬੇਰੀ ਕੋਲ ਪਹੁੰਚੀ ਸੀ‌, ਜਿੱਥੇ ਉਹ ਉੱਚਾ‌ ਲੰਮਾ‌ ਗੱਬਰੂ ਮਿਲਿਆ ਸੀ, ਉਹ ਹੁਣ ਵੀ ਉਥੇ ਹੀ ਖੜ੍ਹਾ ਸੀ। ਮੈਂ ਉਹਨਾਂ ਵੇਖ ਆਪਣੀ ਚਾਲ‌‌ ਸਾਦੀ ਕਰ ਲਈ
ਗੱਬਰੂ : ਰੱਬ ਨੇ ਸੋਹਣੀ ਸੂਰਤ ਬਣਾਈਂ,ਨਾਮ‌ ਕਿੰਨਾ ਸੋਹਣਾ ਸੋਹਣਾ, ਸਾਨੂੰ ਵੀ ਦੱਸਦੋ
ਮੈਂ ‌: ਐਵੇਂ ‌ਲੰਘਦੇ ਰਾਹੀਂ ਦਾ‌ ਰਾਹ ਨੀਂ ਡੱਕਦੇ ਹੁੰਦੇ
ਗੱਬਰੂ : ਹੋਰ ਰਾਹਾਂ ‌ਨੇ ਕੀ ਪੁੰਨ ਖੱਟਿਆ,ਇਹੀ ਪੁੰਨ ਲੱਗਦਾ ਇਹਨਾਂ ਨੂੰ… ਸਾਰੇ ਮੈਨੂੰ ‌ਮੋਹਣਾ‌…ਮੋਹਣਾ‌ ਆਖਦੇ ਨੇ,
ਤੁਸੀਂ ਵੀ ਦੱਸਦੋ
ਮੈਂ : ਉਂਝ ‌ਤਾਂ‌ ਇਸ਼ਕਨੂਰ ਆ,ਪਰ ਤੁਸੀਂ ਨੂਰ ਕਹਿ ਸਕਦੇ ਹੋ
ਉਹ ਮੇਰੀ ਬਾਂਹ ਫੜਨ ਲੱਗਾ, ਮੈਂ ‌ਭੱਜ ਕੇ ਅਗਾਂਹ ਹੋ‌ ਗਈ‌ ਤੇ ਕਿਹਾ ਕੋਈ ਵੇਖ ਲਵੇਗਾ,
ਮੋਹਣਾ : ਚੱਲ ਕੱਲ੍ਹ ਮਿਲ਼ਦੇ ਆ ਇਥੇ ਹੀ
ਮੈਂ : ਕੋਈ ਨਾ ਵੇਖਾਂਗੇ

ਮੈਨੂੰ ਪਤਾ ਇਹ ਸਭ ਠੀਕ ਨਹੀਂ ਆ, ਇਸਦਾ ਸਿੱਟਾ ਵੀ‌ ਬੁਰਾ ਨਿਕਲੇਗਾ,ਪਰ ਮੇਰੇ ਕੋਲ ਹੋਰ ਕੋਈ ਰਸਤਾ ਵੀ ਨੀਂ ਸੀ,ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਸਹੀ ਹੈ ਜਾਂ ਗ਼ਲਤ ਪਰ ਮੈਨੂੰ ‌ਮੇਰੀ ਜ਼ਰੂਰਤ ਅੱਗੇ ਸਭ ਜਾਇਜ਼ ਲੱਗ ਰਿਹਾ ਸੀ ਤੇ ਉਪਰੋਂ ਸੱਚੀਂ ਐਨਾ ਸੋਹਣਾ ਸੁਨੱਖਾ ਮੁੰਡਾ ਕਾਲਜ਼ੇ ਸੱਚੀਂ ਅੱਗ ਲਗਾਉਂਦਾ ਸੀ‌। ਅਸੀਂ ਹਰਰੋਜ਼ ਉਥੇ ਹੀ ਮਿਲ਼ਦੇ,ਉਹ ਰਾਹ ਬਹੁਤ ਜ਼ਿਆਦਾ ਸੁੰਨਾ ਸੀ ਤੇ ਆਸੇ ਪਾਸੇ ਦੇ ਸਾਰੇ ਖੇਤ ਬਸ ਸਾਡੇ ਖੇਤ ਨੂੰ ਛੱਡ ‌ਮੋਹਣੇ ਕੇ ਹੀ ਸਨ, ਏਦਾਂ ਹੀ ਸਾਨੂੰ ‌ਮਿਲਦਿਆਂ‌ ਦੋ‌ ਮਹੀਨੇ ਬੀਤ ਗਏ, ਹੁਣ ਕਣਕ ਪੱਕ ਚੱਲੀ ਸੀ ਤੇ ਵਾਢੀ‌ ਸ਼ੁਰੂ ਹੋ ਗਈ, ਹੁਣ ਸਾਡਾ ਮਿਲਣਾਂ ਔਖਾ ਹੋ ਗਿਆ,ਪਰ ਮੇਰੇ ਤੋਂ ਇੱਕ ਦਿਨ ਵੀ ਨਹੀਂ ਸੀ‌‌ ਰਹਿ ਹੁੰਦਾ, ਮਿਲ਼ੇ ਬਿਨਾਂ, ਅਸੀਂ ਦੋਵੇਂ ‌ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਸੀ, ਨਾਲ਼ੇ ਇਹ ਵੀ‌ ਜਾਣਦੇ ਸੀ ਕਿ ਇਹ‌ ਰਿਸ਼ਤਾ‌ ਕਦੇ ਵੀ ਪੂਰ ਨਹੀਂ ਚੜਨਾ,ਪਰ ਸਿਆਣੇ ਆਖਦੇ ਨੇ ਇਸ਼ਕ ਅੰਨ੍ਹਾ ਹੁੰਦਾ… ਸੱਚੀਂ ਇਹ ਹੈ ਵੀ ਅੰਨ੍ਹਾ ਸੀ

ਸਾਨੂੰ ਮਿਲਿਆ ਨੂੰ ਇੱਕ ਹਫ਼ਤਾ ਬੀਤ ਗਿਆ, ਜਦੋਂ ਕੋਈ ਰਾਹ ਰਸਤਾ ਨਾ ਲੱਭਿਆ , ਅਸੀਂ ‌ਰਾਤ‌ ਨੂੰ ਮਿਲਣ ਦਾ‌ ਸੋਚਿਆ,ਰਾਤ ਦੇ ਇੱਕ ‌ਵੱਜੇ ਸਨ, ਮੈਂ ਸਾਡੇ ਪਸ਼ੂਆਂ ਵਾਲੇ ਬਾਗਲ ( ਬਾੜੇ ) ਵਿਚ ਮੋਹਣੇ ਦਾ ਇੰਤਜ਼ਾਰ ਕਰ ਰਹੀ ਸੀ।ਪਰ ਕੀ ਹੋਇਆ ਮੋਹਣੇ ਨੂੰ ਸਾਡੇ ਬਾਗਲ ਵਾਲ਼ੀ ਕੰਧ‌ ਟੱਪਦਿਆਂ ਕਿਸੇ ਨੇ ਵੇਖ ਲਿਆ, ਅਸੀਂ ਦੋਵੇਂ ‌ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਕਿ ਇਕ‌ ਚਿੱਟੇ ਗੂੜ੍ਹੇ ਤਾਰੇ ਵਰਗੀ ਚਮਕ ਸਾਡੇ ਵੱਲ ਆਈ। ਪੰਦਰਾਂ ਵੀਹ‌‌ ਪਿੰਡ ਦੇ ਬੰਦੇ ਸਨ,ਜੱਗੇ ਨੇ ਮੈਨੂੰ ਤੇ‌ ਮੋਹਣੇ ਨੂੰ ਖ਼ੂਬ ਕੁੱਟਿਆ ਮਾਰਿਆ ਮੇਰੀ ਸੱਸ ਨੇ ਵੀ ਗਾਲਾਂ ਦੇ ਦੇ‌ ਢਿੱਡ ਹੌਲ਼ਾ ਕਰ ਲ਼ਿਆ,ਤੇ ਪਿੰਡ ਵਾਲਿਆਂ ਦਾ ਤਾਂ ‌ਪਤਾ ਹੀ ਆ,ਜੋ‌ ਮੂੰਹ ਆਉਂਦਾ ਉਹ ਬੋਲਦੇ ਨੇ, ਜਿਵੇਂ ਉਹਨਾਂ ਦੀ ਹੀ ਮਾਂ, ਭੈਣ ਲੱਗਦੀ ਹੋਵਾਂ,ਸਵੇਰ ਨੂੰ ਗੱਲ ਸਾਰੇ ਪਿੰਡ ਵਿੱਚ ਫੈਲ ਗਈ।

ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਦਾਦੀ ਮਾਂ ਵੀ ਆਈ,ਜਿਸ ਨੂੰ ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੀ ਸੀ, ਬਹੁਤ ਕੁਝ ਬੋਲਿਆ ਗਿਆ, ਮੈਂ ਉਹ ਪੱਥਰ ਬਣ ਸੁਣਦੀ ਰਹੀ ਜੋ ਪੱਥਰ ਬਣ ਮੈਂ ਦੋ ਸਾਲ ਬਤੀਤ ਕਰੇ ਸੀ, ਅਖ਼ੀਰ ਮੇਰੇ ਸੋਹਰਿਆਂ ਨੇ ਮੁੱਕਦੀ ਗੱਲ ਸੁਣਾ ਦਿੱਤੀ ਕਿ ਅਸੀਂ ਇਸ ਕੱਲ ਮੂੰਹੀਂ ਨੂੰ ਆਪਣੇ ਘਰ ਨਹੀਂ ਰੱਖ ਸਕਦੇ,ਸਾਡੇ ਵੱਲੋਂ ਤਲਾਕ ਦਿੱਤਾ ਜਾਂਦਾ ਹੈ, ਪੰਚਾਇਤ ਵਿਚ ਮੋਹਣੇ ਨੂੰ ਬੁਲਾਇਆ ਗਿਆ, ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ, ਜਦੋਂ ਮੈਨੂੰ ਪਤਾ ਲੱਗਾ ਕਿ ਮੋਹਣਾ‌ ਪਿੰਡ ਦੇ ਸਰਪੰਚ ਦਾ ਮੁੰਡਾ ਹੈ, ਮੋਹਣੇ ਨੇ ਮੇਰੇ ਨਾਲ ਵਿਆਹ ਕਰਾਉਣ ਤੋਂ ਸਾਫ਼ ਮਨਾ ਕਰ ਦਿੱਤਾ, ਮੈਨੂੰ ਕੋਈ ਦੁੱਖ ਨਹੀਂ ਸੀ,ਕਿ ਮੇਰੇ ਨਾਲ ਇਹ‌ ਸਭ ਕਿਉਂ ਹੋ ਰਿਹਾ , ਕਿਉਂ ਮੈਂ ਇਸੇ ਦੀ ਹੱਕਦਾਰ ਸੀ, ਮੈਂ ਰੋਂਦੀ ਰਹੀ ਮੇਰੀ ਉਸ ਕੜਮੀਂ ਮਾਂ ਨੂੰ ਜੀਹਨੇ ਮੈਨੂੰ ਜਨਮ‌‌ ਦੇਂਦੇ ਸਾਰ ਹੀ ਗਲਾ ਘੋਟ ਕਿਉਂ ਨਾ ਮਾਰ ਦਿੱਤਾ, ਮੈਂ ਬੇਸ਼ੱਕ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਸਾਂ, ਪਰ ਫੇਰ ਪਤਾ ਨਹੀਂ ਐਦਾਂ ਕਿਉਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਮੈਨੂੰ ਪਿੰਜਰੇ ਵਿਚੋਂ ਆਜ਼ਾਦ ਕਰ ਦਿੱਤਾ ਹੋਵੇ

ਮੇਰੀ ਦਾਦੀ ਮਾਂ ਦੇ ਵੀ‌ ਵੱਸ‌ ਦੀ ‌ਗੱਲ‌ ਨਹੀਂ ਸੀ,ਉਹ ਪਿੰਡ ਵਿੱਚ ਬਣੀਂ ਇੱਜ਼ਤ ਨੂੰ ਖ਼ਰਾਬ ਨਹੀਂ ਸੀ ਕਰਨਾ ਚਾਹੁੰਦੀ, ਉਸਨੇ ਮੈਨੂੰ ਘਰ ਲੈ ਕੇ ਜਾਣ ਤੋਂ ਸਾਫ਼ ਮਨਾਂ ਕਰ ਦਿੱਤਾ,ਇਸ ਗੱਲ ਨਾਲ ਮੈਨੂੰ ਵੀ ਕੋਈ ਸ਼ਿਕਵਾ ਨਹੀਂ ਸੀ, ਮੈਨੂੰ ਲੱਗਦਾ ਸ਼ਾਇਦ ਮੇਰੀ ਕਿਸਮਤ ਵਿੱਚ ਹੀ ਇਹ ਸਭ ਲਿਖਿਆ ਸੀ,
ਤੇ ਨਾ ਹੀ ਮੈਂ ਕਿਸੇ ਦੇ ਸਿਰ ਤੇ ਬੋਝ ਬਣਨਾ‌ ਚਾਹੁੰਦੀ ਸੀ,ਮੈਂ ਜਿੱਥੇ ਖੇਡ ਵੱਡੀ ਹੋਈ, ਅੱਜ ਉਹਨਾਂ ਹੀ ਰਾਹਾਂ ਉੱਪਰ ਭਟਕਦੀ ਫਿਰਦੀ ਸੀ,ਮੈਨੂੰ ਦਾਦੀ ਦੀ ਕਹੀ ਇੱਕ ਗੱਲ ਯਾਦ ਆ ਰਹੀ ਸੀ ਪੁੱਤ ਚੱਲ ਕੋਈ ਨਾ ਮੈਂ ਸਮਝ ਸਕਦੀ ਹਾਂ, ਕੁਝ ਗਲਤੀਆਂ, ਗ਼ਲਤ ਵੀ ਨਹੀਂ ਹੁੰਦੀਆਂ,ਪਰ ਫੇਰ ਵੀ ਗ਼ਲਤ ਹੋ ਜਾਂਦੀਆਂ, ਮੈਨੂੰ ਦਾਦੀ ਮਾਂ ਦੀਆਂ ਡੂੰਘੀਆਂ ਤੇ ਅੱਧ ਭਰੀਆਂ ਅੱਖਾਂ ਦੇ ਪਿਛਲਾ ਦਰਦ‌ ਚੰਗੀ ਤਰ੍ਹਾਂ ਵਿੱਖ‌‌ ਤੇ ਹੁਣ ਸਮਝ ਆ‌ ਰਿਹਾ ਸੀ। ਕਿੱਥੇ ਗਏ ਸੀ ਦਾਦੀ ਦੇ ਮਿੱਠੇ ਬੋਲ ਕਿੱਥੇ ਗਈਆਂ‌ ਰੀਝਾਂ…ਕਈ ਹਾਲਾਤ ਨਾ ਓਨਾ ਚਿਰ ਸਮਝੇ ਜਾਂ ਅਹਿਸਾਸ ਨਹੀਂ ਕੀਤੇ ਜਾ ਸਕਦੇ, ਜਿੰਨਾਂ ਚਿਰ ਇਹ ਖ਼ੁਦ ਉੱਪਰ ਨਾ ਬੀਤਣ।

ਦਸ ਵੱਜੇ ਸਨ, ਸਾਰੇ ਜਾਣੇ ਸੌਂ ਗਏ ਸੀ, ਰੁੱਖ ਵੀ ਖੇਤ ਵੀ, ਮੈਂ ‌ਆਪਣਾ ਕੱਪੜਿਆਂ ਵਾਲਾ ਝੋਲਾ ਚੁੱਕਿਆ‌ ਤੇ ਬਿਨਾਂ ਸੋਚੇ ਸਮਝੇ ਵਿਚਾਰੇ, ਸ਼ਹਿਰ ਵੱਲ ਤੁਰ ਪਈ,ਦਸ ਕੁ‌ ਕਿਲੋਮੀਟਰ ਦੂਰ ਹੀ‌ ਸੀ ਸ਼ਹਿਰ, ਤਕਰੀਬਨ ‌ਬਾਰਾਂ‌ ਇੱਕ ਵੱਜਦੇ ਨੂੰ ਮੈਂ ਸ਼ਹਿਰ ਪਹੁੰਚ ਗਈ, ਮੇਰੀ ਕੋਲ ਸਿਰਫ਼ ਪੰਜ ਰੁਪਏ ਸਨ ਤੇ ਜੋ ਮੁੱਠੀ ਵਿਚ ਮੈਂ ਕਿਸੇ ਨਿੱਕੇ ਜਵਾਕ ਵਾਗ ਘੁੱਟ ਕੇ ਰੱਖੇ ਹੋਏ ਸੀ, ਮੈਂ ਰੇਲਵੇ ਸਟੇਸ਼ਨ ਤੇ ਪਹੁੰਚੀ, ਏਥੇ ਉਹ ਪੜੀਆਂ ਪੰਜ ਜਮਾਤਾਂ ਮੇਰੇ ਕੰਮ ਆਈਆਂ, ਮੈਂ ਪੰਜ ਰੁਪਏ ਵਿਚ ‌ਕੁਰੂਕਸ਼ੇਤਰ ਦੀ ਟਿਕਟ ਲਈ, ਸਵੇਰੇ ਤਿੰਨ ਵਜੇ ਆਉਂਣੀ ਸੀ ਰੇਲ, ਮੇਰਾ ਨੀਂਦ ਨਾਲ ਬੁਰਾ ਹਾਲ ਹੋ ਰਿਹਾ ਸੀ,ਰੇਲ ਆਈ ਮੈਂ ਉੱਪਰ ਲਏ ਸ਼ੌਲ ਦੀ‌ ਬੁੱਕਲ਼ ਮਾਰੀ ਤੇ ਗੂੜ੍ਹੀ ਨੀਂਦੇ ਸੌਂ ਗਈ, ਮੈਨੂੰ ਨਾ ਕੋਈ ਸੁਫਨਾ ਨਾ ਕੋਈ ਖ਼ਿਆਲ ਕੁਝ ਨਹੀਂ ਆਇਆ, ਬਸ ਜਦੋਂ ਰੇਲ‌ ਰੁਕੀਂ ਤਾਂ ਪਤਾ ਲੱਗਾ , ਕੋਈ ਨਿਰਵਾਣਾ ਸ਼ਹਿਰ ਆ ਗਿਆ ਹੈ ਤੇ ਇਸ ਤੋਂ ਅੱਗੇ ਹੀ ਕੁਰੂਕਸ਼ੇਤਰ ਹੈ, ਮੈਨੂੰ ਨਹੀਂ ਸੀ ਪਤਾ ਮੈਂ ਉਥੇ ਕਿਉਂ ਜਾ ਰਹੀ ਆ,ਬਸ‌ ਉਥੋਂ ਤੀਕ ਦੀ ਟਿਕਟ ਲੈ ਸਕਦੀ ਸੀ ਲੈ ਲਈ, ਬਾਕੀ ਜਦੋਂ ਕਿਸਮਤ ਨੇ ਹੁਣ ਤੀਕ ਲੈ ਆਂਦਾ, ਫੇਰ ਅੱਗੇ ਵੀ ਲੈ ਜਾਣਾਂ ਹੈ,ਉਹ ਦਿਨ ਉਹ ਰਾਤ ਜੋ ਸੋਚੀ ਨਹੀਂ ਸੀ, ਕਿਸਮਤ ਨੇ ਉਹ ਦਿੱਤੀ ਫੇਰ ਅੱਗੇ ਤਾਂ ਪੱਕਾ ਹੀ ਸੀ,ਕਿ ਉਹੀ ਮਿਲਣਾਂ ਹੈ,ਜੋ ਸੋਚਿਆ ਵੀ ਨਹੀਂ, ਮੈਂ ਕੁਰੂਕਸ਼ੇਤਰ ਪਹੁੰਚੀ, ਬਿਲਕੁਲ ਅਣਜਾਣ ਲੋਕਾਂ ਵਿਚ ਮੈਂ ਵੇਖਣ ਵਿਚ ਅੱਜ ਵੀ ਇੱਕ ਅਣਵਿਆਹੀ ਕੁੜੀ ਵਰਗੀ ਲੱਗਦੀ ਸੀ,ਹਰ ਕੋਈ ਮੈਨੂੰ ਏਦਾਂ ਜਾਪਦਾ ਸੀ ਜਿਵੇਂ ਮੇਰੇ ਹੀ ਵੱਲ ਵੇਖ ਰਿਹਾ ਹੋਵੇ

ਮੈਂ ਦੋ ਤਿੰਨ ਦਿਨ ਉਥੇ ਗਲ਼ੀ ਗਲ਼ੀ ਜਾ ਕੰਮ‌ ਲੱਭਦੀ ਰਹੀ,ਪਰ ਕੋਈ ਕੰਮ‌ ਨਾ ਮਿਲ਼ਿਆ, ਮੇਰੇ ਕੋਲ਼ ਇੱਕ ਰਾਹ ਸੀ ,ਉਹ ਸੀ ਮੌਤ , ਮੈਂ ਰੇਲ ਲਾਈਨ ਉੱਪਰ ਜਾ ਖਲੋਈ, ਰੇਲਗੱਡੀ ਬੇਸ਼ੱਕ ਵਿੱਖ ਤੇ ਨਹੀਂ ਰਹੀ ਸੀ,ਪਰ ਹਾਰਨ ਦੀ ਆਵਾਜ਼ ਦਿਲ ਚੀਰ ਰਹੀ ਸੀ, ਕਿਸੇ ਨੇ ਮੇਰੀ ਬਾਂਹ ਨੂੰ ਫੜਿਆ ਤੇ ਲਾਈਨ ਤੋਂ ਪਰੇ ਕਰ ਦਿੱਤਾ ਤੇ ਬੋਲਿਆ

ਇਹ ਕੁੜੀਏ ,ਜਿਸਦੇ ਲਈ ਇਹ ਡਰਾਮਾ ਕਰ ਰਹੀ ਹੈ, ਉਹ ਤੇ ਵੇਖ ਵੀ ਨਹੀਂ ਰਿਹਾ, ਐਵੇਂ ਖਾਹਮਖਾਹ ਆਪਣੀ ਜਾਨ ਗਵਾਹ ਬੈਠੇਂਗੀ

ਮੈਂ : ਜਦੋਂ ਜੀਣ ਦੀ ਕੋਈ ਵਜਾਹ ਨਾ ਹੋਵੇ, ਫੇਰ ਕੀ ਲੈਣਾ ਹੈ ਜਿਉਂ ਕੇ
ਉਹ : ਕਈ ਵਾਰ ਹੁੰਦਾ ਸਭ ਕੁਝ ਸਾਹਮਣੇ ਹੀ ਆ,ਪਰ ਸਾਡੀਆਂ ਅੱਖਾਂ ਲੱਭ‌ ਹੀ ਕੁਝ ਹੋਰ ਰਹੀਆਂ ਹੁੰਦੀਆਂ
ਮੈਂ : ਬਸ ਮੈਂ ਮਰਨਾ ਚਾਹੁੰਦੀ ਹਾਂ
ਉਹ : ਚੰਗਾ ਉਰੇ ਆ , ਇੱਕ ਗੱਲ ਦੱਸ
ਮੈਂ : ਹਾਂ ਬੋਲ
ਉਹ : ਐਨੀ ਸੋਹਣੀ ਸੂਰਤ ਹੈ ਤੇਰੇ, ਕੋਈ ਕੰਮ‌ਕਾਜ ਕਿਉਂ ਨਹੀਂ ਕਰਦੀ
ਮੈਂ : ਸ਼ਾਇਦ ਕਿਸਮਤ ਵਿੱਚ ਨਹੀਂ ਆ
ਉਹ : ਮੇਰੇ ਘਰ ਵਿਚ ਕਰੇਂਗੀ
ਮੈਂ : ਕੀ ਮਿਲੂ
ਉਹ : ਖਾਣਾ, ਪੀਣਾ, ਰਹਿਣਾ ਤੇ ਪੰਜ ਹਜ਼ਾਰ ਮਹੀਨਾ ਤਨਖਾਹ
ਮੈਂ : ਠੀਕ ਹੈ
ਉਹ : ਹੁਣ ਵੀ ਮਰੇਗੀ
ਮੈਂ : ਨਹੀਂ ਐਨਾ ਬਹੁਤ ਹੈ

ਬੇਸ਼ੱਕ ਸੂਰਤ ਪੱਖੋਂ ਉਹ ਸੋਹਣਾ ਨਹੀ ਸੀ,ਪਰ ਦਿਲ ਦਾ‌ ਵਧੀਆ ਸੀ, ਮੈਂ ਉਸਦੇ ਘਰ ਦਾ ਸਾਰਾ ਕੰਮ ਕਰਦੀ, ਉਹ ਪੈਸੇ ਪੱਖੋਂ ਕਾਫ਼ੀ ਅਮੀਰ ਸੀ ਅਕਸਰ ਕੁਝ ਦਿਨਾਂ ਬਾਅਦ ਉਸ ਨਾਲ ਸੌਂਣ ਵਾਲ਼ੀ ਕੁੜੀ ਹਰ ਵਾਰ ਵਾਂਗ ਨਵੀਂ ਹੁੰਦੀ ਸੀ, ਮੈਂ ‌ਵੀ ਦੋ ਤਿੰਨ ‌ਵਾਰ ਸੌਂਈ‌ ਉਸ ਨਾਲ, ਮੈਨੂੰ ਇਸ ਨਾਲ ਫ਼ਰਕ ਨਹੀਂ ਪੈਂਦਾ, ਜ਼ਿੰਦਗੀ ਵਧੀਆ ‌ਚੱਲ‌ ਰਹੀ ਸੀ,ਬੀਤਿਆ ਵਕ਼ਤ ‌ਬਿਲਕੁਲ ਵੀ ਯਾਦ ਨਹੀਂ ਸੀ‌ ਆ ਰਿਹਾ,ਪਰ‌ ਇੱਕ ਦਿਨ ਉਹਦਾ‌ ਐਕਸੀਡੈਂਟ ਹੋ ਗਿਆ,ਜਿਸ ਵਿਚ ਉਸਦੀ‌ ਮੌਤ ਹੋ ਗਈ ਤੇ ਮੈਨੂੰ ‌ਉਹ ਘਰ‌ ਛੱਡਣਾ ‌ਪਿਆ, ਬੇਸ਼ੱਕ ਮੇਰੇ ਕੋਲ ਹੁਣ ਪੱਚੀ ਹਜ਼ਾਰ ਰੁਪੀਆ‌ ਸੀ, ਵਧੀਆ ਕੱਪੜੇ ਸਨ, ਪਰ ਇਹਨਾਂ ਕਾਫ਼ੀ ਨਹੀਂ ਸੀ, ਇਸਨਾਲ ਮੈਂ ‌ਕੁਝ ਦਿਨ ‌ਤਾਂ‌ ਖੁਸ਼ ਰਹਿ ਸਕਦੀ ਸਾਂ,ਪਰ ਕਈ ਮਹੀਨੇ ਨਹੀਂ…

ਰਾਤ‌ ਦਾ ਵੇਲਾ ਸੀ, ਮੈਂ ਵਾਰਕ ਵਿਚ ,ਬੈਠਣ ਵਾਲੇ ਫੱਟੇ‌ ਤੇ ਸੌਂ ਰਹੀ ਸੀ, ਦੋ‌ ਆਦਮੀ ਆਏ ਜਿੰਨਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ, ਮੈਂ ਚੀਕੀ,ਚਲਾਈ ਪਰ ਕਿਸੇ ਨੂੰ ਮੇਰੀ ਆਵਾਜ਼ ਨਾ ਸੁਣੀਂ, ਪੰਦਰ੍ਹਾਂ ਦਿਨਾਂ ਵਿੱਚ ਇਹੀ‌ ਘਟਨਾ ਮੇਰੇ ਨਾਲ ਤਿੰਨ ਵਾਰ ਘਟੀ,ਪਰ ਕੋਈ ਵੀ ਨਹੀਂ ਜਿਸ ਅੱਗੇ ਮੈਂ ਇਹ‌ ਸਭ ਪੀੜ ਦਰਦ ਸਾਂਝਾ ਸਕਦੀ, ਕਿੰਨਾਂ ਔਖਾ ਹੈ ਨਾ ਔਰਤ ਹੋਣਾ,ਉਹ ਵੀ ਉਹ ਔਰਤ ਜਿਸਦਾ ਕੋਈ ਨਹੀਂ,ਪਰ ਫ਼ੇਰ ‌ਇੱਕ‌ ਔਰਤ ‌ਮਿਲੀਂ‌ ਜਿਸ ਨੇ ਇਸੇ ਪੀੜ‌ ਨੂੰ ਪੈਸਿਆਂ ਵਿੱਚ ਤੇ ਮਰਜ਼ੀ ਵਿਚ ‌ਤਬਦੀਲ‌ ਕਰ‌ ਦਿੱਤਾ, ਹਜ਼ਾਰਾਂ ਹੀ ਮਰਦ ਮੇਰੇ ਨਾਲ਼ ਸੋਏ ਤੇ ਹਜ਼ਾਰਾਂ ਨਾਲ਼ ਹੀ ਮੈਂ ਸੋਈ,ਉਹ ਪੈਸਾ‌ ਜੋ ਮੈਨੂੰ ‌ਏਸ ਰਾਹ ਤੇ ਲੈ ਕੇ ਆਇਆ ਸੀ,ਉਹ ਮੇਰੇ ਕੋਲ਼ ਅੱਜ‌‌ ਐਨਾ ਸੀ ਕਿ ਜੇ ਅੱਗ ਵੀ ਲਗਾ ਦੇਵਾਂ ਤਾਂ ਕੋਈ ਫ਼ਰਕ ਨਹੀਂ ਪੈਂਦਾ…. ਫ਼ੇਰ ‌ਇੱਕ ਗੱਲ ‌ਦੁਬਾਰਾ‌ ਚੇਤੇ ਆਉਂਦੀ ਹੈ,ਜੋ‌‌ ਜ਼ਿੰਦਗੀ ਵਿਚ ਮਿਲੇ ਹਰ ਸ਼ਖਸ ਕੋਲੋਂ ਸਿੱਖੀ ਕਿ ਚੱਲ‌ ਕੋਈ ਨਾ…

ਚੱਲ ਕੋਈ ਨਾ ਇੱਕ ਰਾਤ‌ ਦੀ ਤਾਂ ਗੱਲ ਹੈ, ਚੱਲ ਕੋਈ ਨਾ ਜ਼ਿੰਦਗੀ ਕਿਹੜਾ ਵਾਰ‌ ਵਾਰ ‌ਮਿਲਦੀ ਹੈ, ਚੱਲ ‌ਕੋਈ ਨਾ……….. ਕਿੱਧਰੇ ਨਹੀਂ ਕੁੱਝ ਹੁੰਦਾ, ਚੱਲ ਕੋਈ ਨਾ ਇਹ‌ ਸਭ‌ ਚੱਲਦਾ, ਚੱਲ ਕੋਈ ਫ਼ੇਰ ਕਿੱਢੀ ਕੁ ਗੱਲ ਆ

ਹਾਂ ਜੀ ਤੁਸੀਂ ਕਹੋ , ਤੁਹਾਡਾ‌ ਹੱਕ ਹੈ, ਤੁਹਾਡਾ ਫ਼ਰਜ਼ ਹੈ,ਤੁਹਾਡਾ ਲਹਿਜ਼ਾ ਹੈ, ਕਿਉਂਕਿ ਇਕ ਬੇਸਵਾ ਤੁਹਾਡੀ‌‌ ਭੈਣ‌ ਨਹੀਂ ਲੱਗਦੀ ਨਾ,ਨਾ ਹੀ ਘਰਵਾਲ਼ੀ…ਕਹੋ ਕਹੋ…ਬੇਸਵਾ…ਰੰਡੀ…ਕਾੱਲ‌ ਗਰਲ…ਧੰਦੇ ਵਾਲ਼ੀ… ਚੱਲ ਕੋਈ ਨਾ‌ ਫ਼ੇਰ ਕੀ ਹੁੰਦਾ… ਚੱਲ ਕੋਈ ਨਾ…ਚੱਲ…ਕੋਈ ਨਾ…ਕੋਈ ਨਾ… ਮੈਂ ਨਸ਼ੇ ਵਿਚ ਕੀ ਕੀ ਬੋਲਦੀ ਰਹਿੰਦੀ

ਕਿਸੇ ਦਾ ਸ਼ੌਕ ਨਹੀਂ ਹੁੰਦਾ, ਕੋਈ ਮਾਂ ਨਹੀਂ ਚਾਹੁੰਦੀ ਕਿ ਉਸਦੀ ਧੀ ਧੰਦਾ ਕਰੇ,ਉਹੀ ਕੁੜੀ ਆਪ ਨਹੀਂ ਚਾਹੁੰਦੀ ਉਹ ਇਹ ਕੰਮ ਕਰੇ, ਬੰਦੇ ਦੇ ਹਾਲਾਤ ਬੰਦੇ ਨੂੰ ਸਭ ਕਰਨ ਲਈ ਮਜਬੂਰ ਕਰ ਦੇਂਦੇ ਨੇ….
ਕੀ ਤੁਸੀਂ ਕਰੋਗੇ ਉਸ ਕੁੜੀ ਨਾਲ ਵਿਆਹ….ਜਿਸ ਨਾਲ਼ ਹੋਇਆ ਹੈ ਬਲਾਤਕਾਰ…???
ਦੱਸੋ ਕਿਉਂ…???
ਕੀ ਉਸ ਕੁੜੀ ਨਹੀਂ….???
ਕੀ ਦੋਸ਼ੀ ਹੈ ਉਹ ਇਸ ਵਿਚ….???

ਨਹੀਂ ‌ਪਤਾ ਨਾ… ਫੇਰ ਕਿਸੇ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਸੋਚ ਲੈਣਾਂ ਚਾਹੀਦਾ ਹੈ, ਕਿਸੇ ਨੂੰ ਤੁਹਾਡੀ ਕਹੀਂ ਨਿੱਕੀ ਜਿਹੀ ਗੱਊ, ਕਿੱਥੋਂ ਤੀਕ ਤੇ ਕਿਹੜੇ ਰਾਹ ਵੱਲ ਮੋੜ ਦੇਵੇ ਕੋਈ ਪਤਾ ਨਹੀਂ… ਇਸ਼ਕਨੂਰ ਨੂੰ ਮ ਬੇਸ਼ੱਕ ਮੈਂ ਕਦੇ ਮਿਲੀ ਜਾਂ ਵੇਖਿਆ,ਪਰ ਉਹਦੀ ਆਤਮ-ਹੱਤਿਆ ਦੀ ਵਜਾਹ ਕੋਈ ਔਰਤ ਨਹੀਂ ਇੱਕ ਮਰਦ ਸੀ…ਜੋ ਇਸ਼ਕਨੂਰ ਦਰਗਾਹ ਤੇ ਜਾ ਸੁਖਣਾਂ ਮੰਗਦੀ ਸੀ, ਹੁਣ ਮੈਂ ਉਹ ਇਸ਼ਕ ਨੂਰ ਨਹੀਂ ਆ,ਉਹ ਇਸ਼ਕਨੂਰ ਜਿਸ ਨੂੰ ਕਦੇ ਕਿਸੇ ਨਾਲ ਪਿਆਰ ਸੀ ਮੁਹੱਬਤ ਸੀ, ਮੈਂ ਉਹ ਨਹੀਂ ਆ, ਮੇਰੀ ਦੇਹ ਵਿਚੋਂ ਸਾਹ ਨਿਕਲਣ ਤੋਂ ਪਹਿਲਾਂ ਮੇਰੇ ਅੰਦਰ ਦੀ ਔਰਤ‌ ਮਰ ਗਈ।

ਕੀ ਮੰਗਿਆ ਸੀ ਮੈਂ ਜ਼ਿੰਦਗੀ ਤੋਂ,ਵੱਸ ਦੁੱਖਾਂ ਦਰਦਾਂ ਬਦਲੇ ਇੱਕ ਨਿੱਕਾ ਜਿਹਾ ਸੁੱਖ ,ਜੋ ਮੈਨੂੰ ਕਦੇ ਨਾ ਮਿਲ ਸਕਿਆ…ਉਹ ਉੱਚੀ ਉੱਚੀ ਚੀਕ ਰਹੀ ਸੀ, ਸਾਰੇ ਮੁਹੱਲੇ ਵਿੱਚ ਸਿਰਫ਼ ਉਸੇ ਦੀ ਆਵਾਜ਼ ਸੀ…ਤੇ ਮੇਰੇ ਵਿਚ ਇਹ ਕਹਿਣ ਦੀ ਹਿੰਮਤ ਵੀ ਸੀ…ਕਿ ਚੱਲ ਕੋਈ ਨਾ

•••••

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਕਹਾਣੀ ਨੂੰ ਪੜ੍ਹਨ ਦੇ ਲਈ,ਇਹ ਕਿਸੇ ਦੇ ਜਜ਼ਬਾਤ ਤੇ ਕਿਸੇ ਦੇ ਹਾਲਾਤ ਸਨ,ਤੇ ਕਿਸੇ ਦੇ ਅੰਦਰ ਬਲ਼ਦੀ ਅੱਗ ਸੀ

ਇਸ ਕਹਾਣੀ ਬਾਰੇ ਆਪਣੇ ਜੋ ਵਿਚਾਰ ਹਨ ਉਹ ਜ਼ਰੂਰ ਪੇਸ਼ ਕਰਨਾ ਜੀ। ਹੋਰਨਾਂ ਕਹਾਣੀਆਂ ਤੇ ਰਚਨਾਵਾਂ ਨੂੰ ਪੜਨ ਲਈ ਤੁਸੀਂ ਸਾਡੇ ਨਾਲ
ਹੇਠ ਲਿਖੇ ਨੰਬਰ ਰਾਹੀਂ
ਜੁੜ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ
( 8699633924 )
ਇੰਸਟਾਗ੍ਰਾਮ
( im_sukhdep )

*****

...
...



Related Posts

Leave a Reply

Your email address will not be published. Required fields are marked *

2 Comments on “ਚੱਲ ਕੋਈ ਨਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)