ਕੱਲ ਮੈਂ ਇਕ ਗੱਲ ਲਿਖਣਾ ਭੁੱਲ ਗਈ ਸੀ ਅਸਲ ਚ ਇਹ ਕਹਾਣੀ ਕਿਸੇ ਦੀ ਅਸਲ ਜ਼ਿੰਦਗੀ ਤੇ ਆਧਾਰਿਤ ਹੈ ਮਤਲਬ ਸੱਚੀ ਕਹਾਣੀ ਹੈ। ਜਿਵੇਂ ਜਿਵੇਂ ਕਿਸੇ ਨੇ ਮੈਨੂੰ ਸੁਣਾਈ ਤੇ ਲਿਖਣ ਨੂੰ ਕਿਹਾ ਮੈਂ ਲਿਖ ਰਹੀ ਹਾਂ ਕਿਸੇ ਦੀ ਆਪਣੀ ਦਾਸਤਾਨ ਓਹਨਾਂ ਦੀ ਜ਼ੁਬਾਨੀ ਤੇ ਮੇਰੇ ਦੁਆਰਾ ਲਿਖੀ ਜਾ ਰਹੀ।
“ਲੋਕ ਕੀ ਕਹਿਣਗੇ”
ਭਾਗ ਦੂਜਾ
ਤੁਹਾਨੂੰ ਕੀ ਲਗਦਾ ਦੀਦੀ ਮੇਰੀ ਭੈਣ ਕਿੱਥੇ ਗਈ ਹੋਣੀ ਉਸ ਰਾਤ, ਉਸ ਨੇ ਗੱਲ ਦੱਸਦਿਆ ਸਵਾਲ ਕੀਤਾ ਮੈਨੂੰ।
ਮੈਨੂੰ ਪੁੱਛ ਰਹੇ ਤੁਸੀਂ ਮੈਂ ਕਿਵੇਂ ਕੁਝ ਕਹਿ ਸਕਦੀ, ਮੈਂ ਕਿਹਾ।
ਫੇਰ ਵੀ ਤੁਹਾਡੇ ਦਿਲ ਚ ਕੁਝ ਤਾਂ ਆਇਆ ਹੋਣਾ ਓਸਨੇ ਫੇਰ ਕਿਹਾ।
ਮੈਂ ਬੋਲਣ ਤੋਂ ਝਿਜਕਦਿਆਂ ਫੇਰ ਵੀ ਬੋਲ ਦਿੱਤਾ ਵੀ ਮੈਨੂੰ ਲਗਦਾ ਉਸ ਮੁੰਡੇ ਨਾਲ ਚਲੇ ਗਏ ਹੋਣੇ।
ਹਾਂ ਤੁਸੀ ਸਹੀ ਸਮਝਿਆ ਉਸਨੇ ਜਵਾਬ ਦਿੱਤਾ, ਪਰ ਉਸ ਵਕਤ ਸਾਡੇ ਚੋ ਕੋਈ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕੇ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਭੈਣ ਇਹ ਕੰਮ ਨਹੀਂ ਕਰ ਸਕਦੀ। ਕਿਉੰਕਿ ਸਭ ਕੁਝ ਹੋ ਗਿਆ ਸੀ ਪੈਲਸ ਦੀ ਬੁਕਿੰਗ, ਕਪੜਿਆਂ ਦੀ ਖਰੀਦ, ਕਾਰਡ ਵੰਡ ਦਿੱਤੇ ਗਏ ਸੀ ਹਲਵਾਈਆਂ ਨੂੰ ਵੀ ਬੁੱਕ ਕਰ ਲਿਆ ਗਿਆ ਸੀ। ਬਸ ਵਿਆਹ ਦੇ ਦਿਨ ਦੀ ਉਡੀਕ ਸੀ ਤੇ ਭੈਣ ਇਦਾ ਕਿਵੇਂ ਕਰ ਜਾਊ ਓਹਨੂੰ ਵੀ ਤਾਂ ਪਤਾ ਕਿੰਨੀ ਬਦਨਾਮੀ ਹੋ ਸਕਦੀ। ਫੇਰ ਘਰਦਿਆਂ ਨੇ ਕਿੰਨਾ ਪੈਸਾ ਖਰਚ ਕੀਤਾ। ਦਿਲ ਨੇ ਮੰਨੀ ਹੀ ਨਾ ਇਹ ਗੱਲ ਇਹੋ ਸੋਚਦੇ ਰਹੇ ਵੀ ਹੋ ਸਕਦਾ ਕੋਈ ਹੋਰ ਗੱਲ ਹੋਵੇ, ਅਸੀਂ ਸਾਰੀ ਰਾਤ ਪਾਗਲਾਂ ਵਾਂਗ ਲੱਭਦੇ ਰਹੇ ਬਹੁਤ ਫੋਨ ਕੀਤਾ ਓਹਦੇ ਫੋਨ ਤੇ ਪਰ ਕੁਝ ਅਤਾ ਪਤਾ ਨਹੀਂ ਲੱਗਾ। ਮੇਰਾ ਭਰਾ ਤੇ ਚਾਚੇ ਦੇ ਮੁੰਡੇ ਹੈ ਤਾਂ ਛੋਟੇ ਸੀ ਪਰ ਫੇਰ ਵੀ ਅੱਧੀ ਰਾਤ ਤੱਕ ਦੂਜੇ ਪਿੰਡ ਤੇ ਆਸ ਪਾਸ ਹਰ ਜਗ੍ਹਾ ਤੇ ਲੱਭਣ ਜਾਂਦੇ ਰਹੇ। ਮੰਮੀ ਤਾਂ ਜਿਵੇਂ ਚੁੱਪ ਹੀ ਕਰ ਗਏ ਸੀ ਤੇ ਚਾਚੀਆਂ ਹਮਦਰਦੀ ਦੇ ਨਾਲ ਨਾਲ ਮੰਮੀ ਨੂੰ ਉਹਨਾਂ ਦੀਆਂ ਗਲਤੀਆਂ ਗਿਣਾਉਣ ਲੱਗ ਗਈਆਂ ਸੀ, ਵੀ ਕੁੜੀਆਂ ਨੂੰ ਇੰਨੀ ਖੁੱਲ੍ਹ ਦੇਣੀ ਚੰਗੀ ਨਹੀਂ ਹੁੰਦੀ। ਇਹ ਖੁੱਲ੍ਹ ਦਾ ਨਤੀਜਾ ਹੁਣ ਆ ਦਿਨ ਦੇਖਣਾ ਪਿਆ। ਮੰਮੀ ਬਸ ਰੋਈ ਜਾਂਦੇ ਸੀ ਮੈਂ ਤੇ ਮੇਰੀ ਛੋਟੀ ਭੈਣ ਬਿਲਕੁੱਲ ਡਰੇ ਪਏ ਸੀ ਵੀ ਸਾਡੇ ਨਾਲ ਇਹ ਸਭ ਹੋ ਕੀ ਰਿਹਾ।
ਫੇਰ ਅਚਾਨਕ ਮੰਮੀ ਨੂੰ ਪਤਾ ਨਹੀਂ ਕੀ ਸੁੱਝਿਆ ਕੇ ਉਹ ਭੱਜ ਕੇ ਪੇਟੀ ਵਾਲੇ ਕਮਰੇ ਚ ਗਏ ਤੇ ਪੇਟੀ ਖੋਲ ਇਧਰ ਓਧਰ ਹੱਥ ਮਾਰਨ ਲੱਗ ਗਏ। ਓਹਨਾਂ ਜਲਦੀ ਨਾਲ ਪੇਟੀ ਚੋ ਇੱਕ ਬੈਗ ਕੱਢਿਆ ਇਹ ਉਹੀ ਬੈਗ ਸੀ ਜਿਸ ਵਿੱਚ ਭੈਣ ਲਈ ਵਿਆਹ ਦੇ ਗਹਿਣੇ ਬਣਵਾ ਕੇ ਰੱਖੇ ਹੋਏ ਸੀ ਤੇ ਨਾਲ ਕੁਝ ਪੈਸੇ ਵੀ ਰੱਖੇ ਸੀ। ਮੰਮੀ ਨੇ ਇੱਕ ਇੱਕ ਗਹਿਣਾ ਖੋਲ ਕੇ ਦੇਖਿਆ ਸਭ ਕੁਝ ਆਪਣੀ ਜਗ੍ਹਾ ਤੇ ਸੀ ਪਰ ਪੈਸੇ ਘੱਟ ਸੀ, ਮੰਮੀ ਨੇ ਪੈਸੇ ਗਿਣੇ ਤਾਂ ਇੱਕੋ ਗੱਲ ਹੀ ਬੋਲ ਸਕੇ, ਕਿ ਉਹ ਪੈਸੇ ਲੈਕੇ ਕਿਸੇ ਨਾਲ ਭੱਜ ਗਈ ਹੈ ਇਹਦੇ ਚੋ ਕੁਝ ਪੈਸੇ ਘੱਟ ਨੇ। ਘਰ ਤੋ ਪੈਸੇ ਗਾਇਬ ਹੋਣ ਕਰਕੇ ਸਾਨੂੰ ਸਭ ਨੂੰ ਲੱਗਾ ਕੇ ਸ਼ਾਯਦ ਦੂਸਰੇ ਮੁਹੱਲੇ ਦੇ ਮੁੰਡੇ ਨਾਲ ਚਲੀ ਗਈ ਹੈ।
ਚਾਚੀ ਨੇ ਮੰਮੀ ਨੂੰ ਕਿਹਾ ਵੀ ਸਾਨੂੰ ਉਹਨਾਂ ਦੇ ਘਰ ਜਾਕੇ ਉਹਨਾਂ ਦੇ ਮੁੰਡੇ ਬਾਰੇ ਪੁੱਛਣਾ ਚਾਹੀਦਾ ਤੇ ਜੇਕਰ ਉਹ ਸਾਡੀ ਕੁੜੀ ਨੂੰ ਲੈਕੇ ਗਿਆ ਤਾਂ ਓਸਨੂੰ ਵਾਪਿਸ ਲੈਕੇ ਆਵੇ ਕਿਉੰਕਿ ਉਸਦਾ ਵਿਆਹ ਰਖਿਆ ਹੈ ਤੇ ਅਸੀ ਉਹਦੇ ਸੋਹਰਿਆਂ ਨੂੰ ਕੀ ਜਵਾਬ ਦਵਾਂਗੇ। ਪਰ ਮੰਮੀ ਕਹਿੰਦੇ ਕੇ ਉਹ ਸਾਡੀ ਗੱਲ ਕਿਉੰ ਸੁਣਨਗੇ ਜੇਕਰ ਉਹਨਾਂ ਦੇ ਮੁੰਡੇ ਨਾਲ ਨਾ ਹੋਈ ਤਾਂ ਪਿੰਡ ਚ ਦੁਸ਼ਮਣੀ ਪੈ ਜਾਏਗੀ। ਕਾਫੀ ਦੇਰ ਬਹਿਸ ਹੁੰਦੀ ਰਹੀ ਰਾਤ ਕਾਫੀ ਹੋ ਗਈ ਸੀ। ਫੇਰ ਚਾਚੀ ਨੇ ਕਿਹਾ ਵੀ ਸਵੇਰ ਤੱਕ ਦੇਖ ਲਓ ਜੇਕਰ ਆ ਗਈ ਤਾਂ ਠੀਕ ਨਹੀਂ ਫੇਰ ਅਸੀ ਉਸ ਮੁੰਡੇ ਦੇ ਘਰ ਜਾਕੇ ਪੁੱਛਾਂਗੇ ਮੰਮੀ ਮੰਨ...
ਗਏ ਤੇ ਚਾਚੀ ਹੁਣੀ ਵੀ ਆਪਣੇ ਆਪਣੇ ਘਰ ਚਲੇ ਗਏ। ਸਾਡੇ ਘਰ ਸਾਰੇ ਸੁੰਨ ਹੋ ਗਏ। ਜ਼ਰਾ ਜਿੰਨੀ ਆਵਾਜ਼ ਵੀ ਆਉਂਦੀ ਤਾਂ ਲਗਦਾ ਸੀ ਹੁਣ ਆ ਗਈ ਭੈਣ ਪਰ ਨਹੀਂ ਬੂਹੇ ਵੱਲ ਦੇਖਦੇ ਦੇਖਦੇ ਅੱਖਾਂ ਪੱਕ ਗਈਆਂ। ਸਾਰੀ ਰਾਤ ਦੇ ਭੁੱਖੇ ਤੀਆਹੇ ਅਸੀ ਸਵੇਰ ਨੂੰ ਵੀ ਇਹੋ ਆਸ ਤੇ ਸੀ ਵੀ ਹੁਣ ਹੀ ਮੁੜ ਆਏ ਭੈਣ, ਪਰ ਨਹੀਂ ਉਹ ਮੁੜ ਨਾ ਆਈ ਮੰਮੀ ਦਾ ਰੋ ਰੋ ਕੇ ਬੁਰਾ ਹਾਲ ਸੀ। ਸਵੇਰੇ ਡੈਡੀ ਨੂੰ ਵੀ ਫੋਨ ਕਰਤਾ ਗਿਆ ਵੀ ਭੈਣ ਦਾ ਕਲ ਸ਼ਾਮ ਤੋ ਕੋਈ ਅਤਾ ਪਤਾ ਨਹੀਂ। ਦਰਅਸਲ ਮੇਰੇ ਡੈਡੀ ਘਰ ਤੋ ਬਾਹਰ ਨੌਕਰੀ ਕਰਦੇ ਸੀ ਤੇ ਉਹਨਾਂ ਨੇ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਆਓਣਾ ਸੀ ਪਰ ਅਸੀ ਓਹਨਾਂ ਨੂੰ ਪਹਿਲਾਂ ਹੀ ਘਰ ਆਉਣ ਲਈ ਕਹਿ ਦਿੱਤਾ। ਥੋੜੀ ਦੇਰ ਬਾਅਦ ਚਾਚੀ ਹੁਣੀ ਆ ਗਏ। ਤੇ ਮੰਮੀ ਨੂੰ ਨਾਲ ਲੈਕੇ ਉਸ ਮੁੰਡੇ ਦੇ ਘਰ ਚਲੇ ਗਏ ਜੋ ਦੂਜੇ ਮੁਹੱਲੇ ਦਾ ਸੀ ਤੇ ਉਹ ਵੀ ਆਪਣੇ ਘਰ ਤੋਂ ਗਾਯਬ ਸੀ।
ਚਾਚੀ ਚਾਚਾ ਤੇ ਮੰਮੀ ਗੱਲ ਕਰਨ ਗਏ। ਉਹਨਾਂ ਨੇ ਮੰਮੀ ਨੂੰ ਕਿਹਾ ਵੀ ਸਾਨੂੰ ਖੁਦ ਨਹੀਂ ਪਤਾ ਸਾਡਾ ਮੁੰਡਾ ਕਿੱਥੇ ਹੈ ਨਾ ਉਹ ਸਾਨੂੰ ਕੁਝ ਦਸ ਕੇ ਗਿਆ ਤੇ ਨਾ ਸਾਨੂੰ ਇਹ ਪਤਾ ਵੀ ਉਹ ਤੁਹਾਡੀ ਕੁੜੀ ਨੂੰ ਲੈਕੇ ਗਿਆ ਕੇ ਨਹੀਂ। ਚਾਚੇ ਨੇ ਕਿਹਾ ਵੀ ਫੋਨ ਕਰਕੇ ਪਤਾ ਕਰੋ ਤਾਂ ਉਹ ਕਹਿੰਦੇ ਵੀ ਫੋਨ ਬੰਦ ਹੈ ਮੁੰਡੇ ਦਾ। ਕੋਈ ਗੱਲ ਬਣਦੀ ਨਾ ਦੇਖ ਚਾਚੇ ਨੂੰ ਗੁੱਸਾ ਆ ਗਿਆ ਤੇ ਓਹਨਾਂ ਨੇ ਮੁੰਡੇ ਦੇ ਪਿਓ ਨਾਲ ਲੜਨਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਆਸ ਪਾਸ ਦੇ ਲੋਕ ਬਾਹਰ ਨਿਕਲ ਆਏ। ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਕਿਸੇ ਗੱਲ ਦਾ ਹੁਣ ਓਹਨਾਂ ਨੂੰ ਵੀ ਪਤਾ ਲੱਗ ਗਿਆ। ਚਾਚੇ ਨੇ ਮੁੰਡੇ ਦੇ ਪਿਓ ਨੂੰ ਕਹਿ ਦਿੱਤਾ ਵੀ ਮੈਂ ਦੋਨਾਂ ਨੂੰ ਲੱਭ ਕੇ ਵੱਢ ਦੇਣਾ ਫੇਰ ਨਾ ਕਹਿਣਾ ਵੀ ਸਾਡੇ ਮੁੰਡੇ ਨਾਲ ਏਦਾ ਕੀਤਾ। ਚੰਗੀ ਚਾਹੁੰਦੇ ਹੋ ਤਾਂ ਓਸਨੂੰ ਕਹੋ ਸਾਡੀ ਕੁੜੀ ਲੈਕੇ ਵਾਪਿਸ ਆਜੇ। ਪਰ ਇਨ੍ਹਾਂ ਧਮਕੀਆਂ ਦਾ ਕੋਈ ਅਸਰ ਨਹੀਂ ਸੀ ਕਿਉੰਕਿ ਉਹ ਸੱਚੀ ਨਹੀਂ ਜਾਣਦੇ ਸੀ ਕੇ ਉਹ ਦੋਨੋ ਗਏ ਕਿੱਥੇ ਨੇ। ਮੁੰਡੇ ਦਾ ਪਿਓ ਚਾਚੇ ਨੂੰ ਕਹਿਣ ਲੱਗਾ ਵੀ ਮੇਰੇ ਵਲੋ ਜਦੋਂ ਮਰਜ਼ੀ ਮਾਰ ਕੇ ਸੁੱਟ ਦਿਓ ਕਿਉੰਕਿ ਜੇਕਰ ਉਹ ਵਾਪਿਸ ਆਏ ਵੀ ਤਾਂ ਨਾ ਮੈਂ ਮੁੰਡਾ ਰਖਣਾ ਘਰ ਚ ਨਾ ਤੁਹਾਡੀ ਕੁੜੀ। ਮੇਰੇ ਵਲੋਂ ਬੇਦਖਲ ਹੈ ਮੇਰਾ ਮੁੰਡਾ।
ਦੇਖਦੇ ਦੇਖਦੇ ਤੇ ਭੈਣ ਦੀ ਉਡੀਕ ਕਰਦੇ ਅੱਜ ਦਾ ਦਿਨ ਵੀ ਨਿਕਲ ਗਿਆ। ਅਗਲੇ ਦਿਨ ਡੈਡੀ ਵੀ ਆ ਗਏ, ਉਹਨਾਂ ਚਾਚੇ ਨਾਲ ਸਲਾਹ ਕੀਤੀ ਤੇ ਕਿਹਾ ਕਿ ਪੁਲੀਸ ਨੂੰ ਇਤਲਾਹ ਕਰਦੇ ਹਾਂ। ਮੁੰਡੇ ਖਿਲਾਫ ਤੇ ਓਸਦੇ ਘਰਦਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਉਂਦੇ ਹਾਂ ਹੋ ਸਕਦਾ ਪੁਲਿਸ ਕੋਈ ਥਾਂ ਪਤਾ ਲੱਭ ਲਵੇ। ਜਿਹੜੀ ਬਦਨਾਮੀ ਪਿੰਡ ਚ ਹੋਣੀ ਓਹ ਤਾਂ ਹੋ ਗਈ ਹੈ, ਕਮ ਸੇ ਕਮ ਰਿਸ਼ਤੇਦਾਰਾਂ ਚ ਤਾਂ ਨਾ ਧੋਣ ਨੀਵੀਂ ਹੋਵੇ ਵਿਆਹ ਤੋਂ ਪਹਿਲਾਂ ਪਹਿਲਾਂ ਲੱਭ ਜਾਵੇ। ਕਿਉੰਕਿ ਕੁਝ ਦਿਨ ਬਾਅਦ ਤੇ ਲੋਕਾਂ ਨੇ ਵਿਆਹ ਤੇ ਆਓਣਾ ਸੀ। ਮੁੰਡੇ ਵਾਲਿਆਂ ਨੇ ਆਪਣੇ ਖਿਲਾਫ ਸ਼ਿਕਾਇਤ ਹੁੰਦੀ ਦੇਖ ਸਾਡੇ ਖਿਲਾਫ ਸ਼ਿਕਾਇਤ ਕਰਤੀ। ਦੋਨਾਂ ਪਰਿਵਾਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ। ਪੁਲੀਸ ਨੇ ਵੀ ਲੱਭਣਾ ਸ਼ੁਰੂ ਕੀਤਾ ਦੂਜੇ ਸ਼ਹਿਰਾਂ ਦੀ ਪੁਲੀਸ ਦੀ ਮਦਦ ਨਾਲ ਹੋਰਾਂ ਸ਼ਹਿਰਾਂ ਚ ਵੀ ਲਭਿਆ ਗਿਆ। ਪਰ ਓਹਨਾਂ ਬਾਰੇ ਕੁਝ ਪਤਾ ਨਾ ਲੱਗਾ। ਦੋ ਤਿੰਨ ਦਿਨ ਬੀਤ ਗਏ। ਇਦਾ ਹੀ ਇਕ ਦਿਨ ਅਸੀਂ ਘਰ ਚ ਸਾਰੇ ਬੈਠੇ ਸੀ ਕੇ ਬਾਹਰ ਵਾਲਾ ਗੇਟ ਖੜਕਿਆ।
ਬਾਕੀ ਕਲ ਨੂੰ
ਜਸ ਮੀਤ
ਬਾਕੀ ਅਗਲੇ ਭਾਗ ਚ