More Punjabi Kahaniya  Posts
ਇੱਕ ਸ਼ਾਇਰ ( ਭਾਗ : ਦੂਸਰਾ )


ਸੁਖਦੀਪ ਦੂਸਰੇ‌ ਦਿਨ ਉਹ ਡਾਇਰੀ ਨਾ ਪੜੀ ਸਕੀ,ਘਰ ਦੇ ਕੰਮ ਕਾਜ਼ ਹੀ ਵਾਹਲੇ ਸਨ ਤੇ ਦੂਸਰਾ ਰਿਸ਼ਤੇਦਾਰ ਆਏ ਹੋਏ ਸੀ,ਦੋ ਤਿੰਨ ਦਿਨਾਂ ਬਾਅਦ ਉਸਨੇ ਡਾਇਰੀ ਵੇਖੀਂ, ਡਾਇਰੀ ਉਥੇ ਨਹੀਂ ਸੀ, ਸੁਖਦੀਪ ਨੂੰ ਲੱਗਿਆ ਕਿ ਡਾਇਰੀ ਸੁਖ ਨੇ ਕਿਤੇ ਲਕੋ ਦਿੱਤੀ ਹੋਣੀਂ, ਉਹ ਇਹ ਸੋਚ ਬੈੱਡ ਤੇ ਪੈ ਗਈ,ਤੇ ਸੋਚਣ ਲੱਗੀ ਕਿ ਜਦੋਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਫਿਰ ਕਿਉਂ ਪੜ੍ਹਾਂ ਮੈਂ, ਫੇਰ ਪਈ ਪਈ ਦੇ ਯਾਦ ਆਇਆ ਕਿ, ਸੱਚ ਉਸ ਰਾਤ ਡਾਇਰੀ ਨੂੰ ਟੀ.ਵੀ ਉੱਪਰ ਧਰ ਦਿੱਤਾ ਸੀ, ਵੇਖਿਆ ਤਾਂ ਡਾਇਰੀ ਉਥੇ ਹੀ ਪਈ ਸੀ, ਆਪਣੇ ਆਪ ਵਿਚ ਮੁਸਕਰਾਈ, ਡਾਇਰੀ ਖੋਲੀ, ਲਿਖਿਆ ਹੋਇਆ ਸੀ
ਤਿੰਨ ਸੌ ਸੱਤਵੰਜਾ,ਦਿਨ ਦਾ ਫ਼ਾਸਲਾ ਸੀ ਸਾਡੇ ਵਿਚਕਾਰ,ਪਰ ਹੁਣ ਤੇ ਜਨਮਾਂ ਦਾ ਪਵੇਗਾ, ਮੈਂ ਦੋ ਸਾਲ ਡਿਪਰੈਸ਼ਨ ਵਿਚ ਰਹੀਂ, ਕੁਝ ਨਹੀਂ ਲਿਖਿਆ, ਡਾਇਰੀ ਦੀ ਯਾਦ ਤੀਕ ਨਹੀਂ ਸੀ, ਫੇਰ ਇੱਕ ਡਾਕਟਰ ਕੋਲ ਗਈ, ਉਸਨੇ ਕਿਹਾ ਜੋ ਵੀ ਦਿਲ ਵਿਚ ਆਉਂਦਾ ਹੈ, ਉਸਨੂੰ ਲਿਖਿਆ ਕਰ ਤੇ ਕੋਈ ਹੋਰ ਨਾ ਪੜ ਲਵੇ,ਇਸ ਲਈ ਪਾੜ ਕੇ ਸੁੱਟ ਦੇਆ ਹਰ, ਮੈਂ ਦੋ ਤਿੰਨ ਮਹੀਨੇ ਐਦਾਂ ਹੀ ਕਰਿਆ, ਫੇਰ ਮੈਂ ਪਹਿਲਾਂ ਵਾਲ਼ੀ ਜ਼ਿੰਦਗੀ ਵਿਚ ਮੁੜ ਵਾਪਿਸ ਆ‌ ਗਈ…. ਇੱਕ ਦਿਨ ਡਾਇਰੀ ਚੁੱਕੀ ਤੇ ਲਿਖਣਾਂ ਸ਼ੁਰੂ ਕੀਤਾ…. ਮੈਂ ਅਲਫ਼ਨੂਰ… ਮੁਹੱਬਤ ਦੇ ਰੰਗ ਵਿਚ ਰੰਗੀ ਹੋਈ, ਇੱਕ ਕਾਲਖ਼ ਦੇ ਦੀਵੇ ਦੀ ਬੱਤੀ, ਕਿਸੇ ਨੂੰ ਦੋ ਸਾਲ ਪਹਿਲਾਂ ਆਪਣੇ ਆਪ ਤੋਂ ਜ਼ਿਆਦਾ ਮੁਹੱਬਤ ਕੀਤੀ, ਉਸਦੇ ਦੋ ਬੋਲਾਂ ਨੇ, ਮੈਨੂੰ ਦੋ ਸਾਲ ਅੱਧ ਮਰੀ ਜ਼ਿੰਦਗੀ ਬਖ਼ਸ਼ੀ ਹੁਣ ਦੋ ਮਹੀਨਿਆਂ ਤੋਂ ਫੇਰ ਉਹਦੇ ਹੀ ਬਾਰੇ ਲਿਖ ਰਹੀਂ ਆ,ਤੇ ਲੋਕ ਉਸ ਉੱਪਰ ਵਾਹ ਵਾਹ ਕਰ ਰਹੇ ਨੇ,ਕਿੰਨੀ ਅਜ਼ੀਬ ਹੈ ਨਾ ਇਹ ਮੁਹੱਬਤ ਦੀ ਕਹਾਣੀ,
ਮੈਂ ਆਪਣੇ ਪੰਜ ਸਾਲਾਂ ਦਾ ਸਫ਼ਰ ਪੰਜ ਲਾਇਨਾਂ ਵਿਚ ਚਿਣ‌ ਸਕਦੀ ਆਂ, ਪੰਜ ਵਰਕਿਆਂ ਤੇ ਲਿਖ ਸਕਦੀ ਆ, ਤੇ ‌ਲਿਖਾਂ‌ ਤਾਂ ਇਸ ਲਈ ਪੰਜ ਜਨਮ ਵੀ ਬਹੁਤ ਘੱਟ ਨੇ, ਮੇਰੀ ਮੰਜਿਲ ਹੁਣ ਮੌਤ ਹੈ , ਪਰ ਉਹ ਮੌਤ ਨਹੀਂ ਜੋ ਮਰ ਕੇ ਆਉਂਦੀ ਹੈ,ਉਹ ਮੌਤ ਜੋ ਜਿਉਂਦੇ ਜੀਅ ਆਉਂਦੀ ਹੈ…

ਮੈਨੂੰ ਪਤਾ ਹੀ ਨਹੀਂ ਲੱਗਾ, ਕਦੋਂ ਇਹ ਕੁੜੀ ਆਪਣੇ ਆਪ ਬਾਰੇ ਲਿਖਦੀ ਲਿਖਦੀ ਇੱਕ ਸ਼ਾਇਰ ਬਣ‌‌ ਗਈ, ਮੈਨੂੰ ਤਦ ਪਤਾ ਲੱਗਾ ਜਦ ਲਿਖਣਾ ਮੇਰੀ ਆਦਤ ਬਣ ਗਿਆ, ਮੈਂ ਪਿਛਲੇ ਦਿਨੀਂ ਇਕ ਕਹਾਣੀ ਲਿਖਣੀ ਚਾਹੀ, ਮੈਨੂੰ ਪਤਾ ਹੈ, ਬਹੁਤੇ ਲੋਕਾਂ ਨੇ ਪੜਿਆ ਤਾਂ ਇੱਕ ਗੱਲ ਹੀ ਕਹੀ ਕਿ ਇਹ ਜਮਾਂ ਮੇਰੀ ਜਿੰਦਗੀ ਦਾ ਹਿੱਸਾ ਹੈ, ਹੂਬਹੂ ਮੇਰੇ ਨਾਲ ਹੀ ਇੰਝ ਹੋਇਆ ਹੈ, ਮੈਂ ਉਹਨਾਂ ਦੇ ਸੁਨੇਹੇ ਪੜ੍ਹ ਪੜ੍ਹ ਹੱਸਦੀ ਰਹੀਂ, ਕਿੰਨੇ ਭੋਲ਼ੇ ਲੋਕ ਨੇ ਹਨਾਂ ਏ …,ਇਹ ਵੀ ਨਹੀਂ ਜਾਣਦੇ ਆਪਾਂ ਸਾਰੇ ਮਨੁੱਖ ਆਂ

ਸਮਾਂ ਬੀਤਦਾ ਗਿਆ, ਕਹਾਣੀਆਂ ਬਣਦੀਆਂ ਗਈਆ,ਉਹਦੀ ਕਹੀ ਇਕ ਗੱਲ,ਪਤਾ ਹੀ ਨਹੀਂ ਲੱਗਦਾ ਸੀ, ਕਦੋਂ ਯਾਦ ਆ ਕਿੰਨੇ ਵਰਕੇ ਭਰਾ ਦੇਂਦੀ,ਤੇ ਮੈਂ ਸੋਚਦੀ ਸੋਚਦੀ ਸੌਂ ਜਾਂਦੀ, ਉਹਨਾਂ ਖਿਆਲਾਂ ਵਿਚ ਜਾ ਜੋ ਮੇਰੇ ਆਖ਼ਰੀ ਸਾਹ ਤੀਕ ਅਧੂਰੇ ਰਹਿਣ ਗੇ…. ਫੋਨ ਖੜਕ ਰਿਹਾ ਹੈ, ਲਾਜ਼ਮੀ ਕਿਸੇ ਨੇ ਕਹਾਣੀ ਪੜ ਕੇ ਕੀਤਾ ਹੋਊ

ਮੈਂ : ਹੈਲੋ
ਪਾਠਕ : ਹੈਲੋ ਜੀ, ਸਤਿ ਸ੍ਰੀ ਆਕਾਲ ਜੀ
ਮੈਂ : ਸਤਿ ਸ੍ਰੀ ਆਕਾਲ ਜੀ
ਪਾਠਕ : ਮਿੱਟੀ ਰੰਗੇ ਕਹਾਣੀ ਤੁਸੀਂ ਲਿਖੀ ਹੈ ਜੀ
ਮੈਂ : ਹਾਂਜੀ
ਪਾਠਕ : ਬਹੁਤ ਹੀ ਸੋਹਣੀ ਲਿਖਤ ਹੈ ਜੀ,ਪੜ ਕੇ ਬੜਾ ਹੀ ਵਧੀਆ ਲੱਗਿਆ,ਜੇ ਕੋਈ ਇਤਰਾਜ਼ ਨਾ ਹੋਵੇ ਇੱਕ ਗੱਲ ਦੱਸ ਸਕਦੇ ਹੋ
ਮੈਂ : ਹਾਂਜੀ ਪੁੱਛੋ
ਪਾਠਕ : ਕੀ ਇਸੇ ਤਰ੍ਹਾਂ ਹੀ ਬੀਤਿਆ ਸੀ ਤੁਹਾਡੇ ਨਾਲ
ਮੈਂ : ਕਹਾਣੀਆਂ ਜ਼ਿੰਦਗੀ ਦਾ ਹਿੱਸਾ ਹੁੰਦੀਆਂ,ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਤੁਹਾਡੀ ਜ਼ਿੰਦਗੀ ਦਾ ਜਾਂ ‌ਮੇਰੀ ਜ਼ਿੰਦਗੀ ਦਾ ਹਿੱਸਾ, ਮੈਂ ਉਹ ਲਿਖਦੀ ਆਂ,ਜੋ ਜਾਂ ਤਾਂ ਬੀਤ ਚੁੱਕਾ ਹੈ ਜਾਂ ਜੋ ਬੀਤਣ ਵਾਲ਼ਾ ਹੈ, ਹਾਂ ਕਹਿ ਸਕਦੇ ਹੋ ਮੇਰੇ ਨਾਲ ਇਹ ਸਭ ਬੀਤਿਆ ਹੈ
ਪਾਠਕ : ਬਹੁਤ ਔਖਾ ਹੈ
ਮੈਂ : ਮੈਂ ਔਖੇ ਕੰਮ ਹੀ ਕਰਦੀਂ ਆਂ
ਪਾਠਕ : ਜੀ ਮੇਰਾ ਨਾਂ ਸੁਖਦੀਪ
ਮੈਂ : ਸੁਖਦੀਪ, ਮੈਂ ਥੋੜ੍ਹੀ ਸਮੇਂ ਲਈ ਚੁੱਪ ਹੋ ਗਈ
ਸੁਖਦੀਪ : ਹੈਲੋ … ਹੈਲੋ
ਮੈਂ : ਹਾਂਜੀ ਬੋਲੋ
ਸੁਖਦੀਪ : ਕੀ ਗੱਲ ਚੁੱਪ ਹੋ ਗਏ ਸੀ,
ਮੈਂ : ਨਹੀਂ ਜੀ
ਸੁਖਦੀਪ : ਜੀ ਠੀਕ ਹੈ, ਮੈਂ ਫੇਰ ਕਰਦਾਂ ਗੱਲ
ਮੈਂ : ਜੀ

ਸੁਖਦੀਪ ਨੇ ਇਹ ਆਖ ਫੋਨ ਕੱਟ ਦਿੱਤਾ, ਕਿੰਨਾ ਚਿਰ ਸੋਚਦੀ ਰਹੀ ਉਹਦੇ ਬਾਰੇ, ਲੱਗਿਆ ਸ਼ਾਇਦ ਰੱਬ ਨੇ ਘੱਲਿਆ ਹੋਣਾਂ ਇਹਨਾਂ ਨੂੰ , ਸਾਰਾ ਦਿਨ ਉਹਦੇ ਬਾਰੇ ਸੋਚਦਿਆਂ ਲੰਘ ਗਿਆ, ਇੰਤਜ਼ਾਰ ਕਰ ਰਹੀ ਸੀ, ਖ਼ਬਰੇ ਕੋਈ ਮੈਸਜ਼ ਹੀ ਕਰ ਦੇਵੇ, ਮੈਸਜ਼ ਆਇਆ

ਸੁਖਦੀਪ : ਹੈਲੋ ਜੀ ਮੈਂ ਸੁਖਦੀਪ, ਫੋਨ ਕਰਿਆ ਸੀ ਸਵੇਰੇ
ਮੈਂ : ਹਾਂਜੀ
ਸੁਖਦੀਪ : ਕਿਵੇਂ ਓ ਜੀ
ਮੈਂ : ਵਧੀਆ ਤੁਸੀਂ ਦੱਸੋ
ਸੁਖਦੀਪ : ਵਧੀਆ ਜੀ, ਹੋਰ ਘਰ ਕਿਵੇਂ ਨੇ ਸਾਰੇ
ਮੈਂ : ਵਧੀਆ ਜੀ, ਤੁਸੀਂ ਦੱਸੋ ਆਪਣੇ ਕਿਵੇਂ ਨੇ
ਸੁਖਦੀਪ : ਵਧੀਆ ਜੀ, ਦਰਅਸਲ ਮੈਂ ਤੁਹਾਨੂੰ ਮੈਸਜ਼ ਤਾਂ ਕਰਿਆ ਸੀ,ਕੀ ਮੈਂ ਤੁਹਾਡੀਆਂ ਹੋਰ ਲਿਖਤਾਂ ਪੜ੍ਹ ਸਕਦਾਂ,
ਮੈਂ : ਹਾਂਜੀ ਜ਼ਰੂਰ ਮੈਂ ਹੁਣ ਹੀ ਭੇਜ ਦੇਣੀਂ ਆਂ
ਸੁਖਦੀਪ : ਸ਼ੁਕਰੀਆ ਜੀ
ਮੈਂ : ਨਹੀਂ ਜੀ ਕੋਈ ਗੱਲ ਨਹੀਂ
ਸੁਖਦੀਪ : ਬਾਏ ਜੀ
ਮੈਂ : ਜੀ

ਬਸ ਇਸੇ ਤਰ੍ਹਾਂ ਹੌਲੀ ਹੌਲੀ ਗੱਲ ਬਾਤ ਹੋਣੀਂ ਸ਼ੁਰੂ ਹੋ ਗਈ, ਹੌਲ਼ੀ ਹੌਲ਼ੀ ਹਰਰੋਜ਼ ਗੱਲ ਬਾਤ ਹੋਣ ਲੱਗ ਗਈ, ਮੈਨੂੰ ਏਦਾਂ ਲੱਗਿਆ ਜਿਵੇਂ ਉਹ ਸੁਖ ਹੀ ਮੇਰੀ ਜਿੰਦਗੀ ਵਿੱਚ ਵਾਪਿਸ ਮੁੜ ਆਇਆ ਹੋਵੇ, ਮੈਂ ਸਾਰਾ ਦਿਨ ਉਹਦੇ ਬਾਰੇ ਹੀ ਸੋਚਦੀ ਕੱਢ ਦੇਂਦੀ,ਪਰ ਮੈਨੂੰ ਡਰ ਵੀ ਲੱਗਦਾ ਸੀ,ਕਿ ਕਿਤੇ ਇਹ ਵੀ ਨਾ‌‌ ਚਲੇ ਜਾਣ‌ , ਮੈਨੂੰ ਇੱਕ ਦਿਨ ਮੈਸਜ਼ ਆਇਆ….

ਸੁਖਦੀਪ : ਹੈਲੋ
ਮੈਂ : ਹਾਂਜੀ ਕਿਵੇਂ ਓ
ਸੁਖਦੀਪ : ਵਧੀਆ ਜੀ
ਮੈਂ : ਹੋਰ ਦੱਸੋ
ਸੁਖਦੀਪ : ਬਸ ਵਧੀਆ ਜੀ, ਮੈਂ ਇੱਕ ਗੱਲ ਕਰਨੀ ਸੀ
ਮੈਂ : ਹਾਂ ਜੀ ਕਰੋ ਜੀ
ਸੁਖਦੀਪ : ਮੈਂ ਸ਼ਾਇਦ ਅੱਜ ਤੋਂ ਬਾਅਦ ਕਦੇ ਮੈਸਜ਼ ਨਾ ਕਰਾਂ
ਮੈਂ : ਮੇਰੇ ਦਿਲ ਦੀ ਧੜਕਣ ਨਾਲਦੀ ਨਾਲ ਵੱਧ ਗਈ, ਕਿਉਂ ਜੀ… ਮੇਰੇ ਤੋਂ ਕੋਈ ਗ਼ਲਤੀ ਹੋ ਗਈ
ਸੁਖਦੀਪ : ਨਹੀਂ ਜੀ, ਗ਼ਲਤੀ ਤਾਂ ਮੇਰੀ ਹੀ ਹੈ।
ਮੈਂ : ਹੋ ਕੀ ਗਿਆ ਇਹ ਤਾਂ ਦੱਸੋ
ਸੁਖਦੀਪ : ਬਸ ਇਹ ਤੇ ਨਹੀਂ ਪਤਾ
ਮੈਂ : ਚੱਲੋ ਤੁਹਾਡੀ ਮਰਜ਼ੀ ਹੈ ਜੀ
ਸੁਖਦੀਪ : ਜੀ ਬਾਏ ਜੀ

ਉਸਨੇ ਉਸ ਤੋਂ ਬਾਅਦ ਮੇਰਾ ਕੋਈ ਵੀ ਮੈਸਜ਼ ਨਹੀਂ ਵੇਖਿਆ, ਬੇਸ਼ੱਕ ਉਹ ਕਿੰਨਾ ਕਿੰਨਾ ਚਿਰ ਆਨਲਾਈਨ ਵੀ ਹੁੰਦਾ ਸੀ,ਬੜਾ ਦਰਦ ਹੁੰਦਾ ਦਿਲ ਨੂੰ ਉਹ ਆਨਲਾਈਨ ਵੇਖ ਕੇ, ਪਰ ਫੇਰ ਹੌਲੀ-ਹੌਲੀ ਆਦਤ ਪੈ ਗਈ, ਹੁਣ ਉਹ ਆਨਲਾਈਨ ਵੀ ਨਾ ਵਿਖਦਾ, ਹੁਣ ਇਹ ਵੀ ਨਾ ਪਤਾ ਲੱਗਦਾ ਕਿ ਉਹ ਫੋਨ ਚਲਾਉਂਦਾ ਵੀ ਹੈ ਜਾਂ ਨਹੀਂ, ਕਦੇ ਕਦੇ ਉਸ ਬਾਰੇ ਸੋਚਦਿਆਂ ਸਾਰੀ ਰਾਤ ਲੰਘ ਜਾਂਦੀ, ਇੱਕ ਮਹੀਨਾ ਬੀਤ ਗਿਆ, ਬਹੁਤ ਕੁਝ ਭੁੱਲ ਚੁੱਕਿਆ ਸੀ, ਬਹੁਤ ਕੁਝ ਬਦਲ ਚੁੱਕਿਆ ਸੀ,ਪਰ ਉਹ ਅੱਜ ਵੀ ਯਾਦ ਸੀ, ਕਿਸੇ ਨੇ ਉਹਦੇ ਬਾਰੇ ਲਿਖੀਆਂ ਕੁਝ ਸੋਸ਼ਲ ਮੀਡੀਆ ਤੇ ਗੱਲਾਂ ਪੜ੍ਹ, ਮੈਸਜ਼ ਕਰਿਆ…ਤੇ ਉਹਦੇ ਬਾਰੇ ਜਾਣਨ ਦੀ ਰੁਚੀ ਵਿਖਾਈ, ਉਹਦੀਆ ਤਦ‌ ਤੀਕ ਗੱਲਾਂ ਨੂੰ ਸੁਣ ਕੇ ਉਸਤੇ ਭਰੋਸਾ ਕੀਤਾ ਜਾ ਸਕਦਾ ਸੀ, ਮੈਂ ਹੌਲੀ ਹੌਲੀ ਦੱਸਣਾਂ ਸੁਰੂ ਕੀਤਾ, ਇੱਕ ਦਿਨ,ਦੋ ਦਿਨ , ਤਿੰਨ ਦਿਨ… ਉਹਦੇ ਨਾਲ ਉਸਦੀਆਂ ਗੱਲਾਂ ਸਾਂਝੀਆਂ ਕਰਕੇ ਐਦਾਂ ਲੱਗਦਾ, ਜਿਵੇਂ ਉਹ ਮੇਰੀ ਹੀ ਰੂਹ ਦਾ ਹਿੱਸਾ ਸੀ,ਜੋ ਉਲਕਾ ਪਿੰਡ ਵਾਂਗ ਕਿਤੇ ਟੁੱਟ ਕੇ ਦੂਰ ਹੋ ਗਿਆ, ਉਹਦੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ, ਹਲਾਂ ਕਿ ਅਸੀਂ ਇੱਕ ਦੂਸਰੇ ਨੂੰ ਮਿਲ਼ੇ ਵੀ ਨਹੀਂ ਸੀ,

ਹੁੰਦਾ ਹੈ , ਇਹ ਸਿਰਫ਼ ਮੈਂ ਇਹ ਨਹੀਂ ਕਹਿੰਦੀ,
ਕਿ ਮੇਰੇ ਨਾਲ ਹੀ ,ਇਹ ਬਹੁਤਿਆਂ ਨਾਲ ਹੁੰਦਾ ਹੈ
ਕੋਈ ‌ਅਚਾਨਕ ਇੱਕ ਅਜਨਬੀ ਬਣ ਤੁਹਾਡੀ ਜ਼ਿੰਦਗੀ ਵਿਚ ਆਉਂਦਾ ਹੈ,
ਤੇ ਹਮੇਸ਼ਾ ਲਈ ਤੁਹਾਡਾ ਹਿੱਸਾ ਬਣ ਜਾਂਦਾ ਏ,
ਜਿਸ ਬਾਰੇ ਸੋਚ ਸੋਚ ਕੇ ਹੀ ਚੰਗਾ ਲੱਗਦਾ ਹੈ,
ਜਿਸ ਨਾਲ ਗੱਲ ਕਰਕੇ ਦਿਲ ਅਸਮਾਨ ਵਿਚ ਉਡਣ ਨੂੰ ਕਰਦਾ ਹੈ,
ਸੱਚੀਂ ਪਤਾ ਨਹੀਂ,ਕੀ ਉਹਨਾਂ ਨੂੰ ਵੀ ਐਦਾਂ ਮਹਿਸੂਸ ਹੁੰਦਾ ਹੈ,
ਹਾਏ ਜੇ ਹੁੰਦਾ ਹੈ ਤਾਂ ਕਿੰਨੇ ਸੋਹਣੇ ਪਲ਼ ਨੇ ਇਹ…

ਮੈਨੂੰ ਅਕਸਰ ਲੋਕ ਪੁੱਛਦੇ ਕਿ ਮੁਹੱਬਤ ਕੀ ਹੈ,
ਮੇਰਾ ਜਵਾਬ ਸੀ, ਮੈਨੂੰ ਨਹੀਂ ਪਤਾ,
ਮੈਂ ਕਿਹੜਾ ਕਦੇ ਵੇਖੀਂ ਆ…
ਪਰ ਹੁਣ ਮੈਂ ਦੱਸਦੀ ਆਂ,
ਜਿਸਨਾਲ ਗੱਲ ਕਰਕੇ ਰੂਹ ਖੁਸ਼ ਹੋ ਜਾਵੇ,
ਜਿਸਨੂੰ ਲੁੱਕ ਲੁੱਕ ਕੇ ਵੇਖਣਾਂ,
ਜਿਸ ਦੀਆਂ ਗੱਲਾਂ ਚੇਤੇ ਕਰ ਸੁੱਤੇ ਪਏ ਵੀ ਹਾਸਾ ਆ ਜਾਣਾਂ,
ਬਸ ਜਿਸ ਦੇ ਹਰ ਵਕਤ ਖ਼ਿਆਲ ਤੁਹਾਡੇ ਦਿਮਾਗ ਵਿਚ ਹੋਣ,
ਜੋ ਦੂਰ ਹੋਣ ਬਾਵਜੂਦ ਵੀ ਆਪਣਾ ਲੱਗੇ,
ਸ਼ਾਇਦ ਇਹ ਉਹੀ ਇਨਸਾਨ ਹੈ,
ਜਿਸ ਨੂੰ ਅਸੀਂ ਮੁਹੱਬਤ ਕਰਦੇ ਆਂ…

ਉਹਦਾ ਮੈਸਜ਼ ਆਇਆ, ਮੈਂ ਹੈਰਾਨ ਸੀ ਇਹ ਕਿਵੇਂ ਹੋ ਸਕਦਾ,ਪਰ ਇਹ ਸੱਚ ਸੀ, ਸਵੇਰੇ ਦੀ ਗੱਲ ਸ਼ੁਰੂ ਹੋਈ ਰਾਤ ਤੀਕ ਵੀ ਮੁਕੰਮਲ ਨਾ ਹੋਈ, ਰਾਤ ਅਜੇ ਮੁੱਕੀ ਨਹੀਂ ਹੁੰਦੀ ਸੀ , ਸਵੇਰ ਦਾ ਇੰਤਜ਼ਾਰ ਪਹਿਲਾਂ ਹੁੰਦਾ ਸੀ, ਸੁਖਦੀਪ, ਸੁਖਦੀਪ…ਜਦ ਵੀ ਕੁਝ ਲਿਖਣਾਂ , ਪਹਿਲਾਂ ਉਹਦਾ ਨਾਮ ਲਿਖ ਦੇਣਾਂ,ਕਦੇ ਕਦੇ ਸੋਚਦੀ ਕਾਸ਼ ਜੇ ਮੇਰਾ ਨਾਂ ਵੀ ਏਹੀ ਹੁੰਦਾ, ਕਿੰਨੇ ਖੂਬਸੂਰਤ ਪਲ਼ ਹੋਣੇ ਸੀ ਹਨਾਂ…

ਉਹ ਅਕਸਰ ਗੱਲ ਕਰਦਾ ਕਰਦਾ ਰੁੱਕ ਜਾਂਦਾ ਮੈਂ ਉਹਦੇ ਚੁੱਪ ਹੋਣ ਦੀ ਵਜ੍ਹਾ ਪੁੱਛਦੀ,ਪਰ ਉਹ ਗੱਲ ਟਾਲ ਦੇਂਦਾ, ਮੈਂ ਸਾਰੀ ਰਾਤ ਫਿਕਰਾਂ ਵਿੱਚ ਡੁੱਬੀ ਰਹਿੰਦੀ, ਮੇਰੇ ਮਨ ਵਿਚ ਭੈੜੇ ਭੈੜੇ ਖ਼ਿਆਲ ਬਣਦੇ, ਇੱਕ ਦਿਨ ਮੀਂਹ ਪੈ ਕੇ ਹਟਿਆ ਸੀ,ਉਹਦਾ ਮੈਸਜ਼ ਆਇਆ, ਮੈਂ ਅਜੇ ਦੁਪਹਿਰ ਦੀ ਰੋਟੀ ਬਣਾ ਕੇ ਹੀ ਹਟੀ ਸੀ…

ਸੁਖਦੀਪ : ਹੈਲੋ ਜੀ, ਕਿਵੇਂ ਓ
ਮੈਂ : ਵਧੀਆ ਜੀ, ਮੈਨੂੰ ਕੀ ਹੋਣਾਂ
ਸੁਖਦੀਪ : ਬਸ ਇਹੀ ਜਵਾਬ ਹੁੰਦਾ ਤੇਰਾ ਹਰਵਾਰ
ਮੈਂ : ਵਧੀਆ,ਹੋਰ ਦੱਸੋ
ਸੁਖਦੀਪ : ਵਧੀਆ
ਮੈਂ : ਹੋਰ ਕੋਈ ਗੱਲ ਬਾਤ
ਸੁਖਦੀਪ : ਕੁਝ ਨਹੀਂ
ਮੈਂ : ਪਤਾ ਸੀ ਮੈਨੂੰ
ਸੁਖਦੀਪ : ਸਾਰਾ ਕੁਝ ਹੀ ਥੋਨੂੰ ਪਤਾ ਹੈ
ਮੈਂ : ਹਾਂ
ਸੁਖਦੀਪ : ਇੱਕ ਗੱਲ ਕਰਨੀ ਸੀ,
ਮੈਂ : ਮੈਂ ਫੇਰ ਕਰਦੀ ਆਂ ਗੱਲ, ਮੰਮੀ ਬੁਲਾ ਰਹੇ ਨੇ
ਸੁਖਦੀਪ : ਜੀ ਫ੍ਰੀ ਹੋ ਮੈਸਜ਼ ਕਰ ਦੇਓ
ਮੈਂ : ਜੀ, ਬਾਏ
ਸੁਖਦੀਪ : ਬਾਏ

ਉਸਤੋਂ ਬਾਅਦ ਮੈਂ ਸ਼ਾਮ ਨੂੰ ਮੈਸਜ਼ ਕਰਿਆ , ਉਸਨੇ ਕੋਈ ਜਵਾਬ ਨਾ ਦਿੱਤਾ, ਵੇਖਿਆ ਤੀਕ ਵੀ ਨਹੀਂ, ਮੈਂ ਫੋਨ ਕੀਤਾ… ਉਹ ਬੰਦ ਆ ਰਿਹਾ ਸੀ, ਵੈਸੇ ਵੀ ਉਸਦਾ‌‌ ਫੋਨ ਅਕਸਰ ਬੰਦ ਹੀ ਰਹਿੰਦਾ ਸੀ, ਮੈਂ ਸੋਚਿਆ ਚੱਲੋ ਕਿਸੇ ਕੰਮ ਕਾਜ ਵਿਚ ਵਿਅਸਤ ਹੋਣੇ, ਮੈਂ ਸ਼ੁਭਰਾਤ ਦਾ ਮੈਸਜ਼ ਘੱਲ ਸੌਂ ਗਈ, ਮੀਂਹ ਕਰਕੇ ਕੰਮ ਜ਼ਿਆਦਾ ਸੀ ਘਰ, ਤਾਂ ਕਰਕੇ ਥੱਕ ਬਹੁਤ ਗਈ ਸੀ,ਉਸਨੇ ਦੇਰ ਰਾਤ ਕਈ ਮੈਸਜ਼ ਕਰੇ,ਪਰ ਮੈਂ ਸੌਂ ਗਈ ਸੀ, ਦੂਸਰੇ ਦਿਨ ਮੈਂ ਸਵੇਰੇ ਹੀ ਫੋਨ ਚਾਰਜ ਲਗਾ ਦਿੱਤਾ, ਉਹ ਆੱਨ ਨਹੀਂ ਸੀ ਹੋ ਰਿਹਾ, ਮੈਂ ਕੁਝ ਕੁ ਮਿੰਟਾਂ ਬਾਅਦ ਵੇਖਿਆ, ਫੋਨ ਆੱਨ ਨਾ ਹੋਇਆ, ਮੇਰੇ ਚਿਹਰੇ ਦਾ ਰੰਗ ਉਡ ਗਿਆ ਕਿ ਹੁਣ ਘਰਦਿਆਂ ਨੇ ਜਲਦੀ ਜਲਦੀ ਨਵਾਂ ਫੋਨ ਵੀ ਨਹੀਂ ਲੈ ਕੇ ਦੇਣਾਂ…ਬਸ‌ ਫੇਰ ਹੋਇਆ ਵੀ ਉਹੀ ਜਿਸ ਦਾ ਡਰ ਸੀ,

ਮੈਂ ਬਹੁਤ ਕੋਸ਼ਿਸ਼ ਕੀਤੀ, ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲ ਗੱਲ ਕਰਨ ਦੀ,ਪਰ ਮੇਰੇ ਕੋਲੋਂ ਉਸ ਨਾਲ ਗੱਲ ਨਾ ਕਰ ਹੋਈ, ਉਪਰੋਂ ਹਰਰੋਜ਼ ਕੋਈ ਨਾ ਕੋਈ ਗੁਆਂਢਣ ਘਰ ਆ ਮੰਮੀ ਨੂੰ ਦੁਬਾਰਾ ਯਾਦ ਕਰਾ ਦੇਂਦੀ ਕਿ ਕੁੜੀ ਦੀ ਹੁਣ ਵਿਆਹੁਣ ਵਾਲੀ ਉਮਰ ਹੈ ਤੁਸੀਂ ਵਿਆਹ ਦੇਵੋ, ਹੁਣ ਰਿਸ਼ਤੇਦਾਰ ਵੀ ਥਾਵਾਂ ਦੀ ਦੱਸ ਪਾਉਂਣ ਲੱਗ ਪਏ ਸਨ, ਇੱਕ ਸ਼ਾਮ ਮੰਮੀ ਨੇ ਕਿਹਾ ਪੁੱਤ ਬਹੁਤ ਸਮਾਂ ਹੋ ਗਿਆ ਹੁਣ, ਹੁਣ ਤੇ ਵਿਆਹ ਕਰਾਵਾਏ ਹੀ ਸਰਨਾ ਏ, ਨਾਲ਼ੇ ਧੀ ਪੁੱਤ ਆਪਣੇ ਘਰ ਹੀ ਸੋਂਹਦਾ ਹੈ, ਮਾਂ ਨੇ ਕੁਝ ਕੁ ਅਜਿਹੀਆਂ ਗੱਲਾਂ ਕਹੀਆਂ ਕਿ ਮੈਂ ਮਾਂ ਨੂੰ ਕਹਿ ਦਿੱਤਾ ਕਿ ਮੈਂ ਵਿਆਹ ਕਰਾ ਲਵਾਂ ਗੀ, ਮਾਂ ਨੇ ਖੁਸ਼ੀ ਖੁਸ਼ੀ ਇਹ ਗੱਲ ਬਾਪੂ ਨੂੰ ਦੱਸੀ, ਬਾਪੂ ਤੀਸਰੇ ਦਿਨ ਹੀ ਨਾਲਦੇ ਸ਼ਹਿਰ ਮੁੰਡਾ ਵੇਖਣ ਲਈ ਚੱਲੇ ਗਏ,ਘਰ ਵਾਰ ਬਹੁਤ ਸੋਹਣਾ ਸੀ,ਮੁੰਡਾ ਵੀ ਸੋਹਣਾਂ ਸੀ, ਮਾਂ ਨੇ ਮੈਨੂੰ ਫੋਟੋ ਵਿਖਾਈ, ਮੇਰਾ ਰੋਣ ਆ ਗਿਆ,ਪਰ ਮੈਂ ਹਾਲਾਤ ਨੂੰ ਸੰਭਾਲਿਆ ਤੇ ਫੋਟੋ ਬਿਨਾਂ ਵੇਖਿਆ ਹੀ ਹਾਂ ਕਹਿ ਦਿੱਤੀ, ਇੱਕ ਹਫ਼ਤੇ ਬਾਅਦ ਸ਼ਗਨ ਪਾ ਦਿੱਤਾ ਗਿਆ, ਬੇਬੇ ਬਾਪੂ ਬਹੁਤ ਹੀ ਖੁਸ਼ ਸਨ, ਪਰ ਮੇਰੇ ਅੰਦਰ ਦੀ ਦੁਨੀਆਂ ਮੈਨੂੰ ਤਬਾਹ ਹੁੰਦੀ ਜਾਪ ਰਹੀ ਸੀ,

ਪਰ ਫਿਰ ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਾਲਿਆ ਤੇ ਹੱਥਾਂ ਦੀਆਂ ਲਕੀਰਾਂ ਤੇ ਸਭ‌ ਛੱਡ ਦਿੱਤਾ ਤੇ ਕਿਹ ਦਿਤਾ ਕਿ ਜੋ ਹੋਵੇਗਾ ਵੇਖੀ ਜਾਊ, ਰੱਬ ਜੋ ਕਰਦਾ ਚੰਗਾ ਹੀ ਕਰਦਾ…

ਸੁਣੋਂ! ਸੁਣੋ! ਸੁਣੋ! ਗੱਲ ਸੁਣਨ ਵਾਲ਼ੀ ਏ
ਉਹਦੀ ਯਾਦ ਸਿਰ ਦਰਦ ਵਿਚ ਤਬਦੀਲ ਹੋਈ ਏ,

ਜ਼ਿੰਦਗੀ ਭਰ ਭੁੱਲਿਆਂ ਨਾ ਜਾਵੇ, ਪਲ਼ ਪਲ਼ ਯਾਦ ਕਰੇ,
ਹੰਝੂ ਏਦਾਂ ਵੇਹਿੰਦੇ ਰਹਿਣ ਉਸਦੀ ਇਹ ਅਪੀਲ ਹੋਈ ਏ,

ਜੀ ਮੁੱਖੜਾ ਵੀ ਨੀਂ ਵੇਖਿਆ ਕਦੇ ਜੀਅ ਭਰ ਉਹਦਾ
ਇੱਕੇ ਨਜ਼ਰੀਂ ਅੱਖ ਉਹਦੀ ਦਿਲ ਨੂੰ ਕੀਲ ਹੋਈ ਏ,

ਜਿੰਦ ਭਰਮੀ ਸੀ ਤਦ, ਜਦ ਉਹ ਦਿਲ ਦੇ ਕੋਲ਼ ਹੁੰਦਾ ਸੀ,
ਹੁਣ ਤੇ ਐਵੇਂ ਸਮਝੋ ਟੁੱਟ ਕੇ ਸੁੱਕੀ ਇਹ ਤੀਲ ਹੋਈ ਏ

ਵਿਖਦਾ ਹੈ ਤਾਂ ਇੱਕ ਇੱਕਲਾ ਸੁੰਨਾ ਰਾਹ ਹੀ ਵਿਖਦਾ ਏ
ਕਿੰਨੀ ਦੂਰੀ‌ ਪੈ ਗਈ ਕਿੰਨੀ ਕੌਣ ਦੱਸੀ ਇਹ ਮੀਲ ਹੋਈ ਏ,

ਕੱਲ੍ਹ ਦੀ ਗੱਲ ਏ, ਮਸਾਂ ਚੂਲੀ ਭਰੀ ਸੀ ਹੰਝੂਆਂ ਦੇ ਨਾਲ
ਅੱਜ ਤੇ ਝੋਲ਼ੀ ਭਰ ਭਰ ਡੁੱਲੀ ਤੇ ਡੁੱਲ ਡੁੱਲ ਝੀਲ ਹੋਈ ਏ

ਕੋਮਲ ਦੇਹ ਸੀ ਸਾਡੀ‌ ਤੇ‌ ਬਿਲਕੁਲ ਹੀ ਨਵੀਂ ‌ਕਰੂੰਬਲ ਵਰਗੀ
ਹੁਣ ਤੇ ਸੂਰਤ ਚਿਹਰੇ ਦੀ ਪੀਲੀ ਪੈ ਪੈ ਫਿੱਕੀ ਨੀਲ ਹੋਈ ਏ

ਮੈਂ ਆਪਣੇ ਆਪ ਨੂੰ ਕਹਿ ਰਹੀ ਸੀ,ਇਹ ਲਿਖਤ ਤੇਰੀ ਆਖਰੀ ਹੋਵੇਗੀ,ਪਰ ਮੈਂ ਹਰਰੋਜ਼ ਇੱਕ ਤੋਂ ਜ਼ਿਆਦਾ ਦਿਨ ਵਿਚ ਕਵਿਤਾਵਾਂ ਲਿਖੀਆਂ, ਮੈਂ ਨਹੀਂ ਲਿਖਿਆ ਉਹ ਆਪਣੇ ਆਪ ਬਣ ਗਈਆਂ, ਜਿਵੇਂ ਉਹਦੇ ਮੇਰੇ ਅੰਦਰ ਖ਼ਿਆਲ…ਕੀ ਸੋਚਿਆ ਸੀ ਤੇ ਕੀ ਹੋ...

ਰਿਹਾ ਹੈ,ਪਤਾ ਨਹੀਂ ਇੱਕ ਦਿਨ ਮਰਨ ਲਈ ਕਿਹੜੇ ਕਿਹੜੇ ਪਲਾਂ ਵਿਚੋਂ ਦੀ ਲੰਘਣਾਂ ਪੈਂਦਾ, ਚੱਲ ਜਿੰਨੀਂ ਬੀਤੀ ਬਥੇਰੀ ਹੈ,ਕੀ ਲੈਣਾਂ ਹੁਣ ਹੋਰ ਜਿੰਦਗੀ ਨੂੰ ਜੀ ਕਿ… ਨਹੀਂ ਕਮਲੀਏ ਲੋਕ ਕੀ ਕਹਿਣਗੇ, ਘਰਦੇ ਕੀ ਜਵਾਬ ਦੇਣਗੇ ਕਿ ਕੁੜੀ ਨੇ ਕਿਉਂ ਆਤਮ-ਹੱਤਿਆ ਕਰ ਲਈ ਨਹੀਂ ਤੂੰ ਇੰਝ ਨਹੀਂ ਕਰਨਾ,ਵੇਖੀ ਜਾਵੇਗੀ ਹੋ ਹੋਵੇਗੀ, ਨਾਲ਼ੇ ਮੁਹੱਬਤ ਤਾਂ ਅਧੂਰੀ ਹੀ ਪੂਰੀ ਹੁੰਦੀ ਹੈ, ਤੂੰ ਪਿਆਰ ਕਰਦੀ ਹੈਂ,ਤੇ ਕਰਦੀ ਰਹਿ,ਇਹ ਰਿਸ਼ਤੇ ਬਦਲਣ ਜਾਂ ਹੋਰ ਬਣਨ ਨਾਲ ਥੋੜੀ ਬਦਲਦਾ ਹੁੰਦਾ ਕੁਝ,ਇਹ ਤਾਂ ਉਹੀ ਰਹਿੰਦਾ, ਮੁਹੱਬਤ ਜਿੰਦਾਬਾਦ, ਮੁਹੱਬਤ ਜਿੰਦਾਬਾਦ,

ਕਮਲੀਏ,ਜੋ ਵੀ ਪੜੇਗਾ, ਬਹੁਤ ਹੱਸੇਗਾ,ਕਿਹੇ ਗਾ, ਕੇਹੋ ਜਿਹੀ ਕੁੜੀ ਆ,ਪਤਾ ਨਹੀਂ ਕੇਹੋ ਜਿਹੀਆਂ ਗੱਲਾਂ ਕਰ ਰਹੀ ਆ, ਸੁਣੋਂ ਵੇ ਸੁਣਨ ਵਾਲਿਓ…

ਮੈਂ ਕੋਰੇ ਵਰਕੇ ਵਰਗੀ ਆ
ਮੈਨੂੰ ਆਪਣੇ ਆਪ ਚ ਰਹਿਣ ਦੇਓ

ਇਹ ਦੁਨੀਆਂ ਮੇਰੇ ਕਾਬਿਲ ਨਹੀਂ
ਮੈਨੂੰ ਖ਼ੁਦ ਦੇ ਕੋਲ਼ੇ ਬਹਿਣ ਦੇਓ…

ਮੈਂ ਮੁਹੱਬਤ ਕੀਤੀ ਰੱਜਕੇ
ਇੱਕ ਤੁਰਦੇ ਜਾਂਦੇ ਰਾਹੀ ਨੂੰ

ਮੈਂ ਨਵਾਂ ਰਿਸ਼ਤਾ ਦਿੱਤਾ ਦੁਨੀਆਂ ਨੂੰ
ਜਿਦਾਂ ਕਲਮ ਹੈ ਦਿੰਦੀ ਸ਼ਾਹੀ ਨੂੰ…

ਮੈਂ ਚੁੰਨੀਆਂ ਦੇ ਗੋਟੇ ਉਧੇੜ ਦਿੱਤੇ
ਮੈਂ ਤੰਦ ਚਰਖੇ ਦਾ ਭੁੱਲੀਂ ਆਂ

ਮੈਂ ਪਾਣੀ ਬਣਕੇ ਨਦੀਆਂ ਦਾ
ਖੁਦ ਆਪਣੇ ਆਪ ਤੇ ਡੁੱਲ੍ਹੀ ਆਂ…

ਮੈਂ ਠੰਢੀ ਕਾਲ਼ੀ ਰਾਤ ਜਿਹੀ
ਜੋ ਸਰਦੀ ਚ ਏ.ਸੀ ਲੱਭਦੀ ਏ

ਮੈਂ ਕੁੜੀ ਹਾਂ ਮੁਲਖ ਪੰਜਾਬੇ ਦੀ
ਜੋ ਖੇਤਾਂ ਵਿਚ ਦੂਣੀ ਫੱਬਦੀ ਏ…

ਮੈਂ ਉਹਦੇ ਪਰਨੇ ਦੇ ਵਲਾਂ ਦੇ ਵਰਗੀ,
ਮਿੱਟੀ ਸਿੰਜਦੇ ਹਲਾਂ ਦੇ ਵਰਗੀ…

ਨਾ ਲੱਭਿਓ ਮੈਨੂੰ ਧਰਤ ਚ ਗੁੰਮੀ ਨੂੰ
ਮੈਂ ਤਾਂ ਅਣਲੱਭੇ ਹੋਏ ਥਲਾਂ ਦੇ ਵਰਗੀ…

ਮੈਂ ਤਾਂ ਉਹਦੇ ਪਿੰਡ ਦਾ ਨਕਸ਼ਾ ਹਾਂ
ਜੋ ਰਾਹੀਂ ਟੋਹਲੇ ਪਹੀਆਂ ਤੇ,

ਮੈਂ ਕਿਹਾ ਸੀ ਉਸਨੂੰ ਇੱਕ ਸੁਪਨੇ ਚ
ਕਿ ਮੇਰਾ ਨਾਂ ਲਿਖਵਾ ਦੇਈਂ ਕਹੀਆਂ ਤੇ…

ਮੈਂ ਕਦੇ ਕਦੇ ਪੀਲਕ ਬਣਦੀ ਸੂਰਜ ਦੀ
ਕਦੇ ਰਾਤ ਦਾ ਚਾਨਣ ਬਣਦੀ ਹਾਂ

ਮੇਰੇ ਅੰਦਰ ਟੁੱਟ ਕੇ ਡਿੱਗੇ ਕਈ ਤਾਰੇ ਨੇ,
ਮੈਂ ਤਾਹਿਓਂ ਝਾਂਜਰ ਵਾਂਗਰ ‌ਛਣਦੀ ਹਾਂ…

ਮੈਂ ਉਹਦੀ ਲਿਖਤ ਦਾ ਗੀਤ ਹਾਂ
ਜੋ ਅਧੂਰਾ ਹੈ ਕਈ ਸਾਲਾਂ ਦਾ

ਮੇਰੇ ਅੰਦਰ ਉਲਝੀ ਤਾਣੀ ਏ,
ਜਿਦਾਂ ਗੁੱਛਾ‌‌ ਉਲਝਿਆ ਜਾਲਾਂ ਦਾ…

ਮੈਂ ਉਹਦੀ ਹੀ ਇੱਕ ਸੋਚ ਹਾਂ
ਜੋ ਲਿਖਣ ਤੋਂ ਮੈਨੂੰ ਡਰਦਾ ਏ

ਕਿਉਂ ਦੱਸ ਨੀਂ ਹੁੰਦਾ ਉਹਦੇ ਤੋਂ
ਕਿ ਪਿਆਰ ਤਾਂ ਉਹ ਵੀ ਕਰਦਾ ਏ…

ਮੈਂ ਕਿਦੇ ਕਹਾਣੀ ਬਣ ਜਾਵਾਂ
ਤੇ ਕਦੇ ਬਣਦੀ ਗ਼ਜ਼ਲ, ਕਵਿਤਾ ਹਾਂ

ਜੋ ਉਹਦੇ ਅੰਦਰ ਉਹਨੂੰ ਜਾਣੋਂ ਰੋਕੇ
ਹਾਂ ਜੀ ਮੈਂ ਹੀ ਉਹੋ ਬਿਪਤਾ ਹਾਂ…

ਮੈਂ ਹੀ ਉਹਨੂੰ ਪਡ਼੍ਹਨ ਸਖਾਇਆ
ਜੋ ਵੀ ਅੱਜ ਕੱਲ੍ਹ ਪੜਦਾ ਏ

ਮੇਰੇ ਨਾਲ ਨਿੱਤ ਰੁੱਸਦਾ ਸੀ
ਪਤਾ ਨਹੀਂ ਕਿਸੇ ਹੋਰ ਨਾਲ ਵੀ ਲੜਦਾ ਏ

ਮੈਂ ਜੋ ਵੀ ਲਿਖਿਆ ਉਹਦੇ ਬਾਰੇ
ਉਹ ਆਪਣੇ ਆਪ ਤੋਂ ਵੀ ਉਹਲੇ ਆ

ਉਹ ਮੈਨੂੰ ਮੁਹੱਬਤ ਕਰਦਾ ਮੈਂ ਜਾਂਣਦੀ ਹਾਂ
ਪਰ ਮੈਂ ਕਦੇ ਵੀ ਇਹ ਨਾ ਸ਼ਬਦ ਬੋਲੇ ਆ

ਮੈਂ ਕਿਹਾ ਸੀ ਨਾ, ਮੈਂ ਕਮਲੀ ਪਤਾ ਨਹੀਂ, ਛੱਤ ਦੇ ਵੱਲ ਜਾਂਦੀ ਜਾਂਦੀ ਗਲ਼ੀ ਵਾਲੇ ਗੇਟ ਕੋਲ ਜਾਂ ਖੜ੍ਹ ਜਾਵਾਂ, ਜਾਂ ਗੌਰ ਨਾਲ ਤੱਕਣ ਲੱਗ ਜਾਵਾਂ ,‌ ਵੀਹੀ ਵਿਚ ਖੇਡਦੇ ਜਵਾਕਾਂ ਵੱਲ, ਜਾਂ ਕਮਰੇ ਵਿਚ ਪਏ,ਬੈੱਡ ਦੇ ਛੇਜੇ ਤੇ ਫੋਨ ਨੂੰ ਭੱਜ ਕੇ ਜਾ ਚੁੱਕਾ ਤੇ ਵੇਖਾਂ, ਕਿਤੇ ਉਹ ਆਨਲਾਈਨ ਤੇ ਨੀਂ ਹੋਇਆ, ਮੇਰਾ ਪਤਾ ਨਹੀਂ, ਮੈਸਜ਼ ਲਿਖਦੀ ਲਿਖਦੀ ਕੱਟ ਦੇਵਾਂ, ਜਾਂ ਬਿਨਾਂ ਸ਼ੁਭਰਾਤ ਕਹੇ ਸੀ ਸੌਂ ਜਾਵਾਂ, ਜਾਂ ਕਹਿਣਾਂ ਭੁੱਲ ਜਾਂਵਾਂ ਸਵੇਰ ਮੁਬਾਰਕਬਾਦ, ਇਹੀ ਗੱਲਾਂ ਤਾਂ ਮੁਹੱਬਤ ਵਿਚ ਲਾਜ਼ਮੀ ਹੁੰਦੀਆਂ ਤੇ ਮੈਂ ਇਹੀ ਕਹਿਣੋਂ ਡਰ ਜਾਣੀਂ, ਇੱਕ ਪਲ਼ ਵੀ ਨਹੀਂ ਸੋਚਦੀ,ਕੀ ਪਤਾ ਸਵੇਰ ਹੋਵੇਗੀ ਜਾਂ ਨਹੀਂ, ਸ਼ਾਮ ਹੋਵੇਗੀ ਜਾਂ ਨਹੀਂ,ਜੋ ਦਿਲ ਵਿਚ ਆ ਕਹਿ ਦੇਵਾਂ,ਪਤਾ ਨਹੀਂ ਕਿਉਂ, ਦੱਸ ਨਹੀਂ ਹੁੰਦਾ,ਕੀ ਚੱਲਦਾ ਰਹਿੰਦਾ ਮੇਰੇ ਅੰਦਰ, ਮੈਂ ਇਹੋ ਜਿਹੀ ਕਿਉਂ ਆਂ, ਲਵੋ ‌ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦੀਂ ਆਂ, ਮੈਂ ਹੁਣ ਉਹ ਜਦ ਵੀ ਆਨਲਾਈਨ ਹੋਵੇਗਾ, ਉਸਨੂੰ ਸਭ‌ ਗੱਲਾਂ ਦੱਸ ਦੇਵਾਂਗੀ,ਜੋ ਵੀ ਮੇਰੇ ਕੋਲ ਨੇ…

ਅੱਖ ਖੁੱਲਦੀ ਹੈ, ਤੇ ਹਨੇਰੀ ਰਾਤ ਵਿਚ ‌ਟਿਮ ਟਮਾਉਂਦੇ ਤਾਰਿਆਂ ਵੱਲ ਵੇਖਣ ਲੱਗਦੀ ਆਂ,ਕਿੰਨਾ ਸੋਹਣਾ ਸੁਪਨਾ ਸੀ, ਕੌਣ ਆ ਜਿਸ ਨੇ ਅੱਖ ਖੁੱਲ੍ਹਾ ਦਿੱਤੀ,ਰਾਤ‌ ਦਾ ਸਵਾ ਇੱਕ ਵੱਜ ਚੁੱਕਿਆ, ਮੈਂ ਸਿਰਹਾਣੇ ਪਏ, ਫੋਨ ਨੂੰ ਚੁੱਕਿਆ, ਹੂਬਹੂ ਉਹ ਸਭ‌ ਲਿਖ ਦਿੱਤਾ ਜੋ ਜੋ ਸੁਪਨੇ ਵਿਚ ਹੋਇਆ, ਵੈਸੇ ਮੈਂ ਪੜਿਆ ਹੈ, ਬਹੁਤੇ ਲੇਖਕ ਸਿਰਫ਼ ਅਸ਼ਲੀਲ ਗੱਲਾਂ ਹੀ ਲਿਖ਼ਦੇ ਨੇ, ਮੈਂ ਨਹੀਂ ਕਹਿੰਦੀ ਉਹ ਗ਼ਲਤ ਲਿਖਦੇ ਨੇ,ਉਹ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਹੈ,ਉਹ ਵੀ ਇੱਕ ਕੁਦਰਤ ਦਾ ਖੇਡ ਹੈ, ਵੈਸੇ ਆਪੋ ਆਪਣੀ ਸੋਚ ਹੁੰਦੀ ਹੈ, ਮੈਂ ਲਕੋ ਰਹੀਂ ਆ, ਮੈਂ ਟੋਆ ਪੁੱਟ ਨੱਪ ਦੇਵਾਂਗੀ, ਆਪਣੇ ਆਪ ਨੂੰ ‌ਕਹਿ ਦੇਵਾਂਗੀ,ਉਹ ਵੇਖ ਤੇਰੇ ਕੋਲ ਜੋ ਅਸ਼ਲੀਲ ਗੱਲਾਂ ਸੀ ਉਹ ਵੇਖ ਉਹ ਕੋਕੋ ਲੈ ਗਈ, ਮੇਰਾ ਮਨ ਬੱਚਿਆਂ ਵਾਂਗ ਥੋੜ੍ਹਾ ਸਮਾਂ ਜਿੱਦ ਕਰੇਗਾ, ਫੇਰ ‌ਕਿਸੇ ਨਾ ਕਿਸੇ ਚੀਜ਼ ਦੇ ਲਾਲਚ‌ ਲੱਗ ਜਾਵੇਗਾ,

ਫੋਨ ਦਾ ਚਾਨਣ‌ ਚਿਹਰੇ ਤੇ‌ ਪੈ ਰਿਹਾ ਹੈ, ਅੱਖਾਂ ਵਿਚ ਪਾਣੀ ਭਰ ਰਿਹਾ ਹੈ, ਮਾਂ ਬੋਲਦੀ ਹੈ, ਤੂੰ ‌ਸੁੱਤੀ ਨਹੀਂ ਹਲੇ,ਅੱਧੀ ਰਾਤ ਹੋਈ ਪਈ ਆ,ਨਿਆਣੀ ਨਹੀਂ ਹੈਗੀ ਤੂੰ, ਸਮਝਦਾਰ ਹੈਂ, ਦਿੰਨੇ ਚਲਾ‌ ਲਵੀਂ, ਹੁਣ ਧਰ ਦੇ… ਮਾਂ ਦੀ ਪਿਆਰ ਦੀ ਬੋਲੀ ਮੈਨੂੰ ਕਿਸੇ ਸੁਰੀਲੇ ਆਵਾਜ਼ ਵਰਗੇ ਪੰਛੀ ਵਰਗੀ ਜਾਪਦੀ ਹੈ, ਮੈਂ ਦਿਮਾਗ਼ ਵਿਚ ਘੁੰਮ ਰਹੀਆਂ ਕਵਿਤਾਵਾਂ ਦੀਆਂ ਸਤਰਾਂ ਨੂੰ ਇੱਕ ਗੁਪਤ ਜੰਦਰਾ ਲਾ ਸਮੁੰਦਰ ਵਿੱਚ ਸੁੱਟ ਦੇਂਦੀ ਆਂ, ਮੇਰੇ ਨਾਲ ਅਕਸਰ ਏਦਾਂ ਹੀ ਹੁੰਦਾ ਹੈ, ਮੈਂ ਬਹੁਤੀਆਂ ਕਵਿਤਾਵਾਂ ਆਪਣੇ ਹੱਥਾਂ ਨਾਲ ਖੁਦ ਮਾਰੀਆਂ ਨੇ, ਸਿਰਫ਼ ਇਸ ਦੁਨੀਆਂ ਦੇ ਰੰਗਾਂ ਅੱਗੇ ਫਿੱਕੇ ਰੰਗ ਵੇਖ ਕੇ… ਜਿਹਨਾਂ ਦਿਨਾਂ ਵਿਚ ‌ਮੈਂ ਚਾਹ ਕੇ ਵੀ ਕਵਿਤਾਵਾਂ ਨਹੀਂ ਲਿਖ ਸਕਦੀ, ਉਹਨਾਂ ਦਿਨਾਂ ਵਿੱਚ ਮੈਨੂੰ ਆਪਣੇ ਆਪ ਤੋਂ ਡਰ ਲੱਗਣ ਲੱਗਦਾ ਹੈ, ਮੈਨੂੰ ਲੱਗਦਾ ਹੈ ਕਿਤੇ ਮੇਰੇ ਵਿਚੋਂ ਕਵਿਤਾਵਾਂ ਮੁੱਕ ਤੇ ਨਹੀਂ ਗਈਆਂ, ਕਿਤੇ ਉਹ ਮੇਰੇ ਕੋਲੋਂ ਡਰਨ ਤੇ ਨਹੀਂ ਲੱਗ ਗਈਆਂ, ਉਹਨਾਂ ਦਿਨਾਂ ਵਿੱਚ ਮੈਨੂੰ ਮੇਰੇ ਹੱਥਾਂ ਤੇ ਪੈਂਤੀ ਅੱਖਰ ਕੀੜੀਆਂ ਵਾਂਗ ਤੁਰਦੇ ਹੋਏ ਵਿਖਾਈਂ ਦੇਂਦੇ ਨੇ,ਜੋ ਮੇਰੇ ਰਕਤ ਤੋਂ ਢਿੱਡ ਭਰ ਕਿਸੇ ਪਿੰਡ ਦੀ ਦੂਰ ਢਾਬ ਵਿਚ ‌ਢੋਲਣ ਚੱਲੇ ਨੇ…

ਮੈਂ ਫੇਰ ਇਕ ਕੰਮ ਕਰਦੀਂ ਆਂ,ਮੌਨ ਧਾਰ ਲੈਂਣੀ ਆਂ,ਸਾਡੇ ਅੰਦਰ ਦੀ ਦੁਨੀਆਂ ਦੀ ਇੱਕ ਹੀ ਚਾਬੀ ਹੈ,ਉਹ ਹੈ ਮੌਨ

ਮੈਂ ਜਦੋਂ ਮੌਨ ਧਾਰ ਲਵਾਂ, ਮੈਂ ਸਾਰਿਆਂ ਦੀਆਂ ਗੱਲ ਸਿਰਮੱਥੇ ਕਬੂਲਦੀ ਆਂ,ਉਸ ਸਮੇਂ ਵਿਚ ‌ਮੈਨੂੰ ਕੁਝ ਵੀ ਚੰਗਾ, ਮਾੜਾ ਨਹੀਂ ਲੱਗਦਾ, ਕੁਝ ਵੀ ਮਿੱਠਾ ਕੌੜਾ ਨਹੀਂ ਲੱਗਦਾ,ਤੇ ਜਦੋਂ ਮੈਂ ਆਪਣੇ ਕਈ ਦਿਨਾਂ ਦੇ ਮੌਨ ਤੋਂ ਬਾਅਦ ਆਪਣੀ ਮਨ ਦੀ ਜੋਤ ਨੂੰ ਖ਼ਤਰੇ ਦੀ ਕੰਗਾਰ ਤੇ ਬਲ਼ਦਾ ਹੋਇਆ ਵੇਖਦੀ ਆਂ, ਤਾਂ ਮੇਰੀਆਂ ਅੱਖਾਂ ਨੂੰ ਬਾਹਰਲੀ ਦੁਨੀਆਂ ਦਾ ਕੋਈ ਵੀ ਹਿੱਸਾ ਨਹੀਂ ਦਿੱਖਦਾ, ਮੇਰੇ ਕੰਨਾਂ ਨੂੰ ਸੁਣਨੋ ਹੱਟ ਜਾਂਦਾ ਹੈ, ਮੈਂ ਪੰਜਾਹ ਡਿਗਰੀ ਦੇ ਤਾਪਮਾਨ ਤੇ ਵੀ ਬਿਨਾਂ ਪੱਖਾ, ਕੂਲਰ ਲਾਏ,ਕਮਰੇ ਵਿਚ ਬੈਠੀ ਕੁਝ ਲਿਖ ਰਹੀ ਹੁੰਨੀ ਆਂ, ਉਹਨਾਂ ਸਮਿਆਂ ਵਿੱਚ ਮੈਂ ਇੱਕ ਕੁੜੀ ਨਹੀਂ ਹੁੰਦੀ, ਨਾਂ ਹੀ ਇੱਕ ਔਰਤ, ਮੈਂ ਉਹਨਾਂ ਸਮਿਆਂ ਵਿੱਚ ਇੱਕ ਖ਼ਾਲੀ ਦੇਹ ਹੁੰਦੀਂ ਆਂ,ਜੋ ਸਿਰਫ਼ ਕਵਿਤਾ ਨਾਮ ਤੇ ਨਸ਼ੇ ਤੇ ਲੱਗੀ ਹੋਈ ਆ, ਅੱਜ ਦੀ ਗੱਲ ਕਰਾਂ ਤਾਂ ਫੋਨ ਤੇ ਜਹਾਜ਼ ਲੱਗਿਆ ਹੋਇਆ ਹੈ, ਅਲਫ਼ਨੂਰ ਪੱਕਾ ਮੈਸਜ਼ ਕਰ ਰਹੀ ਹੋਵੇਗੀ, ਪਤਾ ਨਹੀਂ ਉਸਦੇ ਦਿਮਾਗ਼ ਵਿਚ ਕੀ ਚੱਲ ਰਿਹਾ ਹੋਵੇਗਾ,ਪਰ ਉਹ ਮੈਨੂੰ ਨਹੀਂ ਦੱਸੇਂਗੀ,ਉਹਦੀ ਆਦਤ ਹੈ, ਉਹ ਬਹੁਤ ਕੁਝ ਲਕੋ ਲੈਂਦੀ ਹੈ ਮੇਰੇ ਤੋਂ, ਉਹਨੂੰ ਲੱਗਦਾ, ਜਿਵੇਂ ਮੈਨੂੰ ਕੁਝ ਪਤਾ ਹੀ ਨਹੀਂ ਲੱਗਦਾ,ਪਰ ਉਹ ਇਹ ਨਹੀਂ ਜਾਣਦੇ, ਮੈਂ ਕਿਸੇ ਵੀ ਇਨਸਾਨ ਦੇ ਨਾਲ ਪਹਿਲੇ ਪੰਜ ਮਿੰਟ ਗੱਲ ਕਰਨ ਤੋਂ ਬਾਅਦ ਉਹਦਾ ਸੁਭਾਅ ਦੱਸ ਦੇਂਦੀ ਹਾਂ, ਉਹਦੀਆਂ ਪੰਜਾਹ ਆਦਤਾਂ ਪੜ ਲੈਂਦੀ ਹਾਂ…

ਪਰ ਇੱਕ ਇਨਸਾਨ ਹੈ,ਉਸਦਾ ਮੈਂ ਕਦੇ ਵੀ ਜ਼ਿਕਰ ਨਹੀਂ ਕਰਾਂਗੀ, ਮੈਂ ਜਦੋਂ ਵੀ ਉਸਨੂੰ ਪੜਨ ਦੀ ਕੋਸ਼ਿਸ਼ ਕੀਤੀ, ਮੈਂ ਆਪਣੇ ਆਪ ਦੇ ਅੰਦਰ ਚਲੀ ਗਈ, ਮੇਰੇ ਅੰਦਰੋਂ ਇੱਕ ਹੀ ਆਵਾਜ਼ ਆਈ, ਮੁਹੱਬਤ ਬੱਚਿਆਂ ਦਾ ਕੰਮ ਹੈ,ਇਹ ਬਹੁਤੇ ਸਿਆਣਿਆਂ ਦੀ ਖੇਡ ਨਹੀਂ ਆ,ਜੇ ਤੂੰ ਇਸ ਦਾ ਹਿੱਸਾ ਬਣਨਾ ਚਾਹੁੰਦੀ ਏ, ਤਾਂ ਇੱਕ ਕੰਮ‌ ਕਰ, ਇਹ ਭੁੱਲ ਜਾ ਕੇ ਤੂੰ ਹੈਂ, ਇਹੀ ਤਾਂ ਅਸਲ ਮੁਹੱਬਤ ਹੈ, ਜਿੱਥੇ ਔਰਤ ਮਰਦ ਦਾ ਅਰਥ ਮੁੱਕ ਜਾਵੇ,

ਸੁਣ ਜੇ ਮੈਨੂੰ ਮੌਕਾ ਮਿਲ਼ੇ ਮੈਂ ਲਿਖਾਂਗੀ ਤੇਰੇ ਤੇ ਕਿਤਾਬ,ਜਿਸਦਾ ਨਾਂ ਤੇਰੇ ਨਾਮ ਦੇ ਹੀ ਕਿਸੇ ਅੱਖਰ ਤੋਂ ਸ਼ੁਰੂ ਹੋਵੇਗਾ,ਜਿਸ ਵਿਚ ਮੈਂ ਸ਼ਰੇਆਮ ਦੱਸਾਂਗੀ ਕਿ ਨੰਗਾ ਸੱਚ ਕੀ ਹੁੰਦਾ,ਅਸਲ ਵਿਚ ਕਵੀ ਦੇ ਕੀ ਅਰਥ ਨੇ,ਲੋਕ ਸੋਹਣੇ ਕਿਉਂ ਹੁੰਦੇ ਨੇ,ਤਾਰੇ ਦੂਰ ਕਿਉਂ ਨੇ… ਹੋਰ ਬਹੁਤ ਸਵਾਲ ਜੋ ਸਮੁੰਦਰ ਵਿੱਚ ਮੱਛਿਆਂ ਵਾਂਗ ‌,ਮੇਰੇ ਅੰਦਰ ਦੌੜਦੇ ਨੇ,ਤੇ ਜੋ ਮੈਨੂੰ ਨਿਆਣਿਆਂ ਵਾਂਗ ਉਂਗਲ ਫੜ ਕੋਲ਼ ਬਠਾ ਲੈਂਦੇ ਨੇ, ਤੇ ਕਹਿੰਦੇ ਨੇ, ਤੂੰ ਕਿਉਂ ਦੁਨੀਆਂ ਤੋਂ ਸੱਚ ਲਕੋਣੀ ਆ , ਤੂੰ ਕਿਉਂ ਨਹੀਂ ਦੱਸ ਦੇਂਦੀ …ਕਿ ਕਹਾਣੀਆਂ, ਕਵਿਤਾਵਾਂ, ਗ਼ਜ਼ਲਾਂ,ਇਹ ਸਾਰੇ ਸ਼ਬਦੀ ਜੋੜੇਂ ਤੁਹਾਡੇ ਲਈ ਹੋਣ‌ ਗੇ ਮੰਨੋਰੰਜਨ ਦਾ ਸਾਧਨ,ਪਰ ਕਿਸੇ ਸ਼ਾਇਰ ਲਈ ਤਾਂ ਦਿਲ ਦਾ ਲੱਥਿਆ ਭਾਰ ਹੈ,ਉਸਦੀ ਦੁਨੀਆਂ ਦਾ ਉਹ ਹਿੱਸਾ ਜੋ ਬਲੈਕ ਹੌਲ ਵਾਂਗ ਆਪਣੇ ਆਪ ਵਿਚ ਖਾ ਰਹਾ ਹੈ, ਬਹੁਤੀਆਂ ਗੱਲਾਂ, ਉਹਨਾਂ ਦਾ ਹੀ ਟੁੱਕੜਾ ਹੈ ਇਹ ਸਭ, ਮੈਂ ਅਕਸਰ ਅਲਫ਼ਨੂਰ ਨੂੰ ਕਹਿੰਦੀ ਕਹਿੰਦੀ ਰੁੱਕ ਜਾਣੀਂ ਆਂ, ਕਿ ਇੱਕ ਇਨਸਾਨ ਦੀ ਜ਼ਿੰਦਗੀ ਵਿਚ ਦੋ ਜਾਣਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇੱਕ ਤਾਂ ਉਹ ਜਿਸ ਨਾਲ ਉਹ ਸਾਰੀਆਂ ਗੱਲਾਂ ਕਰ ਸਕੇ ਦੂਸਰਾ ਉਹ ਜਿਸ ਨਾਲ਼ ਉਹ ਉਹਦੇ ਨਾਲ ਕਰੀਆਂ ਗੱਲਾਂ ਦੱਸ ਸਕੇ,ਜੇ ਤੁਹਾਡੀ ਜ਼ਿੰਦਗੀ ਵਿਚ ਇਹ ਦੋ ਇਨਸਾਨ ਨੇ, ਤੁਸੀਂ ਕਦੇ ਵੀ‌‌ ਡਿਪਰੈਸ਼ਨ ਵਿਚ ਨਹੀਂ ਜਾਓਗੇ, ਮੈਂ ਖੁਦ ਦੋ ਸਾਲ ਇਸਦਾ ਸ਼ਿਕਾਰ ਰਹੀ‌ ਆ, ਸੋ ਮੁੱਕਦੀ ਗੱਲ ਕਰਦੀਂ ਆਂ, ਤੁਸੀਂ ਕਿਸੇ ਦੇ ਵਿਸ਼ਵਾਸੀ ਬਣੋ, ਤੁਹਾਨੂੰ ਵਿਸ਼ਵਾਸ ਕਰਨ‌ ਵਾਲੇ ਬਹੁਤ ਮਿਲ ਜਾਣਗੇ,ਜੇਹੋ ਜੇ‌ ਤੁਸੀਂ ਹੋ, ਦੁਨੀਆਂ ਤੁਹਾਨੂੰ ਓਦਾਂ ਦਾ ਹੋ ਕੇ ਮਿਲੇਗੀ,ਮੇਰਾ ਹੁਣ ਤੀਕ ਦਾ ਸਫ਼ਰ ਇਸ ਦੀ ਗਵਾਹੀ ਭਰਦਾ ਹੈ

ਮੇਰਾ ਪਤਾ ਨਹੀਂ ਕਿੱਥੇ ਚਲੀ ਗਈ, ਮੇਰੇ ਨਾਲ ਅਕਸਰ ਇਹੀ ਹੁੰਦਾ ਹੈ, ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਸੜਕ ਤੇ ਤੁਰਨ ਲਈ ਚਲੀ ਜਾਣੀਂ ਆ,ਤੁਰਦੀ ਤੁਰਦੀ ਨੂੰ ਯਾਦ ਆਉਂਦਾ ਹੈ,ਉਹ ਮੈਂ ਤਾਂ ਪਿੰਡ ਦੀ ਯੂ ਟੱਪ ਆਈਂ,ਉਹ ਵੇਖ ਦੂਸਰੇ ਪਿੰਡ ਦੇ ਘਰ, ਫੇਰ ਕਾਹਲ਼ੀ ਕਾਹਲ਼ੀ ਵਾਪਸ ਤੁਰ ਪੈਂਦੀ ਹਾਂ,ਸੋਚਣ ਲੱਗਦੀ ਹਾਂ, ਮਾਂ ਫ਼ਿਕਰ ਕਰਦੀ ਹੋਊ,ਹਾਏ ਮੇਰਾ ਤਾਂ ਫੋਨ ਵੀ ਘਰ ਹੈ,ਕੀ ਪਤਾ ਉਹਦਾ ਮੈਸਜ਼ ਆ ਗਿਆ ਹੋਵੇ,ਘਰ ਪਹੁੰਚਦੀ ਆ ਅਜਿਹਾ ਕੁਝ ਵੀ ਨਹੀਂ ਹੁੰਦਾ ਜੋ ਸੋਚ ਰਹੀ ਸੀ, ਬੇਬੇ ਬਾਪੂ ਮੇਰੇ ਸੁਭਾਅ ਤੋਂ ਵਾਕਿਫ਼ ਹੋ ਚੁੱਕੇ ਨੇ, ਉਹਨਾਂ ਨੂੰ ਪਤਾ ਹੈ,ਪਤਾ ਕਈ ਵਾਰ ਮੈਂ ਆਪਣੇ ਆਪ ਨਾਲ ਵੀ ਉੱਚੀ ਉੱਚੀ ਗੱਲਾਂ ਕਰਨ ਲੱਗ ਜਾਣੀਂ ਆ, ਮਾਂ ਕਮਰੇ ਦਾ ਗੇਟ ਖੋਲਦੀ ਹੈ,ਤੇ ਦੱਬੇ ਪੈਰੀਂ ਵੇਖਦੀ ਹੈ ਕਿ ਕਿਸਨਾਲ ਗੱਲਾਂ ਕਰ ਰਹੀ ਹੈ,ਉਹ ਕਦੇ ਕਦੇ ਇਹ ਗੱਲਾਂ ਤੋਂ ਡਰ ਵੀ ਜਾਂਦੀ ਹੈ, ਮਾਵਾਂ ਨੂੰ ਫ਼ਿਕਰ ਹੁੰਦੀ ਹੈ, ਬੇਸ਼ੱਕ ਉਹ ਸਾਨੂੰ ਨਾ ਦੱਸਣ,ਉਹ ਸਾਨੂੰ ਅਹਿਸਾਸ ਨਾ ਕਰਾਉਣ,ਪਰ ਉਹਨਾਂ ਦੀ ਅੰਦਰਲੀ ਦੁਨੀਆਂ ਮਮਤਾ ਦਾ ਸਾਗਰ ਹੁੰਦੀ ਹੈ…

ਮੈਨੂੰ ਅਕਸਰ ਮਹਿਬੂਬ ਤੇ ਮਾਂ ਸ਼ਬਦ ਦੋਵੇਂ ਇੱਕੋ ਜਿਹੇ ਲੱਗਣ ਲੱਗਦੇ ਨੇ, ਮਾਂ ਤੋਂ ਬਾਅਦ ਤੋਂ ਸਾਡਾ ਖਿਆਲ ਕਰਦਾ ਹੈ ਉਹ ਸਿਰਫ਼ ਇੱਕ ਹੀ ਹੁੰਦਾ ਹੈ,ਉਹ ਹੈ ਸਾਡਾ ਮਹਿਬੂਬ, ਜੇ ਇਸ ਦੁਨੀਆਂ ਨੂੰ ਮੇਰੇ ਕਹੀ ਗੱਲ , ਦੂਸਰੇ ਨਜ਼ਰੀਏ ਤੋਂ ਨਾ ਵੇਖੀ ਜਾਏ ਤਾਂ ਮੈਂ ਮਾਂ ਦਾ ਬਦਲ ਮਹਿਬੂਬ ਨੂੰ ਦੇ ਦੇਵਾਂਗੀ,ਤੇ ਕਹਿ ਦੇਵਾਂਗੀ,ਕਿ ਮਾਂ ਤੇ ਮਹਿਬੂਬ ਦੇ ਅਰਥ ਇਤਿਹਾਸ ਵਿਚ ਬਦਲ ਦਿੱਤੇ ਜਾਣ… ਫੇਰ ਸੋਚਦੀ ਆਂ, ਇਤਿਹਾਸ ਕੌਣ ਬਦਲੇਗਾ,ਇਹ ਤਾਂ ਸਾਡੀ ਹੱਥਲਿਖਤ ਨਹੀਂ ਆ,ਮੰਨਦੀ ਹਾਂ, ਅਸੀਂ ਉਹਨਾਂ ਦੀਆਂ ਪੀੜ੍ਹੀਆਂ ਦੇ ਵਾਰਿਸ ਆਂ, ਪਰ ਨਿੱਜੀ ਅਧਿਕਾਰ ਤਾਂ ਨਿੱਜੀ ਹੀ ਹੁੰਦਾ, ਕਿਉਂ ਕਿਸੇ ਦੀ ਲਿਖਤ ਨਾਲ ਛੇੜਖਾਨੀ ਕਰਨਾ, ਗ਼ੈਰ ਕਾਨੂੰਨੀ ਨਹੀਂ ਆ, ਨਹੀਂ ਹੈ ਤਾਂ ਕਰਿਆ ਜਾਵੈ … ਮੈਨੂੰ ਉਹਦੀ ਯਾਦ ਆ ਰਹੀ ਆ, ਕਾਸ਼ ਉਹ ਕੋਈ ਸੁਨੇਹਾ ਭੇਜੇ, ਦੇਰ ਤੀਕ ਗੱਲਾਂ ਕਰੇ ਤੇ ਕਹੇ ਤੂੰ ਜਿੰਨੀਆਂ ਵੀ ਕਵਿਤਾਵਾਂ, ਕਹਾਣੀਆਂ ਜੋ ਵੀ ਲਿਖਤਾਂ ਲਿਖੀਆਂ, ਮੈਨੂੰ ਨਹਿਰ ਵਾਲੇ ਖੂਹ ਕੋਲ਼ ਆ ਕੇ ਫੜਾ ਜਾ, ਤਾਂ ਸੱਚੀਂ ਮੈਂ ਨੰਗੇ ਪੈਰੀਂ ਜਾਵਾਂ,ਉਹ ਵੀ ਸਿੱਖਰ ਦੁਪਹਿਰੇ….

ਮੈਂ ਸੱਚੀਂ ਜਮਾਂ ਕਮਲ਼ੀ ਆ, ਪਤਾ ਨਹੀਂ ਕਿੱਧਰ ਚਲੀ ਗਈ,ਉਹ ਸੱਚ ਮੈਂ ਦੱਸਣਾਂ ਭੁੱਲ ਗਈ ਸੀ,ਮੇਰਾ ਵਿਆਹ ਰੱਖ ਦਿੱਤਾ ਗਿਆ, ਮੈਂ ਤਿਆਰ ਹਾਂ,ਪਰ ਮੈਨੂੰ ਖੁਸ਼ੀ ਨਹੀਂ ਹੈ, ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਹੈ,ਕਿ ਹੁਣ ਮੇਰੇ ਜ਼ਿੰਦਗੀ ਵਿਚ ਸੁਖ ਆਵੇ ਜਾਂ ਦੁੱਖ,ਬਸ‌ ਸਾਹ ਚੱਲਦੇ ਰਹਿਣ ਜਦ ਤੀਕ ਉਹ ਵਾਪਿਸ ਨਹੀਂ ਮੁੜ ਆਉਂਦਾ…

( ਇਸ ਤੋਂ ਬਾਅਦ ਕੁਝ ਪੰਨੇ ਪਾੜੇ ਹੋਏ ਨੇ, ਲੱਗ ਰਿਹਾ ਜਾਣ ਬੁੱਝ ਪਾੜੇ ਨੇ, ਸ਼ਾਮ ਦੇ ਚਾਰ ਵੱਜ ਚੁੱਕੇ ਨੇ, ਮੈਂ ਬਾਕੀ ਡਾਇਰੀ ਕੱਲ੍ਹ ਨੂੰ ਪੜਾਂਗੀ,ਇਹ ਆਖ ਆਪਣੇ ਆਪ ਨੂੰ ਸੁਖਦੀਪ ਨੇ ਮੁੜ ਡਾਇਰੀ,ਟੀ.ਵੀ ਉੱਪਰ ਰੱਖ ਦਿੱਤੀ ਤੇ ਖੁਦ ਘਰ ਦੇ ਕੰਮ ਕਾਜ਼ ਕਰਨ ਲੱਗ ਪਈ )

*****

ਨੋਟ : ਬਹੁਤ ਸਾਰੀਆਂ ਗੱਲਾਂ ਅਜੇ ਅੱਧ ਤੋਂ ਵੀ ਜ਼ਿਆਦਾ ਅਧੂਰੀਆਂ ਨੇ, ਅਜੇ ਤੀਕ ਇਹ ਵੀ ਨਹੀਂ ਪਤਾ,ਇਹ ਡਾਇਰੀ ਅਲਫ਼ਨੂਰ ਨੇ ਹੀ ਲਿਖੀ ਹੈ ਜਾਂ ਨਹੀਂ, ਕਿਉਂਕਿ ਕਿਤੇ ਵੀ ਲਿਖਣ ਵਾਲੇ ਦਾ ਨਾਮ ਨਹੀਂ ਹੈ,ਬਾਕੀ ਜੇ ਇਹ ਅਲਫ਼ਨੂਰ ਨੇ ਨਹੀਂ ਲਿਖੀ ਤਾਂ ਹੋਰ ਕਿਸ ਨੇ ਲਿਖੀ ਫੇਰ,ਸੋ ਇਹਨਾਂ ਹੀ ਸਵਾਲਾਂ ਸਦਕਾ ਰੂਬਰੂ ਕਰਾਂਗੇ ਅਗਲਾ ਭਾਗ

ਤਦ ਤੀਕ ਲਈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : s_u_k_h_d_e_p

ਯੂਟਿਊਬ : kaav sangreh ( ਇਸ ਕਹਾਣੀ ਵਿਚਲੇ ਗੀਤਾਂ ਨੂੰ ਸੁਣਨ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਨਾਲ ਵੀ ਜੁੜ ਸਕਦੇ ਹੋ )

...
...



Related Posts

Leave a Reply

Your email address will not be published. Required fields are marked *

5 Comments on “ਇੱਕ ਸ਼ਾਇਰ ( ਭਾਗ : ਦੂਸਰਾ )”

  • ਮੈਨੂੰ ਕਹਾਣੀ ਬਹੁਤ ਵਧੀਆ ਲੱਗੀ। ਇਸ ਵਿੱਚ ਮੈਨੂੰ (ਅਮਿ੍ਤਾ ਪ੍ਰੀਤਮ) ਜੀ ਦੀਆਂ ਕਵਿਤਾਵਾਂ ਦਾ ਦਰਦ ਦਿਖਾਈ ਦਿੱਤਾ। ਤੁਸੀ ਹੂਬਹੂ ਉਹਨਾਂ ਵਰਗਾ ਲਿਖਿਆ ਹੈ। ਕਹਾਣੀ ਵਿੱਚ ਕਵਿਤਾ ਬਹੁਤ ਵਧੀਆ ਸੀ।

  • nice g👌

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)