More Punjabi Kahaniya  Posts
ਨਮੋਸ਼ੀ ਦਾ ਸਾਹਮਣਾ


ਜਨਵਰੀ ਵਿੱਚ ਭਾਜੀ ਦੇ ਪੋਤਰੇ ਦੀ ਪਹਿਲੀ ਲੋਹੜੀ ਵੰਡਣੀ ਸੀ , ਸੋਚਿਆ , ਪੁਰਾਣੇ ਢੰਗ ਤਰੀਕੇ ਅਨੁਸਾਰ ਪਿੰਡ ਵਿੱਚ ਭਾਈਚਾਰੇ ,ਸ਼ਰੀਕੇ ਦੀਆਂ ਔਰਤਾਂ ਨਾਲ ਰਲ੍ਹ ਖੁਦ ਲੋਹੜੀ ਵੰਡਦੀਆਂ ਹਾਂ .. ਇੱਕ ਨਵੀਂ ਖੁਸ਼ੀ ਮਿਲੇਗੀ , ਨਵੇਂ ਲੋਕਾਂ ਨਾਲ ਮੇਲ-ਮਿਲਾਪ ਹੋਵੇਗਾ , ਪਿੰਡ ਵੀ ਵੇਖਿਆ ਜਾਵੇਗਾ ਅਤੇ
ਜਾਣ-ਪਛਾਣ ਵੱਧੇਗੀ । ਅਸੀਂ ਰਲ੍ਹ ਮਿਲ ਅੱਠ ਨੌ ਭੈਣਾਂ ਲੋਹੜੀ ਵੰਡਣ ਲੱਗੀਆਂ ।
ਪਿੰਡ ਵੱਡਾ ਹੋਣ ਕਰਕੇ ਮੈਨੂੰ ਕਈ ਚਿਹਰੇ ਤਾਂ ਯਾਦ ਸਨ ਪਰ ਨਾਵਾਂ ਤੋਂ ਵਾਕਿਫ਼ ਨਹੀਂ ਸੀ।
ਇੱਕ ਘਰ ਲੋਹੜੀ ਪਾਉਣ ਗਈਆ ਤਾਂ ਇੱਕ ਜਾਣ ਪਛਾਣ ਵਾਲੀ ਕੁੜੀ ਮੈਨੂੰ ਵੇਖ ਭੱਜ ਕੇ ਮਿਲੀ ਤੇ ਕਹਿਣ ਲੱਗੀ ,
“ਹਾਏ ਆਂਟੀ ! “
ਕਿਵੇਂ ਠੀਕ ਓ ਤੁਸੀਂ ?
ਘਰ ਸਾਰੇ ਠੀਕ ਹਨ ..?
ਮੈਂ ਉਸ ਦਾ ਰੰਗ ਢੰਗ ਵੇਖ ਪੁੱਛਿਆ ,” ਮਨੀ ਕੀ ਤੇਰਾ ਵਿਆਹ ਹੋ ਗਿਆ ?”
ਕਦੋਂ ਆਈ ਸੀ ?
ਕੀ ਤੇਰਾ ਵਿਆਹ ਹੋ ਗਿਆ ?
ਆਹ ਬੇਟਾ ਤੇਰਾ ਹੈ ?
(ਜੋ ਕੁੱਛੜ ਚੁਕਿਆ ਹੋਇਆ ਸੀ )
ਮੈਂ ਇੱਕੋ ਵਾਰ ਤਿੰਨ ਸਵਾਲ ਕਰ ਦਿੱਤੇ .. ।
ਉਹ ਮੁਸਕਰਾਉਦੀ ਹੋਈ , ਹਾਂਜੀ ਹਾਂਜੀ ਕਹਿੰਦੀ ਰਹੀ ! ਮਨੀ ਸੱਤਵੀਂ ਅੱਠਵੀਂ ਵਿੱਚ ਮੇਰੇ ਕੋਲ ਟਿਉਸ਼ਨ ਪੜ੍ਹਨ ਆਇਆ ਕਰਦੀ ਸੀ।
ਮੇਰੇ ਨਾਲ ਵਾਲੀਆਂ ਭੈਣਾਂ ਜਲਦੀ ਜਲਦੀ ਗੇਟ ਤੋਂ ਬਾਹਰ ਨਿਕਲ ਗਈਆਂ .. ਮੈਂ ਮਸਤ ਮਨੀ ਦੇ ਪ੍ਰੀਵਾਰ ਨਾਲ ਗੱਲਾਂ ਕਰਨ ਲੱਗੀ ।
ਨਾਲ ਲੋਹੜੀ ਵੰਡਣ ਵਾਲੇ ਇੱਕ ਭੈਣ ਜੀ ਬਾਹਰੋਂ ਮੈਨੂੰ ਅਵਾਜ਼ਾਂ ਮਾਰਨ ਲੱਗੇ ,
”ਆ ਜਾਹ ਹੁਣ , ਕੁਵੇਲਾ ਹੋ ਗਿਆ ! “
ਕਹਿ ਕੇ ਮੇਰੀ ਬਾਂਹ ਫੜ੍ਹ ਉਸ ਘਰ ਦੇ ਗੇਟ ਤੋਂ ਬਾਹਰ ਖਿੱਚ ਲਿਆਏ .. ਮੈਂ ਅਜੀਬ ਜਿਹਾ ਵਰਤਾਰਾ ਵੇਖ ਦੰਗ ਰਹਿ ਗਈ ।
ਗਲੀ ਵਿੱਚ ਖੜ੍ਹੀ ਕਰ ਮੈਨੂੰ ਭੈਣ ਜੀ ਕਹਿਣ ਲੱਗੇ , ਕਮਲੀਏ ! ਇਹ ਤਾਂ ਘਰ੍ਹੇ ਕਿਸੇ ਨੂੰ ਵੜ੍ਹਨ ਨਹੀਂ ਦਿੰਦੇ ਤੇ ਤੂੰ ਸਲਾਹੀ ਪੈਗੀ “
ਮੈਂ ਪੁੱਛਿਆ ,
ਕਿਉੰ ?
ਕੀ ਹੋਇਆ ਭੈਣ ਜੀ ?
ਭੈਣ ਜੀ ਦੱਸਣ ਲੱਗੇ .. “ਆਹ ਸਾਹਮਣਾ ਘਰ ਮਨੀ ਦੇ ਮਾਪਿਆਂ ਦਾ ਹੈ “
“ਹੈਂਅ “, ਕਹਿ ਮੈਂ ਹੈਰਾਨੀ ਪ੍ਰਗਟਾਉਂਦਿਆਂ ਪੁੱਛਿਆ ?
ਤੇ
“ਫਿਰ ਮਨੀ ਉੱਥੇ ਕਿਵੇ ? “
ਕਮਲੋ , ਇਹੀ ਤਾਂ ਪਿਛਲੇ ਸਾਲ ਘਰੋਂ ਭੱਜੀ ਸੀ ਤੇ
ਘਰ ਦੇ ਸਾਹਮਣੇ ਗੁਆਢੀਂਆਂ ਦੇ ਮੁੰਡੇ ਨਾਲ ਅਦਾਲਤ ਵਿੱਚ ਜਾ ਕੇ ਵਿਆਹ ਕਰਵਾ ਲਿਆ ਸੀ ..
ਮੈਂ ਇੱਕਦਮ ਪੁੱਛਿਆ ,”ਮਨੀ ਨੇ ??”
ਭੈਣ ਜੀ ਕਹਿੰਦੇ , “ਤੇ ਹੋਰ .. ਜਦੋਂ ਪਿਛਲੇ ਸਾਲ ਪੁਲਿਸ ਆਉਦੀ ਰਹੀ , ਪੰਚਾਇਤਾਂ ਇਕੱਠੀਆਂ ਹੁੰਦੀਆਂ ਰਹੀਆਂ ,
ਮਾਪਿਆਂ ਬਥੇਰਾ ਜ਼ੋਰ ਲਾਇਆ ,ਸਾਡੀ ਕੁੜੀ ਨੂੰ ਸੇਠਾਂ ਨੇ ਵਰਗਲਾ ਲਿਆ , ਵਾਪਿਸ ਘਰ ਬੁਲਾਉਣ ਲਈ
“ਪਰ ਕੁੜੀ ਮੁੰਡੇ ਦੇ ਬਿਆਨਾਂ ਨੇ ਮਾਪਿਆਂ ਨੂੰ ਗਲਤ ਸਾਬਿਤ ਕਰ ਦਿੱਤਾ ਸੀ .. “
ਹਾਏ !
ਕਹਿੰਦੀ ਮੈਂ ਉੱਥੇ ਗਲੀ ਵਿੱਚ ਰੁਕ ਗਈ ਤੇ ਦੋਨੋ ਆਹਮੋ ਸਾਹਮਣੇ ਗੇਟਾਂ ਦੀ ਦੂਰੀ ਜਿਹੜੀ ਮਸਾਂ ਦਸ ਗਿਆਰਾਂ ਮੀਟਰ ਹੋਣੀ ਹੈ ਵੇਖਣ ਲੱਗੀ ਤੇ ਵਾਹਿਗੁਰੂ ਵਾਹਿਗੁਰੂ ਕਰਦੀ ਸੋਚਾਂ ਵਿੱਚ ਡੁੱਬ ਗਈ ..
ਲੋਹੜੀ ਵੰਡਣ ਦੀ ਖੁਸ਼ੀ ਮੈਨੂੰ ਅਚੰਭਿਤ ਕਰ ਗਈ ਤੇ ਕਈ ਸਵਾਲਾਂ ਦੀ ਝੜੀ ਮਨ ਵਿੱਚ ਲੱਗ ਗਈ .. !!!
ਅਸੀਂ ਕਿੱਧਰ ਨੂੰ ਜਾ ਰਹੇ ਹਾਂ ..?
ਕੀ ਸਾਡਾ ਪਿਛੋਕੜ ਇਸ ਨੂੰ ਕਦੇ ਵੀ ਸਵੀਕਾਰ ਕਰੇਗਾ ..??
ਇੱਕ ਪਿੰਡ ,ਇੱਕ ਮੁਹੱਲਾ .. ਫਿਰ ਆਂਢ ਗੁਆਂਢ .. ਮਾਪਿਆਂ ਦਾ ਘਰ ਸਹਿੰਦਾ ਤੇ ਸਹੁਰੇ ਘਰ ਗਰੀਬੀ ??
ਪਿੰਡ ਵਿੱਚ ਇਹ ਕਿਵੇਂ ਬਾਹਰ ਨਿਕਲੇਗੀ ?
ਸਦਾ ਲਈ ਕੈਦ ਹੋਈ ਕਦੇ ਤਾਂ ਪਛਤਾਵੇ ਦੇ ਹੰਝੂ ਕੇਰੇਗੀ ??
ਮਾਪਿਆਂ ਪੱਲੇ ਵੀ ਕੱਖ ਨੀਂ ਰਿਹਾ ,ਇੱਜ਼ਤ ਵੀ ਮਿੱਟੀ ਹੋਈ
ਤੇ ਕਲੰਕ ਵੀ ਕਦੇ ਨਾ ਮਿਟਣ ਵਾਲਾ ??
ਇਹ ਬੱਚਾ ਕਿਹੜਾ ਮੂੰਹ ਲੈ ਕੇ ਪਿੰਡ ਵਿੱਚ ਭਵਿੱਖ ਸੰਵਾਰੇਗਾ ?
ਤਾਂ ਹੀ ਮਾਪੇ ਜਨਮ ਦੇਣ ਤੋਂ ਡਰਦੇ ਹਨ ਸ਼ਾਇਦ ਧੀਆਂ ਨੂੰ.. ??
ਕਿਤ੍ਹੇ ਨਾ ਕਿਤ੍ਹੇ ਔਲਾਦ ਪ੍ਰਤੀ ਮਾਪਿਆਂ ਦਾ ਅਵੇਸਲਾ ਪਣ ਵੀ ਨਜ਼ਰ ਆਇਆ …!!
ਕਦੇ ਜ਼ਮਾਨਾ ਸੀ ,ਜਦੋਂ ਪਿੰਡ ਦੀ...

ਧੀ ਭੈਣ ਸਭ ਦੀ ਸਾਂਝੀ ਹੁੰਦੀ ਸੀ ਸਾਰੇ ਝਿੜਕ ਵੀ ਲੈਂਦੇ ਸਨ ਤੇ ਕੁੜੀਆਂ ਦੀ ਇੱਜ਼ਤ ਦੀ ਰਾਖੀ ਵੀ ਕਰਦੇ ਸਨ .. ਕਦੇ ਵੱਡੇ ਤਾਇਆਂ ਚਾਚਿਆਂ ਕਹਿਣਾ,” ਕੁੜੇ ਸਿਰ ਢੱਕ “
ਕਦੇ ਕਹਿਣਾ, “ ਪੁੱਤ ਘਰੇ ਚੱਲ “
ਮਤਲਬ ਖਿਆਲ ਰੱਖਣਾ ਤੇ ਆਹ ਨੀ ਪਾਉਣਾ ਔਹ ਨੀ ਪਾਉਣਾ
ਵਗੈਰਾ ਵਗੈਰਾ ..!!
ਮਾਪੇ ,ਆਂਢ-ਗੁਆਂਢ ਨਸੀਹਤਾਂ ਹੀ ਦਿੰਦੇ ਸਨ , ਕਦੇ ਕੋਈ ਗੁੱਸਾ ਨਹੀਂ ਸੀ ਕਰਦਾ ਹੁੰਦਾ ਤੇ ਕਿਸੇ ਟਾਈਮ ਬੱਚੇ ਦੇ ਘਰ ਆਏ ਉਲਾਂਭੇ ਉੱਤੇ ਮਾਪੇ .. ਬੱਚੇ ਦੀ ਸ਼ਾਮਤ ਲਿਆਉਦੇ ਸਨ ਨਾ ਕੇ ਉਲਾਭਾ ਦੇਣ ਆਏ ਦੀ .. ?
ਅੱਜ ਸਾਡੇ ਬੱਚੇ ਦੀ ਗਲਤੀ ਜੋ ਵੀ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਅਸੀਂ ਉਸ ਨੂੰ ਸ਼ਰਮਿੰਦਾ ਕਰਕੇ ਤੋਰਦੇ ਹਾਂ
ਗਲਤ ਬੱਚੇ ਦੀ ਪੂਰੀ ਸਪੋਟ ਕਰਦੇ ਹੋਏ …!!
ਅਸੀਂ ਪੜ੍ਹੇ ਲਿਖੇ ਡਿਗਰੀਆਂ ਦੇ ਢੇਰਾਂ ਥੱਲੇ ਘਮੰਡੀ ਹੋਏ ਆਪਣੇ ਬੱਚਿਆਂ ਨੂੰ ਸਿਖਾਉਦੇ ਹਾਂ .. “ਪ੍ਰਵਾਹ ਨਹੀਂ ਕਰਨੀ ਕਿਸੇ ਦੀ “
“ਲੋਕ ਕੀ ਕਹਿਣਗੇ “ਸ਼ਬਦ ਜੋ ਸਾਡੀ ਅਕਲ ਤਰਾਸ਼ਦਾ ਸੀ … ਉਹ ਜਿੰਦਗੀ ਵਿੱਚੋਂ ਬਿੱਲਕੁਲ ਮਨਫੀ ਕਰ ਦਿੱਤਾ ।
ਸ਼ਰਮ ,ਲੱਜਾ ,ਹਯਾ ਦੀਆਂ ਹੱਦਾਂ ਸਭ ਖਤਮ ਕਰ ਦਿੱਤੀਆਂ ਹਨ …!!
ਵੱਡਿਆਂ ਦੀਆਂ ਵਿਦਵਾਨੀ ਅਕਲਾਂ ਨੂੰ ਉੱਕਾ ਹੀ ਵਿਸਾਰ ਦਿੱਤਾ ਹੈ ..ਨਿਰਾਦਰੀ ਭਰੇ ਵਤੀਰੇ ਨੇ ਬੱਚਿਆਂ ਉੱਪਰੋਂ ਰੋਅਬ ਚੁੱਕ ਦਿੱਤਾ ਹੈ .. ਅਸੀਂ ਦਾਦੇ ਦਾਦੀਆਂ ਤੋਂ ਆਪਣੇ ਹੋਣ ਦੇ ਹੱਕ ਖੋਹ ਲਏ ਹਨ ।
ਆਧੁਨਿਕ ਹੁੰਦੇ ਹੁੰਦੇ . ਕੁਰਾਹੇ ਪੈ ਤੁਰੇ ਤੇ ਅਣਖਾਂ ਜ਼ਮੀਰਾਂ ਦਾ ਘਾਣ ਕਰ ਦਿੱਤਾ ।
ਹੁਣ ਪੈਸੇ ਥੱਲੇ ਸਿਆਣਪਾਂ ਦੀ ਲੋੜ ਲਾਜ਼ਮੀ ਨਹੀਂ ਸਮਝਦੇ ਤੇ ਅਸੂਲਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਲੱਗੇ ਹਾਂ .. !!
ਕਦੇ ਸਰਕਾਰਾ ,ਦੂਰ ਅੰਦੇਸ਼ੀ ਫੈਸਲਿਆਂ ਦੇ ਮਾਹਿਰ , ਕਾਨੂੰਨ ਵਿਸ਼ਵਾਸ਼ ਦੀਆਂ ਜਨਤਕ ਧਿਰਾਂ ਸਨ ।
ਪਿਛਲੇ ਵਰਿਆਂ ਦੌਰਾਨ ਲਵ ਮੈਰਿਜਾਂ ਜਾਂ ਘਰੋਂ ਭੱਜਣ ਵਾਲੇ ਜੋੜਿਆਂ ਲਈ ਬਣਿਆ ਕਾਨੂੰਨ ਸਾਡੀ ਮਾਣ ਮਰਿਯਾਦਾ ਨੂੰ ਬਹੁਤ ਵੱਡੀ ਢਾਹ ਲਾ ਗਿਆ ..ਛੇ ਮਹੀਨਿਆਂ ਦੀ ਰਿਹਾਇਸ਼ ਤੇ ਖਰਚੇ ਦਾ ਪ੍ਰਬੰਧ ਕਾਨੂੰਨ ਜ਼ਿੰਮੇ ਹੋਣ ਕਰਕੇ ਹਰ ਪਿੰਡ ਹਰ ਸ਼ਹਿਰ ਵਿੱਚ ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਅਨੇਕਾਂ ਜੋੜਿਆਂ ਨੇ ਖੂਬ ਨਜ਼ਾਇਜ਼ ਫਾਇਦਾ ਚੁੱਕਿਆ .. ਜਿਹਨਾਂ ਦੀ ਉਮਰ ਵੀ ਮਸਾਂ ਅਠਾਰਾਂ ਤੇ ਇੱਕੀ ਸਾਲ ਪੂਰੀ ਕਰਦੀ ਸੀ ।
ਉੱਥੇ ਹੇਠਲੇ ਤੇ ਮੱਧਮ ਵਰਗੀ ਮਾਪੇ ਜ਼ਿਆਦਾ ਬੇਵੱਸ ਨਜ਼ਰ ਆਏ .. !
ਸਾਡੇ ਕਾਨੂੰਨ ਅਦਾਲਤਾਂ ਕੁਝ ਵੀ ਹੋਣ ,ਪਰ ਇੱਥੇ ਔਲਾਦ ਪ੍ਰਤੀ ਜ਼ਿੰਮੇਵਾਰੀ ਮਾਪਿਆਂ ਦੀ ਬਣਦੀ ਹੈ ।
ਇੱਕ ਬੱਚਿਆਂ ਨੂੰ ਜਨਮ ਦੇਣਾ ਹੀ ਕਾਫੀ ਨਹੀਂ ਹੁੰਦਾ , ਸਗੋਂ ਚੰਗਾ ਸਮਾਜ ਸਿਰਜਣ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਫਰਜ਼ਾਂ ਨੂੰ ਵੀ ਕਦੇ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਕਿਉਕੇ ਔਲਾਦ ਸਾਡੀ ਅਸਲੀ ਜਾਇਦਾਦ ਹੁੰਦੀ ਹੈ .. !!
ਬੇਸ਼ੱਕ ਪੈਸਾ ਘੱਟ ਕਮਾਇਆ ਜਾਵੇ ,ਪਰ ਔਲਾਦ ਵੱਲ ਪੂਰਾ ਧਿਆਨ ਦਿੱਤਾ ਜਾਵੇ .. ਅੱਜ ਦੇ ਸਮੇਂ ਦੀ ਲੋੜ ਹੈ ।
ਅਣਜਾਣ ਪੁਣੇ ਦੀਆਂ ਗਲਤੀਆਂ ਦਾ ਸੇਕ ਮਾਪਿਆਂ ਦੇ ਨਾਲ ਨਾਲ ਕੁਰਾਹੇ ਪਈ ਔਲਾਦ ਨੂੰ ਵੀ ਭੁਗਤਣਾ ਪੈਂਦਾ ਹੈ .. ।
ਉਸਾਰੂ ਸੋਚ ਉਸਾਰੂ ਸਮਾਜ ਦੀਆਂ ਨੀਂਹਾਂ ਨੂੰ ਮਜਬੂਤ ਕਰਦੀ ਹੈ … !!!
ਆਓ ਰਲ੍ਹ ਮਿਲ ਔਲਾਦ ਨੂੰ ਚੰਗੇ ਸੰਸਕਾਰਾਂ ਨਾਲ ਚੰਗਾ ਪਰੋਸੀਏ ..ਤਾ ਜੋ ਸਹੀ ਸੇਧ ਮਿਲ ਸਕੇ …ਸਮਾਜ ਨੂੰ ਗੰਧਲਾ ਹੋਣ ਤੋਂ ਰੋਕੀਏ.. !!
ਉਹ ਕਾਹਦੀ ਅਜ਼ਾਦੀ ਜਿਹੜੀ ਸਦਾ ਲਈ ਨਾਸ਼ ਕਰ ਦੇਵੇ .. ਅਜਾ਼ਦੀ ਵਿਚਾਰਾਂ ਦੀ ਚਾਹੀਦੀ ਸੀ ਬਰਬਾਦੀ ਦੀ ਨਹੀਂ .. !!
ਬਾਕੀ ਰੱਬ ਰਾਖਾ . !!
ਵਾਹਿਗੁਰੂ ਜੀ ! ਹਰ ਇੱਕ ਦੀ ਪੱਤ ਇੱਜ਼ਤ ਜਰੂਰ ਰੱਖਣਾ .. ਕਦੇ ਕਿਸੇ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ …!!
(✍️ਰਾਜਵਿੰਦਰ ਕੌਰ ਵਿੜਿੰਗ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)