ਅੱਜ ਫਿਰ ਨੰਬਰਦਾਰਾਂ ਦੀ ਕਰਤਾਰ ਕੌਰ ਇੱਕ ਮਹੀਨਾ ਪਹਿਲਾਂ ਵਿਆਹ ਕੇ ਲਿਆਂਦੀ ਆਪਣੀ ਨੂੰਹ ਨਾਲ਼ ਲੜ ਰਹੀ ਸੀ। ਤੇ ਉੱਚੀ ਅਵਾਜ਼ ਵਿੱਚ ਬੋਲ ਰਹੀ ਸੀ। ਇਹ ਭੁੱਖੇ ਨੰਗੇ ਘਰ ਦੀ ਪਤਾ ਨਹੀਂ ਕਿਉਂ ਸਾਡੇ ਪੱਲੇ ਪੈ ਗਈ ਹੈ। ਮੈਂ ਤਾਂ ਸੋਚਿਆ ਸੀ ਵੀ ਦਾਜ ਨਾਲ਼ ਸਾਡਾ ਘਰ ਭਰ ਦੇਣਗੇ । ਪਰ ਦੋ ਲੱਖ ਰੁਪਏ ਦੇ ਕੇ ਕਲਜੋਗਣੀ ਸਾਡੇ ਪੱਲੇ ਬੰਨ੍ਹ ਦਿੱਤੀ। ਮੇਰਾ ਪੁੱਤਰ ਸਰਕਾਰੀ ਨੌਕਰੀ ਕਰਦਾ ਹੈ ਜ਼ਮੀਨ ਵੀ ਬਥੇਰੀ ਹੈ ਪਰ ਇਹ ਭੁੱਖੇ ਨੰਗਿਆ ਦੀ ਸਾਡੇ ਪੱਲੇ ਪੈ ਗਈ। ਬਰਾਂਡੇ ਵਿੱਚ ਨੌਕਰਾਣੀ ਰਜਨੀ ਸਫ਼ਾਈ ਕਰ ਰਹੀ ਸੀ, ਅਤੇ ਸਭ ਕੁਝ ਸੁਣ ਰਹੀ ਸੀ। ਅਚਾਨਕ ਫ਼ੋਨ ਆਇਆ ਨੌਕਰਾਣੀ ਰਜਨੀ ਨੇ ਫ਼ੋਨ ਚੁੱਕਿਆ, ਫ਼ੋਨ ਕਰਤਾਰ ਕੌਰ ਦੀ ਛੋਟੀ ਧੀ ਦਾ ਸੀ।...
ਕਰਤਾਰ ਕੌਰ ਨੇ ਰਜਨੀ ਤੋਂ ਫੋਨ ਫੜਿਆ ਅਤੇ ਆਪਣੀ ਧੀ ਨਾਲ ਗੱਲ ਕਰਨ ਲੱਗੀ। ਗੱਲ ਕਰਨ ਤੋਂ ਬਾਅਦ ਕਰਤਾਰ ਕੌਰ ਸਿਰ ਫੜ ਕੇ ਬਰਾਂਡੇ ਵਿੱਚ ਪਏ ਸੋਫੇ ਤੇ ਡਿੱਗ ਪਈ ਅਤੇ ਬੁੜਬੁੜਉਣ ਲੱਗੀ। ਮੇਰੀ ਸੋਨੇ ਵਰਗੀ ਧੀ ਨੂੰ ਜ਼ਾਲਮਾਂ ਨੇ ਤੰਗ ਕਰ ਛੱਡਿਆ ਹੈ, ਅਜੇ ਪੰਦਰਾਂ ਦਿਨ ਪਹਿਲਾਂ ਹੀ ਦੋ ਲੱਖ ਰੁਪਿਆ ਦਿੱਤਾ ਹੈ। ਪਰ ਪਤਾ ਨਹੀਂ ਕਿਉਂ ਨਹੀਂ ਰੱਜਦੇ। ਇਹ ਵੇਖ ਕੇ ਨੌਕਰਾਣੀ ਰਜਨੀ ਨੂੰਹ ਅਤੇ ਧੀ ਦਾ ਫ਼ਰਕ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।
✍️ਪਰਮਜੀਤ ਕੌਰ ਜਵੰਧਾ।✍️