More Punjabi Kahaniya  Posts
ਬੱਲੀ


ਅੱਜ Friendsip Day ਤੇ ‘ਬੱਲੀ’ ਦੇ ਮਾਧਿਅਮ ਰਾਹੀਂ ਇਹ ਪੋਸਟ ਉਨ੍ਹਾਂ ਸਾਰੀਆਂ ਮਿਹਨਤੀ NURSES ਨੂੰ ਸਮਰਪਿਤ ਹੈ ਜਿਨ੍ਹਾਂ ਨੇ ਪਿਛਲੇ 37 ਸਾਲਾਂ ਦੌਰਾਨ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਸਫਲ ਡਾਕਟਰਾਂ ਦੀ ਕਤਾਰ ਵਿੱਚ ਖੜਾ ਕਰਨ ਚ ਭਰਪੂਰ ਯੋਗਦਾਨ ਪਾਇਆ।🙏💐
“ਬੱਲੀ”
ਕੱਲ੍ਹ ਪੋਤਰੀ ਨੂੰ ਕੁੱਛੜ ਚੁੱਕ ਮੈਂ ਕਾਲੋਨੀ ਦੇ ਪਾਰਕ ਵਿੱਚ ਤੀਆਂ ਦਿਖਾਉਣ ਲੈ ਗਿਆ,…. ਮਿੱਠੀ ਮਿੱਠੀ ਪੈਂਦੀ ਭੂਰ ਚ ਹੱਸਦੀ ਤੇ ਨੱਚਦੀ ਟੱਪਦੀ ਇੱਕ ਕੁੜੀ ਤੱਕ ਬੱਲੀ ਚੇਤੇ ਆ ਗਈ…, ਯਾਦਾਂ ਦੇ ਧਾਗਿਆਂ ਚ ਉਲਝੀਆਂ ਵਕਤ ਦੀਆਂ ਸੂਈਆਂ 36 ਵਰ੍ਹੇ ਪਿਛਾਂਹ ਨੂੰ ਘੁੰਮ ਗਈਆਂ ਜਦੋਂ ਮੈਂ ਵੱਡੇ ਮੈਡੀਕਲ ਚ ਹਾਊਸ ਜੌਬ ਕਰਦਾ ਸੀ ਤੇ ਬੱਲੀ ਨਵੀਂ ਨਵੀਂ ਨਰਸ ਲੱਗੀ ਸੀ। ਪੂਰਾ ਨਾਂ ਤਾਂ ਵੈਸੇ ਉਸਦਾ ਬਲਬੀਰ ਕੌਰ ਸੀ, ਪਰ ਅਸੀਂ ਸਾਰੇ ਹੀ ਪਿਆਰ ਨਾਲ ਓਸਨੂੰ ਬੱਲੀ ਹੀ ਆਖਦੇ,….ਉਹ ਸੀ ਵੀ ਤਾਂ ਕਣਕ ਦੀ ਬੱਲੀ ਵਰਗੀ ਤੇ ਰੰਗ ਵੀ ਜਵਾਂ ਅਪ੍ਰੈਲ ਮਹੀਨੇ ਦੇ ਸ਼ੁਰੂ ਦੀਆਂ ਧੁੱਪਾਂ ਨਾਲ ਪੱਕਦੀ ਕਣਕ ਦੀ ਬੱਲੀ ਵਰਗਾ, ਭਾਰ ਫੁੱਲਾਂ ਤੋਂ ਵੀ ਹੌਲਾ, ਇਕਹਿਰਾ ਸ਼ਰੀਰ…,ਪੇਂਡੂ ਪਿਛੋਕੜ ਤੇ ਬੋਲਣ ਦਾ ਲਹਿਜ਼ਾ ਵੀ ਪੇਂਡੂ, ਪਰ ਬੋਲਦੀ ਬੜਾ ਮਿੱਠਾ, ਲਫਜ਼ਾਂ ਨੂੰ ਘੋਟ ਘੋਟ ਕੇ ਈ ਮੂੰਹੋਂ ਕੱਢਦੀ। ਮਾਸੂਮੀਅਤ ਤੇ ਅੱਲ੍ਹੜਪਣ ਓਹਦੇ ਚੇਹਰੇ ਤੋਂ ਬਾਖੂਬੀ ਝਲਕਦਾ। ਭੋਲੀ ਤੇ ਸਧਾਰਣ ਜਿਹੀ ਦਿੱਖ ਵਾਲੀ ਭਾਵੇਂ ਬਾਹਲੀ ਜਿਆਦਾ ਸੋਹਣੀ ਤਾਂ ਨਹੀਂ ਸੀ, ਪਰ ਦਿਲ ਓਹਦਾ ਬਿਨਾਂ ਸ਼ੱਕ ਸਾਡੇ ਸਾਰਿਆਂ ਨਾਲੋਂ ਹੀ ਸੋਹਣਾ ਸੀ…, ਮਨ ਦੀ ਬੜੀ ਸਾਫ- ਪਾਕ, ਛਲ ਕਪਟ ਤੋਂ ਕੋਹਾਂ ਦੂਰ ਜਿਵੇਂ ਰੱਬ ਦੀ ਰੂਹ ਬੱਸ ਓਹਦੇ ਹੀ ਅੰਦਰ ਵੱਸਦੀ ਹੋਏ। ਹਮੇਸ਼ਾ ਹਸੂੰ-ਹਸੂੰ ਕਰਦੀ ਰਹਿੰਦੀ….,ਹਾਸਾ ਤਾਂ ਜਿਵੇਂ ਓਹਦੇ ਮੂੰਹ ਤੇ ਧਰਿਆ ਹੋਵੇ। ਬੁੱਲਾਂ ਤੋਂ ਉੱਠਿਆ ਹਾਸਾ ਉਹਦੇ ਚਿਹਰੇ ਉਤੋਂ ਹੁੰਦਾ ਅੱਖਾਂ ਥਾਂਣੀ ਚੁਫੇਰੇ ਖਿੱਲਰ ਜਾਂਦਾ ਤੇ ਉਹ ਪਹਿਲਾਂ ਨਾਲੋਂ ਵੀ ਸੋਹਣੀ ਲੱਗਣ ਲੱਗ ਜਾਂਦੀ। ਸਧਾਰਣ ਜਿਹੀ ਆਖੀ ਗੱਲ ਵੀ ਉਸਦੀ ਮੁਸਕੁਰਾਹਟ ਨਾਲ ਹੋਰ ਪਿਆਰੀ ਲੱਗਦੀ। ਗੱਲ ਕਰਨ ਤੋਂ ਪਹਿਲਾਂ ਈ ਉਹ ਹੱਸ ਪੈਂਦੀ ਤੇ ਪਤਾ ਲੱਗ ਜਾਣਾ ਬੀ ਹੁਣ ਕੋਈ ਗੱਲ ਕਰੂਗੀ। ਅਕਸਰ ਮੈਂ ਮਜ਼ਾਕ ਚ ਕਹਿ ਦੇਣਾ…. ਬਈ ਯਾਂ ਤਾਂ ਗੱਲ ਕਰ ਲਿਆ ਕਰ ਯਾਂ ਹੱਸ ਲਿਆ ਕਰ,… ਅੱਗੋਂ ਉਸ ਨੇ ਘੜੀ ਕ ਲਈ ਮੂੰਹ ਬਣਾ ਲੈਣਾ ਤੇ ਹਮੇਸ਼ਾ ਮੈਨੂੰ ਡਾਕਟਰ ਭੱਲਾ ਕਹਿਣ ਵਾਲੀ ਨੇ ਕਚੀਚੀ ਵੱਟ ਕੇ ਭੱਲੂ ਤੇ ਆ ਜਾਣਾ ਤੇ ਫੇਰ ਓਹੋ ਜਿਹੀ ਹੋ ਜਾਣਾ। ਕੰਮ ਨੂੰ ਐਨੀ ਛੋਹਲੀ ਕਿ ਜਿਹੜੇ ਕੰਮ ਨੂੰ ਹੱਥ ਪਾਉਣਾ, ਮਿੰਟਾਂ ਚ ਨਬੇੜ ਛੱਡਣਾ, ਤੇ ਜਦੋਂ ਅਸਮਾਨੀ ਰੰਗ ਦੀ ਯੂਨੀਫ਼ਾਰਮ ਨਾਲ ਐਪਰਨ ਤੇ ਚਿੱਟੇ ਰੰਗ ਦੇ ਫਲੀਟ ਪਾ ਕੇ ਡਿਊਟੀ ਤੇ ਆਉਂਦੀ ਤਾਂ ਨਾਲ ਦੀਆਂ ਨੂੰ ਭੱਜ ਕੇ ਨਾਲ ਰਲਣਾ ਪੈਂਦਾ। ਸਹੇਲੀਆਂ ਨੇ ਆ ਕੇ ਪੁੱਛਣਾ ਬੱਲੀ ਕਿੱਥੇ ਐ?….ਤਾਂ ਅਸੀਂ ਕਹਿਣਾ….ਐਥੇ ਹੀ ਹੋਊ, ਹੁਣੇ ਤਾਂ ਇੱਥੇ ਫਿਰਦੀ ਸੀ, ਤੇ ਐਨੇ ਚ ਓਹਨੇ ਇੱਕ ਦੋ ਕੰਮ ਨਿਪਟਾ ਕੇ ਮੁੜਦੇ ਹੋਣਾ। ਮਰੀਜ਼ਾਂ ਦੀ ਬੈਡਿੰਗ ਕਰਦੀ ਮਜ਼ਾਲ ਆ ਚਾਦਰ ਚ ਇੱਕ ਵੀ ਵੱਟ ਰਹਿ ਜਾਵੇ। ਅੱਧੇ ਕ ਮਰੀਜ਼ ਤਾਂ ਉਹ ਗੱਲਾਂ ਨਾਲ ਈ ਠੀਕ ਕਰ ਲੈਂਦੀ ਸੀ। ਪਤਾ ਨੀ ਕੋਈ ਜਾਦੂ ਸੀ ਓਹਦੇ ਹੱਥਾਂ ਚ ਕਿ ਕੋਈ ਸ਼ਫ਼ਾ, ਜਿਹੜੇ ਮਰੀਜ਼ ਨੂੰ ਹੱਥੀਂ ਦਵਾ ਦੇਣੀ, ਵਹਿੰਦੇ ਹੀ ਠੀਕ ਹੋ ਜਾਂਦੇ। ਝੁਰਨਾ ਤੇ ਥੱਕਣਾ ਸ਼ਬਦ ਤਾਂ ਓਹਦੀ ਹੁਣ ਤੱਕ ਦੀ ਜ਼ਿੰਦਗੀ ਦੀ ਕਿਤਾਬ ਚ ਹੈ ਹੀ ਨਹੀਂ ਸਨ। ਮੈਂ ਇੱਕ ਵਾਰੀ ਪੁਛਿਆ ਸੀ…,”ਇਨ੍ਹਾਂ ਕੰਮ ਕਰਦੀ ਤੂੰ ਅੱਕਦੀ ਥੱਕਦੀ ਨੀ? …..ਮੈਂ ਤਾਂ ਥੱਕਣ ਨਾਲੋਂ ਅੱਕ ਵਧੇਰੇ ਜਾਣੈ”।… ਬਿਨਾਂ ਬੋਲਿਆਂ ਈ ਜੀਭ ਦਾ ਪਚਾਕਾ ਮਾਰ ਨਾਂਹ ਚ ਸਿਰ ਹਿਲਾ ਦਿੱਤਾ ਤੇ ਫੇਰ ਆਖਦੀ….,”ਤੁਸੀ ਤਾਂ 18-18 ਘੰਟੇ ਡਿਊਟੀ ਕਰਦੇ ਓ ਤੇ...

ਮੈਂ ਬੱਸ 6 ਜਾਂ 12 ਘੰਟੇ, ਇਸੇ ਲਈ ਨੀ ਥੱਕਦੀ, ਪਰ ਜਦੋਂ ਬਾਹਲੀ ਥੱਕ ਜਾਨੀ ਆ ਤਾਂ ਇੱਦਾਂ ਬੈਠ ਜਾਣੀ ਆ”। ਅਕਸਰ ਉਹ ਦੋਹੇਂ ਗੋਡੇ ਮੋੜ, ਪੈਰ ਕੁਰਸੀ ਤੇ ਟਿਕਾ, ਗੋਡੇ ਛਾਤੀ ਨਾਲ ਸਟਾ ਕੇ ਦੋਹੇਂ ਬਾਹਾਂ ਗੋਡਿਆਂ ਦਾਲੇ ਕੱਸ ਕੇ ਵਲ੍ਹ ਲੈਂਦੀ ਜਿਵੇਂ ਉਹ ਮੁੱੜ ਅਗਲੇ ਕੰਮਾਂ ਲਈ ਤਿਆਰ ਹੋਣ ਵਾਸਤੇ ਆਪਣੇ ਚ ਆਸਪਾਸ ਦੀ ਸਾਰੀ ਤਾਕਤ ਸਮੇਟ ਲੈਂਦੀ ਹੋਵੇ। ਪਤਾ ਨਹੀਂ ਕਦੋਂ ਗੱਲਾਂ ਗੱਲਾਂ ਚ ਈ ਉਹਨੇ ਇਹ ਭੇਤ ਪਾ ਲਿਆ ਕਿ ਸਵੇਰੇ ਸੁਵਖਤੇ ਉੱਠ ਕੇ ਮਰੀਜ਼ਾਂ ਦੇ ਖੂਨ ਦੇ ਸੈਂਪਲ ਲੈਣੇ ਮੈਨੂੰ ਵਿਹੁ ਲੱਗਦੇ ਨੇ ਕਿਉਂਕਿ ਹਸਪਤਾਲ ਦੇ ਕੋਰੀਡੋਰ ਚ ਰਾਤ ਭਰ ਲੰਘਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀਆਂ ਉੱਚੀਆਂ ਆਵਾਜ਼ਾਂ ਕਰਕੇ ਮੈਨੂੰ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ ਸੀ, ਤੇ ਦੂਜਾ ਇਹ ਕਿ ਮੈਨੂੰ ਸਵੇਰੇ ਉੱਠਦੇ ਸਾਰ ਚਾਹ ਚਾਹੀਦੀ ਹੁੰਦੀ ਹੈ।ਇਸੇ ਕਰਕੇ, ਚੰਗੀ ਕਹਿ ਲਵੋ ਜਾਂ ਮਾੜੀ, ਮੇਰੀ ਆਦਤ ਸੀ ਮੈਂ ਸਵੇਰ ਦਾ ਕੰਮ ਰਾਤ ਨੂੰ ਈ ਨਬੇੜ ਲੈਂਦਾ ਸੀ। ਸਵੇਰੇ ਬਲੱਡ ਦੇ ਸੈਂਪਲ ਲੈਣ ਲਈ ਸ਼ੀਸ਼ੀਆਂ ਤੇ ਲੇਬਲ ਰਾਤ ਨੂੰ ਈ ਲਗਾ ਦੇਣੇ ਤੇ ਸਲਿੱਪਾਂ ਵੀ ਰਾਤ ਨੂੰ ਈ ਤਿਆਰ ਕਰ ਲੈਣੀਆਂ ਤੇ ਅਲਮਾਰੀ ਚ ਸਾਂਭ ਦੇਣੀਆਂ। ਉਸਨੇ ਮੇਰੇ ਮਨਾ ਕਰਨ ਦੇ ਬਾਵਜ਼ੂਦ ਮੇਰੀ ਇਸ ਕੰਮ ਚ ਮਦਦ ਕਰਨੀ। ਉਦੋਂ ਕਿਹੜਾ ਅਲਾਰਮ ਲਾਉਣ ਨੂੰ ਮੋਬਾਈਲ ਹੁੰਦੇ ਸੀ,….ਸਵੇਰੇ ਸੁਵਖਤੇ ਈ ਵਾਰਡ ਅਟੇਂਡਨਟ ਨੇ ਮੈਨੂੰ ਉੱਠਣ ਲਈ ਕਹਿਣਾ, ਪਰ ਜਿਦੇਂ ਓਹਦੀ ਨਾਈਟ ਡਿਊਟੀ ਹੁੰਦੀ, ਕਮਰੇ ਦੇ ਭਿੜੇ ਦਰਵਾਜੇ ਨੂੰ ਭੋਰਾ ਖੜ੍ਹਕਾ ਕੇ ਉਠਣ ਲਈ ਆਪ ਈ ਆਵਾਜ਼ ਦੇ ਜਾਣੀ।
ਸੁਤਉਣੀਦੇਂ ਚ ਅੱਖਾਂ ਮਲਦੇ ਨੇ ਵਾਰਡ ਚ ਆਉਣਾ ਤਾਂ ਉਸਨੇ ਪਹਿਲਾਂ ਚਾਹ ਪੀਣ ਲਈ ਆਖਣਾ ਜੋ ਓਹਨੇ ਮੰਗਵਾਈ ਹੁੰਦੀ ਸੀ। ਯਾਦ ਨੀ ਪੈਂਦਾ ਕਦੀ ਮੈਨੂੰ ਸਵੇਰ ਦੀ ਚਾਹ ਦੇ ਪੈਸੇ ਦੇਣ ਦਿੱਤੇ ਹੋਣ। ਸੈਂਪਲ ਲੈਣ ਲਈ ਅਲਮਾਰੀ ਵੱਲ ਨੂੰ ਹੋਣਾ….,ਪਰ ਸੈਂਪਲ ਓਹਨੇ ਪਹਿਲਾਂ ਈ ਲੈ ਕੇ ਅਲਮਾਰੀ ਚ ਰੱਖੇ ਹੋਣੇ। ਮੈਂ ਥੈਂਕਸ ਕਹਿਣਾ ਤੇ ਨੋ ਮੈਂਨਸ਼ਨ ਆਖਦਿਆਂ ਓਹਦੇ ਚੇਹਰੇ ਤੇ ਖੁਸ਼ੀ ਤੇ ਅੱਖਾਂ ਚ ਸ਼ਰਮ ਤੇ ਹਲੀਮੀ ਦੇ ਮਿਲੇਜੁਲੇ ਜਿਹੇ ਭਾਵ ਹੋਣੇ। ਆਪਣੇ ਨਾਲੋਂ ਵੱਧ ਯਕੀਨ ਮੈਨੂੰ ਉਸ ਤੇ ਸੀ ਤੇ ਇਸੇ ਯਕੀਨ ਨਾਲ ਮੈਂ ਕਹਿ ਸਕਦੈਂ ਕਿ ਉਸ ਦੇ ਦਿਲ ਵਿੱਚ ਮੇਰੀ ਮਦਦ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਸ਼ਾਇਦ ਉਸਨੂੰ ਬੱਸ ਮੇਰੀ ਮਦਦ ਕਰਨਾ ਚੰਗਾ ਲੱਗਦਾ ਸੀ ਕਿਉਂਕਿ ਇਹ ਵਰਤਾਰਾ ਕਿਸੇ ਹੋਰ ਨਾਲ ਨਹੀਂ ਸੀ ਹੁੰਦਾ।
ਨਿੰਮੀ ਨਿੰਮੀ ਪੈਂਦੀ ਭੂਰ ਨੇ ਹੁਣ ਵਾਛੜ੍ਹ ਬਣ ਕੇ ਯਾਦਾਂ ਦੀ ਲੜ੍ਹੀ ਤੋੜ ਦਿੱਤੀ,…ਹੁਣ ਤਾਂ ਬੱਲੀ ਵੀ ਮੇਰੇ ਵਾਂਗੂੰ ਦਾਦੀ ਨਾਨੀ ਬਣ ਕੇ ਕਿੱਧਰੇ ਜਿੰਦਗੀ ਮਾਣਦੀ ਹੋਊ, ਰੱਬ ਕਰੇ ਉਹਨੂੰ ਜ਼ਿੰਦਗੀ ਦੀ ਹਰ ਖੁਸ਼ੀ ਨਸੀਬ ਹੋਏ। ਐਨੇ ਵਰ੍ਹੇ ਬੀਤ ਗਏ ਓਹਨੂੰ ਮਿਲਿਆਂ, ਪਰ ਬੱਲੀ ਲੱਖਾਂ ਵਾਰ ਚੇਤੇ ਆਈ…., ਜੇ ਕਿਤੇ ਮਿਲੀ ਤਾਂ ਪੁਛੁੰ ਜ਼ਰੂਰ…., ਬੀ ਉਸ ਰਿਸ਼ਤੇ ਦਾ ਨਾਂ ਤਾਂ ਦੱਸਦੇ ਜਿਹੜਾ ਭੈਣ ਭਾਈ ਦੇ ਰਿਸ਼ਤੇ ਤੋਂ ਵੀ ਵੱਧ ਪਵਿੱਤਰ ਤੇ ਦੋਸਤੀ ਦੇ ਰਿਸ਼ਤੇ ਤੋਂ ਵੱਧ ਕੇ ਨੇੜਲਾ ਸੀ।
ਡਾ. ਮਨਜੀਤ ਭੱਲਾ
01-08-2022

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)