More Punjabi Kahaniya  Posts
ਬਰਗਾੜੀ


ਰਾਤ ਦੇ ਸਾਢੇ ਨੌਂ ਦਾ ਸਮਾਂ ਹੈ ਤੇ ਬਠਿੰਡਿਓਂ ਕਿਸੇ ਛੋਟੇ ਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਿੰਡ ਨੂੰ ਆ ਰਿਹਾ ਹਾਂ । ਗੱਡੀ ਵਿੱਚ ਸਤਿੰਦਰ ਸਰਤਾਜ ਵੱਜ ਰਿਹਾ , ‘ਸਰੂਰ ਬਣਿਆ’ ਤੇ ਮਾਹੌਲ ਬੱਝਿਆ ਹੋਇਆ ਪੂਰਾ । ਪਿੰਡ ਦਾ ਬੱਸ ਅੱਡਾ ਪਾਰ ਕਰਕੇ ਮੈਂ ਆਪਣੀ ਕਾਰ ਨੂੰ ਹਾਈਵੇ ਵਿੱਚੋਂ ਬਾਹਰ ਕੱਢ ਕੇ ਘਰ ਨੂੰ ਜਾਂਦੀ ਸਰਵਿਸ ਰੋਡ ਤੇ ਪਾਉਣਾ ਹੈ । ਕਾਰ ਕੱਟ ਕੋਲ ਪਹੁੰਚਦੀ ਹੈ ਤੇ ਮੈਂ ਸੋਚਦਾ ਹਾਂ ਕਿ ਅੱਜ ਪਹਿਲਾਂ ਵਾਂਗ ਆਪਣੇ ਸੱਜੇ ਪਾਸੇ ਨਹੀਂ ਦੇਖਾਂਗਾ’ …… ਪਰ ਫਿਰ ਵੀ ਪਤਾ ਨਹੀਂ ਮੈਨੂੰ ਕੀ ਹੁੰਦਾ ਹੈ ਤੇ ਮੈਂ ਸੁਤੇ ਸਿੱਧ ਸੱਜੇ ਪਾਸੇ ਵੇਖ ਲੈਂਦਾ ਹਾਂ । ਜਿੱਥੇ ਨੈਸ਼ਨਲ ਹਾਈਵੇ ਵਾਲਿਆਂ ਨੇ ਡਿਵਾਈਡਰ ਤੇ ਇੱਕ ਮੀਲ ਪੱਥਰ ਲਾਇਆ ਹੋਇਆ ਹੈ, ਜਿਸ ਤੇ ਹਿੰਦੀ ‘ਚ ਲਿਖਿਆ ਹੋਇਆ ਹੈ ‘ਬਰਗਾੜੀ ਜ਼ੀਰੋ’ …….. ਤੇ ਵੇਖਣ ਸਾਰ ਮੈਂ ‘ਉੱਖੜ ਜਾਨਾਂ’ ਅਕਸਰ …… ਤੇ ਅੱਜ ਵੀ ਇਹੋ ਹੋਇਆ । ਹੱਥ ਸਿੱਧਾ ‘ਮਿਊਟ’ ਦੇ ਬਟਨ ਤੇ ਜਾਂਦਾ ਹੈ ਤੇ ਸਰਤਾਜ ਚੁੱਪ ਹੋ ਜਾਂਦਾ ਹੈ । ਮੈਂ ਕਦੋਂ ਕਾਰ ਪਾਰਕ ਕਰਦਾ ਹਾਂ …. ਕਦੋਂ ਗੇਟ ਖੋਲ੍ਹ ਕੇ ਬਿਨਾਂ ਕੁਝ ਕਹੇ ਅੰਦਰ ਜਾਂਦਾ ਹਾਂ ਤੇ ਜਾ ਕੇ ਬੈਡ ਤੇ ਪੈ ਜਾਂਦਾ ਹਾਂ ……. ਮੈਨੂੰ ਨਹੀਂ ਯਾਦ । ਮੇਰੇ ਖਿਆਲ ਮੈਨੂੰ ਸੌ ਸਾਲ ਪਿੱਛੇ ਲੈ ਜਾਂਦੇ ਹਨ ਜਦੋਂ ਅਜਾਦੀ ਦੀ ਲੜਾਈ ਚੱਲ ਰਹੀ ਹੈ …… ਜੈਤੋ ਦਾ ਮੋਰਚਾ ਲੱਗਿਆ ਹੋਇਆ ਹੈ ,ਜੱਥੇ ਆ ਰਹੇ ਹਨ ਮੇਰੇ ਪਿੰਡ ਵਿੱਚ ਆ ਕੇ ਯੋਧੇ ਪੜਾਅ ਕਰਦੇ ‘ਲੰਗਰ ਪਾਣੀ ਛਕਦੇ’ ਜੈਤੋ ਨੂੰ ਜਾਂਦੇ ਕੱਚੇ ਰਾਹ ਪੈ ਜਾਂਦੇ । ਬਾਬੇ ਰੁਲੀਆ ਸਿਹੁੰ ਤੇ ਮੇਰੇ ਦਾਦੇ ਵਰਗੇ ਹੋਰ ਕਈ ਗਰਾਂਈਂ ਹਕੂਮਤ ਨਾਲ ਲੜਦੇ ਕਦੇ ਰੂਪੋਸ਼ ਹੁੰਦੇ ਹਨ …ਕਦੇ ਜੇਲ੍ਹ ਅੰਦਰ ਕਦੇ ਬਾਹਰ ਹੁੰਦੇ ਰਹੇ । ਅੰਤ ਅਜਾਦੀ ਮਿਲਦੀ ਹੈ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਜਾਣ ਦਾ ਹੁਕਮ ਹੁੰਦਾ ਹੈ ….. ਸਾਰਾ ਪਿੰਡ ਖੂਹ ਤੇ ਇਕੱਠਾ ਹੁੰਦਾ ਹੈ ਕਹਿੰਦੇ ‘ਨਹੀਂ ਜਾਣ ਦੇਣਾ‘ ਪਰ ਜਾਣਾ ਤਾਂ ਪੈਣਾ ….. ਫਿਰ ਕਹਿੰਦੇ ‘ਅਸੀਂ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ ‘। ਸਾਡੇ ਬਾਬੇ ਕਹਿੰਦੇ ਆ ‘ਸਮਾਨ ਬੰਨ੍ਹੋ ਥੋਡੇ ਨਾਲ ਚੱਲਾਂਗੇ … …… ਜੋ ਛੱਡ ਕੇ ਜਾਣਾ ਸਾਡੇ ਕੋਲ ਅਮਾਨਤ ਰਹੂ’
ਹਲਚਲਾ ਲੰਘ ਗਿਆ … ਮੇਰੇ ਪਿੰਡ ਦੇ ਕਿਸੇ ਇੱਕ ਵੀ ਮੁਸਲਮਾਨ ਦੀ ਜਾਨ ਪਾਕਿਸਤਾਨ ਪਹੁੰਚਣ ਤੱਕ ਨਹੀਂ ਗਈ ਤੇ ਨਾ ਕਿਸੇ ਦਾ ਕੁਝ ਲੁੱਟਣ ਦਿੱਤਾ ਤੇ ਨਾਂ ਹੀ ਮੇਰੇ ਪਿੰਡ ਦਾ ਕੋਈ ਲੁਟੇਰਿਆਂ ਨਾਲ ਰਲਿਆ । ਬਾਬੇ ਮੁੜ ਆਏ …… ਅਠੱਤਰ ‘ਚ ਹਿਲਜੁਲ ਹੋਈ…… ਚੁਰਾਸੀ ‘ਚ ਨਸਲਕੁਸ਼ੀ ਦੇ ਭੰਨੇ ਲੋਕ ਉੱਜੜ ਕੇ ਮੇਰੇ ਪਿੰਡ ਪਹੁੰਚੇ … ‘ਪਨਾਹ ਮਿਲੀ’…..ਪੀੜਤ ਲੋਕ ਆਪਣੇ ਮਰਿਆਂ ਦਾ ਗਮ ਭੁੱਲ ਗਏ ….ਤੇ ਪਿੰਡ ਵਿੱਚ ਆਪਣੇ ਕੰਮ ਧੰਦੀਂ ਲੱਗੇ ਵਸਦੇ ਰਸਦੇ ਆ । ਕਾਲੇ ਦਿਨਾਂ ਦੀ ਹਨ੍ਹੇਰੀ ਵਗੀ ਸਾਰੇ ਪੰਜਾਬ ਨੇ ਆਪਣੇ ਪਿੰਡੇ ਤੇ ਝੱਲੀ …. ਸਾਡੇ ਪਿੰਡ ਦੇ ‘ਕਿਸੇ ਬਸ਼ਿੰਦੇ’ ਨੇ ਨਾ ਕਿਸੇ ਦੀ ਜਾਨ ਲਈ ਤੇ ਨਾ ਜਾਣ ਦਿੱਤੀ ।ਸਮਾਂ ਲੰਘਿਆ...

ਨਵੀਂ ਪੀੜ੍ਹੀ ਦੇ ਜੁਆਨ ਪੜ੍ਹ ਲਿਖ ਕੇ ਸਿਰੇ ਦੇ ਅਹੁਦਿਆਂ ਤੇ ਪਹੁੰਚੇ …. ਵਿਦੇਸ਼ਾਂ ‘ਚ ਝੰਡੇ ਗੱਡੇ ……ਪੰਡਤਾਂ ਦੇ ਕ੍ਰਿਸ਼ਨ ਵਰਗਿਆਂ ਨੇ ਤਰਕਸ਼ੀਲ ਸੁਸਾਇਟੀ ਬਣਾ ਕੇ ਲੋਕਾਂ ਨੂੰ ਧਾਗੇ ਤਵੀਤਾਂ ਦੇ ਵਹਿਮਾਂ ‘ਚੋਂ ਕੱਢਿਆ ……. ਸਾਰੀ ਦੁਨੀਆਂ ਵਿੱਚ ਪਿੰਡ ਦੀ ਠੁੱਕ ਬਣਾਈ ।
ਸੱਤ ਕੁ ਸਾਲ ਪਹਿਲਾਂ ਮੰਦਭਾਗਾ ਸਮਾਂ ਆਇਆ ਤੇ ਨਾਸ਼ੁਕਰਿਆਂ ਨੇ ਨਾਲ ਦੇ ਪਿੰਡੋਂ ‘ਗੁਰੂ ਬਾਬੇ ਦਾ ਪਵਿੱਤਰ ਸਰੂਪ’ ਚੋਰੀ ਕੀਤਾ ।ਏਸ ਤੋਂ ਵੀ ਮਾੜਾ ਕੀਤਾ ਕਿ ਮੇਰੇ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ‘ਪੱਤਰੇ’ ਖਿਲਾਰੇ …… ਕੋਈ ਕਿਤੇ ਕੋਈ ਕਿਤੇ । ਮੇਰੇ ਗਰਾਈਆਂ ਨੇ ਸਾਰੇ ਇਕੱਠੇ ਕੀਤੇ …..ਹੰਝੂਆਂ ਨਾਲ ਵਗਦੀਆਂ ਅੱਖਾਂ ਲੈ ਕੇ , ਸੁੱਚੇ ਰੁਮਾਲਾਂ ਨਾਲ ‘ਪੱਤਰਿਆਂ’ ਨੂੰ ਸਾਫ਼ ਕਰਦੇ ਹੋਏ ਲੋਕ ਗੁਰਦੁਆਰੇ ਨੂੰ ਤੁਰ ਪਏ….. ਕੋਈ ਕਿਸੇ ਗਲੀ ਕੋਈ …..ਕੋਈ ਕਿਸੇ ਗਲੀ । ਸਾਰਾ ਪਿੰਡ ਰੋਣ ਹਾਕਾ ਹੋਇਆ ਖੜ੍ਹਾ … ਅਸੀਂ ਆਪਣੇ ਅੱਖੀਂ ਦੇਖਿਆ । ਹਰੇਕ ਦੇ ਚਿਹਰੇ ਤੇ ਦੁੱਖ ਦਰਦ ਝਲਕਾਂ ਮਾਰੇ ਤੇ ਇੱਕ ਅਣਕਹੀ ਗੱਲ ਹਰੇਕ ਦੇ ਦਿਲ ਕਿ ‘ਇਹ ਘਿਨਾਉਣਾ ਕਾਰਾ ਕੋਈ ਸਾਡੇ ਪਿੰਡ ਦਾ ਵਾਸੀ ਨਹੀਂ ਕਰ ਸਕਦਾ’ । ਪੁਲਸ ਪਹੁੰਚੀ ….. ਜਾਂਚਾਂ ਹੋਈਆਂ …. ਧਰਨੇ ਮੋਰਚੇ ਲੱਗੇ ,ਰਾਜਨੀਤੀਆਂ ਹੋਈਆਂ …….। ਫੇਰ ਕਹਿੰਦੇ ‘ਬੰਦੇ ਫੜੇ ਗਏ’…… ‘ਅੰਦਰ ਦੇ ਤੇ’…..ਜਾਂਚ ਕਰਨ ਸੀ.ਬੀ .ਆਈ ਲਾ ਦਿੱਤੀ । ਸਾਡੇ ਕੋਲ ਵੀ ਆਉਂਦੇ ਸੀ. ਬੀ .ਆਈ ਵਾਲੇ ….. ਸੌਦਾ ਲਿਜਾਂਦੇ ਚਾਹ ਪਾਣੀ ਪੀਂਦੇ ….ਮੈਂ ਪੁੱਛਿਆ ‘ਜਿਹਨਾਂ ਦੀ ਜਾਂਚ ਕਰਦੇ ਓਂ …… ਕੋਈ ਇੱਕ ਵੀ ਬੰਦਾ ਸਾਡੇ ਪਿੰਡ ਦਾ ……?’ ਕਹਿੰਦੇ ‘ਇੱਕ ਵੀ ਨਹੀਂ ‘ ….. ਮੈਂ ਦੁਹਰਾ ਕੇ ਪੁੱਛਦਾ ਹਾਂ ‘ਸਾਡੇ ਪਿੰਡ ਦਾ ਕੋਈ ਵੀ ਬੰਦਾ ਸ਼ੱਕੀ ਨਹੀਂ ‘….. ਕਹਿੰਦਾ ‘ਮਾਅ ਸਾਹਬ…. ਆਪਕੇ ਗਾਂਵ ਕੇ ਤੋ ਭਲੇ ਲੋਗ ਹੈਂ ….. ਯੇਹ ਥੋੜ੍ਹਾ ਐਸਾ ਕਾਮ ਕਰ ਸਕੇਂਗੇ …….. ਬੰਦੇ ਤੋ ਔਰ ਹੀ ਹੈਂ , ਆਪ ਕੇ ਗਾਂਵ ਕਾ ਤੇ ਏਕ ਆਦਮੀ ਭੀ ਸਸਪੈਕਟ ਨਹੀਂ ਹੈ ‘ ।
ਮੈਂ ਦਿਲ ਤੇ ਹੱਥ ਧਰਦਾਂ ਤੇ ਇੱਕ ਅਸੀਮ ਤਸੱਲੀ ਦਾ ਅਨੁਭਵ ਕਰਦਾ ਹੋਇਆ ਕਹਿਣ ਲੱਗਦਾ ਹਾਂ , ‘ਫਿਰ ਮੇਰਾ ਪਿੰਡ ਜ਼ੀਰੋ ਕਿਵੇਂ ਹੋ ਸਕਦਾ….. ? ਮੇਰਾ ਪਿੰਡ ਜ਼ੀਰੋ ਨਹੀਂ ਆ…… ਮੇਰਾ ਪਿੰਡ ਜ਼ੀਰੋ ਨਹੀਂ ਆ…..’ । ਏਨੇ ਨੂੰ ਪਤਨੀ ਮੈਨੂੰ ਝੰਜੋੜਦੀ ਹੋਈ ਕਹਿੰਦੀ ‘ਕੀ ਬੋਲੀ ਜਾਂਦੇ ਹੋ …… ਕੀ ਹੋਇਆ ਥੋਨੂੰ ‘ …? ਤੇ ਮੈਂ ‘ਅੱਭੜਵਾਹਿਆ’ ਉੱਠ ਬਹਿੰਦਾ ਹਾਂ ।
ਮੇਰੀਆਂ ਅੱਖਾਂ ਅੱਗੇ ਉਹੀ ‘ਮੀਲ ਪੱਥਰ’ ਘੁੰਮ ਰਿਹਾ ਹੈ ਜਿਸ ਤੇ ਲਿਖਿਆ ‘ਬਰਗਾੜੀ ਜ਼ੀਰੋ’…… ਪਰ ਮੈਂ ਆਪਣੇ ਆਪ ਨੂੰ ਧਰਵਾਸਾ ਦਿੰਦਾ ਹਾਂ ‘ਮੇਰਾ ਪਿੰਡ ਜ਼ੀਰੋ ਨਹੀਂ ਆ,‘ …. ਸੱਚੀਂ , ਲੋਕੋ ਮੇਰਾ ਪਿੰਡ ਜ਼ੀਰੋ ਨਹੀਂ ਆ ।
ਭੁਪਿੰਦਰ ਸਿੰਘ ਬਰਗਾੜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)