ਫੋਨ ਦੀ ਅਵਾਜ਼ ਸੁਣ ਸ਼ੰਸ਼ੀ ਕਮਰੇ ਵੱਲ ਭੱਜੀ ਉਸਦੇ ਭਰਾ ਦਾ ਫੋਨ ਸੀ।ਮੰਮੀ ਦੀ ਤਬੀਅਤ ਠੀਕ ਨਹੀਂ ਜਲਦੀ ਨਾਲ ਆ ਜਾਉ।
ਉਸਦੀਆਂ ਅੱਖਾਂ ਵਿੱਚੋ ਹੰਝੂ ਵੱਗਣ ਲੱਗੇ।
ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਜਲਦੀ ਨਾਲ ਬੈਗ ਤਿਆਰ ਕਰ ਲਿਆ। ਪਤੀ ਸੋਰਭ ਤੇ ਆਪਣੇ ਬੇਟੇ ਨੂੰ ਲੈਂ ਕੇ ਪੇਕੇ
ਪਹੁੰਚੀ।
ਉਸਦੀ ਮਾਂ ਜਾ ਚੁੱਕੀ ਸੀ।ਉਸਨੂੰ ਬਹੁਤ ਦੁੱਖ ਸੀ ਉਹ ਆਖਰੀ ਸਮੇਂ ਮਾਂ ਦੇ ਗੱਲ ਲੱਗ ਕੇ ਮਿਲ ਵੀ ਨਹੀਂ ਸਕੀ ਸੀ।ਸਾਲ ਪਹਿਲਾਂ ਉਸਦਾ ਬਾਪ ਛੱਡ ਕੇ ਤੁਰ ਗਿਆ ਸੀ।ਹੁਣ ਮਾਂ ਚੁਪਚਪੀਤੀ ਚਲੀ ਗਈ ਸੀ।
ਅੰਤਿਮ ਰਸਮਾਂ ਪੂਰੀਆਂ ਕਰਕੇ ਉਹ ਉਦਾਸ ਹੋਈ ਦਰੀ ਤੇ ਬੈਠ ਗਈ।
ਉਸਦੀ ਚਾਚੀ ਗਲੇ ਮਿਲਦੇ ਕਹਿਣ ਲੱਗੀ ਤੇਰੀ ਮਾਂ ਦਿਲ ਦੀਆਂ ਦਿਲ ਵਿੱਚ ਲੈਂ ਕੇ ਚੁਪ ਚਪੀਤੀ ਚਲੀ ਗਈ। ਰਾਤ ਮੇਰੇ ਨਾਲ ਗੱਲਾਂ ਕਰਦੀ ਰਹੀ।ਸਵੇਰੇ ਗੁਰਦੁਆਰੇ ਜਾ ਕੇ ਆਈ।ਫੇਰ ਕਹਿੰਦੀ ਥੋੜਾ ਅਰਾਮ ਕਰ ਲਵਾ ।ਉਹ ਆਪਣੇ ਕਮਰੇ ਵਿੱਚ ਚਲੀ ਗਈ।ਜਦ ਤੇਰੀ ਭਾਬੀ ਰੋਟੀ ਲੈਂ ਕੇ...
ਗਈ ਤਾਂ ਉੱਠੀ ਨਾ।ਡਾਕਟਰ ਨੂੰ ਬੁਲਾ ਲਿਆਂਦਾ ਤਾਂ ਉਸਨੇ ਕਿਹਾ ਬਸ ਸਵਾਸ ਨਿਕਲ ਗਏ ਨੇ।ਨੀ ਧੀਏ! ਤੇਰੇ ਤਾਂ ਪੇਕੇ ਨਹੀਂ ਰਹੇ!ਪੇਕੇ ਤਾਂ ਮਾਂ-ਬਾਪ ਨਾਲ ਹੀ ਹੁੰਦੇ ਹਨ।ਸ਼ੰਸ਼ੀ ਦਾ ਰੋਣਾ ਨਿਕਲ ਗਿਆ।ਉਸਦਾ ਭਰਾ ਆਣ ਕੋਲ ਬੈਠ ਗਿਆ ਉਸਨੇ ਬੜੇ ਪਿਆਰ ਨਾਲ ਭੈਣ ਨੂੰ ਕਲਾਂਵੇ ਵਿੱਚ ਲੈਂਦੇ ਕਿਹਾ ਜਦ ਤਕ ਤੇਰਾ ਭਰਾ ਹੈ ਪੇਕੇ ਘਰ ਦੇ ਦਰ ਤੇਰੇ ਲਈ ਸਦਾ ਖੁੱਲ੍ਹਾ ਹਨ। ਭੈਣ ਲਈ ਪੇਕਾ ਘਰ ਭਰਾਵਾਂ ਨਾਲ ਮਜਬੂਤ ਹੁੰਦਾ ਹੈ।ਉਸਦੀ ਭਾਬੀ ਉਸ ਕੋਲ ਦੂਜੇ ਪਾਸੇ ਆ ਕੇ ਅੱਖਾਂ ਪੂੱਝਣ ਲੱਗੀ ਕਲਾਵੇ ਵਿੱਚ ਲੈਂਦੀ ਪਿਆਰ ਨਾਲ ਕਹਿਣ ਲੱਗੀ ਦੀਦੀ ਅਸੀਂ ਤੁਹਾਡੇ ਹਾਂ।ਚਾਹੇ ਮਾਂ-ਬਾਪ ਦੇ ਜਾਣ ਦਾ ਗਮ ਕਦੇ ਨਹੀਂ ਭੁੱਲਦਾ ।
ਭੁਪਿੰਦਰ ਕੌਰ ਸਾਢੌਰਾ
ਯਮੁਨਾਨਗਰ