ਦਾਜ, ਜਿਥੇ ਲੈਣਾ ਮਾੜਾ, ਉਥੇ ਦੇਣਾ ਵੀ ਮਾੜਾ।
ਦਾਜ ਇਕ ਬੁਰਾਈ ਹੈ, ਇਸ ਨੂੰ ਜਿਨੀ ਜਲਦੀ ਹੋ ਸਕੇ ਖ਼ਤਮ ਕਰਨਾ ਚਾਹੀਦਾ। ਦਾਜ, ਮਰਦ ਤਾਂ ਘੱਟ ਹੀ ਮੰਗਦੇ ਹਨ, ਪਰ ਔਰਤਾਂ ਨੂੰ ਰੱਬ ਸੁਮੱਤ ਦੇਵੇ, ਦਾਜ ਮੰਗਦੀਆਂ ਵੀ ਨੇ ਤੇ ਦਾਜ, ਦੇਣ ਲਈ ਮਜਬੂਰ ਵੀ ਕਰਦੀਆਂ ਨੇ। ਇਸ ਬਾਰੇ ਇਹ ਦੋ ਛੋਟੀਆਂ ਕਹਾਣੀਆਂ ਹਨ।
ਇਕ ਲੜਕੇ ਦੇ ਵਿਆਹ ਤੇ ਉਸ ਦੀ ਮਾਂ ਨੇ ਲੜਕੀ ਵਾਲਿਆਂ ਨੂੰ ਕਿਹਾ,” ਅਸੀਂ ਉੱਚੇ ਰੁਤਬੇ ਵਾਲੇ ਹਾਂ, ਤੁਸੀ ਵਧੀਆ ਵਿਆਹ ਕਰ ਦਿਉ, ਮਿਲਣੀਆਂ ਤੇ ਸੋਨਾ ਪਾ ਦਿਉ, ਆਏ ਗਏ ਨੇ ਇਹੋ ਤਾਂ ਦੇਖਣਾ ਹੁੰਦਾ। ਬਾਕੀ ਦਾਜ ਬਾਰੇ ਆਪਣੀ ਮਰਜ਼ੀ ਦੇਖੋ, ਪਰ ਗੱਡੀ ਜ਼ਰੂਰ ਦੇ ਦਿਉ। ਦਾਜ ਤਾਂ ਕੋਈ ਘਰ ਆਊ ਤਾਂ ਦੇਖੂ, ਗੱਡੀ ਤਾਂ ਸਭ ਨੇ ਦੇਖਣੀ।”
ਇਹ ਸਾਰਾ ਕੁਝ ਸੁਣ ਕੇ, ਲੜਕੀ ਵਾਲੇ ਹੈਰਾਨ ਹੋ ਗਏ, ਕਿ ਇਹ ਤਾਂ ਕਹਿੰਦੇ ਸੀ ਸਾਨੂੰ ਕੁਝ ਨਹੀਂ ਚਾਹੀਦਾ।
ਹੁਣ ਅਸੀਂ, ਥੁੱਕ ਕੇ ਚੱਟਣਾ ਨਹੀਂ, ਚਲੋ ਫੜ ਦੜ ਕੇ ਕਰਦੇ ਹਾਂ। ਜਦੋਂ ਲੜਕੀ ਨੂੰ ਪਤਾ ਲੱਗਾ, ਉਹ ਮੰਨੇ ਨਾ, ਕਹਿੰਦੀ,”ਤੁਸੀਂ ਮੈਨੂੰ ਪਾਲ਼ਿਆ ਪੜ੍ਹਾਇਆ, ਅੱਜ ਤੁਹਾਨੂੰ ਕਰਜ਼ਈ ਕਰਕੇ ਨਹੀਂ ਜਾ ਸਕਦੀ।” ਸਾਰਿਆਂ ਨੇ ਉਸ ਨੂੰ ਸਮਝਾਇਆ ਤੇ ਦਾਜ ਸਮੇਤ ਵਿਆਹ ਕਰ ਦਿੱਤਾ।
ਲੜਕੀ ਭਰੀ ਪੀਤੀ ਦਿਨ ਕੱਟੀ ਜਾ ਰਹੀ ਸੀ, ਤੇ ਲਾਲਚੀ ਸੱਸ ਨੂੰ ਸਬਕ਼ ਸਿਖਾਉਣਾ ਚਾਹੁੰਦੀ ਸੀ। ਇਕ ਦਿਨ ਕਿਤੇ ਜਾਣ ਲੱਗੇ, ਕੁੜੀ ਦੀ ਸੱਸ ਪਹਿਲੀਆਂ ਵਿਚ ਤਿਆਰ ਹੋ ਕੇ ਬੈਠੀ। ਜਦੋਂ ਤੁਰਨ ਲੱਗੇ ਤਾਂ, ਲੜਕੀ ਨੇ ਕਿਹਾ,” ਮੰਮੀ ਜੀ, ਤੁਹਾਡਾ ਸਟੈਂਡਰਡ ਨਹੀਂ ਕਿ ਤੁਸੀਂ ਸਾਡੇ ਨਾਲ ਬੈਠ ਕੇ ਹਰ ਜਗ੍ਹਾ ਜਾਓ,” ਤੇ ਉਸ ਨੇ ਬਾਰੀ ਬੰਦ ਕਰ ਲਈ, ਲੜਕੇ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਗੱਡੀ ਤੋਰ ਲਈ।
ਵਾਪਸ ਕਮਰੇ ਵਿਚ ਆ ਕੇ ਬੜਾ ਰੋਈ, ਉਸ ਦੇ ਪਤੀ ਨੇ ਕਿਹਾ, ਮੈਂ ਤੇਨੂੰ ਕਿੰਨੀ ਵਾਰ ਕਿਹਾ ਸੀ, ਦਾਜ ਨਹੀਂ ਲੈਣਾ, ਪਰ ਤੇਰੀ, ਨੱਕ ਬੜੀ ਵੱਡੀ ਸੀ। ਹੁਣ ਲੈ ਸਵਾਦ। ਲੈ ਲਾ ਕਾਰ ਤੇ ਝੂਟੇ। ਤੇਰੇ ਨਾਲ ਬਹੁਤ ਵਧੀਆ ਹੋਈ।”
...
ਫਿਰ ਲੋਕਾਂ ਨੂੰ ਮੱਤਾਂ ਦਿੰਦੀ ਫਿਰੇ, “ਅੜੀਓ, ਦਾਜ ਨਾ ਲਿਆ ਜੇ, ਬੜੀ ਬੇਇੱਜ਼ਤੀ ਹੁੰਦੀ ਜੇ।”
ਦੂਸਰੀ ਕਹਾਣੀ, ਮੁੰਡੇ ਵਾਲਾ ਬਹੁਤ ਬੀਬਾ ਪਰਿਵਾਰ ਸੀ, ਉਨ੍ਹਾਂ ਲੜਕੀ ਵਾਲਿਆਂ ਨੂੰ ਦਾਜ ਤੋ ਮਨ੍ਹਾ ਕਰ ਦਿੱਤਾ, ਕੋਈ ਮਿਲਣੀ ਨਹੀਂ, ਸਾਦਾ ਵਿਆਹ ਕਰੋ। ਪਰ ਉਨ੍ਹਾਂ ਇਕ ਨਾ ਮੰਨੀ, ਟਰੱਕ ਭਰ ਕੇ ਦਾਜ, ਗੱਡੀ, ਲੜਕੇ ਦੇ ਘਰ ਭੇਜ ਦਿੱਤਾ। ਜਦ ਕੇ ਲੜਕੇ ਦੇ ਘਰ ਸਾਰਾ ਸਮਾਨ ਪਹਿਲਾਂ ਹੀ ਸੀ।
ਵਿਆਹ ਕੇ ਲੜਕੀ ਆਈ, ਤਾਂ, ਪੂਰੇ ਹੰਕਾਰ ਵਿੱਚ ਤੁਰੀ ਫਿਰੇ, ਗੱਲ ਗੱਲ ਤੇ ਆਖੇ ਮੇਰੇ ਮਾਪਿਆਂ ਤੁਹਾਡਾ ਦਾਜ ਨਾਲ ਘਰ ਭਰ ਦਿੱਤਾ। ਨਾ ਕੰਮ ਨੂੰ ਹੱਥ ਲਾਵੇ, ਨਾ ਢੰਗ ਨਾਲ ਗੱਲਬਾਤ ਕਰੇ।
ਲੜਕੇ ਵਾਲੇ ਬੜੇ ਦੁਖੀ ਹੋ ਗਏ , ਤਿੰਨ ਕੁ ਮਹੀਨੇ ਬਾਅਦ ਉਨ੍ਹਾਂ ਲੜਕੀ ਦੇ ਮਾਤਾ ਪਿਤਾ ਨੂੰ ਬੁਲਾਇਆ ਤੇ ਕਿਹਾ,” ਅਸੀਂ ਤੁਹਾਨੂੰ ਦਾਜ ਤੋਂ ਮਨ੍ਹਾ ਕੀਤਾ ਸੀ ਪਰ ਤੁਸੀਂ ਨਹੀਂ ਟਲ੍ਹੇ, ਤੁਸੀਂ ਇਸ ਲਈ ਜ਼ਬਰਦਸਤੀ ਦਾਜ ਦਿੱਤਾ, ਤਾਂ ਕਿ ਕੁੜੀ ਦੀਆਂ ਕਮੀਆਂ ਦਾਜ ਥੱਲੇ ਛੁਪ ਜਾਣ। ਹੁਣ ਸਾਨੂੰ ਇਹ ਸਭ ਮਨਜ਼ੂਰ ਨਹੀਂ, ਤੁਸੀਂ ਆਪਣਾ ਦਾਜ ਅਤੇ ਕੁੜੀ ਨੂੰ ਲੈ ਜਾਓ, ਜਦੋਂ ਇਸ ਨੂੰ ਸੁਮੱਤ ਆ ਜਾਵੇ ਤਾਂ ਦੱਸ ਦੇਣਾ, ਅਸੀਂ ਲੈ ਆਵਾਂਗੇ।” ਇਹ ਸੁਣ ਕੇ ਸਭ ਹੱਕੇ ਬੱਕੇ ਰਹਿ ਗਏ। ਉਨ੍ਹਾਂ ਕੁੜੀ ਨੂੰ ਸਮਝਾਇਆ, ਇਥੇ ਦਾਜ ਨਾਲ ਕਦਰ ਨਹੀਂ ਹੋਣੀ। ਤੇਨੂੰ ਆਪਣੀਆਂ ਆਦਤਾਂ ਸੁਧਾਰਨੀਆਂ ਪੈਣੀਆਂ।
ਹਰ ਔਰਤ ਆਪਣੇ, ਪਤੀ ਅਤੇ ਬੱਚੇ ਨੂੰ ਕਹੇ, ਦਾਜ ਨਹੀਂ ਲੈਣਾ। ਹਰ ਭੈਣ ਆਪਣੇ ਪਿਤਾ ਅਤੇ ਭਰਾ ਨੂੰ ਕਹੇ, ਦਾਜ ਇਕ ਬੁਰਾਈ ਹੈ, ਇਸ ਨੂੰ ਖਤਮ ਕਰਨਾ। ਹਰ ਲੜਕੀ ਆਪਣੇ ਮਾਪਿਆਂ ਨੂੰ ਕਹੇ, ਜਿਸ ਨੇ ਦਾਜ ਮੰਗਿਆਂ, ਮੈਂ ਉਥੇ ਵਿਆਹ ਨਹੀਂ ਕਰਵਾਉਣਾ, ਤਾਂ ਹੀ, ਇਹ ਬਿਮਾਰੀ ਜੜ੍ਹੋਂ ਪੁੱਟੀ ਜਾਣੀ। ਲੜਕਾ ਲੜਕੀ ਪੜ੍ਹ ਲਿਖ ਕੇ ਪੈਰਾਂ ਤੇ ਖੜ੍ਹੇ ਹੋ ਕੇ ਵਿਆਹ ਕਰਵਾਉਣ। ਦੋਵੇਂ ਮਿਲ ਕੇ ਚੱਲਣ। ਇਸ ਤੋਂ ਵੱਡਾ ਦਾਜ ਹੋ ਨਹੀਂ ਸਕਦਾ।
ਬਲਵਿੰਦਰ ਕੌਰ, ਅੰਮ੍ਰਿਤਸਰ।