More Punjabi Kahaniya  Posts
ਚੌਂਕੀਦਾਰ


ਇਹ ਹਿਰਨ ਵੀ ਵੇਖੇ ਵੇਖੇ ਲੱਗਦੇ ਸਨ..ਪਰ ਅੱਜ ਓਹਨਾ ਮੈਨੂੰ ਬਹੁਤਾ ਨਾ ਗੌਲਿਆ..ਘਾਹ ਹੀ ਚਰਦੇ ਰਹੇ..ਨਿੱਕਾ ਹਿਰਨ ਬੂਥੀ ਚੁੱਕ ਵੇਖਣ ਲੱਗਾ..ਮਾਂ ਝਿੜਕ ਮਾਰੀ ਇਹ ਤਾਂ ਵੇਹਲਾ ਏ..ਤੀਜੇ ਦਿਨ ਮੂੰਹ ਚੁੱਕ ਆ ਜਾਂਦਾ..ਤੂੰ ਚੁੱਪ ਕਰਕੇ ਢਿਡ੍ਹ ਭਰ..ਮੁੜਕੇ ਅੱਧੀ ਰਾਤ ਉਠਾਵੇਂਗਾ..ਬੇਬੇ ਭੁੱਖ ਲੱਗੀ ਘਾਹ ਚਰਨ ਲੈ ਚੱਲ..ਪੇਟ ਨਾ ਪਈਆਂ ਰੋਟੀਆਂ ਸਭੈ ਗੱਲਾਂ ਖੋਟੀਆਂ..!
ਕਿੰਨੇ ਸਾਰੇ ਲੋਕ ਚੇਤੇ ਆ ਗਏ..ਭੱਜ-ਭੱਜ ਮਿਲਣ ਆਉਂਦੇ..ਪਰ ਅੱਜ ਤੂੰ ਕੌਣ ਤੇ ਮੈਂ ਕੌਣ..ਸਾਡੀ ਜੁੱਤੀ ਤੋਂ..ਅਸੀ ਕਿਹੜਾ ਕਿਸੇ ਤੋਂ ਘੱਟ..!
ਜੰਮੇ ਹੋਏ ਦਰਿਆ ਤੇ ਪੁਲ..ਏਡੇ ਉੱਚੇ ਦੀ ਭਲਾ ਕੀ ਲੋੜ ਸੀ..ਨੀਵਾਂ ਵੀ ਬਣ ਸਕਦਾ ਸੀ..ਸ਼ਾਇਦ ਪੁਲ ਨੇ ਹੀ ਸਿਫਾਰਿਸ਼ ਪਵਾਈ ਹੋਵੇ ਮੈਨੂੰ ਉੱਚਾ ਰਖਿਓ..ਤਾਂ ਕੇ ਸਦੀਵੀਂ ਇਹਸਾਸ ਹੁੰਦਾ ਰਹੇ ਕੇ ਮੈਂ ਉਚਾ ਹਾਂ..ਹੇਠੋਂ ਲੰਘਦੇ ਪਾਣੀਆਂ ਤੋਂ..ਉਹ ਪਾਣੀ ਜਿਹੜੇ ਜਿਥੋਂ ਮਰਜੀ ਖੱਜਲ ਹੁੰਦੇ ਆਉਣ..ਅਖੀਰ ਨੂੰ ਗੁਜਰਨਾ ਮੇਰੇ ਹੇਠੋਂ ਹੀ ਪੈਣਾ..ਉਹ ਵੀ ਸਿਰ ਨਿਓਂ ਕੇ..ਪਰ ਮੇਰੇ ਬਰੋਬਰ ਕਦੀ ਨਹੀਂ ਆ ਸਕਦੇ..!
ਹਰੇਕ ਨੂੰ ਆਪਣੇ ਤੋਂ ਨੀਵਾਂ ਵਿਖਾ ਤ੍ਰਿਪਤ ਹੁੰਦੀ ਮਾਣਸ ਬਿਰਤੀ..ਮੈਨੂੰ ਖੁੰਦਕ ਜਿਹੀ ਆ ਗਈ..ਪੁਲ ਦਾ ਹੰਕਾਰ ਤੋੜਨ ਐਨ ਟੀਸੀ ਤੇ ਜਾ ਚੜਿਆ..ਆ ਵੇਖ ਟੱਕਰ ਗਿਆ ਤੈਨੂੰ ਵੱਡੇ ਸੇਰ ਨੂੰ ਵੀ ਸਵਾ ਸੇਰ..ਤੇਰੇ ਤੋਂ ਵੀ ਉੱਚਾ..ਤੇਰੀ ਹਿੱਕ ਤੇ ਖਲੋਤਾ..!
ਫੇਰ ਮੇਰਾ ਧਿਆਨ ਆਸਮਾਨ ਵੱਲ ਨੂੰ ਚਲਿਆ ਗਿਆ..!
ਹਵਾ ਵਿਚ ਉੱਡਦੇ ਬੱਦਲ ਪੰਛੀ ਪਖੇਰੂ ਚਿੜੀਆਂ ਤੋਤੇ..ਮੇਰੇ ਤੋਂ ਵੀ ਕਿੰਨੇ ਉਚੇ..ਇਥੇ ਹਰੇਕ ਤੋਂ ਉੱਤੇ ਕੋਈ ਨਾ ਕੋਈ..ਕਿੰਨੂ-ਕਿੰਨੂ ਨੀਵਾਂ ਵਿਖਾਵਾਂਗੇ..ਮੁਕਾਬਲੇ ਕਰਾਂਗੇ..ਸਿਵਾਏ ਇੱਕ ਉਸ ਰੱਬ ਦੇ..ਜਿਸਦੇ ਉੱਤੇ ਕੋਈ ਨਹੀਂ..!
ਕਾਮਰੇਡ ਵੀਰੋ ਰੱਬ ਦਾ ਜਿਕਰ ਆ ਗਿਆ..ਅਗਿਓਂ ਪੜਨਾ ਬੰਦ ਨਾ ਕਰ ਦੀਓ!
ਕੋਲ ਹੀ ਲੱਗਾ ਬੋਰਡ..ਪ੍ਰਾਈਵੇਟ ਪ੍ਰਾਪਰਟੀ..!
ਕਿਸੇ ਚੇਤਾਵਨੀ ਦਿੱਤੀ ਸੀ..ਇਹ ਥਾਂ ਮੇਰੀ ਹੈ..ਇਥੇ ਕੋਈ ਨਾ ਵੜੇ..ਵਰਨਾ!
ਰਣਜੀਤ ਐਵੀਨਿਊ ਦੋਸਤ ਦੀ ਕੋਠੀ ਅੰਦਰ ਰਹਿੰਦਾ ਭਈਆ..ਕਿਸੇ ਬਾਹਰ ਫੋਨ ਕਰ ਦਿੱਤਾ..ਇਹ ਆਪਣਾ ਟੱਬਰ ਲੈ ਆਇਆ..ਕਬਜਾ ਕਰ ਜਾਊ..ਮੁੜਕੇ ਕੱਢਣਾ ਔਖਾ ਹੋ ਜਾਣਾ..ਉਹ ਉਚੇਚਾ ਅਮਰੀਕਾ ਤੋਂ ਅਮ੍ਰਿਤਸਰ ਆਇਆ..!
ਅੱਗੋਂ ਆਖਣ ਲੱਗਾ ਸਰਦਾਰ ਜੀ ਕੌਣ ਸਾ ਕਬਜਾ..ਚੌਂਕੀਦਾਰ ਹੂੰ ਚੋਕੀਦਾਰ ਹੀ ਰਹੂੰਗਾ..ਭਲਾ ਚੋਕੀਦਾਰ ਮਾਲਕ ਕੈਸੇ ਬਣ ਸਕਤਾ..ਹਮ ਸਬ ਚੌਂਕੀਦਾਰ ਹੀ ਤੋਂ ਹੈਂ..ਸਰਦਾਰ ਜੀ ਭੀ ਥੇ..ਮਾਲਕ ਹੋਤੇ ਤੋਂ ਮਰਨੇ ਕੇ ਬਾਅਦ ਯੇ ਕੋਠੀ ਸਾਥ ਨਾ ਲੈ ਜਾਤੇ..!
ਗਿਆ ਤਾਂ ਸੀ ਮਾਲਕੀ ਜਤਾਉਣ..ਜਿੰਦਗੀ ਦੀ ਅਸਲੀਅਤ ਪੱਲੇ ਬੰਨ ਮੁੜ ਆਇਆ..ਅਖੇ ਇਥੇ ਸਭ ਚੌਂਕੀਦਾਰ ਨੇ..ਅਸਥਾਈ ਚੌਂਕੀਦਾਰ!
ਇਹ ਬਰਫ ਦੀ ਚਿੱਟੀ ਚਾਦਰ ਵੀ..ਬੰਦਾ ਜਿੰਨਾ ਮਰਜੀ ਗੋਰਾ ਹੋਵੇ..ਆਪਣੇ ਤੋਂ ਚਿੱਟਾ ਦਿਸਣ ਨਹੀਂ ਦਿੰਦੀ..ਹਿੰਦੀ ਗਾਉਣ..ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ..ਗੋਰਾ ਰੰਗ ਦੋ ਦਿਨ ਮੇਂ ਢਲ ਜਾਏਗਾ..ਵਾਕਿਆ ਹੀ ਜਦੋਂ ਢਲ ਜਾਂਦਾ ਏ ਤਾਂ ਬੜਾ ਦੁਖੀ ਕਰਦਾ..ਫਿਲਟਰ ਕਰ ਕਰ ਪਾਉਣੀ ਪੈਂਦੀ..ਕਰ ਯਾਦ ਜਵਾਨੀ ਰੋਵੇ ਜਦੋਂ ਰੁਕ ਰੁਕ ਨਬਜ ਖਲੋਵੇ..ਜਦੋਂ ਚੱਕ ਲੋ ਚੱਕ ਲੋ ਹੋਵੇ..ਤਾਂ ਸਮਝੋ...

ਮਾਮਲਾ ਗੜਬੜ ਹੈ..!
ਗੜਬੜ ਹੋ ਗਏ ਮਾਮਲੇ ਤੋਂ ਯਾਦ ਆਇਆ..ਇੱਕ ਨਿੱਕੀ ਜਿਹੀ “ਬੱਤੀ” ਵਿੱਚ ਜਿੰਦਗੀ ਦੀ ਸਾਰੀ ਕੀਤੀ ਕੱਤਰੀ ਖੂਹ ਵਿੱਚ ਪਾਉਣ ਦੀ ਤਾਕਤ ਹੁੰਦੀ ਏ!
ਅੱਗੇ ਵੱਡੇ ਸਾਰੇ ਖੇਤ ਨੂੰ ਤਾਰਾਂ ਲਾ ਕੇ ਕੀਤੀ ਹੋਈ ਵਲਗਣ..ਕਿੰਨੀ ਦੇਰ ਵੇਖਦਾ ਰਿਹਾ..ਜੀ ਕੀਤਾ ਆਖਾਂ ਹਿੰਮਤ ਏ ਤਾਂ ਬਰਫ ਹਵਾ ਪਾਣੀ ਜਾਨਵਰ ਪੰਛੀਆਂ ਨੂੰ ਵੀ ਰੋਕ ਕੇ ਵਿਖਾ..ਸਾਰੀਆਂ ਰੋਕਾਂ ਸਿਰਫ ਇਨਸਾਨ ਲਈ ਹੀ ਕਿਓਂ..ਬਾਪ ਚੇਤੇ ਆ ਗਿਆ..ਸਾਰੀ ਉਮਰ ਵਾਗਿਓਂ ਪਾਰ ਪਿੰਡ ਨੂੰ ਤਰਸਦਾ ਰਿਹਾ..ਗੱਲ ਗੱਲ ਤੇ ਬੱਸ ਨਾਰੋਵਾਲ..ਸਿਆਲਕੋਟ..ਉੱਗੋਕੇ..ਦੁਮਾਲਾ!
ਅੱਗੇ ਇੱਕ ਘਰ ਬਾਹਰ ਖਲੋਤਾ ਕੰਡਮ ਪੂਰਾਣਾ ਟਰੱਕ..!
ਠੰਡ ਵਿੱਚ..ਜੰਗਾਲ ਖਾਦਾ..ਇੰਝ ਲੱਗਾ ਆਖ ਰਿਹਾ ਹੋਵੇ ਮੇਰੇ ਵੀ ਕਦੇ ਦਿਨ ਹੁੰਦੇ ਸਨ..ਅੰਦਰ ਨਿੱਘੇ ਥਾਂ ਖਲਿਆਰਿਆ ਜਾਂਦਾ..ਟਾਪ ਕਲਾਸ ਸਾਫ ਸਫਾਈ ਤੇ ਦੇਖ ਰੇਖ..ਹੁਣ ਝੜ ਜਾ ਪੱਤਿਆਂ ਵੇ..ਰੁੱਤ ਨਵਿਆਂ ਦੀ ਆਈ..ਸਦਾ ਨਾ ਬਾਗੀਂ ਬੁਲ-ਬੁਲ ਬੋਲੇ ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ..!
ਤਰਲੇ ਕੱਢਦਾ ਮੈਨੂੰ ਕਬਾੜ ਵਿੱਚ ਹੀ ਦੇ ਦਿਓ..ਗਰੀਬ ਦੀ ਗਤੀ ਹੋ ਜਾਵੇ..ਇਥੇ ਲੰਘਦਾ ਅਉਂਦਾ ਹਰ ਕੋਈ ਠਿੱਠ ਕਰ ਕਰ ਲੰਘਦਾ!
ਥੋੜੀ ਅੱਗੇ ਮਹਿਲਾਂ ਵਰਗੇ ਵੱਡੇ ਘਰ..ਕ੍ਰਿਸਮਿਸ ਉੱਤੇ ਮਹਿੰਗੀਆਂ ਰੋਸ਼ਨੀਆਂ..ਬਾਹਰ ਕੀਤੇ ਖਰਚਿਆਂ ਤੋਂ ਹੀ ਅਗਲੇ ਦੀ ਹੈਸੀਅਤ ਪਤਾ ਲੱਗਦੀ..ਕੌਣ ਕਿੰਨੇ ਪਾਣੀ ਵਿੱਚ..ਓਹੀ ਹੈਸੀਅਤ ਜਿਸਨੇ ਚੰਗੇ ਭਲੇ ਕਮਲੇ ਕੀਤੇ..ਸਿਵਿਆਂ ਤੇ ਖਲੋਤੀ ਖੜੀ ਮੁੱਛ!
ਅਚਾਨਕ ਪਿੰਡ ਦਾ ਇੱਕ ਨਿੱਕਾ ਜਿਹਾ ਘਰ..ਹਮਾਤੜ ਨੇ ਵੀ ਪੂਰੀ ਟੌਰ ਕੱਢੀ ਹੋਈ ਸੀ..”ਕਾਲੇ ਹੈਂ ਤੋਂ ਕਯਾ ਹੂਆ ਦਿਲ ਵਾਲੇ ਹੈ..!
ਨਵੀਂ ਵਹੁਟੀ ਵਾਂਙ ਸ਼ਿੰਗਾਰੀ ਹੋਈ ਚਰਚ..ਝੌਲਾ ਪਿਆ..ਦੋ ਮਨੁੱਖ ਗੱਲਾਂ ਕਰ ਰਹੇ ਹੋਣ..ਕੋਲ ਗਿਆ ਤਾਂ ਬੁੱਤ ਸਨ..ਅਡੋਲ..ਮਨ ਵਿੱਚ ਸੋਚਿਆ ਅਸੀਂ ਵੀ ਤੇ ਬੁੱਤ ਹੀ ਬਣ ਗਏ ਹਾਂ..ਸਾਹ ਲੈਂਦੇ ਬੁੱਤ..ਜਜਬਾਤ ਵਿਹੀਣੇ ਬੁੱਤ..ਕੋਲ ਕੋਈ ਤੜਪ ਰਿਹਾ ਹੋਵੇ..ਭੁੱਖਾ ਮਰ ਰਿਹਾ ਹੋਵੇ..ਸਾਨੂੰ ਕੀ..!
ਕੋਲ ਹੀ ਚਮਕਾਂ ਮਾਰਦੇ ਸੰਗਮਰਮਰ ਨਾਲ ਸ਼ਿੰਗਾਰੀਆਂ ਕਿੰਨੀਆਂ ਸਾਰੀਆਂ ਕਬਰਾਂ..ਵੱਡੇ ਲੋਕਾਂ ਦੇ ਸਦੀਵੀਂ ਸਥਲ..ਸਾਰੀ ਉਮਰ ਸਲਾਮਾਂ ਸਿਜਦੇ ਕਰਾਉਂਦੇ ਰਹੇ ਸਰਦੇ ਪੁੱਜਦਿਆਂ ਦੀ ਆਰਾਮ ਗਾਹ..ਸਾਰਾ ਸ਼ਹਿਰ ਕ੍ਰਿਸਮਿਸ ਮਨਾ ਰਿਹਾ ਸੀ ਪਰ ਇਹ ਸ਼ਾਂਤ ਸਨ..ਕੁਝ ਐਸੇ ਵੀ ਹੋਣੇ ਜਿਹੜੇ ਨਾ-ਇੰਸਾਫ਼ੀ ਵੇਖ ਸਾਰੀ ਉਮਰ ਇਸ ਲਈ ਚੁੱਪ ਰਹੇ ਕਿਧਰੇ ਮਾਰੇ ਹੀ ਨਾ ਜਾਈਏ..!
ਸ਼ਿਵ ਯਾਦ ਆ ਗਿਆ..ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ..ਦੱਸਦੇ ਆਖਰੀ ਵੇਲੇ ਜੋ ਚੀਜ ਹਮੇਸ਼ਾਂ ਦਿਸਦੀ ਰਹਿੰਦੀ ਏ..ਉਹ ਹੁੰਦੀ ਏ “ਮਾਂ”..ਬਾਹਵਾਂ ਖਿਲਾਰ ਕੇ ਖਲੋਤੀ ਹੋਈ ਮਾਂ..ਫੇਰ ਜਾਨ ਬੜੀ ਸੌਖੀ ਨਿੱਕਲਦੀ..ਬੰਦੇ ਨੂੰ ਕਾਹਲੀ ਜੂ ਹੁੰਦੀ ਏ..ਮਾਂ ਦੀ ਬੁੱਕਲ ਵਿੱਚ ਸਦੀਵੀਂ ਸਮੋ ਜਾਣ ਦੀ..
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)