More Punjabi Kahaniya  Posts
ਕੋਠੀ


ਬੜੇ ਸਾਲਾਂ ਤੋਂ ਬਾਪੂ ਦੇ ਮਗਰ ਪਿਆ ਸੀ ਕਿ ਆਪਾਂ ਵੀ ਕੋਠੀ ਪਾ ਲਈਏ ਪਰ ਬਾਪੂ ਮੇਰੀ ਗੱਲ ਸੁਣਦਾ ਹੀ ਨਹੀਂ ਸੀ।ਬੇਬੇ ਨੂੰ ਪੁੱਛਣਾ ਤਾਂ ਬੇਬੇ ਤਾਂ ਨਵੀਂ ਕੋਠੀ ਦੀ ਗੱਲ ਸ਼ੁਰੂ ਕਰਦਿਆਂ ਹੀ ਉੱਠ ਕੇ ਚਲੇ ਜਾਇਆ ਕਰਦੀ ਸੀ।
ਮੈਂ ਵੀ ਆਖ ਦਿੱਤਾ ਕਿ ਫੇਰ ਵੀਰ ਹੁਣੀ ਸਾਰੇ ਬਾਹਰ ਆ ਤੇ ਮੈਨੂੰ ਵੀ ਕਨੇਡਾ ਭੇਜ ਦਿਓ ਨਹੀਂ ਤਾਂ ਪਿੰਡ ਕੋਠੀ ਬਣਾ ਲੈਣ ਦਿਓ।ਬੇਬੇ ਨੇ ਫੇਰ ਵੀ ਮੇਰੀ ਗੱਲ ਨੂੰ ਅਣਸੁਣਿਆਂ ਕਰ ਦਿੱਤਾ।
ਯਾਰ ਦੋਸਤ ਰਿਸ਼ਤੇਦਾਰ ਸਭ ਮੇਹਣੇ ਦਿਆ ਕਰਦੇ ਸੀ ਕਿ ਇੰਨੀ ਜ਼ਮੀਨ ਆੜਤ ਦੀ ਦੁਕਾਨ ਦੋ ਮੁੰਡੇ ਕਨੇਡਾ ਚ ਸੈੱਟ ਆ।ਘਰ ਹਜੇ ਵੀ ਪਿੰਡ ਪੁਰਾਣਾ ਹੀ ਰੱਖਿਆ ਹੋਇਆ ਆ।
ਮਿਲਦੇ ਤਾਹਨਿਆਂ ਤੋਂ ਤੰਗ ਆ ਕੇ ਮੈਂ ਦੋ ਗੱਲਾਂ ਆਖ ਦਿੱਤੀਆਂ ਜਾਂ ਮੈਨੂੰ ਆਪਣੇ ਹਿੱਸੇ ਚ ਕੋਠੀ ਪਾ ਲੈਣ ਦਿਓ ਨਹੀਂ ਤਾਂ ਮੈਂ ਚੱਲਿਆ ਕਨੇਡਾ,ਕਨੇਡਾ ਜਾਣਾ ਕੀਹਨੇ ਸੀ ਓਦੀ ਚੱਕ ਕੇ ਪਾਸਪੋਰਟ ਯਾਰ ਦੋਸਤ ਨੂੰ ਫੜਾ ਆਇਆ ਤਾਂ ਘਰ ਆਏ ਨੂੰ ਬੇਬੇ ਨੇ ਰੋਟੀ ਨਾ ਦਿੱਤੀ।ਆਖਦੀ “ਨਵੀਂ ਕੋਠੀ ਚ ਹੀ ਰੋਟੀ ਖਾਵੀਂ ਪੁਰਾਣੇ ਚ ਤਾਂ ਨਹੀਂ ਮਿਲਣੀ”
ਮੈਂ ਬਾਪੂ ਵੱਲ ਵੇਖਿਆ ਬਾਪੂ ਵੀ ਕੌੜਾ ਜਿਹਾ ਵੇਖੇ ਮੈਂ ਕੋਈ ਗੱਲ ਨਾ ਕੀਤੀ ਦੁੱਧ ਦੀ ਗੜਵੀ ਚੱਕ ਕੇ ਚੁਬਾਰੇ ਚ ਚਲਾ ਗਿਆ।ਅਗਲੀ ਸਵੇਰ ਫੇਰ ਨਾ ਰੋਟੀ ਮਿਲੀ।ਮੈਂ ਬਾਪੂ ਨੂੰ ਪੁੱਛਿਆ ਕਿ ਬਾਪੂ ਸਿੰਘ ਜੀ ਕੀ ਹੋ ਗਿਆ ਤੁਹਾਡੀ ਪਰਜਾ ਭੁੱਖੀ ਮਰ ਰਹੀ ਆ।ਬਾਪੂ ਆਖਦਾ ਪਰਜਾ ਤਾਂ ਇੱਕ ਪਾਸੇ ਇੱਥੇ ਤਾਂ ਲਾਣੇਦਾਰਨੀ ਨੇ ਮੈਨੂੰ ਵੀ ਰੋਟੀ ਨੀ ਦਿੱਤੀ।
ਬੇਬੇ ਕਹਿੰਦੀ ਸ਼ਾਮ ਤੱਕ ਪਾਸਪੋਰਟ ਵਾਪਸ ਲੈ ਆ ਨਹੀਂ ਤਾਂ ਪਿਓ ਪੁੱਤ ਦੀ ਭੁੱਖ ਹੜਤਾਲ ਹੀ ਚੱਲੇਗੀ।ਮੈਂ ਕਿਹਾ ਠੀਕ ਆ ਫੇਰ ਰੋਟੀ ਤਾਂ ਮੈਂ ਹੁਣ ਨਵੀਂ ਕੋਠੀ ਚ ਖਾਉਂ ਜਾਂ ਫੇਰ ਕਨੇਡੇ ਜਾ ਕੇ ਪੀਜ਼ੇ ਖਾਉਂਗਾ।
ਬਾਪੂ ਕਹਿੰਦਾ ਮੇਰੇ ਵਲੋਂ ਕੱਲ ਨੂੰ ਹੀ ਕੋਠੀ ਸ਼ੁਰੂ ਕਰਲੈ ਬਸ ਆਪਣੀ ਮਾਂ ਨੂੰ ਮਨਾਲਾ। ਬਾਪੂ ਦੀ ਸਪੋਰਟ ਮਿਲਦਿਆਂ ਹੀ ਆਪਾਂ ਨੂੰ ਹਰੀ ਬੱਤੀ ਮਿਲ ਗਈ ਤੇ ਪਾਸਪੋਰਟ ਘਰ ਲਿਆ ਕੇ ਦੇ ਦਿੱਤਾ।ਬੇਬੇ ਮਖਣੀ ਪਾ ਕੇ ਸਾਗ ਲਿਆਈ ਤੇ ਆਪਾਂ ਰੋਟੀ ਛੱਡਕੇ ਚੁਬਾਰੇ ਚਲੇ ਗਏ।ਦੋ ਕ ਦਿਨ ਭੁੱਖੇ ਰਹਿਣ ਮਗਰੋਂ ਬੇਬੇ ਵੀ ਮੰਨ ਗਈ ਤੇ ਆਰਕੀਟੈਕਟ ਨੂੰ ਨਕਸ਼ਾ ਬਣਨਾ ਦੇ ਦਿੱਤਾ।
ਅੱਧੇ ਕਿੱਲੇ ਚ ਦੋ ਮੰਜ਼ਲੀ ਕੋਠੀ ਦਾ ਨਕਸ਼ਾ ਤਿਆਰ ਕਰਵਾਇਆ ਅੱਗੇ ਪਾਰਕ ਬਣਵਾਈ ਤੇ ਪਸ਼ੂਆਂ ਵਾਲੀ ਥਾਂ ਤੇ ਗਰਾਜ ਬਣਾਇਆ।
ਬੇਬੇ ਕਹਿੰਦੀ ਪੁਰਾਣਾ ਘਰ ਨੀ ਢਾਹੁਣਾ ਬਾਹਰ ਖੇਤਾਂ ਚ ਬਣਾ ਲਵੋ ਮੈਂ ਤਾਂ ਸ਼ਰੀਕਾਂ ਦੇ ਕਾਲਜੇ ਫੂਕਣੇ ਸੀ।ਖੇਤਾਂ ਚ ਕੀਹਨੇ ਮੇਰੀ ਕੋਠੀ ਵੇਖਣੀ ਸੀ।ਬਸ ਫੇਰ ਕਰ ਕਰਵਾ ਕੇ ਪੁਰਾਣਾ ਘਰ ਢਾਹੁਣਾ ਸ਼ੁਰੂ ਕਰ ਦਿੱਤਾ।
ਇਲਾਕੇ ਦੇ ਵਧੀਆ ਇੰਜੀਨੀਅਰ ਕੋਲੋਂ ਘਰ ਤਿਆਰ ਕਰਵਾਇਆ।ਬਾਥਰੂਮ ਚ ਇਟਾਲੀਅਨ ਸਮਾਨ ਲਗਵਾਇਆ।ਰਾਜਸਥਾਨ ਜਾ ਕੇ ਪੱਥਰ ਲਿਆਂਦਾ ਤੇ ਪੂਰੇ ਘਰ ਚ ਸਾਗਵਾਨ ਦਾ ਵੁੱਡ ਵਰਕ ਕਰਵਾਇਆ ਮਰਜ਼ੀ ਦੇ ਬੈਡ ਤਿਆਰ ਕਰਵਾਏ।ਰਸੋਈ ਚ ਚਿਮਨੀ ਲਗਵਾਈ ਤੇ ਮਹਿੰਗੇ ਤੋਂ ਮਹਿੰਗਾ ਸਮਾਨ ਲਵਾਇਆ।
ਕਾਰੀਗਰ ਵੀ ਬਹੁਤ ਵਧੀਆ ਮਿਲੇ ਕੋਠੀ ਮੇਰੀ ਤਾਂ ਵ੍ਹਾਈਟ ਹਾਊਸ ਵਰਗੀ ਬਣ ਗਈ।ਸਾਰਾ ਪਿੰਡ ਰਿਸ਼ਤੇਦਾਰ ਤਰੀਫ਼ਾਂ ਕਰਦੇ ਸੀ ਪਰ ਬੇਬੇ ਪੈਸਾ ਲਗਦਾ ਵੇਖ ਕੇ ਨੱਕ ਬੁੱਲ ਕੱਢੀ ਜਾਂਦੀ ਸੀ।
ਘਰ ਤਿਆਰ ਹੋਣ ਤੋਂ ਬਾਅਦ ਮੈਂ ਸੋਚਿਆ ਹੁਣ ਰਸੋਈ ਚ ਟੋਪ ਕਲਾਸ ਕਰੋਕਰੀ ਰਖਾਂਗਾ ਤੇ ਮੈਂ ਬਿਨਾ ਦੱਸੇ ਹੀ ਆਪਣੇ ਦੋਸਤ ਨੂੰ ਨਾਲ ਲੈਕੇ ਚੰਡੀਗੜ ਕ੍ਰੋਕਰੀ ਲੈਣ ਚਲਾ ਗਿਆ।
ਸ਼ਾਮ ਨੂੰ ਜਦ ਵਾਪਸ ਆ ਕੇ ਵੇਖਿਆ ਤਾਂ ਬੇਬੇ ਨੇ ਰਸੋਈ ਦੇ ਕੱਬ ਬੋਰਡ ਚ ਅਖ਼ਬਾਰਾਂ ਵਿਸ਼ਾ ਕੇ ਆਪਣੇ ਦਾਜ ਵਾਲੇ ਪਿਤੱਲ ਦੇ ਭਾਂਡੇ ਚਿਣ ਦਿੱਤੇ ਤੇ ਕੌਲੀਆਂ ਗਲਾਸ ਇੱਕ ਦੂਜੇ ਦੇ ਉਪਰ ਉਪਰ ਚਿਣ ਚਿਣ ਕੇ ਰੱਖੇ ਹੋਏ ਸੀ।ਫਰਿੱਜ ਦੇ ਨਾਲ ਹੀ ਪਾਣੀ ਦਾ ਘੜਾ ਭਰ ਕੇ ਰੱਖਿਆ ਹੋਇਆ ਤੇ ਭਾਂਡੇ ਧੋ ਕੇ ਭਾਂਡਿਆਂ ਵਾਲੇ ਛਿੱਕੇ ਚ ਰੱਖੇ ਹੋਏ ਸੀ ਤੇ ਗ੍ਰਾਜ ਚ ਦਾਣੇ ਧੋ ਕੇ ਸੁੱਕਣੇ ਪਾਏ ਹੋਏ ਸੀ।
ਬੇਬੇ ਬਾਪੂ ਦੋਵਾਂ ਨੇ ਰਲਕੇ ਸੋਫਿਆਂ ਤੇ ਚਾਦਰਾਂ ਪਾ ਦਿੱਤੀਆਂ ਤੇ ਡੇਨਿੰਗ ਟੇਬਲ ਨੂੰ ਵੀ ਢਕਿਆ ਹੋਇਆ।ਇਹ ਹਾਲਤ ਵੇਖ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਤੇ ਮੈਂ ਬਿਨਾ ਕੁਝ ਬੋਲੇ ਹੀ ਸਾਰਾ ਕੁਝ ਠੀਕ ਕਰ ਦਿੱਤਾ ਤੇ...

ਰਸੋਈ ਦੇ ਭਾਂਡੇ ਇਕਠੇ ਕਰਨੇ ਸ਼ੁਰੂ ਕਰ ਦਿੱਤੇ।
ਬੇਬੇ ਨੇ ਵੇਖਦਿਆਂ ਹੀ ਆਖ ਦਿੱਤਾ ਮੇਰੇ ਦਾਜ ਦੇ ਸਮਾਨ ਦੇ ਨਾਲ ਮੈਨੂੰ ਵੀ ਕਿਤੇ ਸੁੱਟ ਆ ਅਗਰ ਇਸ ਕੋਠੀ ਚ ਰਹਿਣਾ ਆ ਤਾਂ ਇਸੇ ਤਰਾਂ ਰਹਿਣਾ ਆ ਨਹੀਂ ਤਾਂ ਅਸੀਂ ਘਰ ਛੱਡਕੇ ਚਲੇ ਜਾਣਾ ਆ।
ਬੇਬੇ ਨੂੰ ਜਵਾਬ ਦੇਣ ਦੀ ਜਾਂ ਪੁੱਛਣ ਦੀ ਮੇਰੀ ਕੋਈ ਹਿਮਤ ਨਾ ਪਈ ਤੇ। ਬੇਬੇ ਨੇ ਆਪਣੀ ਜ਼ਿਦ ਪੂਰੀ ਕਰ ਦਿੱਤੀ ਤੇ ਮੇਰੀ ਲਿਆਂਦੀ ਕਰੋਕ੍ਰੀ ਨੂੰ ਪੇਟੀ ਚ ਰੱਖ ਦਿੱਤਾ।ਇੱਕ ਬਾਥਰੂਮ ਛੱਡ ਕੇ ਬਾਕੀ ਬੰਦ ਕਰ ਦਿੱਤੇ।
ਫੇਰ ਜਿਹੜਾ ਵੀ ਘਰ ਆਇਆ ਕਰੇ ਅੰਦਰੋ ਹਾਲ ਵੇਖ ਕੇ ਮਜ਼ਾਕ ਉਡਾ ਕੇ ਜਾਇਆ ਕਰੇ।ਮੈਂ ਸੋਚਿਆ ਆਹ ਗੱਲੋਂ ਤਾਂ ਮੈਂ ਕਨੇਡਾ ਹੀ ਚਲੇ ਜਾਂਦਾ ਤਾਂ ਵਧੀਆ ਸੀ।ਇੰਨਾ ਪੈਸਾ ਖਰਚ ਕੇ ਬੇਜ਼ਤੀ ਕਰੋਣੋ ਤਾਂ ਬਚ ਜਾਂਦਾ।
ਫੇਰ ਮੇਰੇ ਵਿਆਹ ਦੀ ਗੱਲ ਚੱਲ ਪਈ ਤੇ ਘਰ ਬਾਰ ਵੇਖਦਿਆਂ ਮੈਨੂੰ ਇੱਕ ਬੈਂਕ ਵਾਲੀ ਕੁੜੀ ਦਾ ਰਿਸ਼ਤਾ ਆ ਗਿਆ ਤੇ ਮੇਰੀ ਸਰਦਾਰਨੀ ਨੇ ਆਉਂਦਿਆ ਹੀ ਘਰ ਦੀ ਨੁਹਾਰ ਬਦਲ ਦਿੱਤੀ ਤੇ ਘਰ ਮੇਰੇ ਸੁਪਨਿਆਂ ਵਾਲੇ ਘਰ ਤੋਂ ਵੀ ਸੋਹਣਾ ਘਰ ਬਣ ਗਿਆ।
ਬੇਬੇ ਨੇ ਬਹੁਤ ਕਲੇਸ਼ ਕੀਤਾ ਪਰ ਮੇਰੀ ਸਰਦਾਰਨੀ ਕਹਿੰਦੀ ਬੇਬੇ ਜੀ ਤੁਸੀਂ ਘਰ ਦਾ ਸਾਰਾ ਕੰਮ ਮੈਨੂੰ ਸੌਂਪ ਦਿਓ ਤੇ ਮੇਰੇ ਤੇ ਹੁਕਮ ਚਲਾਇਆ ਕਰੋ।
ਬੇਬੇ ਦੀ ਨੂੰਹ ਅੱਗੇ ਕੋਈ ਨਾ ਚੱਲੀ ਪਰ ਮੇਰੀ ਸਰਦਾਰਨੀ ਨੇ ਘਰ ਚ ਰੁਲ ਅਸੂਲ ਜਹੇ ਬਣਾ ਦਿੱਤੇ।
ਰੋਟੀਆਂ ਚਿਣ ਕੇ ਖਾਣ ਵਾਲਿਆਂ ਦੀਆਂ ਮੇਰੀ ਸਰਦਾਰਨੀ ਨੇ ਰੋਟੀਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ।ਜਿੰਨੀਆਂ ਰੋਟੀਆਂ ਕਹਿਣਾ ਸਿਰਫ ਓਨੀਆਂ ਹੀ ਖਾਣ ਨੂੰ ਮਿਲਣੀਆਂ ਤੇ ਜੂਠ ਤਾਂ ਬਿਲਕੁਲ ਨੀ ਛੱਡਣੀ ਪਾਣੀ ਪੀ ਕੇ ਗਲਾਸ ਧੋਣਾ ਬਾਥਰੂਮ ਵਰਤ ਕੇ ਸਾਫ ਵੀ ਕਰਨਾ। ਗਿੱਲੇ ਪੈਰ ਅੰਦਰ ਨੀ ਆਉਣਾ ਹੋਰ ਵੀ ਬਹੁਤ ਕੁਝ।
ਬੇਬੇ ਬਾਪੂ ਨੇ ਥੋੜੀ ਦੇਰ ਤਾਂ ਝੱਲਿਆ ਫੇਰ ਬਿਨਾ ਲੜਾਈ ਕੀਤੇ ਮੈਨੂੰ ਕਹਿੰਦੇ ਅਸੀਂ ਥੱਲੇ ਰਿਹਾ ਕਰਨਾ ਆ ਤੇ ਆਪਣੀ ਰੋਟੀ ਜੁਦੀ ਬਣਾਇਆ ਕਰਨੀ ਆ ਅਸੀਂ ਇਹ ਘੁਟਣ ਚ ਨਹੀਂ ਰਹਿ ਸਕਦੇ।ਘੁਟਣ ਤਾਂ ਮੈਨੂੰ ਵੀ ਬਹੁਤ ਮਹਿਸੂਸ ਹੁੰਦੀ ਸੀ ਪਰ ਫਸਿਓ ਨੂੰ ਮਾਰ ਖਾਣੀ ਪੈਣੀਂ ਸੀ।
ਇੱਕ ਦਿਨ ਮੈਂ ਬਾਥਰੂਮ ਚੋਂ ਬਾਹਰ ਨਿਕਲਿਆ ਤੇ ਆ ਕੇ ਪਰਦੇ ਨਾਲ ਹੀ ਹੱਥ ਪੂੰਝਣ ਲੱਗ ਗਿਆ ਬਸ ਇਸੇ ਗੱਲ ਤੇ ਸਰਦਾਰਨੀ ਕਹਿੰਦੀ ਆਪਣਾ ਟਾਵਲ ਨੀ ਵਰਤ ਹੁੰਦਾ।ਤੇਰੀ ਮਾਂ ਨੇ ਪੁੱਠੀਆਂ ਆਦਤਾਂ ਪਾਈਆਂ ਹੋਈਆਂ ਆ ਰਹਿਣ ਸਹਿਣ ਦਾ ਕੋਈ ਢੰਗ ਵੀ ਨਹੀਂ ਪਤਾ।
ਬੇਬੇ ਨੇ ਇਹ ਗੱਲਾਂ ਸੁਣ ਲਈਆਂ ਤੇ ਥੱਲੇ ਖੜੀ ਮਿੰਨਾ ਮਿੰਨਾ ਹਸਣ ਲੱਗ ਪਈ।ਮੈਂ ਕੀਹਨੂੰ ਕੀ ਆਖਣਾ ਸੀ ਬਸ ਆਮ ਜਨਤਾ ਵਾਂਗ ਮੋਦੀ ਸਰਕਾਰ ਜਾਣੀ ਆਪਣੀ ਘਰ ਵਾਲੀ ਦੀਆਂ ਗੱਲਾਂ ਨੂੰ ਸਹਿੰਦਾ ਰਿਹਾ।
ਤੜਕੇ ਉਠਕੇ ਲੱਸੀ ਪੀਣ ਵਾਲੇ ਨੂੰ ਚਾਹ ਵੀ ਥਰਮੋਸ ਵਾਲੀ ਮਿਲਿਆ ਕਰਦੀ ਸੀ ਜਿਹੜੀ ਦੁਪਿਹਰ ਤੱਕ ਚਲਦੀ ਰਹਿੰਦੀ ਸੀ।ਮੇਰਾ ਬਣਾਇਆ ਮਹਿਲ ਮੈਨੂੰ ਖੁਦ ਨੂੰ ਹੀ ਖਾਣ ਲੱਗ ਪਿਆ ਤੇ ਇੱਕ ਦਿਨ ਅੱਕ ਕੇ ਮੈਂ ਵੀ ਬੇਬੇ ਕੋਲ ਆ ਗਿਆ ਤੇ ਬੇਬੇ ਨੂੰ ਦੱਸਿਆ ਬੇਬੇ ਰਾਜ਼ ਤੇਰਾ ਹੀ ਵਧੀਆ ਸੀ।ਹੁਣ ਤਾਂ ਬਸ ਦਿਨ ਕਟੀ ਕਰ ਰਿਹਾ ਆ।ਬੇਬੇ ਕਹਿੰਦੀ ਕੋਈ ਗੱਲ ਨਹੀਂ ਪੁੱਤ ਨੂੰਹ ਨੌਕਰੀ ਕਰਦੀ ਆ ਤੂੰ ਤੰਗ ਨਾ ਕਰਿਆ ਕਰ ਤੇ ਮੇਰੇ ਕੋਲੋਂ ਰੋਟੀ ਖ਼ਾ ਕੇ ਖੇਤਾਂ ਨੂੰ ਚਲਾ ਜਾਇਆ ਕਰ।
ਫੇਰ ਚਾਰ ਕ ਦਿਨ ਬਾਅਦ ਮੇਰੀ ਸਰਦਾਰਨੀ ਵੀ ਬੇਬੇ ਦੀ ਰਸੋਈ ਚ ਆ ਗਈ ਤੇ ਕਹਿੰਦੀ ਬੇਬੇ ਜੀ ਰਸੋਈ ਵਾਲੀ ਜ਼ਿੰਮੇਵਾਰੀ ਤੁਸੀਂ ਹੀ ਸੰਭਾਲੋ ਤੇ ਆਪਣੇ ਹਿਸਾਬ ਨਾਲ ਹੀ ਚਲਾਇਆ ਕਰੋ ਮੈਂ ਤਾਂ ਬਸ ਤੁਹਾਡੀ ਹੈਲਪ ਕਰਿਆ ਕਰੂੰਗੀ।
ਹੁਣ ਕੋਠੀ ਨਵੀਂ ਆ ਤੇ ਅੰਦਰ ਸਮਾਨ ਸਾਰਾ ਮੇਰੀ ਬੇਬੇ ਦੇ ਰਾਜ ਦਾ ਤੇ ਬੇਬੇ ਦੀ ਮਰਜੀ ਦੇ ਹਿਸਾਬ ਨਾਲ ਰਖਿਆ ਹੋਇਆ ਆ।
ਇੱਕ ਗੱਲ ਸਿੱਖ ਲਈ ਘਰ ਨਵਾਂ ਹੋਵੇ ਜਾਂ ਪੁਰਾਣਾ ਸਵਰਗ ਤਾਂ ਓਥੇ ਹੀ ਹੁੰਦਾ ਜਿੱਥੇ ਬੇਬੇ ਬਾਪੂ ਦਾ ਰਾਜ ਚਲਦਾ ਹੋਏ।
ਧੰਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)