ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ..
ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ-ਵੱਟੀ ਜਿਹੀ ਰਿਹਾ ਕਰਦੀ..
ਉੱਪਰੋਂ ਉਪਰੋਂ ਤੇ ਕੁਝ ਵੀ ਮਹਿਸੂਸ ਨਾ ਹੋਣ ਦਿਆ ਕਰਦੀ ਪਰ ਅੰਦਰੋਂ-ਅੰਦਰ ਇੰਝ ਲੱਗਦਾ ਜਿੰਦਾ ਕੋਈ ਵੱਡੀ ਜੰਗ ਹਾਰ ਗਈ ਹੋਵੇ..!
ਅਕਸਰ ਨਿੱਕੇ ਹੁੰਦਿਆਂ ਤੋਂ ਹੀ ਉਸਦੇ ਮੂਹੋਂ ਬੱਸ ਏਹੀ ਗੱਲ ਸੁਣਦੀ ਆਈ ਸਾਂ ਕਿ “ਆਪਣੇ ਸ਼ਿੰਦੇ ਪੁੱਤ ਜੋਗਾ ਹੁਸਨ ਦੇ ਸਮੁੰਦਰ ਵਿਚੋਂ ਕੋਈ ਐਸਾ ਮੋਤੀ ਚੁਣ ਕੇ ਲਿਆਊਂ..ਕਿ ਲੋਕ ਅੱਡੀਆਂ ਚੁੱਕ-ਚੁੱਕ ਵੇਖਦੇ ਰਹਿ ਜਾਇਆ ਕਰਨਗੇ..”
ਫੇਰ ਵਿਆਹ ਤੋਂ ਕੁਝ ਦੇਰ ਮਗਰੋਂ ਹੀ ਨੁਕਸ ਨਿੱਕਲਣੇ ਸ਼ੁਰੂ ਹੋ ਗਏ..
ਅਕਸਰ ਹੀ ਸਹਿ-ਸੁਭਾ ਉਸਨੂੰ ਆਖ ਦਿਆ ਕਰਦੀ “ਇਹ ਤੇਰਾ ਪੇਕਾ ਨਹੀਂ..ਸਹੁਰਾ ਘਰ ਏ..ਇਥੋਂ ਦੇ ਕਾਇਦੇ ਕਨੂੰਨ ਅਤੇ ਰੀਤੀ ਰਿਵਾਜ ਹਰ ਵੇਲੇ ਜ਼ਿਹਨ ਵਿਚ ਰੱਖਣੇ ਤੇਰਾ ਪਹਿਲਾ ਫਰਜ ਏ”
ਮੈਨੂੰ ਇਹ ਗੱਲ ਬੁਰੀ ਲਗਦੀ..
ਪਰ ਸਿੱਧਾ ਕੁਝ ਨਾ ਆਖ ਸਕਦੀ..ਜੇ ਘੁਮਾਂ-ਫਿਰਾ ਕੇ ਆਖਦੀ ਤਾਂ ਅੱਗਿਓਂ ਅੱਥਰੂ ਕਿਰਨੇ ਸ਼ੁਰੂ ਹੋ ਜਾਂਦੇ..
ਇਮੋਸ਼ਨਲ ਬਲੈਕ-ਮੇਲਿੰਗ ਬੀਜੀ ਦਾ ਵੱਡਾ ਹਥਿਆਰ ਹੋਇਆ ਕਰਦਾ..!
ਮੈਂ ਪੌਲੀਟੀਕਲ ਸਾਇੰਸ ਦੀ ਵਿਦਿਆਰਥਣ ਹਰ ਵੇਲੇ ਕੋਈ ਵਿੱਚ-ਵਿਚਾਲੇ ਵਾਲਾ ਰਾਹ ਅਪਣਾਇਆ ਕਰਦੀ..ਤੇ ਫੇਰ ਦੋਹਾਂ ਦੀ ਸੁਲਾਹ ਕਰਵਾ ਦਿਆ ਕਰਦੀ!
ਫੇਰ ਇੱਕ ਦਿਨ ਬਾਹਰੋਂ ਘਰੇ ਆਈ ਤਾਂ ਮਾਹੌਲ ਕਾਫੀ ਗਰਮ ਹੋਇਆ ਲੱਗਾ..
ਇਸਤੋਂ ਪਹਿਲਾਂ ਕਿ ਟੈਨਸ਼ਨ ਦੀ ਅਸਲ ਵਜ੍ਹਾ ਪਤਾ ਲਗਦੀ ਮੇਰੀ ਦਾਦੀ ਹੁਰਾਂ ਨੇ ਮਾਤਾ ਜੀ ਨੂੰ ਕੋਲ ਬੁਲਾ ਲਿਆ..
ਆਖਣ ਲੱਗੀ “ਬੇਟਾ ਗੱਲ ਸੁਣ ਜਦੋਂ ਪੱਚੀ ਵਰ੍ਹੇ ਪਹਿਲਾਂ ਤੂੰ ਇਸ ਘਰੇ ਵਿਆਹੀ ਆਈ ਸੈਂ ਤਾਂ ਤੂੰ ਵੀ ਮੇਰੀ ਨਹੀਂ ਮੇਰੇ ਪੁੱਤ ਦੀ ਹੀ ਪਸੰਦ ਸੈਂ..ਪਰ ਮੈਂ ਤੇ ਤੈਨੂੰ ਧੀ ਬਣਾ ਕੇ ਸਦਾ ਲਈ ਆਪਣਾ ਲਿਆ..
ਸੋ ਮੈਂ ਚਾਹੁੰਦੀ ਹਾਂ ਕੇ ਤੂੰ ਵੀ ਸੁਖਰਾਜ ਦੀ ਨਾਲਦੀ ਨੂੰ ਉਂਝ...
ਹੀ ਆਪਣਾ ਲਵੇਂ ਜਿਦਾਂ ਇੱਕ ਦਿਨ ਮੈਂ ਤੈਨੂੰ ਆਪਣੇ ਸੀਨੇ ਨਾਲ ਲਾਇਆ ਸੀ..ਨਾਲੇ ਏਨੀ ਗੱਲ ਯਾਦ ਰੱਖੀਂ ਕੇ ਇਹ ਸਿਰਫ ਉਸਦਾ ਹੀ ਨਹੀਂ ਮੇਰਾ ਤੇ ਤੇਰਾ ਦੋਹਾ ਦਾ ਵੀ ਸਹੁਰਾ ਘਰ ਏ..ਇਹ ਵੱਖਰੀ ਗੱਲ ਏ ਕੋਈ ਪਹਿਲਾਂ ਆਇਆ ਤੇ ਕੋਈ ਬਾਅਦ ਵਿਚ..!
ਮੈਂ ਆਪਣੀ ਦਾਦੀ ਨੂੰ ਪਹਿਲੀ ਵਾਰ ਮਾਂ ਨਾਲ ਇੰਝ ਇਸ ਲਹਿਜੇ ਵਿਚ ਗੱਲ ਕਰਦਿਆਂ ਵੇਖਿਆ..!
ਭਾਵੇਂ ਅੱਜ ਦਾਦੀ ਨੂੰ ਗਿਆਂ ਕਿੰਨੇ ਵਰੇ ਹੋ ਗਏ ਪਰ ਘਰ ਵਿਚ ਕਦੀ ਵੀ ਕੋਈ ਉਚੀ-ਨੀਵੀਂ ਨਹੀਂ ਹੋਈ..
ਪਿਛਲੀ ਵਾਰ ਜਦੋਂ ਘਰੇ ਗਈ ਤਾਂ ਵੇਖਿਆ ਦੋਵੇਂ ਨੂੰਹ-ਸੱਸ ਨਿੱਘੇ ਥਾਂ ਬੈਠ “ਸਾਸ ਭੀ ਕਭੀ ਬਹੂ ਥੀ” ਵਾਲਾ ਸੀਰੀਅਲ ਵੇਖ ਰਹੀਆਂ ਸਨ।”
ਸੋ ਦੋਸਤੋ ਇਹ ਅਸਲ ਵਾਪਰੀ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਦੱਸਣਾ ਹੈ ਕੇ ਇਹ ਜਿੰਦਗੀ ਇਨਸਾਨ ਨੂੰ ਹਰ ਹਾਲ ਵਿਚ ਕੱਟਣੀ ਹੀ ਪੈਂਦੀ ਏ..ਹੱਸਦਿਆਂ ਵੀ ਤੇ ਰੋਂਦਿਆਂ ਵੀ..
ਫੇਰ ਕਿਓਂ ਨਾ “ਗਲ਼” ਪਿਆ ਇਹ ਢੋਲ ਨਿੱਕੀਆਂ-ਨਿੱਕੀਆਂ ਜਿੱਤਾਂ ਹਾਰਾਂ ਅਤੇ ਨਫ਼ੇ ਨੁਕਸਾਨ ਵਾਲੇ ਹਿਸਾਬ ਕਿਤਾਬ ਇੱਕ ਪਾਸੇ ਰੱਖ ਖੁਸ਼ੀ ਖੁਸ਼ੀ ਹੀ ਵਜਾਇਆ ਜਾਵੇ..
ਕਿਉਂਕਿ ਕਿਸੇ ਸਹੀ ਆਖਿਆ ਏ ਕਿ ਜਿੰਦਗੀ ਦੇ ਸਫ਼ਰ ਨੂੰ ਸਵਰਗ ਬਣਾਉਣਾ ਬੰਦੇ ਦੇ ਖੁਦ ਆਪਣੇ ਹੱਥ ਵੱਸ ਹੁੰਦਾ ਏ..
ਪਰ ਇਸ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਕੁਝ ਤਿਆਗ ਕਰਨੇ ਪੈਂਦੇ ਨੇ..ਕੁਝ ਗੱਲਾਂ ਨਜ਼ਰਅੰਦਾਜ ਕਰਨੀਆਂ ਪੈਂਦੀਆਂ ਨੇ ਤੇ ਕੁਝ ਮਿੱਤਰ ਪਿਆਰਿਆਂ ਨੂੰ ਹਉਮੈਂ ਵਾਲਾ ਕੋਠਾ ਢਾਹ ਕੇ ਬਿਨਾ ਸ਼ਰਤ ਮੁਆਫ ਵੀ ਕਰਨਾ ਪੈਂਦਾ ਏ।
ਹਰਪ੍ਰੀਤ ਸਿੰਘ ਜਵੰਦਾ
deep
nice ,sir es app te storykine
din baad a jadi e update krn to baad
jagdeep
Very nice