ਸੁਫਨਿਆਂ ਦੀ ਦੁਨੀਆਂ

4

ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ..
ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ..
ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ!
ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕੋਲ ਕਿੰਨੇ ਸਾਰੇ ਬੰਬੂ-ਕਾਟ ਲੈ ਲਏ..
ਮਗਰੋਂ ਜਦੋਂ ਕਾਰਾਂ ਮੋਟਰਾਂ ਆਮ ਹੋ ਗਈਆਂ ਤਾਂ ਦਿਮਾਗਾਂ ਵਿਚ ਵੱਧ ਕੀਮਤਾਂ ਵਾਲੀਆਂ ਦੀ ਦੌੜ ਜਿਹੀ ਲੱਗ ਗਈ..ਹਮੇਸ਼ਾਂ ਹੋਰਨਾਂ ਤੋਂ ਦੋ ਕਦਮ ਅੱਗੇ ਰਹਿਣ ਵਾਲੀ ਮਾਨਸਿਕਤਾ..!
ਬਾਕੀ ਟਾਂਗਿਆਂ ਬੱਸਾਂ ਵਿਚ ਆਇਆ ਕਰਦੇ ਤੇ ਇਹਨਾਂ ਦੇ ਵਰਦੀ ਵਾਲੇ ਡਰਾਈਵਰ ਕੋਲ ਦਸ ਲੱਖ ਵਾਲੀ ਹੁੰਦੀ..

ਆਮ ਲੋਕ ਸਾਰੀ ਦਿਹਾੜੀ ਰੋਜੀ ਰੋਟੀ ਦੇ ਚੱਕਰ ਵਿਚ ਕਮਲੇ ਹੋਏ ਫਿਰਦੇ ਰਹਿੰਦੇ ਤੇ ਇਹ ਸੋਨੇ ਦੀਆਂ ਪੰਡਾਂ ਨਾਲ ਲੱਦੇ ਹੋਏ ਹਮਾਤੜਾਂ ਦੇ ਚੇਹਰੇ ਪੜਨ ਵਿਚ ਮਗ਼ਨ ਹੁੰਦੇ..
ਕੋਈ ਇਹਨਾਂ ਦੇ ਅੰਬਾਰ ਵੇਖ ਕਿੰਨਾ ਪ੍ਰਭਾਵਿਤ ਹੋ ਰਿਹਾ..ਕਿਸਨੇ ਸਲਾਹੁਤਾਂ ਵਿਚ ਕਿੰਨੇ ਕਸੀਦੇ ਪੜੇ..ਕਿੰਨੇ ਕਿੰਨੀਆਂ ਵਧਾਈਆਂ ਦਿੱਤੀਆਂ..ਚੋਵੀ ਘੰਟੇ ਬੱਸ ਏਹੀ ਗਿਣਤੀਆਂ ਮਿਣਤੀਆਂ..
ਵਿਆਹਵਾਂ ਸ਼ਗਨ ਸਵਾਰਥਾਂ ਤੇ ਜੇ ਕਿਤੇ ਕੋਈ ਖਾਸ ਉਚੇਚ ਨਾ ਹੁੰਦੀ ਤਾਂ ਵੱਡਾ ਮਸਲਾ ਖੜਾ ਕਰ ਦਿਆ ਕਰਦੇ..
ਟਰੇਆਂ ਫੜ ਆਸ ਪਾਸ ਫਿਰਦੇ ਰਹਿੰਦੇ ਬਹਿਰੇ ਅਤੇ ਸਿਫਤਾਂ ਕਰਦੀ ਰਿਸ਼ਤੇਦਾਰੀ ਇਹਨਾਂ ਨੂੰ ਬੜਾ ਹੀ ਅਨੰਦ ਦਿਆ ਕਰਦੀ..
ਹਰ ਭੋਗ-ਇਕੱਠ ਤੇ ਧਾਰਮਿਕ ਸਮਾਗਮ ਵਿਚ ਬੱਸ ਹਰ ਪਾਸੇ ਮੁਰੱਬਿਆਂ ਵਾਲੇ ਮਾਸੀ ਮਾਸੜ ਦਾ ਹੀ ਜਿਕਰ ਹੋਣਾ ਜਰੂਰੀ ਹੋਇਆ ਕਰਦਾ ਸੀ!

ਬੱਲੇ-ਬੱਲੇ ਦੇ ਨਸ਼ੇ ਨਾਲ ਸੁਵੇਰ ਦਾ ਹਰ ਸੂਰਜ ਚੜਿਆ ਕਰਦਾ ਤੇ ਵਾਹ ਭਾਈ ਵਾਹ ਦੇ ਨਾਲ ਹੀ ਰਾਤ ਪੈ ਜਾਇਆ ਕਰਦੀ.!
ਰਿਸ਼ਤੇਦਾਰੀ ਵਿਚ ਬਹੁਤੇ ਪਰਵਾਰਿਕ ਮਸਲਿਆਂ ਵਿਚ ਇਸ ਮਾਸੀ ਮਾਸੜ ਦੀ ਹਾਮੀਂ ਜਿਸ ਧਿਰ ਵੱਲ ਉੱਲਰ ਜਾਇਆ ਕਰਦੀ ਸਮਝੋ ਉਸਨੂੰ ਕੋਰਟ ਕਚਹਿਰੀ ਵਿਚ ਮੁਕੱਦਮਾਂ ਜਿੱਤਣ ਤੋਂ ਵੀ ਵੱਧ ਦਾ ਚਾਅ ਚੜ ਜਾਇਆ ਕਰਦਾ!

ਕਈ ਜਾਗਦੀ ਜਮੀਰ ਵਾਲੇ ਮੂੰਹ ਤੇ ਗੱਲ ਕਰਨ ਦੀ ਜੁੱਰਤ ਵੀ ਰਖਿਆ ਕਰਦੇ..
ਪਰ ਪਰਿਵਾਰਿਕ ਪਾਲੀਟਿਕਸ ਦਾ ਮਾਹਿਰ ਮਾਸੜ ਹਮੇਸ਼ਾਂ ਇਸ ਤਰਾਂ ਦੇ ਵਿਰੋਧੀਆਂ ਨੂੰ ਪਹਿਲਾਂ ਦੂਜਿਆਂ ਨਾਲੋਂ ਤੋੜ-ਵਿਛੋੜ ਕੇ ਕੱਲਾ ਕਾਰਾ ਪਾ ਦਿਆ ਕਰਦਾ..
ਫੇਰ ਉਸ ਤੋਂ ਗਿਣ ਗਿਣ ਕੇ ਬਦਲੇ ਲਏ ਜਾਂਦੇ..ਹਰ ਪਾਸੇ ਅਤੇ ਹਰ ਕੰਮ ਵਿਚ ਬਸ ਚੰਮ ਦੀਆਂ ਹੀ ਚੱਲਿਆ ਕਰਦੀਆਂ!

ਫੇਰ ਅਖੀਰ ਇੱਕ ਦਿਨ ਓਹੀ ਗੱਲ ਹੋ ਗਈ..
ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ..ਬੱਲੇ-ਬੱਲੇ ਵਾਲੀ ਦੁਪਹਿਰ ਹੌਲੀ-ਹੌਲੀ ਢਲਣ ਤੇ ਆ ਗਈ..ਫਿਕਰਾਂ ਵਾਲੇ ਪਰਛਾਵੇਂ ਲੰਮੇ ਹੋਣੇ ਸ਼ੁਰੂ ਹੋ ਗਏ ਤੇ ਮੁਰੱਬਿਆਂ ਵਾਲਾ ਮਾਸੜ ਆਪਣੇ ਧੌਲੇ ਵੇਖ ਉਦਾਸ ਰਹਿਣ ਲੱਗ ਪਿਆ..
ਫੇਰ ਡਿਪ੍ਰੈਸ਼ਨ ਦੀ ਮਾਰ ਹੇਠ ਆਇਆ ਵਕਤ ਨੂੰ ਧੱਕੇ ਜਿਹੇ ਦੇਣ ਲਈ ਮਜਬੂਰ ਹੋ ਗਿਆ..ਨਾਲਦੀ ਕੈਂਸਰ ਨਾਲ ਦਿਨਾਂ ਵਿਚ ਹੀ ਅਹੁ ਗਈ ਅਹੁ ਗਈ ਹੋ ਗਈ..ਉਚੇ ਢੇਰ ਅਤੇ ਅਮਰੀਕਾ ਦੇ ਵਧੀਆ ਹਸਪਤਾਲ..ਸਾਰਾ ਕੁਝ ਬੱਸ ਧਰਿਆ ਧਰਾਇਆ ਹੀ ਰਹਿ ਗਿਆ..ਅਖੀਰ ਨੂੰ ਨੂਹਾਂ ਵੀ ਗੱਲ ਸੁਣਨੋਂ ਹਟ...

ਜਿਹੀਆਂ ਗਈਆਂ..ਇੱਕ ਦੀਆਂ ਅੱਗੋਂ ਚਾਰ ਸੁਣਾਇਆ ਕਰਦੀਆਂ..ਪਰ ਸੜ ਗਈ ਰੱਸੀ ਦੇ ਪੂਰਾਣੇ ਵੱਟ ਅਜੇ ਵੀ ਓਦਾਂ ਦੇ ਓਦਾਂ ਹੀ ਸਨ..!

ਅਖੀਰ ਨੂੰ ਮੁੰਡਿਆਂ ਦਾ ਆਪਸ ਵਿਚ ਬੋਲਚਾਲ ਬੰਦ ਹੋ ਗਈ..
ਮਾਸੜ ਨਾਲ ਓਹਨਾ ਦੀ ਅਕਸਰ ਹੀ ਇਸ ਗੱਲੋਂ ਕਾਟੋ-ਕਲੇਸ਼ ਰਹਿੰਦੀ ਕੇ ਜਾਇਦਾਤ ਦੀ ਵੰਡ ਕਿਓਂ ਨਹੀਂ ਕਰਦਾ..
ਆਖ ਦਿਆ ਕਰਦੇ ਜੇ ਸਾਡੇ ਕੋਲ ਬਾਹਰ ਆਉਣਾ ਏ ਤਾਂ ਮੁੱਰਬੇ ਵੇਚ ਕੇ ਵੰਡ ਵਡਾਈ ਕਰ ਕੇ ਫੇਰ ਹੀ ਆਉਣਾ ਪੈਣਾ..
ਲੇਖਾਂ ਮਾਵਾਂ ਧੀਆਂ ਦਾ..ਅਗਲਾ ਔਲਾਦ ਦਾ ਬਦਲਿਆ ਹੋਇਆ ਰੂਪ ਵੇਖ ਅੰਦਰੋਂ ਅੰਦਰੀ ਇਸ ਗਲੋਂ ਵੀ ਡਰਿਆ ਕਰਦਾ ਬੀ ਵੰਡ ਵੰਡਾਈ ਦੇ ਚੱਕਰ ਵਿਚ ਮਾੜੀ ਮੋਟੀ ਹੁੰਦੀ ਪੁੱਛਗਿੱਛ ਤੋਂ ਵੀ ਨਾ ਜਾਂਦਾ ਰਹਾਂ!

ਅਖੀਰ ਕਿੰਨੀਆਂ ਸਾਰੀਆਂ ਬਿਮਾਰੀਆਂ ਦੇ ਮੱਕੜ ਜਾਲ ਵਿਚ ਫਸਿਆ ਹੋਇਆ ਡੰਗੋਰੀ ਫੜ ਕੇ ਤੁਰਨ ਲਈ ਮਜਬੂਰ ਹੋ ਗਿਆ..
ਮੁਰੱਬਿਆਂ ਦਾ ਗੇੜਾ ਮਾਰਨ ਗਿਆ ਜਦੋਂ ਥੱਕ-ਹਾਰ ਕੇ ਕਿਸੇ ਰੁੱਖ ਹੇਠ ਬੈਠ ਜਾਂਦਾ ਏ ਤਾਂ ਓਹੀ ਮੁਰੱਬੇ ਹੱਸਦੇ ਹੋਏ ਏਨੀ ਗੱਲ ਆਖਦੇ ਹੋਏ ਮਹਿਸੂਸ ਹੁੰਦੇ ਕੇ ਬਾਬਾ ਜੀ ਸਾਨੂੰ ਸਦੀਵੀਂ ਕਬਜੇ ਹੇਠਾਂ ਕਰਨ ਨੂੰ ਫਿਰਦੇ ਸੋ..ਪਰ ਕਈ ਤੁਹਾਥੋਂ ਕਿੰਨੇ ਵੱਡੇ ਸਿਕੰਦਰ ਇਥੋਂ ਖਾਲੀ ਹੱਥ ਚਲੇ ਗਏ..ਤੁਸੀਂ ਕਿਹੜੇ ਬਾਗ ਦੀ ਮੂਲੀ ਹੋ..ਫੇਰ ਅੱਗੋਂ ਕੋਈ ਜੁਆਬ ਨਾ ਅਹੁੜਦਾ..ਏਨੀ ਦਿਲ ਵਿਚ ਜਰੂਰ ਆਉਂਦੀ ਕੇ ਜਿਸਨੂੰ ਸਾਰਾ ਕੁਝ ਸਮਝ ਲਿਆ ਸੀ ਉਹ ਤੇ ਨਿੱਰੀ ਪੂਰੀ ਮਿੱਟੀ ਦਾ ਢੇਰ ਹੀ ਨਿੱਕਲੀ..!

ਕਈ ਮੌਕਿਆਂ ਤੇ ਕਿਸੇ ਵੇਲੇ ਵੰਡ ਵੰਡਾਈ ਦੇ ਡਰੋਂ ਘਰੇ ਜੰਮਦੀਆਂ ਹੀ ਫੀਮ ਚਟਾ ਕੇ ਮੁਕਾ ਦਿੱਤੀਆਂ ਬੜੀਆਂ ਚੇਤੇ ਆਇਆ ਕਰਦੀਆਂ..ਅੱਖਾਂ ਵਿਚ ਗਲੇਡੂ ਭਰ ਅਕਸਰ ਹੀ ਸੋਚਦਾ ਹੁੰਦਾ ਕੇ ਜੇ ਇੱਕ ਵੀ ਬਚਾਅ ਕੇ ਰੱਖ ਲਈ ਹੁੰਦੀ ਤਾਂ ਸ਼ਾਇਦ ਅੱਜ ਓਦੇ ਨਾਲ ਹੀ ਦਿਲ ਹੌਲਾ ਕਰ ਲਿਆ ਕਰਦਾ..ਪਰ ਜਵਾਨੀ ਅਤੇ ਦੌਲਤ ਦੀ ਸਿਖਰ ਦੁਪਹਿਰ ਵੇਲੇ ਏਨੀ ਗੱਲ ਦੀ ਹੋਸ਼ ਹੀ ਕਿਸਨੂੰ ਰਹਿੰਦੀ ਏ ਕੇ ਆਥਣ ਵੇਲੇ ਦੇ ਢਲਦੇ ਹੋਏ ਪਰਛਾਵੇਂ ਅਕਸਰ ਹੀ ਆਪਣੇ ਵਜੂਦ ਤੋਂ ਵੀ ਲੰਮੇ ਹੋ ਜਾਇਆ ਕਰਦੇ ਨੇ..!

ਦੋਸਤੋ ਨਾਨੀ ਨਿੱਕੇ ਹੁੰਦਿਆਂ ਸਾਨੂੰ ਅਕਸਰ ਹੀ ਵਰਜਦੀ ਹੁੰਦੀ ਸੀ ਕੇ ਪੁੱਤ ਭੋਏਂ ਤੇ ਹੀ ਖੇਡਿਆ ਕਰੋ..ਬਿਨ ਬਨੇਰੇ ਵਾਲੇ ਚੁਬਾਰਿਆਂ ਤੇ ਨਾ ਜਾ ਚੜ ਜਾਇਆ ਕਰੋ..ਜੇ ਖੇਡਦਿਆਂ-ਮੱਲਦਿਆਂ ਕਿਸੇ ਦਿਨ ਹੇਠਾਂ ਆਣ ਪਏ ਤਾਂ ਧਰਮ ਨਾਲ ਸੱਟ-ਪੇਟ ਬੜੀ ਭੈੜੀ ਲੱਗੂ..
ਹੁਣ ਅਮਝ ਆਈ ਕੇ ਬਿਲਕੁਲ ਸਹੀ ਆਖਿਆ ਕਰਦੀ ਸੀ..ਉਚਾਈ ਤੋਂ ਡਿੱਗਿਆਂ ਵਾਕਿਆ ਹੀ ਸੱਟ ਬੜੀ ਭੈੜੀ ਲੱਗਦੀ ਏ..ਕਈ ਵਾਰ ਤੇ ਪਾਣੀ ਮੰਗਣ ਦੀ ਮੋਹਲਤ ਤੱਕ ਵੀ ਨਹੀਂ ਮਿਲਦੀ..

ਬੇਸ਼ੱਕ ਜਹਾਨੋ ਗਈ ਨੂੰ ਤਕਰੀਬਨ ਪੂਰੇ ਬੱਤੀ ਵਰੇ ਹੋਣ ਨੂੰ ਹਨ ਪਰ ਅੱਜ ਵੀ ਜਦੋਂ ਕਦੀ ਸੁਫਨਿਆਂ ਦੀ ਦੁਨੀਆਂ ਵਿਚ ਦਰਸ਼ਨ ਮੇਲੇ ਹੋ ਜਾਂਦੇ ਨੇ ਤਾਂ ਪਤਾ ਨੀ ਕਿਓਂ ਨਾਲ ਹੀ ਉਤਲੀ ਹਵਾਏ ਪਈ ਇੱਕ ਇੱਲ ਦਿਨ ਢਲੇ ਵਾਪਿਸ ਜਮੀਨ ਵੱਲ ਨੂੰ ਮੁੜਦੀ ਹੋਈ ਨਜ਼ਰੀਂ ਕਿਓਂ ਪੈ ਜਾਂਦੀ ਏ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

One Response

  1. Anuj Bains

    👏👏♥♥

Like us!