ਸਹਿਜ ਦੇ ਕੰਨਾਂ ਵਿਚ “ਮੈਂਨੂੰ ਸਾਹ ਨਈ ਆ ਰਿਹਾ, ਮੈਂ ਨਿਰਦੋਸ਼ ਹਾਂ, ਮੈਂਨੂੰ ਛੱਡ ਦਿਓ।” ਦੇ ਬੋਲ ਵਾਰ ਵਾਰ ਘੁੰਮ ਰਹੇ ਸਨ ਤੇ ਉਸਨੂੰ ਲੱਗ ਰਿਹਾ ਸੀ ਕਿ ਇਹ ਆਵਾਜ਼ ਪੁਲਿਸ ਦੀ ਹਿਰਾਸਤ ਵਿਚ ਜ਼ਿੰਦਗੀ ਦੀ ਭੀਖ ਮੰਗ ਰਹੇ ਜਾਰਜ ਨਾਮ ਦੇ ਵਿਅਕਤੀ ਦੇ ਮੂੰਹ ਵਿਚੋਂ ਨਹੀਂ, ਸਗੋਂ ਉਸਦੇ ਹੀ ਸਰੀਰ ਦੇ ਕਿਸੇ ਹਿੱਸੇ ਵਿੱਚੋਂ ਆ ਰਹੀ ਸੀ। ਫਿਰ ਉਸਦਾ ਧਿਆਨ ਦੋ ਸਾਲ ਪਹਿਲਾਂ ਦੀ ਘਟਨਾ ਤੇ ਚਲਾ ਗਿਆ ਜਦੋਂ ਉਹ ਗਰਭਵਤੀ ਸੀ ਤੇ ਉਸਦਾ ਹਾਲ ਉਸ ਗਰਭਵਤੀ ਹਥਨੀ ਵਾਂਗ ਹੋਇਆ ਸੀ ਜਿਸਨੂੰ ਵਿਸਫੋਟਕ ਖੁਆ ਕੇ ਮਾਰਿਆ ਗਿਆ ਸੀ। ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦਾ ਗਰਭਪਾਤ ਕਰਨ ਲਈ ਉਸਨੂੰ ਉਸਦੀ ਜਾਣਕਾਰੀ ਦੇ ਬਿਨਾਂ ਕੁਝ ਖੁਆ ਦਿੱਤਾ ਸੀ ਤੇ ਉਸਦੀ ਬੱਚੀ ਖੂਨ ਦੀਆਂ ਬੋਟੀਆਂ ਦੇ ਰੂਪ ਵਿਚ ਉਸਦੇ ਪੇਟ ਵਿੱਚੋਂ ਬਾਹਰ ਆ ਗਈ ਸੀ। ਉਸ ਸਮੇਂ ਸਹਿਜ ਨੇ...
ਮਹਿਸੂਸ ਕੀਤਾ ਸੀ ਕਿ ਜਿਵੇਂ ਉਸਦੀ ਖਤਮ ਹੋ ਰਹੀ ਬੱਚੀ ਉਸਨੂੰ ਕਹਿ ਰਹੀ ਹੋਵੇ ”ਮਾਂ ਵੇਖਣ ਨੂੰ ਤਾਂ ਮਠਿਆਈ ਲੱਗ ਰਹੀ ਸੀ, ਪਰ ਇਹ ਕੇਹੋ ਜਹੀ ਮਠਿਆਈ ਜਿਸਨੇ ਮੇਰੀ ਜਾਨ ਹੀ ਲੈ ਲਈ ? ਤੇ ਆਪਣੀ ਬੱਚੀ ਨੂੰ ਮਰਦੀ ਵੇਖ ਸਹਿਜ ਨੇ ਕਿਹਾ ਸੀ ਕਿ “ਮੇਰੀ ਬੱਚੀ ਵੇਖਣ ਨੂੰ ਤਾਂ ਖਵਾਉਣ ਵਾਲੇ ਵੀ ਤੇਰੇ ਪਾਪਾ ਤੇ ਦਾਦੀ ਹੀ ਲਗਦੇ ਸਨ। ਫਿਰ ਅਚਨਚੇਤ ਹੀ ਉਸਦਾ ਹੱਥ ਆਪਣੇ ਵਧੇ ਹੋਏ ਪੇਟ ਤੇ ਚਲਾ ਗਿਆ ਤੇ ਇਕ ਠੰਡਾ ਹੌਕਾ ਉਸਦੇ ਮੂੰਹ ਵਿਚੋਂ ਨਿਕਲਿਆ ਤੇ ਹੰਝੂਆਂ ਦੀ ਨਦੀ ਫਿਰ ਕਿਸੇ ਅਣਜਾਣੇ ਡਰ ਕਾਰਨ ਵਹਿ ਤੁਰੀ।
ਮਨਦੀਪ ਸਿੰਘ ਰਾਜਨ