ਨੋਟ: ਪਿਛਲੇ ਪੰਜਾਹ ਸਾਲਾਂ ਵਿਚ ਬੜੀਆਂ ਥਾਵਾਂ ਤੇ ਕਿਸੇ ਦਰਖਤ ਹੇਠ, ਪੁਲਾਂ, ਸੜਕਾਂ ਕੰਢੇ ਅਚਾਨਕ ਇਕ ਨਿੱਕੇ ਜਿਹੇ ਦੀਵੇ ਤੋਂ ਸ਼ੁਰੂ ਹੋ ਕੇ ਤਿੰਨ ਮੰਜ਼ਿਲੇ ਪੱਕੇ ਮੰਦਰ ਮਜ਼ਾਰ ਬਣੇ ਮੈਂ ਆਪਣੀ ਅੱਖੀਂ ਵੇਖੇ ਹਨ । ਖਾਸ ਕਰਕੇ ਬਾਨਵੇਂ ਵਿਚ ਮੈਂ ਨੌਂ ਸਾਲਾਂ ਬਾਅਦ ਪੰਜਾਬ ਪਰਤੀ ਤਾਂ ਦਿਲੀ ਤੋਂ ਪੰਜਾਬ ਵੜਦੇ ਸਾਰ ਜੋਂ ਬਦਲਾਅ ਵੇਖਿਆ ਉਹ ਸੀ, ਇਕ ਬਾਬਿਆਂ ਅਤੇ ਗਾਉਣ ਵਾਲਿਆਂ ਦੇ ਵੱਡੇ ਵੱਡੇ ਬਿਲ ਬੋਰਡ। ਦੂਜੇ ਥਾਂ ਥਾਂ ਬਣੇ ਪੱਕੇ ਮਜ਼ਾਰ ਜੋ ਪਹਿਲਾਂ ਨਹੀਂ ਸੀ। ਇਹ ਸੁਭਾਵਕ ਸਮਾਜਕ ਬਦਲਾਅ ਸੀ ਜਾਂ ਇਸ ਨੂੰ ਕਿਸੇ ਧਿਰ ਦੀ ਸ਼ਹਿ ਪ੍ਰਾਪਤ ਸੀ ਇਹ ਰੱਬ ਜਾਣਦਾ । ਪਰ ਇਨਸਾਨ ਦੇ ਅੰਦਰਲਾ ਅਣਦਿਸਦੇ ਦਾ ਡਰ ਵਹਿਮ ਦੀ ਜੜ ਹੈ ਜਿਸ ਤੋਂ ਬਹੁਤ ਲੋਕ ਫਾਇਦਾ ਹਮੇਸ਼ਾ ਤੋਂ ਉਠਾਉਂਦੇ ਰਹੇ ਹਨ।
ਹੇਠ ਲਿਖੀ ਸਿਰਫ ਕਹਾਣੀ ਨਹੀਂ ਸਗੋਂ ਇਕ ਕਰੀਬੀ ਦੀ ਹੱਡਬੀਤੀ ਹੈ। ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮਕਸਦ ਨਹੀਂ ਹੈ। )
ਉਹਨੀਂ ਦਿਨੀਂ ਮੇਰੀ ਡਿਊਟੀ ਹੋਸ਼ਿਆਰਪੁਰ ਜੇਲ ਵਿਚ ਸੀ। ਮੈਂ ਆਪਣਾ ਰੋਟੀ ਟੁਕ ਆਪ ਹੀ ਬਣਾਉਂਦਾ ਸੀ ਅਤੇ ਦੂਜੇ ਸਿਪਾਹੀਆਂ ਨਾਲ ਮੇਲ ਜੋਲ ਘਟ ਸੀ। ਬਸ ਰੀਜਰਵ ਕੋਟੇ ਦੇ ਗਾਮਾ ਅਤੇ ਪਾਲਾ ਮੇਰੇ ਜੂਨੀਅਰ ਅਤੇ ਉਮਰ ਵਿਚ ਤਿੰਨ ਚਾਰ ਸਾਲ ਛੋਟੇ ਖਾਣ ਪੀਣ ਵਿਚ ਮੇਰੇ ਆੜੀ ਸੀ। ਦੂਜੀ ਜੇਲ ਵਿਚ ਰਹਿੰਦੀ ਇਕ ਚੰਗੀ ਨਸਲ ਦੀ ਕੁੱਤੀ ਜੀਹਦਾ ਨਾਮ ਸ਼ੈਰੀ ਸੀ ਸਾਡੀ ਦੁਲਾਰੀ ਸੀ। ਮੈਂਨੂੰ ਇਨਸਾਨ ਨਾਲੋਂ ਜਾਨਵਰਾ ਦਾ ਸਾਥ ਦਿਲ ਨੂੰ ਵੱਧ ਸਕੂਨ ਦਿੰਦਾ । ਬਚਪਨ ਤੋਂ ਹੀ ਮੈਨੂੰ ਕੱਟੇ ਵੱਛੇ ਕਤੂਰਿਆਂ ਨਾਲ ਖੋਡਣਾ ਚੰਗਾ ਲਗਦਾ ਸੀ। ਅੜਬ ਤੋਂ ਅੜਬ ਜਾਨਵਰ ਨੂੰ ਸਹਿਜੇ ਹੀ ਸ਼ਾਂਤ ਕਰ ਲੈਂਦਾਂ। ਸ਼ੈਰੀ ਵੀ ਮੇਰੇ ਅਗੇ ਪਿਛੇ ਇਉਂ ਘੁੰਮਦੀ ਜਿਵੇਂ ਮੇਰੀ ਪਾਲੀ ਹੋਈ ਹੋਵੇ। ਸ਼ਾਮ ਨੂੰ ਉਹਨੂੰ ਵੀ ਖਾਣ ਨੂੰ ਦੇਣਾ। ਬਾਕੀ ਸਾਡੇ ਭਾਂਡਿਆਂ ਵਿਚਲੀ ਰਹਿੰਦ ਖੂਹੰਦ ਵੀ ਸ਼ੈਰੀ ਸਾਫ ਕਰਕੇ ਚਮਕਾ ਦਿੰਦੀ । ਸਵੇਰੇ ਗਾਮੇ ਜਾਂ ਪਾਲੇ ਨੇ ਟੱਬ ਵਿੱਚ ਸਾਬਣ ਵਾਲੇ ਗਰਮ ਪਾਣੀ ਵਿਚ ਭਾਂਡੇ ਸੁਟ ਕੇ ਧੋ ਲੈਣੇ।
ਇਕ ਦਿਨ ਸਵੇਰੇ ਉਠੇ ਤਾਂ ਵੇਖਿਆ ਸਾਡੇ ਭਾਂਡਿਆਂ ਵਿਚ ਜੂਠ ਉਵੇਂ ਹੀ ਪਈ ਹੈ। ਜਦ ਨੂੰ ਗਾਮਾ ਆ ਗਿਆ ਤੇ ਕਹਿੰਦਾ ਫੌਜੀ ਸਾਹਿਬ ਸ਼ੈਰੀ ਚੜ੍ਹਾਈ ਕਰ ਗਈ। ਉਹ ਬਰੂਨੀ ਦਰਵਾਜ਼ੇ ਕੋਲ ਪਈ ਹੈ। ਪੁਲਿਸ ਮਹਿਕਮੇ ਵਿਚ ਆਉਣ ਤੋਂ ਪਹਿਲਾਂ ਮੈਂ ਤਿੰਨ ਸਾਲ ਫੌਜ ਵਿੱਚ ਲਾਏ ਸੀ ਇਸ ਕਰਕੇ ਕਈ ਮੈਨੂੰ ਫੌਜੀ ਵੀ ਕਹਿੰਦੇ ਸੀ।
ਅਸੀਂ ਤਿੰਨੋ ਉਧਰ ਨੂੰ ਤੁਰ ਪਏ। ਜਾਕੇ ਵੇਖਿਆ ਵਿਚਾਰੀ ਨਿਰਜਿੰਦ ਪਈ ਸੀ। ਮੈਂ ਕਿਹਾ ਇਹ ਸਾਡੇ ਪਰਿਵਾਰ ਦਾ ਮੈਂਬਰ ਸੀ ਇਹਨੂੰ ਇੰਝ ਛੱਡ ਨਹੀਂ ਸਕਦੇ ਆਪਾਂ ਇਹਦਾ ਕਿਰਿਆ ਕਰਮ ਕਰਦੇ ਹਾਂ। ਅਸੀਂ ਦਰਵਾਜ਼ੇ ਦੇ ਇਕ ਪਾਸੇ ਹਟਵਾਂ ਜਿਹਾ ਖੂੰਜਾ ਲਭਿਆ । ਗਾਮੇ ਨੇ ਮਿੰਟੋ ਮਿੰਟੀ ਇਕ ਡੂੰਘਾ ਟੋਇਆ ਪੁਟ ਦਿੱਤਾ। ਚਲੋ ਜੀ ਅਸੀਂ ਤਿੰਨਾਂ ਨੇ ਉਸਨੂੰ ਇਕ ਚਾਦਰ ਵਿਚ ਵਲ੍ਹੇਟ ਕੇ ਦਬ ਦਿੱਤਾ। ਜਦ ਮੁੜ ਕੇ ਟੋਇਆ ਪੂਰਿਆ ਤਾਂ ਉਥੇ ਮਿੱਟੀ ਦਾ ਛੋਟਾ ਜਿਹਾ ਟਿੱਲਾ ਜਿਹਾ ਬਣ ਗਿਆ। ਪਾਲੇ ਦੇ ਖਰੂਦੀ ਦਿਮਾਗ ਵਿਚ ਕੀ ਆਇਆ ਕਿ ਉਹ ਨੇ ਇਕ ਗੱਤਾ ਜਿਹਾ ਲੱਭ ਕੇ ਡੰਡੇ ਵਿਚ ਫਸਾ ਇਕ ਬੋਰਡ ਲਾ ਦਿਤਾ ਸ਼ੈਰੀ ਬਾਨੋ ਦੀ ਮਜ਼ਾਰ। ਜੇਲ ਦਾ ਸੁਪਰੀਟੈਂਡੇਂਟ ਉਸੇ ਦਿਨ ਤੋਂ ਮਹੀਨੇ ਦੀ ਛੁੱਟੀ ਤੋਂ ਗਿਆ ਸੀ। ਹੋਰ ਕਿਸੇ ਨੂੰ ਨਾ ਅਸੀਂ ਕੁਝ ਨਹੀਂ ਸੀ ਸਮਝਦ ਨਾ ਕੋਈ ਸਾਡੇ ਨਾਲ ਖਹਿਬੜਦਾ ਸੀ। ਕਿਸੇ ਨੇ ਸਾਨੂੰ ਕੀ ਕਹਿਣਾ ਸੀ । ਗਾਮਾ ਕਿਧਰੋਂ ਹਰੀ ਚਾਦਰ ਲੈ ਆਇਆ ਤੇ ਟਿੱਲੇ ਜਿਹੇ ਨੂੰ ਢਕ ਕੇ ਸੱਚੀਂ ਮਜ਼ਾਰ ਵਰਗਾ ਬਣਾ ਦਿੱਤਾ। ਅਸੀਂ ਧੂਫ ਜਗਾਈ । ਅਸੀਂ ਅਰਦਾਸ ਕੀਤੀ ਕਿ ਰੱਬਾ ਤੇਰਾ ਹੀ ਜੀਅ ਹੈ ਇਹਦਾ ਵੀ ਪਾਰ ਉਤਾਰਾ ਕਰ। ਇਕ ਡੇਢ ਰੁਪਏ ਦੀ ਭਾਨ ਚੜਾ ਦਿੱਤੀ। ਸਭ ਹਾਸੇ ਹਾਸੇ ਵਿਚ ਹੋ ਰਿਹਾ ਸੀ।
ਉਦੋਂ ਮੇਰੀ ਡਿਊਟੀ ਦਿਨ ਦੀ ਸੀ ਅਤੇ ਹੈ ਵੀ ਉਸੇ ਪਾਸੇ ਜਿਧਰ ਅਸੀਂ ਸ਼ੈਰੀ ਦੱਬੀ ਸੀ । ਸੋ ਨੌਂ ਵਜਦੇ ਨੂੰ ਆਪਾਂ ਡਟ ਗਏ ਉਥੇ। ਦਰਵਾਜ਼ੇ ਦੇ...
ਨਾਲ ਨਾਲ ਮਜ਼ਾਰ ਵੱਲ ਵੀ ਨਿਗਾਹ। ਉਧਰਲੇ ਪਾਸੇ ਚੰਗੀ ਆਵਾਜਾਈ ਰਹਿੰਦੀ ਸੀ । ਉਸੇ ਰਸਤੇ ਮੁਲਾਕਾਤੀਆਂ ਵਾਲਾ ਕਮਰਾ ਥੋੜਾ ਅੱਗੇ ਜਾ ਕੇ ਸੀ । ਹਰ ਦਿਨ ਕੈਦੀਆਂ ਦੇ ਦੋਸਤ ਰਿਸ਼ਤੇਦਾਰ ਮੁਲਾਕਾਤਾਂ ਲਈ ਅਤੇ ਸਿਪਾਹੀ ਕੈਦੀਆਂ ਨੂੰ ਜ਼ਮਾਨਤ ਲਈ ਕਚਿਹਰੀ ਵਿੱਚ ਲਿਜਾਣ ਲਈ ਉਧਰ ਦੀ ਹੀ ਲੰਘਦੇ। ਵੀਹ ਕੁ ਗਜ ਤੇ ਨਲਕਾ ਲੱਗਾ ਸੀ, ਇਕ ਵੱਡੀ ਡੇਕ ਦੇ ਦਰਖ਼ਤ ਹੇਠ ਜਿਥੇ ਲੋਕ ਦੇ ਘੜੀ ਖੜ ਜਾਂਦੇ ਸੀ ਛਾਂ ਹੇਠ।
ਦਸ ਕੁ ਵੱਜਦੇ ਮੈਂ ਵੇਖਿਆ ਪਾਣੀ ਪੀਣ ਲਈ ਉਧਰ ਨੂੰ ਜਾਂਦੇ ਮੁਲਾਕਾਤ ਕਰਨ ਆਏ ਦੋ ਬੰਦੇ ਹੈਰਾਨੀ ਵਿਚ ਮਜ਼ਾਰ ਨੂੰ ਵੇਖ ਕੇ ਖੜ ਗਏ। ਇਹ ਪਹਿਲੀ ਵਾਰ ਜੇਲ ਆਏ ਸੀ ਇਕ ਦਾ ਭਤੀਜਾ ਰੀਮਾਂਡ ਤੇ ਦੋ ਦਿਨ ਤੋਂ ਅੰਦਰ ਸੀ ਅਤੇ ਇਹ ਜ਼ਮਾਨਤ ਲਈ ਜੁਗਤਾਂ ਲਾ ਰਹੇ ਸੀ। ਬਾਹਰ ਜਾਂਦੇ ਜਾਦੇ ਮੈਨੂੰ ਪੁੱਛ ਲਿਆ ਕਿ ਸ਼ੈਰੀ ਬਾਨੋ ਕੌਣ ਹੈ । ਆਪਾਂ ਵੀ ਜੋਸ਼ ਵਿਚ ਆ ਕੇ ਸ਼ੈਰੀ ਨੂੰ ਇਕ ਅੰਗਰੇਜ਼ ਜੇਲ ਅਫ਼ਸਰ ਦੀ ਧੀ ਬਣਾ ਦਿੱਤਾ ਜੋ ਕਿਸੇ ਸੂਫ਼ੀ ਫ਼ਕੀਰ ਤੋਂ ਪ੍ਰਭਾਵਿਤ ਹੋ ਕੇ ਰੱਬ ਦੇ ਰੰਗ ਵਿਚ ਰੰਗੀ ਗਈ, ਬੜੀ ਕਰਾਮਾਤੀ ਸੀ। ਡੁੱਬਦਾ ਬੰਦਾ ਡੱਕੇ ਨੂੰ ਵੀ ਸਹਾਰਾ ਸਮਝਦਾ । ਪੁਛਦੇ ਇਹਦੀ ਕੀ ਮਾਨਤਾ ਐ ਕੀ ਇਥੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਵਗੈਰਾ ਵਗੈਰਾ। ਮੈਂ ਕਿਹਾ ਤੁਸੀਂ ਮੰਗੋ ਤਾਂ ਸਹੀ ਉਸਦੇ ਘਰ ਸਭ ਕੁਝ ਹੈ। ਲੋਕ ਤਿੰਨ ਸੌ ਸੱਤ ਚੋਂ ਬਰੀ ਹੋਏ ਨੇ। ਉਹ ਬੰਦੇ ਪਿੱਛੇ ਮੁੜੇ ਤੇ ਮਜਾਰ ਤੇ ਜਾਕੇ ਰੁਪਈਆ ਚੜਾਇਆ ਨਾਲੇ ਮੱਥਾ ਟੇਕਿਆ। ਜਦ ਮੇਰੇ ਕੋਲ ਦੁਬਾਰਾ ਲੰਘੇ ਤੇ ਮੈਂ ਕਿਹਾ ਫ਼ਿਕਰ ਨਾ ਕਰੋ ਸਭ ਠੀਕ ਹੀ ਹੋਊਗਾ।
ਗੱਲ ਕੀ ਸ਼ਾਮ ਤਕ ਉਥੇ ਚਾਰ ਪੰਜ ਰੁਪਏ ਦੀ ਭਾਨ ਇਕੱਠੀ ਹੋ ਗਈ। ਪਾਲੇ ਹੁਰਾਂ ਦਾ ਪੀਣ ਦਾ ਜੁਗਾੜ ਬਣ ਗਿਆ। ਮੈਂ ਹਮੇਸ਼ਾ ਆਪਣੇ ਪੈਸੇ ਦੀ ਪੀਂਦਾਂ। ਰਾਤ ਨੂੰ ਜਦ ਅਸੀਂ ਖਾ ਪੀ ਕੇ ਥੋੜੇ ਰੰਗੀਨ ਹੋਏ ਤਾਂ ਪਾਲਾ ਕਹਿੰਦਾ ਫੌਜੀ ਸਾਹਿਬ ਆਪਣਾ ਤਾਂ ਲੋਟ ਲਗ ਗਿਆ ਕੋਈ ਪੱਕਾ ਇੰਤਜ਼ਾਮ ਕਰੀਏ। ਮੈਂ ਕਿਹਾ ਪੱਕਾ ਹੀ ਆ। ਰੋਜ਼ ਸਾਫ ਸਫਾਈ ਧੂਫ਼ ਬੱਤੀ ਜਗਾਈ ਜਾ।
ਹੋਰ ਤੀਜ਼ੇ ਦਿਨ ਰੱਬ ਦੀ ਕੁਦਰਤ ਜਿੰਨਾ ਨੇ ਅਰਦਾਸ ਕੀਤੀ ਸੀ ਉਨ੍ਹਾਂ ਦੇ ਮੁੰਡੇ ਦੀ ਜ਼ਮਾਨਤ ਮੰਜ਼ੂਰ ਹੋ ਗਈ। ਉਨ੍ਹਾਂ ਆ ਕੇ ਇਕ ਕਿਸਮ ਦਾ ਭੰਡਾਰਾ ਹੀ ਲਾ ਦਿੱਤਾ। ਮੁਲਾਕਾਤ ਲਈ ਆਏ ਲੋਕਾਂ ਨੂੰ, ਸਿਪਾਹੀਆਂ ਨੂੰ ਮਠਿਆਈ ਨਾਲ ਰਜਾ ਦਿੱਤਾ । ਅਤੇ ਨਾਲ ਹੀ ਸਾਡੀ ਸ਼ੈਰੀ ਬਾਨੋ ਦੇ ਚਰਚੇ ਹੋਣ ਲਗੇ। ਗੱਲ ਕੀ ਸਾਨੂੰ ਸਾਡੇ ਖਾਣ ਪੀਣ ਜੋਗੀ ਰੇਜਗਾਰੀ ਇਕੱਠੀ ਹੋਣ ਲਗ ਪਈ। ਗਾਮੇ ਪਾਲੇ ਨੇ ਪੂਰੀ ਨਿਗਰਾਨੀ ਰੱਖਣੀ । ਵਾਰੀ ਵਾਰੀ ਆ ਕੇ ਦਿਨ ਵਿਚ ਪੰਜ ਛੇ ਵਾਰੀ ਗੇੜਾ ਕੱਢ ਲੈਂਣਾ ਉਧਰ। ਦੇਖ ਭਾਲ ਕਰਨੀ ਸਫ਼ਾਈ ਧੂਫ ਫੁੱਲ ਵਗੈਰਾ ਸਭ ਟਨਾਂ ਟਨ। ਲੋਕ ਵੀ ਹਾਰ ਹੂਰ ਚੜਾ ਜਾਂਦੇ ਸਨ।
ਪਰ ਜਿਵੇਂ ਹਰ ਚੀਜ਼ ਦਾ ਅਖੀਰ ਹੁੰਦਾ । ਮਹੀਨਾ ਮੁਕਿਆ ਤਾਂ ਸੁਪਰਿਟੈਂਡੰਟ ਸਾਹਬ ਵੀ ਵਾਪਸ ਆ ਗਏ। ਆਉਂਦੇ ਵੇਖਿਆ ਕਿ ਇਹ ਕੀ ਠਗਠਗਾ ਬਣਾਇਆ, ਸਾਡੀ ਪੇਸ਼ੀ ਹੋ ਗਈ । ਅਸੀ ਕਿਹਾ ਕੁਝ ਨਹੀਂ ਜਨਾਬ ਇਵੇਂ ਮਖੌਲ ਹੀ ਹੈ। ਕਹਿੰਦੇ ਬਹੁਤ ਹੋ ਗਿਆ ਕਲ ਮੈਨੂੰ ਸਭ ਪੱਧਰਾ ਮਿਲਣਾ ਚਾਹੀਦਾ ।
ਅਗਲੇ ਦਿਨ ਸ਼ਾਮ ਨੂੰ ਅਸੀਂ ਤਿੰਨਾਂ ਨੇ ਉਸੇ ਜਗਾਹ ਹਥੀਂ ਪੱਧਰੀ ਕੀਤੀ ਜ਼ਮੀਨ ਤੇ ਬੈਠ ਕੇ ਸ਼ੈਰੀ ਬਾਨੋ ਦਾ ਆਖਰੀ ਵਾਰ ਸੋਗ ਮਨਾਇਆ। ਮੈਂ ਕਿਹਾ ਪਾਲਿਆ ਇਕ ਗਲਤੀ ਕਰ ਲਈ ਆਪਾਂ। ਸ਼ੈਰੀ ਨੂੰ ਅੰਦਰ ਅਹਾਤੇ ਵਿਚ ਨਹੀਂ ਬਾਹਰ ਦੱਬਣਾ ਚਾਹੀਦਾ ਸੀ । ਫਿਰ ਇਹ ਜੇਲ ਸੁਪਰੀਟੈੰਡੈੰਟ ਤਾਂ ਕੀ ਸਰਕਾਰ ਲਈ ਔਖਾ ਹੋ ਜਾਣਾ ਸੀ ਮਜ਼ਾਰ ਢਹਾਉਣਾ ਤੇ ਆਪਾਂ ਬਾਨੋ ਦੀ ਮਜ਼ਾਰ ਤੇ ਮਹੰਤ ਬਣੇ ਹੋਏ ਹੁੰਦੇ।
RKC 21july22