More Punjabi Kahaniya  Posts
ਬਨਾਉਟੀ ਹਾਸੇ


ਵੱਡੇ ਕਾਰੋਬਾਰੀਆਂ ਦੀ ਇੱਕ ਪਾਰਟੀ ਵਿਚ ਉਹ ਕੱਲਾ ਬੈਠਾ ਹੋਇਆ ਸੀ..!
ਅਜੀਬ ਤਰਾਂ ਦੇ ਤਨਾਓਂ ਟੈਨਸ਼ਨ ਵਿਚ ਗ੍ਰਸਿਆ ਹੋਇਆ ਉਹ ਹੱਸ ਨਹੀਂ ਸਗੋਂ ਹੱਸਣ ਦੀ ਐਕਟਿੰਗ ਕਰਦਾ ਹੋਇਆ ਜਿਆਦਾ ਲੱਗ ਰਿਹਾ ਸੀ..!
ਮੈਂ ਪਿਛੋਕੜ ਤੋਂ ਚੰਗੀ ਤਰਾਂ ਵਾਕਿਫ ਸਾਂ..ਉਸ ਕੋਲ ਦੁਨੀਆ ਦੀ ਹਰੇਕ ਸ਼ੈ ਸੀ..ਪੈਸੇ,ਪ੍ਰੋਪਰਟੀ,ਰੁਤਬਾ,ਸੁਖ ਸਹੂਲਤਾਂ ਸਭ ਕੁਝ..!
ਨਾਂਹ ਨੁੱਕਰ ਕਰਦੇ ਨੂੰ ਦੋ ਪੈਗ ਲੁਆ ਦਿੱਤੇ..ਅੰਦਰਲੀ ਅਸਲੀਅਤ ਫੁੱਟੇ ਹੋਏ ਜਵਾਲਾਮੁਖੀ ਵਾਂਙ ਬਾਹਰ ਆਉਣੀ ਸ਼ੁਰੂ ਹੋ ਗਈ..!
ਸੱਕਿਆਂ ਨਾਲ ਵੱਡੇ ਵਡੇਰਿਆਂ ਦੇ ਟਾਈਮ ਤੋਂ ਹੀ ਇੱਕ ਅਜੀਬ ਤਰਾਂ ਦੀ ਮੁਕਾਬਲੇਬਾਜ਼ੀ ਚੱਲਦੀ ਆਈ ਸੀ..ਮੈਨੂੰ ਬਾਹਰ ਆਉਣ ਦੀ ਬਿਲਕੁਲ ਵੀ ਲੋੜ ਨਹੀਂ ਸੀ ਪਰ ਫੇਰ ਵੀ ਆਉਣਾ ਪਿਆ ਕੇ ਅਸੀਂ ਕਿਸੇ ਤੋਂ ਪਿੱਛੇ ਕਿਓਂ ਰਹੀਏ..!
ਸੋਨਾ ਚਾਂਦੀ ਨੌਕਰ ਚਾਕਰ ਜਮੀਨ ਜਾਇਦਾਤ ਟ੍ਰੈਕਟਰ ਕਾਰਾਂ ਗੱਡੀਆਂ ਕੋਠੀਆਂ ਪਲਾਟਾਂ ਤੋਂ ਸ਼ੁਰੂ ਹੋਈ ਰੀਸ ਵਾਲੀ ਇਸ ਘੜੀਸ ਨੇ ਇਕ ਦਿਨ ਬਾਡਰ ਟੱਪਵਾ ਦਿੱਤਾ!
ਹਾਲਤ ਏਦਾਂ ਦੇ ਬਣ ਗਏ ਕੇ ਮੇਰੀ ਹਰ ਸੁਵੇਰ ਕੁਝ ਨਵਾਂ,ਅੱਡਰਾ ਅਤੇ ਦੂਸਰਿਆਂ ਤੋਂ ਕੁਝ ਵੱਡਾ ਕਰਨ ਦੀ ਜੱਦੋਜਹਿਦ ਨਾਲ ਸ਼ੁਰੂ ਹੁੰਦੀ..!
ਰਾਤੀ ਸੁਫਨਿਆਂ ਵਿਚ ਵੀ ਨਫ਼ੇ-ਨੁਕਸਾਨ ਵਾਲਾ ਵਹੀ ਖਾਤਾ ਅੱਖਾਂ ਅੱਗੇ ਘੁੰਮਦਾ ਰਹਿੰਦਾ..!
ਹਰ ਵੇਲੇ ਬਸ ਬਾਕੀ ਦੁਨੀਆ ਨੂੰ ਹੈਰਾਨ ਕਰਨ ਵਾਲੀ ਅਜੀਬ ਜਿਹੀ ਇੱਕ ਸੋਚ ਮਨ ਤੇ ਭਾਰੂ ਹੋ ਜਾਂਦੀ..ਕੋਈ ਐਸਾ ਚਕਾਚੌਂਧ ਜਿਸ ਨਾਲ ਜਾਣਕਾਰਾਂ ਦੀਆਂ ਅੱਖਾਂ ਚੁੰਧਿਆ ਕੇ ਅੰਨੀਆਂ ਹੋ ਜਾਣ..ਹਰ ਪਾਸੇ ਬੱਲੇ ਬੱਲੇ ਅਤੇ ਸਲਾਹੁਤਾਂ!
ਅਸੀਂ ਦੋਵੇਂ ਜੀ ਨਿੱਤ ਦਿਹਾੜੇ ਆਪੇ ਤੋਂ ਬਾਹਰ ਹੋ ਹੋ ਦੂਜਿਆਂ ਨੂੰ ਹੈਰਾਨ ਕਰੀ ਜਾਂਦੇ ਤੇ ਦੂਜੇ ਸਾਨੂੰ..ਉੱਤੋਂ ਦੋਵੇਂ ਪਾਸੇ ਚੁੱਕਾਂ ਦੇਣ ਵਾਲਿਆਂ ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ..ਮੁਕਾਬਲੇ ਵਾਲੀ ਇਸ ਅੰਨੀ ਦੌੜ ਵਿਚ ਕੁਝ ਉਹ ਲੋਕ ਵੀ ਸ਼ਾਮਿਲ ਹੋ ਗਏ ਜਿਹਨਾਂ ਨੂੰ ਅਸੀਂ ਜਾਣਦੇ ਤਕ ਵੀ ਨਹੀਂ ਸਾਂ!
ਮੁੱਛ ਦਾ ਸੁਆਲ ਹਰ ਰੋਜ ਆਣ ਬਰੂਹਾਂ ਮੱਲੀ ਰੱਖਦਾ..ਨਿਆਣਿਆਂ ਨੂੰ ਮਹਿੰਗੇ ਸਕੂਲਾਂ ਵਿਚ ਪੜਾਉਣ ਤੋਂ ਸ਼ੁਰੂ ਹੋਈ ਇਹ ਖਿੱਚ ਧੂ ਵੱਡੇ ਹੋਇਆ ਤੇ ਓਹਨਾ ਦੇ ਰਿਸ਼ਤਿਆਂ ਤਕ ਵੀ ਜਾ ਅਪੜੀ!
ਚੋਵੀ ਘੰਟੇ ਬੱਸ ਇਹੀ ਧੁੜਕੂ ਲੱਗਾ ਰਹਿੰਦਾ ਕੇ ਕਿਧਰੇ ਓਹਨਾ ਦੇ ਜੁਆਕਾਂ ਨੂੰ ਸਾਡਿਆਂ ਤੋਂ ਵਧੀਆ ਰਿਸ਼ਤੇ ਨਾ ਮਿਲ ਜਾਣ..ਪਰਾ ਮਹਿਫ਼ਿਲਾਂ ਵਿਚ ਕੋਈ ਓਹਨਾ ਦੀ ਸਿਫਤ ਕਰ ਦਿੰਦਾ ਤਾਂ ਮੇਰੀ ਵਹੁਟੀ ਡਿਪ੍ਰੈਸ਼ਨ ਵਿਚ ਚਲੀ ਜਾਂਦੀ..ਅਖ਼ੇ ਲੋਕ ਸਾਡੀਆਂ ਤਾਰੀਫਾਂ ਕਰਨੋਂ ਹਟ ਗਏ..ਸਮਾਗਮਾਂ ਵਿਚ ਨਹੀਂ ਬੁਲਾਉਂਦੇ..ਸਾਡੀ ਪੁੱਛਗਿੱਛ ਨਿਵਾਣ ਵੱਲ ਕਿਓਂ ਜਾਈ ਜਾਂਦੀ..ਮੇਰੇ ਕੋਲ ਉਸਦੇ ਸਵਾਲਾਂ ਦਾ ਕੋਈ ਜਵਾਬ ਨਾ ਹੁੰਦਾ..ਫੇਰ ਮੈਂ ਘਰੋਂ ਬਾਹਰ ਨਿੱਕਲ ਆਉਂਦਾ..ਕੁਝ ਨਵਾਂ...

ਵੱਡਾ ਅਤੇ ਵੱਖਰਾ ਕਰਨ ਲਈ..ਪਰ ਸੋ ਪਾਪੜ ਵੇਲਣ ਮਗਰੋਂ ਵੀ ਕੋਈ ਮੇਰੇ ਤੋਂ ਬਹੁਤਾ ਜਿਆਦਾ ਪ੍ਰਭਾਵਿਤ ਨਾ ਹੁੰਦਾ ਤਾਂ ਮੈਂ ਨਿਮੋਝੂਣਾ ਹੋ ਕੇ ਘਰੇ ਆ ਵੜਦਾ!
ਉਹ ਲੋਰ ਵਿਚ ਆਇਆ ਬੋਲੀ ਗਿਆ ਮੈਂ ਆਗਿਆਕਾਰ ਬੱਚੇ ਵਾਂਙ ਸਭ ਕੁਝ ਸੁਣੀ ਗਿਆ..
ਅਖੀਰ ਉਸਨੇ ਇੱਕ ਸਵਾਲ ਪਾ ਦਿੱਤਾ..ਕਹਿੰਦਾ ਜੇ ਤੇਰੇ ਕੋਲ ਇਸ ਰੋਗ ਦਾ ਕੋਈ ਇਲਾਜ ਹੋਵੇ ਤਾਂ ਜਰੂਰ ਦੱਸੀਂ..ਮੈਂ ਇਸ ਚੱਕਰ ਵਿਯੂ ਚੋਂ ਨਿੱਕਲਣਾ ਚਾਹੁੰਦਾ ਹਾਂ..ਹਮੇਸ਼ਾਂ ਲਈ..ਥੱਕ ਚੁੱਕਾਂ ਹਾਂ ਬਨਾਵਟੀਪਨ ਦੀ ਚਾਸ਼ਨੀ ਵਿਚ ਲਿੱਬੜੀ ਹੋਈ ਬੇਰੰਗ ਜਿਹੀ ਜਿੰਦਗੀ ਨੂੰ ਜਿਉਂਦਿਆਂ ਹੋਇਆਂ..!
ਕਈ ਵੇਰ ਮੈਨੂੰ ਮੇਰਾ ਅੰਤ ਬਹੁਤ ਕੋਲ ਹੀ ਨਜਰ ਆਉਂਦਾ ਏ..ਰੱਬ ਦੇ ਵਾਸਤੇ ਮੇਰੀ ਮਦਤ ਕਰ!
ਮੈਂ ਲੰਮਾ ਸਾਰਾ ਸਾਹ ਲਿਆ ਤੇ ਉਸ ਕੋਲੋਂ ਉੱਠ ਖਲੋਤਾ ਕੇ ਦੋਸਤਾ ਪਹਿਲਾਂ ਮੈਨੂੰ ਖੁਦ ਨੂੰ ਇਸ ਬਿਮਾਰੀ ਦੀ ਗ੍ਰਿਫਤ ਚੋਂ ਬਾਹਰ ਨਿੱਕਲਣਾ ਪੈਣਾ..ਫੇਰ ਤੈਨੂੰ ਬਾਹਰ ਕੱਢਣ ਬਾਰੇ ਸੋਚੂੰ..ਇੱਕ ਖੁਦ ਬਿਮਾਰ ਬੰਦਾ ਦੂਜੇ ਨੂੰ ਇਲਾਜ ਕਿੱਦਾਂ ਦੱਸ ਸਕਦਾ ਏ..!
ਸ਼ਿਵ ਦੀ ਗਜਲ ਚੇਤੇ ਆ ਗਈ..ਰੋਗ ਬਣਕੇ ਰਹਿ ਗਿਆ..ਪਿਆਰ ਤੇਰੇ ਸ਼ਹਿਰ ਦਾ..ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ..!
ਜਦੋਂ ਮਸੀਹੇ (ਡਾਕਟਰ) ਖੁਦ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਵਣ ਓਦੋਂ ਆਮ ਬੰਦੇ ਦਾ ਬੱਸ ਰੱਬ ਹੀ ਰਾਖਾ ਹੁੰਦਾ!
ਇੱਕ ਫਿਲਾਸਫਰ ਆਖਦਾ ਏ ਕੇ ਇਨਸਾਨ ਨੂੰ ਇੱਕ ਵੱਡਾ ਵਹਿਮ ਹੈ ਕੇ ਉਹ ਚੀਜਾਂ ਨੂੰ ਖਰੀਦਦਾ ਏ ਪਰ ਜਦੋਂ ਇੱਕ ਦਿਨ ਉਹ ਚੀਜਾਂ ਹੀ ਉਸਨੂੰ ਖਰੀਦਣਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਫੇਰ ਉਸਦੀ ਸੁਖ ਸ਼ਾਂਤੀ ਐਸ਼ੋ ਆਰਾਮ ਅਤੇ ਕੀਮਤੀ ਪਰਿਵਾਰਿਕ ਸਮਾਂ ਸਭ ਕੁਝ ਸਰੇ-ਬਜਾਰ ਨਿਲਾਮ ਹੋ ਜਾਂਦਾ ਏ!
ਕਿੰਨੀਆਂ ਸਾਰੀਆਂ ਐਸੀਆਂ ਨਿਲਾਮੀਆਂ ਅਕਸਰ ਹੀ ਆਸ ਪਾਸ ਸੌਖਿਆਂ ਹੀ ਵੇਖੀਆਂ ਜਾ ਸਕਦੀਆਂ ਨੇ..ਐਸੀਆਂ ਨਿਲਾਮੀਆਂ ਜਿਹਨਾਂ ਦੀ ਅੱਗ ਵਿਚ ਸੜਦੇ ਹੋਏ ਵਜੂਦਾਂ ਅੰਦਰੋਂ ਕੋਈ ਧੂੰਆਂ ਵਗੈਰਾ ਕਦਾਚਿਤ ਵੀ ਨਹੀਂ ਨਿੱਕਲਦਾ ਸਗੋਂ ਮੇਕ ਅੱਪ ਦੀਆਂ ਮੋਟੀਆਂ ਪਰਤਾਂ ਹੇਠ ਲੂਕਾ ਕੇ ਰੱਖੇ ਹੋਏ ਅਨੇਕਾਂ ਮੁਰਝਾਏ ਚੇਹਰਿਆਂ ਅੰਦਰੋਂ ਸਿਰਫ ਵਕਤੀ ਤੌਰ ਤੇ ਉੱਠਦੇ ਹੋਏ ਕੁਝ ਕੂ ਬਨਾਉਟੀ ਹਾਸੇ ਹੀ ਕੰਨੀ ਪੈਂਦੇ ਨੇ..!
ਅਜੋਕੀ ਤ੍ਰਾਸਦੀ ਇਹ ਹੈ ਕੇ ਅਸਲੀਅਤ ਵਿਚ ਧੁਰ ਅੰਦਰੋਂ ਖੁਸ਼ ਹੋਣ ਨਾਲੋਂ ਦੂਜਿਆਂ ਨੂੰ ਖੁਸ਼ ਹੋ ਕੇ ਵਿਖਾਉਣਾ ਇੱਕ ਵੱਡੀ ਲੋੜ ਬਣਾ ਦਿੱਤੀ ਗਈ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)