ਪੰਜਾਬੀ ਦੀਆਂ ਯੱਭਲੀਆਂ**–ਜਸਵਿੰਦਰ ਪੰਜਾਬੀ
———————————————–
ਮੇਰੇ ਡੈਡੀ, ਮਹੰਤ ਸ਼੍ਰੀ ਸੇਵਾ ਦਾਸ (ਲੇਟ) ਬਹੁਤ ਹੀ ਭੋਲ਼ੇ ਭਾਲੇ ਸੁਭਾਅ ਦੇ ਸਨ । ਓਹਨਾਂ ਦਾ ਇੱਕ ਤਕੀਆ ਕਲਾਮ ਪੱਕਾ ਸੀ,ਜੋ ਕਿਸੇ ਮੁਸੀਬਤ,ਦੁੱਖ ਆਦਿ ਵੇਲੇ ਜਾਂ ਕਿਸੇ ਨਾਲ ਦੁੱਖ ਵੰਡਾਉਣ ਵੇਲੇ ਵਰਤਿਆ ਜਾਂਦਾ ਸੀ ‘ਰੰਗ ਵੇਖੋ ਕਰਤਾਰ ਦੇ ਜਾਂ ਕਰਤਾਰ ਦੇ ਰੰਗ ਨੇ ਭਾਈ ।’
ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਹੈ । ਉਹ ਘਰ ਵਿੱਚ ਇਕੱਲੇ ਸਨ । ਗਰਮੀ ਦੇ ਦਿਨ ਸਨ । ਦੁਪਿਹਰ ਵੇਲੇ ਕੋਈ ਬੰਦਾ ਆ ਗਿਆ । ਕਹਿਣ ਲੱਗਾ,”ਅਸੀਂ ਏਥੇ,ਤੁਹਾਡੇ ਪਿੰਡ ਵਾਲੇ ਸੂਏ (ਛੋਟੀ ਨਹਿਰ) ਦੀ ਸਫ਼ਾਈ ਕਰਦੇ ਆਂ ਜੀ । ਅੱਜ ਅਸੀਂ ਭਾਂਡੇ ਘਰ ਭੁੱਲ ਆਏ । ਦੁਪਿਹਰ ਦੀ ਚਾਹ ਬਣਾਉਣੀ ਐ । ਜੇ ਕੋਈ ਚਾਹ ਬਣਾਉਣ ਵਾਸਤੇ ਭਾਂਡਾ ਦੇ ਦੇਵੋਂ ਤਾਂ ਮਿਹਰਬਾਨੀ ਹੋਵੇਗੀ ।”
ਡੈਡੀ...
ਨੇ ਚਾਹ ਬਣਾਉਣ ਵਾਲਾ ਛੋਟਾ ਪਤੀਲਾ ਉਸਨੂੰ ਫੜਾ ਦਿਤਾ । ਉਹ ਅਜੇ ਘਰ ਤੋਂ ਬਾਹਰ ਈ ਗਿਆ ਸੀ ਕਿ, ਆਵਾਜ਼ ਮਾਰ ਕੇ ਕਹਿਣ ਲੱਗੇ,”ਓ ਭਾਈ,ਕਿੰਨੇ ਬੰਦੇ ਓ ਤੁਸੀਂ ?”
“ਜੀ,ਮੇਰੇ ਸਣੇ ਚਾਰ ।” ਬੰਦੇ ਨੇ ਕਿਹਾ ।
“ਭਲਿਆਮਾਣਸਾ,ਚਾਹ ਬਣਾ ਤਾਂ ਚਲ ਇਸ ਪਤੀਲੀ ‘ਚ ਲਓਗੇ,ਪਰ ਪੀਓਗੇ ਕਾਹਦੇ ਵਿੱਚ ? ਆਹ ਫੜ ਚਾਰ ਬਾਟੀਆਂ ।” ਡੈਡੀ ਨੇ ਬਾਟੀਆਂ ਉਸ ਬੰਦੇ ਦੇ ਹੱਥ ਫੜਾਉਂਦਿਆਂ ਕਿਹਾ ।
ਉਹ ਬੰਦਾ,ਸਾਰੇ ਭਾਂਡੇ ਲੈ ਕੇ ਚਲਿਆ ਗਿਆ ਤੇ ਸ਼ਾਮਾਂ ਤੱਕ ਵਾਪਿਸ ਨਾ ਆਇਆ । ਕਿਸੇ ਤੋਂ ਪਤਾ ਚੱਲਿਆ ਕਿ ਉਹ ਬੰਦਾ ਤਾਂ ਨੇੜਲੇ ਫਲਾਣੇ ਪਿੰਡ ਦਾ ਫਲਾਣਾ ਅਮਲੀ ਸੀ ।
“….ਚਲੋ ਕੋਈ ਨਾ ਭਾਈ ਰੰਗ ਨੇ ਕਰਤਾਰ ਦੇ । ਬੰਦਾ ਕਿਹੜਾ ਖੁਸ਼ੀ-2 ਇਹੋ ਜਿਹੇ ਕੰਮ ਕਰਦੈ ।” ਡੈਡੀ ਹਮੇਸ਼ਾ ਦੀ ਤਰਾਂ ਉੱਪਰ ਵੱਲ ਨੂੰ ਹੱਥ ਕਰਕੇ ਬੋਲੇ ।