ਡੱਬਾ ਖੋਹਲਿਆ ਹੀ ਸੀ ਕੇ ਉਹ ਤੁਰੀ ਆਉਂਦੀ ਦਿਸ ਪਈ..
ਇਹ ਸੋਚ ਛੇਤੀ ਨਾਲ ਢੱਕਣ ਬੰਦ ਕਰ ਦਿੱਤਾ ਕੇ ਕਿਧਰੇ ਰੋਟੀ ਖਾਂਦੇ ਨੂੰ ਵੇਖ ਅਗਲੇ ਪਾਸੇ ਹੀ ਨਾ ਚਲੀ ਜਾਵੇ..!
ਫੇਰ ਸਹਿਜ ਹੁੰਦਾ ਹੋਇਆ ਉਸਦੇ ਕੋਲ ਪਹੁੰਚਣ ਦੀ ਉਡੀਕ ਕਰਨ ਲੱਗਾ!
ਉਹ ਆਉਂਦਿਆਂ ਹੀ ਆਖਣ ਲੱਗੀ ਵੀਰਾ ਸੈਂਡਲ ਦੀ ਵੱਧਰੀ ਠੀਕ ਕਰਵਾਉਣੀ ਏ..
ਪਰ ਤੂੰ ਪਹਿਲਾਂ ਰੋਟੀ ਖਾ ਲੈ..!
ਸ਼ਾਇਦ ਉਸਨੇ ਮੈਨੂੰ ਡੱਬਾ ਬੰਦ ਕਰਦੇ ਨੂੰ ਵੇਖ ਲਿਆ ਸੀ!
ਅਜੇ ਪਿਛਲੇ ਮਹੀਨੇ ਹੀ ਸ਼ੋ ਰੂਮ ਦੇ ਬਾਹਰ ਇਹ ਜਗਾ ਕਿਰਾਏ ਤੇ ਲਈ ਸੀ..
ਅਸੂਲ ਬਣਾਇਆ ਸੀ ਕੇ ਕਿਰਾਏ ਵਾਲੇ ਸੌ ਰੁਪਈਏ ਪੂਰੇ ਹੋਣ ਤੇ ਹੀ ਰੋਟੀ ਵਾਲਾ ਡੱਬਾ ਖੋਹਲਿਆ ਕਰਨਾ..!
ਪਰ ਉਸ ਦਿਨ ਹਲਕੇ ਬੁਖਾਰ ਵਿਚ ਰੋਟੀ ਖੁਣੋਂ ਸਰੀਰ ਬੇਜਾਨ ਜਿਹਾ ਹੋ ਰਿਹਾ ਸੀ..
ਸੋ ਅਖੀਰ ਅਸੂਲ ਤੋੜਨਾ ਹੀ ਪਿਆ!
ਮੈਂ ਉਸਨੂੰ ਸੈਂਡਲ ਦੇਣ ਲਈ ਵਿਨਤੀਆਂ ਕਰਦਾ ਰਿਹਾ..ਤੇ ਉਹ ਮੈਨੂੰ ਰੋਟੀ ਮੁਕਾਉਣ ਲਈ ਆਖਦੀ ਰਹੀ!
ਅਖੀਰ ਮੇਰੇ ਮਨ ਦੇ ਵਲਵਲੇ ਬੁੱਝ ਕੋਲ ਪਏ...
ਅਖਬਾਰ ਦੇ ਪੁਰਾਣੇ ਟੋਟੇ ਤੇ ਏਨੀ ਗੱਲ ਆਖਦਿਆਂ ਚੌਂਕੜੀ ਮਾਰ ਭੁੰਜੇ ਹੀ ਬੈਠ ਗਈ ਕੇ “ਕਮਲਿਆ ਮੈਂ ਕਿਧਰੇ ਨਹੀਂ ਜਾਂਦੀ ਤੂੰ ਆਰਾਮ ਨਾਲ ਪਹਿਲਾਂ ਰੋਟੀ ਟੁੱਕ ਮੁਕਾ ਲੈ..”
ਮਾਂ ਅਕਸਰ ਦੱਸਦੀ ਹੁੰਦੀ ਸੀ ਮੈਥੋਂ ਨਿੱਕੀ ਵੀ ਸੀ ਪਰ ਪੈਦਾ ਹੁੰਦਿਆਂ ਹੀ ਮੁੱਕ ਗਈ ਸੀ..
ਅਖਬਾਰ ਦੇ ਟੋਟੇ ਨਾਲ ਕਦੀ ਕਦੀ ਮੈਨੂੰ ਵੀ ਹਵਾ ਮਾਰ ਦਿੰਦੀ ਵੱਲ ਤੱਕਦਿਆਂ ਇੰਝ ਮਹਿਸੂਸ ਹੋ ਰਿਹਾ ਸੀ ਜਿੱਦਾਂ ਨਿੱਕੇ ਹੁੰਦਿਆਂ ਮੁੱਕ ਗਈ ਅੱਜ ਬੇਬੇ ਨਾਨਕੀ ਵਾਲਾ ਰੂਪ ਧਾਰ ਐਨ ਸਾਮਣੇ ਆਣ ਬੈਠੀ ਹੋਵੇ ਤੇ ਮੱਤ ਦੇ ਰਹੀ ਹੋਵੇ ਕੇ ਕਮਲਿਆ ਨਾਨਕ ਵਾਲੀ ਸਚੀ ਕਿਰਤ ਕਰਦਾ ਰਹੇਗਾਂ ਤਾਂ ਨਾ ਗ੍ਰਾਹਕ ਘੱਟ ਹੋਣਗੇ ਤੇ ਨਾ ਹੀ ਕਦੇ ਦੇਣ ਵਾਲੇ ਕਿਰਾਏ ਦੀ ਹੀ ਥੋੜ ਰਹੇਗੀ!
ਹਰਪ੍ਰੀਤ ਸਿੰਘ ਜਵੰਦਾ