ਵਿਆਹ ਮਗਰੋਂ ਸ਼ਿਮਲੇ ਹਨੀਮੂਨ ਤੇ ਗਿਆਂ ਇੱਕ ਦਿਨ ਲੋਰ ਵਿਚ ਆਏ ਨੇ ਵਿਆਹ ਤੋਂ ਪਹਿਲੋਂ ਦੇ ਕਿੰਨੇ ਸਾਰੇ ਕਿੱਸੇ ਸਾਂਝੇ ਕਰ ਦਿੱਤੇ..ਮੈਂ ਵੀ ਅੱਗਿਓਂ ਹੁੰਗਾਰਾ ਭਰੀ ਗਈ..ਇਹ ਹੋਰ ਦਲੇਰ ਹੁੰਦਾ ਗਿਆ..ਫੇਰ ਅਚਾਨਕ ਇੱਕ ਐਸੀ ਗੱਲ ਦੱਸ ਦਿੱਤੀ ਕੇ ਮੈਨੂੰ ਸਣੇ ਕੱਪੜਿਆਂ ਅੱਗ ਲੱਗ ਗਈ..!
ਮੈਂ ਰਿੱਝ ਤੋਂ ਹੋਟਲ ਆ ਟੈਕਸੀ ਕੀਤੀ ਅਤੇ ਸਿੱਧੀ ਚੰਡੀਗੜ ਆਣ ਪੁੱਜੀ..ਮਗਰੋਂ ਬੜਾ ਕਲੇਸ਼ ਪਿਆ..ਸਾਰੇ ਪੁੱਛਣ ਗੱਲ ਕੀ ਹੋਈ ਪਰ ਦੱਸੇ ਕੋਈ ਨਾ..ਅਖੀਰ ਕਿੰਨੀਆਂ ਮੁਆਫ਼ੀਆਂ ਸਫਾਈਆਂ ਮਗਰੋਂ ਗੱਡੀ ਲਾਈਨ ਤੇ ਆਈ..ਪਰ ਮੈਨੂੰ ਅਕਸਰ ਹੀ ਇਸ ਦੀ ਇਮਾਨਦਾਰੀ ਤੇ ਮਾਣ ਵੀ ਹੁੰਦਾ..!
ਫੇਰ ਇੱਕ ਦਿਨ ਸ਼ਾਮ ਵੇਲੇ ਇਕੱਠੇ ਬੈਠਿਆਂ ਮੈਂ ਵੀ ਲੋਰ ਵਿਚ ਆਈ ਨੇ ਆਖ ਦਿੱਤਾ ਕੇ ਮੇਰਾ ਵੀ ਇੱਕ ਅਤੀਤ ਏ..ਇੱਕ ਕਹਾਣੀ ਏ..ਜਿਹੜੀ ਤੇਰੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ..!
ਪਰ ਇਸ ਨੇ ਓਸੇ ਵੇਲੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ..ਅਖ਼ੇ ਵਿਆਹ ਤੋਂ ਪਹਿਲੋਂ ਜੋ ਕੁਝ ਵੀ ਸੀ ਮੈਂ ਬਿਲਕੁਲ ਵੀ ਸੁਣਨਾ ਨਹੀਂ ਚਹੁੰਦਾ..ਨਾ ਹੀ ਮੈਥੋਂ...
ਐਸੀ ਵੈਸੀ ਕੋਈ ਗੱਲ ਜਰੀ ਹੀ ਜਾਣੀ ਏ..ਸੋ ਕੋਈ ਲੋੜ ਨੀ ਮੈਨੂੰ ਕੁਝ ਵੀ ਦੱਸਣ ਦੀ..!
ਮੈਨੂੰ ਇਸਦੀ ਦਰਿਆ ਦਿਲੀ ਤੇ ਇੱਕ ਵੇਰ ਫੇਰ ਬੜਾ ਫਖਰ ਮਹਿਸੂਸ ਹੋਇਆ..ਕਿੰਨੀ ਵੇਰ ਰੱਬ ਦਾ ਸ਼ੁਕਰ ਕੀਤਾ ਕੇ ਮੈਨੂੰ ਏਦਾਂ ਦਾ ਪਾਰਟਨਰ ਦਿੱਤਾ..!
ਫੇਰ ਕੁਝ ਦਿਨਾਂ ਬਾਅਦ ਮਹਿਸੂਸ ਹੋਣਾ ਸ਼ੁਰੂ ਹੋਇਆ ਜਿੱਦਾਂ ਇਸਦੇ ਅੰਦਰੋਂ ਪ੍ਰਕਟ ਹੋ ਗਿਆ ਇੱਕ ਜਸੂਸ ਮੇਰਾ ਹਰ ਵੇਲੇ ਪਿੱਛਾ ਕਰ ਰਿਹਾ ਹੋਵੇ..ਦਫਤਰ..ਘਰ..ਬਜਾਰ..ਮਾਲ..ਵਿਆਹ ਮੰਗਣੇ ਅਤੇ ਹਰ ਤਿੱਥ ਤਿਓਹਾਰ ਤੇ..ਖਾਸ ਕਰਕੇ ਓਦੋਂ ਜਦੋਂ ਮੈਂ ਕੱਲੀ ਹੁੰਦੀ..!
ਮਜਬੂਰਨ ਮੈਨੂੰ ਵੀ ਫੇਰ ਆਪਣੇ ਅੰਦਰੋਂ ਇੱਕ ਜਸੂਸ ਪੈਦਾ ਕਰਨਾ ਪਿਆ..ਸਾਡੇ ਔਲਾਦ ਤੇ ਭਾਵੇਂ ਅਜੇ ਤੱਕ ਕੋਈ ਨਹੀਂ ਪਰ ਪਰਿਵਾਰਿਕ ਮੈਂਬਰ ਚਾਰ ਜਰੂਰ ਹੋ ਗਏ ਹਾਂ!
(ਹਿੰਦੀ ਕਹਾਣੀ ਦਾ ਪੰਜਾਬੀ ਅਨੁਵਾਦ)
ਹਰਪ੍ਰੀਤ ਸਿੰਘ ਜਵੰਦਾ