ਗਲੀ ਦੇ ਬਾਹਰ ਰੁੱਖਾਂ ਹੇਠ ਰੇਹੜੀ ਤੇ ਤਾਜੇ ਜਾਮਨੂਆਂ ਦਾ ਵੱਡਾ ਢੇਰ ਵੇਖ ਉਸਨੂੰ ਕਿੱਲੋ ਤੋਲਣ ਲਈ ਆਖ ਦਿੱਤਾ..ਉਸਦੇ ਕੋਲ ਨਿੱਕੇ ਪੁੱਤ ਨੂੰ ਖਲਿਆਰ ਆਪ ਬਾਕੀ ਸਬਜੀ ਲੈਣ ਅਗਾਂਹ ਵੱਲ ਨੂੰ ਹੋ ਤੁਰੀ..!
ਘਰੇ ਆ ਕੇ ਸਾਰਾ ਕੁਝ ਪਾਣੀ ਵਾਲੇ ਪਤੀਲੇ ਵਿਚ ਉਲੱਦ ਆਪ ਏ.ਸੀ ਅੱਗੇ ਬੈਠ ਗਈ..ਘੜੀ ਕੂ ਮਗਰੋਂ ਕੰਮ ਵਾਲੀ ਸਾਰੇ ਜਾਮੁਣ ਪਲੇਟ ਵਿਚ ਰੱਖ ਅੰਦਰ ਲਿਆਈ ਤਾਂ ਕਾਫੀ ਘੱਟ ਲੱਗੇ..!
ਕੋਲ ਹੀ ਰੱਖੇ ਇਲੈਕਟ੍ਰੋਨਿਕ ਕੰਡੇ ਤੇ ਤੋਲੇ ਤਾ ਸਿਰਫ ਅੱਧਾ ਕਿੱਲੋ ਹੀ ਨਿੱਕਲੇ..ਸੱਤੀ ਕੱਪੜੀਂ ਅੱਗ ਲੱਗ ਗਈ..ਬੜਾ ਗੁੱਸਾ ਚੜਿਆ..ਸੋਚਣ ਲੱਗੀ ਇਹਨਾਂ ਹੇਰਾ ਫੇਰੀਆਂ ਕਰਕੇ ਹੀ ਤਾਂ ਇਹ ਲੋਕ ਤਰੱਕੀ ਨਹੀਂ ਕਰਦੇ..!
ਫੇਰ ਓਥੇ ਅੱਪੜ ਮੇਰੇ ਮੂਹੋਂ ਪਤਾ ਨੀ ਕੀ ਕੁਝ ਨਿੱਕਲੀ ਗਿਆ ਪਰ ਉਹ ਅੱਗੋਂ ਹੱਥ ਜੋੜ ਸਭ ਕੁਝ ਸੁਣਦੀ ਹੋਈ ਬੱਸ ਏਨਾ ਹੀ ਆਖਦੀ ਰਹੀ ਕੇ ਧੀਏ ਜਿੰਨੇ ਘੱਟ ਨਿੱਕਲੇ ਹੋਰ ਤੋਲ ਦਿੰਨੀ ਹਾਂ..ਬੁੱਢੀ ਜੋ ਹੋ ਗਈ ਆਂ ਕਈ ਵੇਰ ਨਹੀਂ ਪਤਾ ਲੱਗਦਾ..!
ਮਨ ਵਿਚ ਇੱਕਠਾ ਹੋਇਆ ਸਾਰਾ...
ਗੁਬਾਰ ਕੱਢ ਘਰੇ ਮੁੜ ਆਈ ਤੇ ਗੂੜੀ ਨੀਂਦਰ ਸੌਂ ਗਈ..!
ਆਥਣ ਵੇਲੇ ਗੰਦੇ ਪਾਣੀ ਵਾਲਾ ਓਹੀ ਟੱਬ ਖਾਲ਼ੀ ਕੀਤਾ ਤਾਂ ਘਸਮੈਲੇ ਪਾਣੀ ਦੇ ਐਨ ਥੱਲੇ ਲੱਗੇ ਕਿੰਨੇ ਸਾਰੇ ਜਾਮੁਣ ਵੇਖ ਮੇਰਾ ਤਰਾਹ ਨਿੱਕਲ ਗਿਆ..ਹਾਇ ਰੱਬਾ ਐਵੇਂ ਹੀ ਵਿਚਾਰੀ ਨੂੰ ਸਭ ਦੇ ਸਾਮਣੇ ਏਨੀਆਂ ਝਿੜਕਾਂ ਦਿੱਤੀਆਂ..!
ਇੱਕ ਵੇਰ ਫੇਰ ਵਾਹੋਦਾਹੀ ਓਧਰ ਨੂੰ ਨੱਸ ਤੁਰੀ..ਪਰ ਉਹ ਓਥੇ ਨਹੀਂ ਸੀ..ਪਤਾ ਨਹੀਂ ਅੱਜ ਉਸਦੀ ਰੇਹੜੀ ਦੇ ਜਾਮੁਣ ਪਹਿਲਾਂ ਮੁੱਕ ਗਏ ਸਨ ਕੇ ਆਖਰੀ ਉਮਰ ਦੀ ਉਸਦੀ ਸਹਿਣ ਸਖਤੀ..ਪਰ ਜੋ ਵੀ ਚੀਜ ਮੁੱਕੀ ਸੀ ਉਸਨੇ ਮੈਨੂੰ ਸਾਰੀ ਰਾਤ ਸੌਣ ਨਾ ਦਿੱਤਾ..ਬੱਸ ਉਸਦੇ ਆਖੇ ਏਹ ਬੋਲ ਕੰਨਾਂ ਵਿਚ ਹਥੌੜੇ ਵਾਂਙ ਵੱਜਦੇ ਰਹੇ ਕੇ “ਧੀਏ ਬੁੱਢੀ ਜੂ ਹੋ ਗਈ ਹਾਂ..ਕਈ ਵੇਰ ਨਹੀਂ ਪਤਾ ਲੱਗਦਾ”
ਹਰਪ੍ਰੀਤ ਸਿੰਘ ਜਵੰਦਾ