ਹਰਿਆਣੇ ਦੇ ਮੋਹਿੰਦਰ ਗੜ ਜਿਲੇ ਦੀ ਨਰਨੌਲ ਤਹਿਸੀਲ ਦਾ ਨਿੱਕਾ ਜਿਹਾ ਪਿੰਡ..”ਉਣਹਾਣੀ”
ਅਹੀਰ ਕਬੀਲੇ ਦਾ ਗਰੀਬ ਹਿੰਦੂ ਪਰਿਵਾਰ..
ਉਸ ਪਰਿਵਾਰ ਦਾ ਹੱਦ ਦਰਜੇ ਦਾ ਡਰਾਕਲ ਜਿਹਾ ਇਨਸਾਨ ਬੰਤੂ..!
ਵੇਹਲੜ ਨਿਕੰਮਾ ਹਮੇਸ਼ਾਂ ਹੀ ਲੜਦਾ ਰਹਿੰਦਾ..ਅਖ਼ੇ ਮੇਰਾ ਬਣਦਾ ਹਿੱਸਾ ਦਿਓ ਤੇ ਫੇਰ ਮੇਰਾ ਵਿਆਹ ਕਰੋ..!
ਅਖੀਰ ਅੱਕ ਕੇ ਇੱਕ ਦਿਨ ਘਰਦਿਆਂ ਨੇ ਕੁੱਟ ਕੇ ਘਰੋਂ ਕੱਢ ਦਿੱਤਾ..!
ਪੰਜਾਬੀ ਦੇ ਟਰੱਕ ਤੇ ਚੜ੍ਹ ਅੰਮ੍ਰਿਤਸਰ ਆ ਗਿਆ..
ਦਿਨੇ ਰਿਕਸ਼ਾ ਚਲਾਉਂਦਾ ਤੇ ਰਾਤੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਲੰਗਰਾਂ ਵਿਚੋਂ ਦੋ ਫੁਲਕੇ ਛੱਕ ਓਥੇ ਹੀੈ ਕਿਸੇ ਦੁਕਾਨ ਦੇ ਬਾਹਰ ਸੋਂ ਜਾਇਆ ਕਰਦਾ..!
ਇੱਕ ਦਿਨ ਤੁਰਿਆ ਫਿਰਦਾ ਮੰਜੀ ਸਾਬ ਚਲਿਆ ਗਿਆ..ਤੀਰ ਵਾਲਾ ਭਾਸ਼ਣ ਦੇ ਰਿਹਾ ਸੀ..ਸਮਝ ਤੇ ਕੁਝ ਨਾ ਲੱਗੀ ਪਰ ਬੰਦੇ ਦੀ ਅਦਾ ਦਾ ਕਾਇਲ ਹੋ ਗਿਆ..!
ਰੋਹ ਵਿਚ ਆਈ ਸੰਗਤ ਜੈਕਾਰਾ ਛੱਡਦੀ ਤਾਂ ਇਸਦੇ ਲੂ ਕੰਢੇ ਖੜੇ ਹੋ ਜਾਂਦੇ..ਫੇਰ ਆਪ ਮੁਹਾਰੇ ਹੀ ਮੂੰਹੋਂ ਸਤਿ ਸ੍ਰੀ ਅਕਾਲ ਨਿੱਕਲ ਜਾਂਦਾ..!
ਰਿਕਸ਼ਾ ਚਲਾਉਣਾ ਛੱਡ ਦਿੱਤਾ..ਫੇਰ ਰੋਜ ਭਾਸ਼ਣ ਸੁਣਨ ਅੱਪੜ ਜਾਇਆ ਕਰੇ..!
ਮਗਰੋਂ ਅੰਮ੍ਰਿਤ ਛੱਕ ਗੁਰੂ ਵਾਲਾ ਬਣ ਗਿਆ..ਪਰਿਕਰਮਾ ਵਿਚ ਬੈਠਾ ਰਿਹਾ ਕਰਦਾ..ਪਹਿਲਾਂ ਅੱਗਿਓਂ ਤੁਰੇ ਆਉਂਦੇ ਦੇ ਦਰਸ਼ਨ ਕਰਦਾ ਫੇਰ ਨਾਲ ਹੀ ਹੋ ਤੁਰਦਾ..!
ਦਿਨ ਲੰਘਦੇ ਗਏ..ਜਦੋਂ ਫੇਰ ਇੱਕ ਦਿਨ ਪੱਕਾ ਹੋ ਗਿਆ ਕੇ ਫੌਜ ਨੇ ਦਰਬਾਰ ਸਾਬ ਚੜ੍ਹ ਕੇ ਆਉਣਾ ਹੀ ਆਉਣਾ..!
ਤਾਂ ਨੀਤੀ ਘਾੜਿਆਂ ਆਖ ਦਿੱਤਾ ਭਾਈ ਆਪੋ ਆਪਣੇ ਇਲਾਕਿਆਂ ਵੱਲ ਨੂੰ ਨਿੱਕਲ ਆਪਣੀਆਂ ਡਿਊਟੀਆਂ ਸਾਂਭ ਲਵੋ..!
ਬੰਤਾ ਸਿੰਘ ਅੱਗਿਓਂ ਆਕੜ ਗਿਆ..ਅਖ਼ੇ ਇਥੇ ਹੀ ਜਥੇ ਨਾਲ ਰਹਿ ਕੇ ਸੇਵਾ ਕਰਨੀ ਏ..!
ਅਗਲਿਆਂ ਧੱਕੇ ਨਾਲ ਕਿਸੇ ਕੰਮ ਦੀ ਜੁੰਮੇਵਾਰੀ ਲਾ ਦਿੱਤੀ ਤੇ ਹਰਿਆਣੇ ਵੱਲ ਨੂੰ ਤੋਰ ਦਿੱਤਾ..
ਜਾਂਦੇ ਹੋਏ ਨੇ ਬਾਹਰੋਂ ਸ਼ਸ਼ਤਰਾਂ ਵਾਲੀ ਦੁਕਾਨ ਵਿਚੋਂ ਇੱਕ ਤੀਰ ਮੁੱਲ ਲੈ ਲਿਆ ਤੇ ਸਾਈਕਲ ਤੇ ਹੀ ਪਿੰਡ ਨੂੰ ਹੋ ਤੁਰਿਆ..ਬਦਲਿਆਂ ਹੋਇਆ ਬੰਤਾ ਸਿੰਘ ਵੇਖ ਸਾਰੇ ਹੈਰਾਨ ਹੋ ਗਏ..!
ਫੇਰ ਘਰਦਿਆਂ ਨੂੰ ਵਾਸਤਾ ਪਾ ਆਪਣਾ ਹਿੱਸਾ ਵੇਚ ਬਾਹਰਵਾਰ ਪੈਲੀ ਵਿਚ ਹੀ ਗੁਰੂ ਘਰ ਬਣਾ...
ਲਿਆ..!
ਏਨੇ ਨੂੰ ਖਬਰ ਆਣ ਪਹੁੰਚੀ..ਦਰਬਾਰ ਸਾਬ ਹਮਲਾ ਹੋ ਗਿਆ..ਸਭ ਕੁਝ ਤਹਿਸ ਨਹਿਸ ਹੋ ਗਿਆ..ਪਰ ਅੰਦਰਲੇ ਸਿੰਘ ਬੜੀ ਬਹਾਦਰੀ ਨਾਲ ਲੜੇ..!
ਰੋਹ ਵਿਚ ਆਇਆ ਸਾਰੀ ਰਾਤ ਗੁਰੂ ਘਰ ਚੋਂ ਜੈਕਾਰੇ ਛੱਡਦਾ ਰਿਹਾ..!
ਕਿਸੇ ਖਬਰ ਕਰ ਦਿੱਤੀ ਕੇ ਇਹ ਵੀ ਓਥੋਂ ਹੀ ਆਇਆ ਏ..ਫੌਜ ਤੇ ਏਜੰਸੀਆਂ ਨੇ ਗੁਰੂਦੁਆਰੇ ਨੂੰ ਘੇਰਾ ਪਾ ਲਿਆ..ਆਖਣ ਲੱਗੇ ਹੱਥ ਖੜੇ ਕਰ ਕੇ ਬਾਹਰ ਆ ਜਾ..!
ਅੱਗੋਂ ਜੈਕਾਰਾ ਛੱਡ ਆਖਣ ਲੱਗਾ ਜੇ ਉਸ ਨੇ ਏਨੀ ਫੌਜ ਅੱਗੇ ਹੱਥ ਖੜੇ ਨਹੀਂ ਕੀਤੇ ਤਾਂ ਮੈਂ ਪੰਜਾਹ ਸੌ ਅੱਗੇ ਕਿਓਂ ਗੋਡੇ ਟੇਕਾਂ..ਹੁਣ ਤੇ ਜਿੱਦਾਂ ਖਾਲਸਾ ਚਾਹੂ ਬੱਸ ਓਦਾਂ ਹੀ ਹੋਊ..!
ਅੰਮ੍ਰਿਤਸਰੋਂ ਲਿਆਂਦੇ ਇੱਕ ਨਿੱਕੇ ਹਥਿਆਰ ਨਾਲ ਕਿੰਨੀ ਸਾਰੀ ਫੌਜ ਨੂੰ ਚਾਰ ਪੰਜ ਘੰਟੇ ਵਹਿਣੀ ਪਾਈ ਰਖਿਆ..
ਅਖੀਰ ਜਖਮੀਂ ਹੋਇਆ ਜਿਉਂਦਾ ਫੜ ਲਿਆ ਤਾਂ ਇੱਕਠੇ ਹੋਏ ਪਿੰਡ ਵਾਲੇ ਆਖਣ ਲੱਗੇ ਓਏ ਬੰਤੂ ਤੂੰ ਤੇ ਉਚੇ ਉੱਡਦੇ ਜਹਾਜ ਦੀ ਵਾਜ ਸੁਣ ਸਹਿਮ ਜਾਇਆ ਕਰਦਾ ਸੈਂ..ਆਹ ਕਹਾਣੀ ਕਿੱਦਾਂ ਵਾਪਰ ਗਈ..!
ਜੈਕਾਰੇ ਛੱਡੀ ਜਾਵੇ ਤੇ ਨਾਲੇ ਆਖੀ ਜਾਵੇ..ਬੱਸ ਗੁਰੂ ਰਾਮ ਦਾਸ ਦੇ ਸਰੋਵਰ ਦੇ ਪਾਣੀਆਂ ਦਾ ਈ ਅਸਰ ਏ..ਗਿੱਦੜ ਤੋਂ ਸ਼ੇਰ ਬਣਦਿਆਂ ਘੜੀ ਨੀ ਲੱਗਦੀ..!
ਮੁੜ ਇੰਝ ਹੀ ਜੈਕਾਰੇ ਛੱਡਦਾ ਸ਼ਹੀਦੀ ਪਾ ਗਿਆ
ਦੋਸਤੋ ਇੱਕ ਨੇ ਨਹੀਂ ਕਈਆਂ ਨੇ ਆਖਿਆ ਕੇ ਪਤਾ ਨੀ ਕੀ ਜਾਦੂ ਏ ਦਰਬਾਰ ਸਾਬ ਦੇ ਪਾਣੀਆਂ ਵਿਚ..ਨਾ ਤੇ ਮੌਤ ਦਾ ਕੋਈ ਖੌਫ ਹੀ ਰਹਿੰਦਾ ਏ ਤੇ ਨਾ ਹੀ ਚੜਾਈ ਕਰਨ ਲੱਗਿਆਂ ਕੋਈ ਅਫਸੋਸ ਜਾਂ ਨਿੱਕੀ ਮੋਟੀ ਪੀੜ ਹੀ ਹੁੰਦੀ ਏ..!
ਫੋਟੋ ਵਿਚਲਾ ਸਿੰਘ ਭਾਵੇਂ ਕੋਈ ਹੋਰ ਏ ਪਰ ਪੱਕਾ ਯਕੀਨ ਏ ਕੇ ਅਤੀਤ ਦੀਆਂ ਪਰਤਾਂ ਵਿਚ ਕਿਧਰੇ ਗਵਾਚ ਗਏ ਬੰਤਾ ਸਿੰਘ ਦਾ ਵਜੂਦ ਪੱਕਾ ਇਸ ਸਿੰਘ ਵਰਗਾ ਹੀ ਹੁੰਦਾ ਹੋਵੇਗਾ..!
ਹਰਪ੍ਰੀਤ ਸਿੰਘ ਜਵੰਦਾ