ਵਿਆਹ ਆਵਦੀ ਮਰਜ਼ੀ ਨਾਲ ਕਰਵਾਇਆ ਸੀ ਤੇ ਪੇਕਿਆਂ ਨਾਲੋਂ ਟੁੱਟ ਗਈ ਸੀ । ਪੰਜ ਸਾਲ ਹੋਗੇ ਸੀ ਵੀਰ, ਭੈਣ, ਮਾਂ ਦਾ ਮੂੰਹ ਦੇਖਣ ਨੂੰ ਤਰਸ ਗਈ ਸੀ । ਫਿਰ ਇੱਕ ਦਿਨ ਪੇਕੇ ਜਾਣ ਦਾ ਸੰਯੋਗ ਬਣਿਆ । ਸੰਯੋਗ ਕਾਹਦਾ ਵਿਯੋਗ ਹੀ ਸੀ ਕਿਸੇ ਨੇ ਦੱਸਿਆ ਸੀ ਕਿ ਤੇਰੀ ਮਾਂ ਬਿਮਾਰ ਰਹਿੰਦੀ ਏ ਤੇ ਤੇਰਾ ਨਾਮ ਜਪਦੀ ਰਹਿੰਦੀ ਏ । ਮੈਂ ਪਿੰਡ ਪੁੱਜੀ ਤੇ ਘਰ ਚ ਵਿਰਲਾਪ ਸੀ । ਮੇਰੇ ਦਿਲ ਚ ਉਦੋੰ ਹੀ ਵੱਜਾ ਕਿ ਮਾਂ ਨੂੰ ਕੁਛ ਹੋ ਗਿਆ । ਮੈਂ ਸਾਰਾ ਮੂੰਹ ਢੱਕ ਕੇ ਮਾਂ ਨੂੰ ਦੇਖ ਕੇ ਓਨੀ ਪੈਂਰੀ ਵਾਪਿਸ ਮੁੜ ਆਈ । ਇਕੱਠ ਜਿਆਦਾ ਸੀ ਤੇ ਕਿਸੇ ਨੂੰ ਪਹਿਚਾਣ ਨਹੀਂ ਸੀ ਆਈ । ਘਰ ਆ ਕੇ ਭੁੰਜੇ ਬੈਠ ਭੁੱਬਾਂ ਮਾਰ ਮਾਰ ਰੋਈ । ਨਾ ਕੋਈ ਰੋਂਦੀ ਨੂੰ ਚੁੱਪ ਕਰਾਉਣ ਵਾਲਾ ਸੀ ਤੇ ਨਾ ਦਿਲਾਸੇ ਦੇਣ ਵਾਲਾ । ਜਗਜੀਤ ਦੇ ਪਿਉ ਗੁਜ਼ਰੇ ਨੂੰ ਵੀ ਇੱਕ ਸਾਲ ਤੋਂ ਉੱਤੇ ਹੋ ਗਿਆ ਸੀ । ਕਦੇ ਸੋਚਾਂ ਕਿ ਮਾਂ ਕਿਧਰੇ ਮੇਰਾ ਗਮ ਲਾਈ ਤਾਂ ਨਹੀਂ ਸੀ ਬੈਠੀ ਕਿ ਮੇਰੀ ਧੀ ਰੁਲ ਰਹੀ ਏ । ਦੁੱਖ ਸੁੱਖ ਕਰਨ ਵਾਲਾ ਕੋਈ ਨਹੀਂ ਸੀ , ਜਿੱਥੇ ਹੁਣ ਸ਼ਹਿਰ ਚ ਸ਼ਿਫ਼ਟ ਹੋਈ ਸੀ ਉੱਥੇ ਆਂਢ ਗੁਆਂਢ ਕੋਈ ਕਿਸੇ ਦੇ ਨਹੀਂ ਸੀ ਜਾਂਦਾ । ਜਗਜੀਤ ਸਕੂਲ ਗਿਆ ਹੋਇਆ ਸੀ । ਮਰਦੀ ਮਰਦੀ ਨੇ ਘਰ ਦੇ ਕੰਮ ਕਾਰ ਕੀਤੇ । ਉਸ ਦਿਨ ਮੇਰੀ ਤੀਜੀ ਵਾਰ ਮੌਤ ਹੋਈ ਸੀ । ਪਹਿਲੀ ਜਦੋਂ ਜਗਜੀਤ ਦੇ ਪਿਉ ਨਾਲ ਵਿਆਹ ਕਰਾਉਣ ਦੀ ਜ਼ਿੱਦ ਕਰੀ ਸੀ ਤੇ ਭਰਾ ਨੇ ਘਰੋਂ ਕੱਢ ਕੇ ਇਹ ਕਹਿ ਦਿੱਤਾ ਸੀ ਕਿ ਹੁਣ ਰਹਿੰਦੀ ਉਮਰ ਤੀਕ ਮੂੰਹ ਨਾ ਵਿਖਾਈ ਸਾਨੂੰ। ਦੂਜੀ ਮੌਤ ਜਿਸ ਦਿਨ ਜਗਜੀਤ ਦਾ ਪਿਉ ਪੂਰਾ ਹੋਇਆ ਤੇ ਤੀਜੀ ਮੌਤ ਮਾਂ ਦਾ ਮਰਿਆ ਮੂੰਹ ਦੇਖਣਾ ।
ਸਾਲ ਗੁਜ਼ਰ ਗਿਆ । ਸਾਉਣ ਮਹੀਨਾ ਚੱਲ ਰਿਹਾ ਸੀ । ਮੇਰੇ ਘਰ ਦੀ ਬੈੱਲ ਵੱਜੀ । ਵੀਰਾ ਤੇ ਨਵੀਂ ਵਿਆਹੀ ਭਾਬੀ ਘਰ ਦੇ ਬਾਹਰ ਖੜ੍ਹੇ ਸਨ ਤੇ ਹੱਥ ਚ ਕਿੰਨਾ ਸਾਰਾ ਸਮਾਨ ਸੀ । ਮੇਰੇ ਚਾਅ ਦਾ ਕੋਈ ਟਿਕਾਣਾ ਨਾ ਰਿਹਾ । ਮੈਂ ਘੁੱਟ ਘੁੱਟ ਦੋਹਾਂ ਨੂੰ ਗਲ ਲਾਇਆ । ਐਂਵੇ ਲੱਗਾ ਜਿਵੇਂ ਮੇਰਾ ਪੁਨਰ ਜਨਮ ਹੋ ਗਿਆ ਹੋਵੇ । ਮੈਂ ਅੰਦਰ ਆਈ ਤੇ ਉਹ ਵੀ ਮੇਰੇ ਪਿੱਛੇ ਪਿੱਛੇ । ਬਿਸਕੁਟਾਂ ਦਾ ਡੱਬਾ ਤੇ ਹੋਰ ਮਠਿਆਈ ਮੈਨੂੰ ਫੜਾਉਂਦੇ ਵੀਰੇ ਨੇ ਕਿਹਾ ਕਿ ਇਹ ਹੈ ਤੇਰਾ ਪੰਜਾਂ ਸਾਲਾਂ ਦਾ ਸੰਧਾਰਾ ਤੇ ਮੁਆਫ਼ ਕਰਦੇ ਭੈਣੇ , ਤੇਰੇ ਨਾਲ ਬਹੁਤ ਗਲਤ ਕੀਤਾ ਮੈਂ ਨਿਆਣ ਮੱਤ ਚ । ਆਵਦੀ ਘਰਵਾਲੀ ਵੱਲ ਇਸ਼ਾਰਾ ਕਰਦੇ ਕਿਹਾ , “ਸਾਡੀ ਇੰਟਰਕਾਸਟ ਮੈਰਿਜ ਹੋਈ ਏ , ਮਸਾਂ ਮਨਾਇਆ ਏ ਪਾਪਾ ਨੂੰ … ਬਹੁਤ ਪਰੌਬਲਮ ਫੇਸ ਕੀਤੀਆਂ ਹਨ …” ਮੈਂ ਗੱਲ ਇਗਨੋਰ ਕਰ ਦਿੱਤੀ । ਵੀਰੇ ਨੇ ਕੋਲ ਆ ਹੱਥ ਫੜ੍ਹ ਕਿਹਾ ਕਿ ਕੋਈ ਗੁੱਸਾ ਏ ਤਾਂ ਕੁੱਟ ਲੈ । ਮੈਂ ਕਿਹਾ , “ਨਾ ਵੀਰੇ,...
ਮੈਨੂੰ ਤਾਂ ਚਾਅ ਹੀ ਐਨਾ ਏ ਕਿ ਮੈਂ ਕੁਛ ਹੋਰ ਨਹੀਂ ਸੋਚ ਰਹੀ …” ਮੈਂ ਅੱਖਾਂ ਭਰ ਲਈਆਂ ਕਿਉਂਕਿ ਮਾਂ ਚੇਤੇ ਆ ਗਈ ਸੀ ਜੋ ਧੀ ਨੂੰ ਵਿਲਕਦੀ ਤੁਰ ਗਈ ਸੀ । ਵੀਰੇ ਨੇ ਕਿਹਾ ਕਿ ਮਾਂ ਬਥੇਰਾ ਯਾਦ ਕਰਦੀ ਸੀ ਤੈਨੂੰ , ਮੇਰੀ ਹੀ ਮੱਤ ਮਾਰੀ ਗਈ ਸੀ ਕਿ ਮੈਂ ਉਹਦੀ ਖੁਸ਼ੀ ਉਹਨੂੰ ਦੇ ਨਾ ਸਕੀ । ਮੈਂ ਤੈਨੂੰ ਉਸ ਦਿਨ ਦੇਖਿਆ ਸੀ ਮਾਂ ਦੇ ਸੰਸਕਾਰ ਵਾਲੇ ਦਿਨ । ਬਥੇਰਾ ਦਿਲ ਕਰ ਰਿਹਾ ਸੀ ਕਿ ਤੇਰੀ ਬੁੱਕਲ ਚ ਸਿਰ ਦੇ ਕੇ ਰੋ ਲਵਾਂ ਪਰ ਹਿੰਮਤ ਹੀ ਨਾ ਕਰ ਸਕਿਆ । ਇਹ ਗੱਲ ਕਰ ਉਹ ਹੌਂਕੇ ਲੈ ਲੈ ਕੇ ਰੋਣ ਲੱਗਾ ਤੇ ਮੇਰੀ ਵੀ ਭੁੱਬ ਨਿਕਲ ਗਈ । ਸਾਨੂੰ ਦੇਖ ਉਹ ਨਵੀਂ ਵਿਆਹੀ ਵੀ ਰੋਣ ਲੱਗ ਗਈ । ਐਨੇ ਨੂੰ ਜਗਜੀਤ ਸਕੂਲੋਂ ਆ ਗਿਆ ਤੇ ਮੈਨੂੰ ਰੋਂਦੀ ਦੇਖ ਭੱਜ ਕੇ ਮੇਰੇ ਗੱਲ ਲੱਗ ਗਿਆ ਤੇ ਕਿਹਾ ਕਿ ਮੰਮਾ ਨਾ ਰੋ, ਤੈਨੂੰ ਮੈੰ ਰੋਂਦੇ ਨਹੀਂ ਦੇਖ ਸਕਦਾ । ਭਰਾ ਗੱਲ ਸੁਣ ਉੱਚੀ ਉੱਚੀ ਰੋਣ ਲੱਗਾ ਕਿ ਹਾਏ ਰੱਬਾ ਮੈਂ ਕਿਵੇਂ ਆਵਦੀ ਮਾਂ ਨੂੰ ਰੋਂਦੀ ਵਿਲਕਦੀ ਨੂੰ ਮਾਰ ਦਿੱਤਾ …। ਜਗਜੀਤ ਮੇਰੀ ਬੁੱਕਲ ਚੋ ਉੱਤਰ ਕੇ ਮਾਮੇ ਦੀ ਬੁੱਕਲ ਚ ਚਲਾ ਗਿਆ ਤੇ ਉਸਦੀਆਂ ਅੱਖਾਂ ਪੂੰਝ ਕੇ ਕਹਿੰਦਾ ਕਿ ਮਾਮੂ ਤੁਸੀਂ ਨਾ ਰੋਵੋ ।ਭਰਾ ਹੈਰਾਨ ਹੋਇਆ ਤੇ ਉਸਦੀ ਗੱਲ ਸੁਣ ਚੁੱਪ ਕਰ ਗਿਆ । ਮੈੰ ਕਿਹਾ ਕਿ ਅਸੀਂ ਅਕਸਰ ਫ਼ੇਸਬੁੱਕ ਤੇ ਥੋਡੀਆਂ ਸਾਰਿਆਂ ਦੀ ਫ਼ੋਟੋ ਦੇਖਦੇ ਰਹਿੰਦੇ ਆ ਤੇ ਮੈਂ ਇਹਨੂੰ ਦੱਸਦੀ ਰਹਿੰਦੀ ਹਾਂ ਕਿ ਇਹ ਨਾਨੂ ਆ , ਇਹ ਮਾਮੂ ਆ । ਵੀਰ ਨੇ ਘੁੱਟ ਕੇ ਜਗਜੀਤ ਨੂੰ ਗਲ ਨਾਲ ਲਗਾ ਲਿਆ । ਮੈਂ ਮਾਹੌਲ ਬਦਲਦੇ ਕਿਹਾ ਕਿ ਚਲੋ ਮੈਂ ਖੀਰ ਬਣਾ ਕੇ ਲੈ ਕੇ ਆਉਣੀ ਆ । ਵੀਰ ਅੱਖਾਂ ਪੂੰਝ ਕੇ ਕਹਿਣ ਲੱਗਾ , “ਕੋਈ ਨਾ ਰੁਕ ਕੇ ਖਾਵਾਂਗੇ ,ਰਾਤ ਰਹਿਣ ਆਏ ਆ । ਰੱਜ ਕੇ ਸੇਵਾ ਕਰਾਂਵਾਂਗੇ ।” ਵੀਰ ਨੇ ਫੋਨ ਕੱਢ ਮੇਰੇ ਨਾਲ ਇੱਕ ਸੈਲ਼ਫ਼ੀ ਲਈ। ਮੈਂ ਰਸੋਈ ਚ ਚਲੀ ਗਈ । ਵੀਰੇ ਨੇ ਕੁਛ ਕੁ ਟਾਈਮ ਬਾਅਦ ਫ਼ੇਸਬੁੱਕ ਤੇ ਫੋਟੋ ਇਹ ਲਿਖ ਕੇ ਪੋਸਟ ਕਰ ਕੀਤੀ ਕਿ ਗਲ਼ਤੀਆਂ ਇਸੇ ਜਨਮ ਚ ਸੁਧਾਰੀਆਂ ਜਾ ਸਕਦੀਆਂ , ਭੈਣ ਨੂੰ ਪੰਜ ਸਾਲ ਬਾਅਦ ਮਿਲ ਕੇ ਇੰਝ ਲੱਗਾ ਕਿ ਜਿਵੇਂ ਮਾਂ ਨੂੰ ਮਿਲ ਰਿਹਾ ਹੋਵਾਂ । ਮੈਂ ਰਸੋਈ ਚ ਖੜ੍ਹੀ ਉਸਦਾ ਸਟੇਟਸ ਪੜ੍ਹ ਰੋ ਰਹੀ ਸੀ ਤੇ ਕਾਸ਼ ਅੱਜ ਜਗਜੀਤ ਦਾ ਪਿਉ ਜਿਉਂਦਾ ਹੁੰਦਾ ਤਾਂ ਅੱਗਾ ਤੱਗਾ ਸਾਰਾ ਸਾਂਭ ਲੈਂਦਾ ਤੇ ਮੈਨੂੰ ਰੋਂਦੀ ਨੂੰ ਵੀ ।
ਮੌਕੇ ਭੁੱਲਦੇ ਤਾਂ ਸਾਰੀ ਉਮਰ ਨਹੀਂ ਪਰ ਖਾਸ ਮੌਕਿਆਂ ਤੇ ਦੂਣਾ ਯਾਦ ਆਉਂਦੇ ਹਨ ।
ਕਾਪੀ: ਹਰਪਾਲ ਸਿੰਘ ‘ਮਾਹੀ’।