More Punjabi Kahaniya  Posts
ਗਰੀਬ ਅਤੇ ਬੇਬਸ


ਸਰਦਾਰ ਸਾਬ ਦੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ..
ਦੱਬੇ ਪੈਰੀ ਬਿਨਾ ਦੱਸਿਆ ਹੀ ਆਉਂਦੇ..ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ!
ਇੱਕ ਵਾਰ ਆਪਣੇ ਭੁੰਜੇ ਹੀ ਚਾਦਰ ਵਿਛਾ ਰਹਿਰਾਸ ਸਾਬ ਦਾ ਪਾਠ ਕਰ ਰਿਹਾ ਸਾਂ ਕੇ ਬਾਹਰ ਬਿੜਕ ਜਿਹੀ ਹੋਈ..ਸਰਦਾਰ ਹੂਰੀ ਸਨ..!
ਆਖਣ ਲੱਗੇ ਮਾਨ ਸਿਆਂ ਗੱਲ ਕਰਨੀ ਏ…
ਗਹੁ ਨਾਲ ਵੇਖਿਆ..ਸਰਦਾਰ ਹੁਰਾਂ ਦੀਆਂ ਅੱਖਾਂ ਵਿਚ ਤੈਰਦਾ ਹੋਇਆ ਨਮੀਂ ਦਾ ਸਮੁੰਦਰ ਸਾਫ ਦਿਸ ਰਿਹਾ ਸੀ..!
ਕਾਹਲੀ ਨਾਲ ਗੁਟਕਾ ਸਾਬ ਰੁਮਾਲ ਵਿਚ ਲਪੇਟਦੇ ਹੋਏ ਨੇ ਪੁੱਛ ਲਿਆ ਸਾਬ ਜੀ ਕੀ ਗੱਲ ਏ..ਸੁਖ-ਸਾਂਦ ਤੇ ਹੈ?
ਓਹਨਾ ਅੱਖਾਂ ਸਾਫ ਕੀਤੀਆਂ..ਤੇ ਫੇਰ ਆਖਣ ਲੱਗੇ ਕੇ ਯਾਰ ਜਦੋਂ ਤੇਰੇ ਕਮਰੇ ਵਿਚ ਆਇਆ ਸਾਂ ਤੇ ਦੇਖਿਆ ਤੂੰ ਬਾਣੀ ਪੜਨ ਵਿਚ ਮਗਨ ਸੈਂ..ਫੇਰ ਬਾਹਰ ਨੂੰ ਗਿਆ ਤਾਂ ਦੇਖਿਆ ਭੱਠੀ ਤੇ ਕੰਮ ਕਰਦੇ ਉਹ ਦੋਵੇਂ ਪਿਓ-ਪੁੱਤ ਥੱਲੇ ਭੋਏਂ ਤੇ ਪਰਨਾ ਵਿਛਾ ਕੇ ਆਰਾਮ ਨਾਲ ਇੱਕਠੇ ਬੈਠ ਰਾਤ ਦਾ ਰੋਟੀ-ਟੁੱਕ ਖਾ ਰਹੇ ਸਨ..!
ਓਹਨਾ ਅੱਗੇ ਪਈਆਂ ਰੋਟੀਆਂ..ਕੁੱਟੀ ਹੋਈ ਚਟਨੀ ਅਤੇ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਦੇਖ ਉਹ ਸਾਰੇ ਪਕਵਾਨ ਚੇਤੇ ਆ ਗਏ ਜਿਹੜੇ ਡਾਕਟਰਾਂ ਨੇ ਖਰਾਬ ਸਿਹਤ ਦੇ ਚੱਲਦਿਆਂ ਸਦਾ ਲਈ ਖਾਣ ਤੋਂ ਮਨਾ ਕੀਤੇ ਹੋਏ ਨੇ..
ਨਾਲ ਹੀ ਹਮੇਸ਼ਾਂ ਹੀ ਵਿਦੇਸ਼ੀ ਟੂਰਾਂ ਤੇ ਨਿੱਕਲਿਆ ਰਹਿੰਦਾ ਤੇਰਾ ਨਿੱਕਾ ਸਰਦਾਰ ਚੇਤੇ ਆ ਗਿਆ..ਪਤਾ ਨੀ ਕਿੰਨਾ ਚਿਰ ਹੋ ਗਿਆ ਸਾਨੂੰ ਦੋਹਾਂ ਨੂੰ ਇਕੱਠਿਆਂ ਕੋਲ ਕੋਲ ਬੈਠ ਰੋਟੀ ਖਾਦਿਆਂ ਨੂੰ..ਮੈਨੂੰ ਤੇ ਇਹ ਵੀ ਨਹੀਂ ਪਤਾ ਹੁਣ ਉਹ ਹੈ ਕਿਹੜੇ ਮੁਲਖ ਵਿਚ..!
ਤੈਨੂੰ ਪਾਠ ਕਰਦੇ ਨੂੰ ਵੇਖ ਅੰਦਰੋਂ ਫਿਟਕਾਰ ਜਿਹੀ ਪਈ ਕੇ ਯਾਦ ਕਰ ਵੱਡਿਆ ਸਰਦਾਰਾ..ਆਖਰੀ ਵਾਰ ਤੂੰ ਖੁਦ ਇੰਝ ਭੋਏਂ ਤੇ ਬੈਠ ਕੇ ਪਾਠ ਕਦੋਂ ਕੀਤਾ ਸੀ..!
ਲੋਰ ਵਿਚ ਆਏ ਸਰਦਾਰ ਜੀ ਗੱਲਾਂ ਕਰੀ ਜਾ ਰਹੇ ਸਨ..!
ਆਹਂਦੇ ਯਾਰ ਲੋਕੀ ਮੈਨੂੰ ਰਾਜਾ ਸਮਝਦੇ ਨੇ ਪਰ ਮੇਰੇ ਪੱਲੇ ਬੱਸ ਚੋਵੀ ਘੰਟੇ ਦੀ “ਭਟਕਣ” ਹੀ ਰਹਿ ਗਈ ਏ..
ਓਹੀ “ਭਟਕਣ” ਜਿਸਨੂੰ ਦੁਨੀਆ ਅਮੀਰੀ ਅਤੇ ਵੱਡੇਪਣ ਦਾ ਨਾਮ ਦਿੰਦੀ ਏ..
ਸਿਜਦੇ ਸਲਾਮਾਂ ਕਰਦੀ ਏ..ਰੋਹਬ ਮੰਨਦੀ ਏ..ਅਤੇ ਜਿਹੜੀ ਹਮੇਸ਼ਾਂ...

ਹੀ ਮੇਰੇ ਵਰਗਿਆਂ ਨੂੰ ਇਸ ਭਰਮ ਭੁਲੇਖੇ ਵਿਚ ਪਾਈ ਰੱਖਦੀ ਏ ਕੇ ਕੋਲ ਜਿੰਨੀ ਜਿਆਦਾ ਮਾਇਆ ਆਵੇਗੀ ਓਨੇ ਹੀ ਵੱਧ ਸੁਖੀ ਅਤੇ ਖੁਸ਼ ਹੋਵਾਂਗੇ..!
ਮ੍ਰਿਗ ਤ੍ਰਿਸ਼ਨਾ ਦਿਨੋਂ ਦਿਨ ਵਧੀ ਹੀ ਜਾਂਦੀ ਏ..ਥੰਮਣ ਦਾ ਨਾਮ ਹੀ ਨਹੀਂ ਲੈਂਦੀ..
ਪਰ ਹੁਣ ਥੱਕ ਗਿਆ ਹਾਂ..ਸੋਚਦਾ ਦੋ ਘੜੀਆਂ ਬੈਠ ਆਰਾਮ ਕਰ ਲਵਾਂ..ਪਰ ਫੇਰ ਬੇ-ਲਗਾਮ ਮਨ ਅਵਾਜ ਦਿੰਦਾ ਏ..ਨਾ-ਨਾ ਆਰਾਮ ਨਾ ਕਰੀਂ..ਪਿੱਛੇ ਰਹਿ ਜਾਵੇਂਗਾ..ਬਾਕੀ ਅਗਾਂਹ ਨਿੱਕਲ ਤੇਰਾ ਮੌਜੂ ਉਡਾਉਣਗੇ..!
ਮੈਂ ਫੇਰ ਅੰਨੀ ਸੁਰੰਗ ਵਿਚ ਭੱਜ ਉੱਠਦਾ ਹਾਂ..ਰਾਤੀ ਸੁੱਤੇ ਪਿਆ ਵੀ ਫਿਕਰ ਖਾਈ ਜਾਂਦਾ ਏ ਕੇ ਪਤਾ ਨੀ ਫਰੀਦਾਬਾਦ ਫੈਕਟਰੀ ਵਿਚ ਮਾਲ ਪੁੱਜਾ ਏ ਕੇ ਨਹੀਂ..ਨੋਇਡਾ ਵਾਲੀ ਵਿਚ ਲੇਬਰ ਆਈ ਕੇ ਨਹੀਂ..ਲੁਧਿਆਣੇ ਕੰਮ ਸ਼ੁਰੂ ਹੋਇਆ ਕੇ ਨਹੀਂ..ਸ਼ੇਅਰ ਮਾਰਕੀਟ ਡਿੱਗ ਤਾਂ ਨਹੀਂ ਪਈ ਰਾਤੋ ਰਾਤ?
ਡਾਕਟਰ ਕਾਲ ਕਰ ਲਵੇਂ ਤਾਂ ਤਰਾਹ ਨਿੱਕਲ ਜਾਂਦਾ..ਕਿਧਰੇ ਟੈਸਟਾਂ ਦੀ ਰਿਪੋਰਟ ਤਾਂ ਨੀ ਗ਼ਲਤ ਆ ਗਈ?
ਭਰਾਵਾਂ ਵਿਚ ਵੰਡ-ਵੰਡਾਈ ਵਾਲੇ ਚੱਕਰ..ਕੋਰਟ ਵਿਚ ਚੱਲਦੇ ਕਿੰਨੇ ਸਾਰੇ ਮੁੱਕਦਮੇ..ਤੇ ਹੋਰ ਵੀ ਬੜਾ ਕੁਝ..!
ਅਖੀਰ ਵਾਹਵਾ ਚਿਰ ਮਨ ਦਾ ਸਾਰਾ ਗੁਬਾਰ ਕੱਢ ਦੂਰ ਖਲੋਤੇ ਡਰਾਈਵਰ ਨੂੰ ਵਾਜ ਮਾਰ ਲਈ..ਆਖਣ ਲੱਗੇ “ਯਾਰ ਈਰਖਾ ਜਿਹੀ ਹੋਈ ਜਾਂਦੀ ਏ ਤੁਹਾਨੂੰ ਲੋਕਾਂ ਨੂੰ ਵੇਖ..ਕਿੰਨਾ ਕੀਮਤੀ ਸਰਮਾਇਆ ਸਾਂਭੀ ਬੈਠੇ ਹੋ ਤੁਸੀਂ ਲੋਕ..
ਉਹ ਸਰਮਾਇਆ ਜਿਹੜਾ ਸ਼ਾਇਦ ਮੇਰਾ ਵਰਗਾ ਸਰਮਾਏਦਾਰ ਭਾਵੇਂ ਸਾਰੀ ਜਾਇਦਾਤ ਵੀ ਕਿਓਂ ਨਾ ਵੇਚ ਦੇਵੇ ਤਾਂ ਵੀ ਕਦੀ ਹਾਸਿਲ ਨਹੀਂ ਕਰ ਸਕਦਾ..”!
ਆਪਣੀ ਗਰੀਬੀ ਅਤੇ ਤੰਗੀਆਂ ਤੁਰਸ਼ੀਆਂ ਬਾਰੇ ਸੋਚ ਅਕਸਰ ਹੀ ਰੱਬ ਨਾਲ ਸ਼ਿਕਵੇ-ਸ਼ਿਕਾਇਤਾਂ ਕਰਦੇ ਰਹਿੰਦੇ ਮੈਨੂੰ ਖੁਦ ਨੂੰ ਉਸ ਦਿਨ ਸਰਦਾਰ ਹੁਰਾਂ ਦੇ ਤੁਰ ਜਾਣ ਮਗਰੋਂ ਸੱਚ-ਮੁੱਚ ਹੀ ਬੜਾ ਜਿਆਦਾ ਸੁਕੂਨ ਜਿਹਾ ਮਿਲਿਆ..ਪਹਿਲੀ ਵੇਰ ਇੰਝ ਮਹਿਸੂਸ ਹੋਇਆ ਜੀਵੇਂ ਮਹਿੰਗੀ ਗੱਡੀ ਵਿਚ ਬੈਠਾ ਇੱਕ ਵੱਡਾ ਇਨਸਾਨ ਅਸਲ ਵਿਚ ਮੇਰੇ ਨਾਲੋਂ ਵੀ ਕਿਤੇ ਵੱਧ ਗਰੀਬ ਅਤੇ ਬੇਬਸ ਸੀ!
(ਅਸਲ ਵਾਪਰੀ ਤੇ ਅਧਾਰਿਤ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)