ਹੁਣੀ ਹੁਣ ਪੈਰਾਸਿਟਾਮੋਲ ਖਰੀਦਣ ਲਈ ਇੱਕ ਮੈਡੀਕਲ ਤੇ ਜਾਣਾ ਪਿਆ।ਸਭ ਲਾਈਨ ਚ ਲੱਗੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਮੇਰੇ ਮੂਹਰੇ ਇੱਕ ਬਾਬਾ ਇੱਕ ਪਰਨਾ ਲਪੇਟੀ ਤੇ ਫਟੀ ਹੋਈ ਬੁਨੈਣ ਪਾਈ ਖੜ੍ਹਾ ਸੀ, ਚਿਹਰਾ ਉਦਾਸੀ ਤੇ ਮਾਯੂਸੀ ਨਾਲ ਭਰਿਆ ਹੋਇਆ।
ਆਪਣੇ ਨੰਬਰ ਆਉਣ ਤੇ ਦਵਾਈ ਲਈ ਤੇ ਪਰਨੇ ਵਿਚੋਂ ਪੈਸੇ ਕੱਢ ਕੇ ਦੇਣ ਲਈ ਇੱਕ ਪਾਸੇ ਖੜ੍ਹਾ ਹੋ ਗਿਆ। ਮੈਂ ਵੀ ਪੈਰਾਸਿਟਾਮੋਲ 650 ਦਾ ਪੱਤਾ ਮੰਗਿਆ। ਦੁਕਾਨਦਾਰ ਨੇ ਕਿਹਾ ਖ਼ਤਮ ਹੋ ਗਈ। ਇੱਕ ਹੀ ਪੱਤਾ ਸੀ ਜੋ ਇਸ ਬਾਬੇ ਨੂੰ ਦੇ ਦਿੱਤਾ।
ਮੈਂ ਚੁੱਪ ਚਾਪ ਓਥੋਂ ਨਿਕਲਣ ਲੱਗਾ , ਫਿਰ ਬਾਬੇ ਨੇ ਕਿਹਾ,” ਮੇਰੇ ਵਾਲੇ ਪੱਤੇ ਵਿਚੋਂ ਅੱਧਾ ਇਹਨੂੰ ਦੇ ਦੇਵੋ। ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਸੇ ਹੋਰ ਦੁਕਾਨ ਤੋਂ ਲੈ ਲਵਾਗਾਂ। ਤੁਹਾਨੂੰ ਵੀ ਇਹਦੀ ਜਰੂਰਤ ਹੈ।
ਬਾਬੇ ਨੇ ਕਿਹਾ ਕਿ ਇੱਕ ਹੀ ਰਾਤ ਚ ਥੋੜੀ ਸਾਰੀਆਂ ਗੋਲੀਆਂ ਖਾ ਲੈਣੀਆਂ, ਸਾਹਮਣੇ ਵਾਲੀ ਫੁੱਟਪਾਥ ਤੇ ਮੇਰੀ ਘਰਵਾਲ਼ੀ ਪਈ ਹੈ। ਉਹਨੂੰ ਬੁਖਾਰ ਹੈ।ਇੱਕ ਗੋਲੀ ਅੱਜ ਰਾਤ ਖਾਣੀ ਹੈ।ਇੱਕ ਕੱਲ੍ਹ ਫਿਰ ਵੀ ਬਚ ਹੀ ਜਾਣੀਆਂ। ਤੂੰ ਅੱਧਾ ਪੱਤਾ ਲੈ...
ਜਾ।ਅੱਜ ਰਾਤ ਲਈ ਤੇਰਾ ਵੀ ਡੰਗ ਸਰ ਜਾਊਗਾ।
ਦੁਕਾਨਦਾਰ ਨੇ ਕੈਂਚੀ ਨਾਲ ਕੱਟਕੇ ਪੰਜ ਗੋਲ਼ੀਆਂ ਦੇ ਦਿੱਤੀਆਂ। ਤੇ ਬੋਲਿਆ ਤੁਸੀਂ ਇਹਨਾਂ ਨੂੰ ਹੀ ਪੈਸੇ ਦੇ ਦੇਵੋ। ਜਿਵੇਂ ਹੀ ਮੈਂ ਪੰਜ ਗੋਲੀਆਂ ਦੇ ਪੈਸੇ ਦੇਣ ਲੱਗੇ ਤਾਂ ਉਹਨੇ ਕਿਹਾ ਛੱਡ ਪੁੱਤ ਤੇਰੇ ਤੋਂ ਐਨੀਂ ਕੁ ਚੀਜ਼ ਦੇ ਪੈਸੇ ਕਿਉਂ ਲੈਣੇ। ਆਖ ਕੇ ਉਹ ਓਥੋਂ ਤੁਰ ਪਿਆ। ਮੈਂ ਵੀ ਉਹਦੇ ਮਗਰ ਮਗਰ ਤੁਰ ਰਿਹਾ ਸੀ। ਸਾਹਮਣੇ ਕੁੱਲੀ ਵਿੱਚ ਉਹ ਬਾਬਾ ਵੜ ਗਿਆ। ਜਿਸ ਵਿਚੋਂ ਹਲਕੀ ਰੋਸ਼ਨੀ ਆ ਰਹੀ ਸੀ। ਮੇਰੀ ਹਿੰਮਤ ਨਾ ਛਪੀ ਕਿ ਉਹਦੇ ਅੰਦਰ ਜਾ ਸਕਾਂ। ਕਿਵੇਂ ਉਹਨਾਂ ਦਾ ਧੰਨਵਾਦ ਕਰਾਂ।
ਅੱਜ ਜਦੋਂ ਕਰੋੜਾਂ ਕਮਾਉਣ ਵਾਲੇ ਤੇ ਮਹਿਲਾਂ ਚ ਰਹਿਣ ਵਾਲੇ ਨਕਲੀ ਦਵਾਈਆਂ ਦਾ ਕਾਰੋਬਾਰ ਕਰਨ ਲੱਗੇ ਹੋਏ ਹਂ4 ਅਜਿਹੇ ਵਕਤ ਕੋਈ ਇਨਸਾਨ ਆਪਣੇ ਹਿੱਸੇ ਦੀ ਦਵਾਈ ਵੀ ਮੈਂਨੂੰ ਦੇ ਗਿਆ।
(ਹਿੰਦੀ ਤੋਂ ਅਨੁਵਾਦ)
ਹਰਜੋਤ ਸਿੰਘ