*** />
ਮਾਂ ਦੇ ਫ਼ਿਕਰ ਮੈਨੂੰ ਥੋੜ੍ਹੇ ਥੋੜ੍ਹੇ ਓਦੋਂ ਸਮਝ ਆਉਣ ਲੱਗੇ ਜਦੋਂ ਮੇਰੇ ਪੁੱਤ ਨੇ ਪੰਦਰਵੇਂ ਸਾਲ ‘ਚ ਪੈਰ ਪਾਇਆ।ਦੋ ਮਿੰਟ ਦੁਕਾਨ ਤੇ ਗਏ ਨੂੰ ਪਾਗਲਾਂ ਵਾਂਗ ਉਡੀਕਦਾ,ਸਕੂਲੋਂ ਲੇਟ ਹੁੰਦਾ ਤਾਂ ਅਜੀਬ ਵਿਚਾਰ ਮਨ ‘ਚ ਆਈ ਜਾਂਦੇ।ਇੱਕ ਦਿਨ ਤਾਂ ਹੱਦ ਹੀ ਹੋ ਗਈ।ਸਕੂਲ ਦੇ ਸਮੇਂ ਤੋੰ ਘੰਟਾ ਵੱਧ ਹੋ ਗਿਆ..ਤੇ ਸਾਡੇ ਲਾਡਲੇ ਦਾ ਕੋਈ ਅਤਾ ਪਤਾ ਨਾ!ਸਕੂਲ ਫ਼ੋਨ ਕੀਤਾ ਤਾਂ ਓਹ ਕਹਿੰਦੇ ਕਿ ਛੁੱਟੀ ਹੁੰਦੇ ਸਾਰ ਹੀ ਨਿਕਲ਼ ਗਿਆ ਸੀ ਓਹ ਤਾਂ..!ਬਦਹਵਾਸੀ ‘ਚ ਓਹਦੇ ਦੋਸਤਾਂ,ਅਧਿਆਪਕਾਂ ਨੂੰ ਫ਼ੋਨ ਲਾਏ ਪਰ ਕਿਸੇ ਨੂੰ ਕੋਈ ਖ਼ਬਰ ਨਹੀੰ ਸੀ ਕਿ ਅਚਾਨਕ ਗਲ਼ੀ ‘ਚੋਂ ਆਉਂਦਾ ਦਿਸ ਪਿਆ।
‘ਮਾਂ’ ਬੇਸ਼ੱਕ ਮੈਨੂੰ ਬਹੁਤ ਪਿਆਰੀ ਸੀ ਪਰ ਓਹਦੀ ਟੋਕਾ ਟਾਕੀ…ਉਫ਼..ਫ..ਫ਼..।
ਅਜੇ ਤਿਆਰ ਹੋਣ ਈ ਲੱਗਦਾ,ਆ ਖੜ੍ਹੀ ਹੋ ਜਾਂਦੀ,”ਕਿੱਥੇ ਚੱਲਿਆਂ?ਕਦੋਂ ਆਏੰਗਾ?ਕੀਹਦੇ ਨਾਲ਼ ਚੱਲਿਆਂ…?” ਅਜਿਹੇ ਸੌ ਸਵਾਲ ਕਰਦੀ।ਮੈਂ ਖਿਝ ਕੇ ਆਖਦਾ,” ਸੌ ਥਾਂ ਜਾਣਾ ਹੁੰਦਾ ਮੈਂ..ਲਿਖ ਕੇ ਨਾ ਰੱਖ ਜਾਂ?”
“ਵੇ..ਗੁੱਸੇ ਕਾਹਨੂੰ ਹੁੰਨਾ..ਵੇਲ਼ਾ ਬਾਹਲ਼ਾ ਈ ਮਾੜਾ ਪੁੱਤ..ਪਤਾ ਤਾਂ ਹੋਵੇ ਵੀ ਕਿੱਥੇ ਗਿਆ..।” ਕਹਿ ਕੇ ਤੁਰ ਜਾਂਦੀ।
ਪਲ਼ਾਂ ‘ਚ ਖਾਣ ਨੂੰ ਕੁਝ ਲੈ ਆਉਂਦੀ,”ਚੰਗਾ ਮੇਰਾ ਬੀਬਾ ਪੁੱਤ!ਆਹ ਪਰੌੰਠਾ ਖਾ ਕੇ ਜਾਈੰ..।ਬਾਹਰ ਭੁੱਖਾ ਈ ਫਿਰਦਾ ਰਹੇੰਗਾ..।”
ਮੈਂ ਕਦੇ ਖਾ ਲੈਣਾ ਤੇ ਕਦੇ ਓਵੇੰ ਤੁਰ ਜਾਣਾ।
ਕਾਲਜ ਤੋੰ ਮੁੜਨਾ ਤਾਂ ਬਾਰ ‘ਚ ਬੈਠੀ ਹੁੰਦੀ।ਪੰਜ ਮਿੰਟ ਵੀ ਲੇਟ ਹੁੰਦਾ ਤਾਂ ਫੇਰ ਸੌ ਸਵਾਲ ਪੁੱਛਦੀ।
ਮੈਂ ਕਹਿੰਦਾ,”ਮਾਂ ਤੇਰੇ ਤਾਂ ਦਮਾਗ ‘ਚ ਘੜੀ ਫਿੱਟ ਆ…ਕਈ ਵਾਰੀ ਟੈਮ ਵੱਧ ਵੀ ਲੱਗ ਜਾਂਦਾ।”
ਪੇਪਰ ਦੇਣ ਜਾਣਾ ਹੁੰਦਾ ਤਾਂ ਘੜੀ ਮੁੜੀ ਕੋਲ਼ ਆ ਖੜ੍ਹਦੀ,”ਪੈੱਨ ਲੈ ਲਿਆ…ਪੈੱਨ ਦੋ ਲੈ ਜੀੰ..ਰੋਲ਼ ਨੰਬਰ ਰੱਖ ਲਿਆ ਕਿ ਨਹੀੰ?”
ਕਦੇ ਬਾਹਰੋਂ ਆਏ ਦੀਆਂ ਜੇਬਾਂ ਫਰੋਲ਼ਦੀ।ਮੈੰ ਹੱਸਣ ਲਗਦਾ,”ਇਹਦੇ ‘ਚੋੰ ਕੀ ਭਾਲ਼ਦੀ ਆਂ ਮਾਂ?”
“ਵੇ..ਤੈਨੂੰ ਕੀ ਪਤਾ?ਬਥੇਰਾ ਗੰਦ ਖਾਂਦੇ ਆ ਅੱਜਕੱਲ ਦੇ ਮੁੰਡੇ..ਕਿਤੇ ਵਗਾੜ ਈ ਨਾ ਦੇਣ ਤੈਨੂੰ..।ਆਹ ਕੈਲੇ ਕੇ ਜੱਗੀ ਨਾਲ਼ ਨਾ ਰਲ਼ਿਆ ਕਰ..ਕਿੰਨੀ ਆਰ ਕਿਹਾ ਤੈਨੂੰ ..।”
ਮੈਨੂੰ ਖਿਝ ਵੀ ਆਉਂਦੀ ਤੇ ਹਾਸਾ ਵੀ,”ਲੈ ਜੀਹਦੀ ਤੇਰੇ ਅਰਗੀ ਜਸੂਸ ਮਾਂ ਹੋਵੇ,ਓਹ ਕਿਵੇਂ ਵਿਗੜ ਜੂ ਭਲਾ?”
ਮੇਰਾ ਵਿਆਹ ਵੀ ਹੋ ਗਿਆ ਪਰ ਮਾਂ ਦੀਆਂ ਆਦਤਾਂ ਨਾ ਬਦਲੀਆਂ।ਕਿਤੇ ਜਾਣ ਲਗਦੇ ਤਾਂ ਕਹਿੰਦੀ ,”ਧਿਆਨ ਨਾਲ਼ ਜਾਇਓ ਪੁੱਤ..ਗੱਡੀ ਹੌਲ਼ੀ ਚਲਾਈਂ..ਅੈਵੇੰ ਸੱਟ ਫੇਟ ਮਾਰ ਜਾਂਦਾ ਹੁੰਦਾ ਕੋਈ..।”
ਮੈਂ ਗੱਲ ਅਣਸੁਣੀ ਕਰ ਛੱਡਣੀ ਕਿ ਮਾਂ ਦੀ ਤਾਂ ਆਦਤ ਈ ਆ ।
ਜਾਂਦੇ ਜਾਂਦੇ ਫੇਰ ਕਹਿੰਦੀ,ਚੰਗਾ ਜਾ ਕੇ ਫ਼ੋਨ ਕਰ ਦੀੰ…।”
” ਲੈ..ਫ਼ੋਨ ਨੂੰ ਕਿਹੜਾ ਪਰਦੇਸ ਚੱਲੇ ਆਂ….।” ਮੈਂ ਮਨ ਹੀ ਮਨ ਸੋਚਦਾ।
ਸੱਚੀੰ ਦੱਸਾਂ ਤਾਂ ਕਦੇ ਕਦੇ ਅਜ਼ਾਦੀ ‘ਚ ਵਿਘਨ ਪਾਉੰਦੀ ਲਗਦੀ ਮਾਂ!
“ਨਾ ਹੁਣ ਮੈੰ ਕੋਈ ਨਿਆਣਾ ?ਪੱਚੀਆਂ ਦਾ ਹੋ ਗਿਆਂ…।ਹਾਲੇ ਵੀ ਮੈਨੂੰ ਪੰਜ ਸਾਲ ਦਾ ਬਾਲ ਈ ਸਮਝਦੀ ਆ..।”
ਕਦੇ ਕਦੇ ਤਾਂ ਜੀਅ ਕਰਦਾ ਭੱਜ ਹੀ ਜਾਵਾਂ ਘਰੋਂ ..।
“ਕਿੱਥੇ ਸੀ ਐਨਾ ਚਿਰ?”ਮੇਰੇ ਗੁੱਸੇ ਦਾ ਅੰਤ ਨਾ ਰਿਹਾ।
” ਸਾਇਕਲ ਖ਼ਰਾਬ ਹੋ ਗਿਆ ਸੀ ਪਾਪਾ..ਠੀਕ ਕਰਾਉੰਦਾ ਸੀ।”
“ਫ਼ੋਨ ਕਰਕੇ ਦੱਸ ਤਾਂ ਸਕਦਾ ਸੀ..।”ਕਹਿੰਦੇ ਸਾਰ ਮੈਨੂੰ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਹੀ ਗਿਆ।
ਮੈਨੂੰ ਹੁਣ ਮਾਂ ਦੀ ਟੋਕਾ ਟਾਕੀ ਤੇ ਖਿਝ ਆਉਣੋ ਹਟ ਗਈ।
ਕੁਝ ਦਿਨਾਂ ਮਗਰੋਂ ਮਾਂ ਬਿਮਾਰ ਪੈ ਗਈ ।ਕਮਜ਼ੋਰੀ ਵੀ ਬੜੀ ਆ ਗਈ ਬੁਖਾਰ ਨਾਲ਼!ਬਾਹਰੋੰ ਆਇਆ ਤਾਂ ਮਾਂ ਕੋਲ਼ ਕੁਰਸੀ ਤੇ ਜਾ ਬੈਠਾ..।ਕੁਝ ਪਲ਼ ਮਗਰੋਂ ਮਹਿਸੂਸ ਹੋਇਆ ਜਿਵੇਂ ਮਾਂ ਦੀ ਨਬਜ਼ ਚੱਲਣੋ ਹਟ ਗਈ ਹੋਵੇ।ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਰੀਲ ਅੱਖਾਂ ਮੂਹਰੇ ਘੁੰਮ ਗਈ ਤੇ ਮੈਂ ਉੱਚੀ ਉੱਚੀ ਰੋਣ ਲੱਗਾ…” ਏਹੋ ਜੀ ਅਜ਼ਾਦੀ ਨਾਲ਼ੋੰ,ਤੇਰੀ ਗੁਲਾਮੀ ਚੰਗੀ!ਤੂੰ ਮੁੜ ਆ ਮਾਂ..ਨਾ ਜਾ ਮਾਂ…!”
“ਵੇ..ਕਿਉਂ ਬੂਹਕੀ ਜਾਨਾਂ..ਸੁਪਨੇ ‘ਚ..ਕਿਤੇ ਨੀ ਗਈ ਮੈੰ..ਗੋਲ਼ੀ ਲੈ ਕੇ ਸੁੱਤੀ ਸੀ ..।”
“ਹੈੰ..ਸੱਚੀੰ?”
ਮੈਂ ਥੱਕਿਆ ਹੋਇਆ ਕੁਰਸੀ ਤੇ ਬੈਠਾ ਹੀ ਸੌੰ ਗਿਆ ਸੀ ।
ਮਾਂ ਉੱਠ ਕੇ ਬੈਠ ਗਈ,”ਹੇ..ਖਾਂ..ਕਿਵੇਂ ਖੇਖਣ ਕਰਦਾ..?ਅਜੇ ਨੀਂ ਮਰਦੀ ਮੈੰ…।”
“ਹਜੇ ਮੈਂ ਜਾਣ ਵੀ ਨੀੰ ਦੇਣਾ..।” ਕਹਿ ਕੇ ਮੈਂ ਮਾਂ ਦੀ ਗੋਦ ਵਿੱਚ ਸਿਰ ਰੱਖ ਲਿਆ ਤੇ ਫ਼ੇਰ ਬੱਚਾ ਬਣ ਗਿਆ।
ਦੀਪ ਵਿਰਕ
ਜੁਲਾਈ 24,2021
ਤੂੰ ਨਾ ਜਾਵੀਂ ਮਾਂ