More Punjabi Kahaniya  Posts
ਆਫ਼ਤ


ਪਿਛਲੇ ਕਈ ਦਿਨਾਂ ਤੋਂ ਜੰਗਲ ਤੇ ਆਲੇ ਦੁਆਲੇ ਦਾ ਸ਼ਾਂਤਮਈ ਵਾਤਾਵਰਨ ਦੇਖ ਕੇ ਸ਼ੇਰ ਨੇ ਸਾਰੇ ਜਾਨਵਰਾਂ ਦੀ ਇੱਕ ਮੀਟਿੰਗ ਬੁਲਾਈ। ਹਰ ਕਿਸੇ ਨੂੰ ਇਸ ਸ਼ੋਰ ਰਹਿਤ ਤੇ ਸੁਹਾਵਣੇ ਵਾਤਾਵਰਨ ਦਾ ਕਾਰਨ ਪੁੱਛਿਆ। ਸਾਰੇ ਜਾਨਵਰਾਂ ਤੇ ਪੰਛੀਆਂ ਨੇ ਇਸ ਸੰਬੰਧੀ ਆਪਣਾ-ਆਪਣਾ ਤਰਕ ਪੇਸ਼ ਕੀਤਾ। ਪਰ ਸ਼ੇਰ ਨੂੰ ਸਭ ਤੋਂ ਵਧੀਆ ਗੱਲ ਕੁੱਤੇ, ਗਾਂ, ਬਲਦ, ਸੱਪ, ਬਾਂਦਰ ਤੇ ਪੰਛੀਆਂ ਦੀ ਲੱਗੀ ਕਿਉਂਕਿ ਇਹ ਜਾਨਵਰ ਤੇ ਪੰਛੀ ਅਕਸਰ ਜੰਗਲ ਦੇ ਨਾਲ ਲੱਗਦੇ ਗੁਆਂਢੀ ਪਿੰਡਾਂ ਵਿੱਚ ਜਾਇਆ ਕਰਦੇ ਸਨ। ਸਭ ਤੋਂ ਪਹਿਲਾਂ ਕੁੱਤੇ ਨੇ ਸ਼ੇਰ ਨੂੰ ਕਿਹਾ ਕਿ ਇਸ ਸਮੇਂ ਪਿੰਡਾਂ ਤੇ ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਚੁੱਪ ਪਸਰੀ ਹੋਈ ਹੈ। ਕੋਈ ਘੱਟ ਹੀ ਬਾਹਰ ਦੇਖਣ ਨੂੰ ਮਿਲਦਾ ਹੈ। ਸੜਕਾਂ ਤੇ ਪੂਰੀ ਸੁੰਨਸਾਨ ਹੈ। ਕੋਈ ਵੀ ਸਾਧਨ ਇੱਧਰ-ਉੱਧਰ ਜਾਂਦਾ ਘੱਟ ਹੀ ਪ੍ਰਤੀਤ ਹੁੰਦਾ ਹੈ। ਮੇਰੇ ਪਿੰਡ ਵਿੱਚ ਰਹਿਣ ਵਾਲੇ ਭਰਾ ਕੁੱਤੇ ਮੌਜ ਨਾਲ ਸੜਕਾਂ ਤੇ ਸੁੱਤੇ ਰਹਿੰਦੇ ਹਨ। ਕਿਸੇ ਨੂੰ ਕੋਈ ਕੁੱਟ-ਕੁਟਾਪਾ ਨਹੀਂ ਹੁੰਦਾ। ਅਚਾਨਕ ਹੀ ਸਾਰੇ ਬੰਦੇ ਤੇ ਔਰਤਾਂ ਘਰ ਵਿੱਚ ਕੈਦ ਹੋ ਗਏ ਹਨ। ਮੈਨੂੰ ਲੱਗਦਾ ਮਨੁੱਖ ਤੇ ਕੋਈ ਆਫ਼ਤ ਆ ਗਈ ਲੱਗਦੀ ਹੈ। ਸ਼ੇਰ ਨੇ ਸਾਰੀ ਗੱਲ ਸੁਣ ਕੇ ਥੋੜੀ ਚਿੰਤਾ ਜਤਾਈ। ਇਸ ਮਗਰੋਂ ਗਾਂ ਤੇ ਬਲਦ ਨੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਹੀ ਪਿੰਡ ਦੇ ਨੇੜੇ ਚਾਰਾ ਚਰਨ ਜਾਂਦੇ ਰਹਿੰਦੇ ਹਾਂ। ਮਨੁੱਖ ਇਸ ਸਮੇਂ ਸਾਨੂੰ ਪਰੇਸ਼ਾਨੀ ਵਿੱਚ ਲੱਗਦਾ ਹੈ ਤੇ ਆਪਣੇ ਮੂੰਹ ਤੇ ਸਿੱਕਲੀ ਜਿਹੀ ਝੜਾਈ ਰੱਖਦਾ ਹੈ। ਗਾਂ ਨੇ ਬਲਦ ਦੀ ਗੱਲ ਟੋਕਦੇ ਹੋਏ ਕਿਹਾ ਕਿ ਉਹ ਸਿੱਕਲੀ ਨਹੀਂ ਹੈ, ਉਸਨੂੰ ਮਾਸ ਕਹਿੰਦੇ ਹਨ, ਮੈਂ ਆਪ ਔਰਤਾਂ ਨੂੰ ਗੱਲਾਂ ਕਰਦੇ ਹੋਏ ਸੁਣਿਆ ਹੈ। ਗਾਂ ਤੇ ਬਲਦ ਦੀ ਗੱਲ ਸੁਣ ਕੇ ਜੰਗਲ ਦੇ ਸਾਰੇ ਜਾਨਵਰ ਹੈਰਾਨ ਜਿਹੇ ਹੋ ਗਏ। ਇਸਤੋਂ ਮਗਰੋਂ ਸੱਪ ਨੇ ਆਪਣੀ ਗੱਲ ਦੱਸਦੇ ਹੋਏ ਕਿਹਾ ਕਿ ਉਂਞ ਤਾਂ ਭਾਵੇਂ ਸਾਡਾ ਇੱਟ ਕੁੱਤੇ ਦਾ ਵੈਰ ਹੈ ਪਰ ਅੱਜ ਕੱਲ੍ਹ ਸਾਰੇ ਘਰਾਂ ਦੇ ਦਰਵਾਜ਼ੇ ਬੰਦ ਰਹਿੰਦੇ ਹਨ। ਕੋਈ ਵੀ ਆਪਣਾ ਬਾਰ ਨਹੀਂ ਖੋਲਦਾ ਜਿਸ ਕਰਕੇ ਸਾਨੂੰ ਘਰਾਂ ਵਿੱਚ ਵੜਨਾ ਮੁਸ਼ਕਲ ਹੈ। ਪਰ ਹੁਣ ਇੱਕ ਗੱਲ ਹੋਰ ਹੈ ਕਿ ਸਾਡੇ ਮਗਰ ਡੰਡੇ ਤੇ ਰੋੜੇ ਲੈ ਕੇ ਕੋਈ ਨਹੀਂ ਪੈਂਦਾ। ਹਰ ਕੋਈ ਹੱਥ ਵਿੱਚ ਚਪੇੜ ਜਿਹੀ ਫੜੵ ਕੇ ਵਿਅਸਤ ਹੈ ਤੇ ਦੂਰ-ਦੂਰ ਬੈਠਾ ਹੁੰਦਾ ਹੈ। ਹੁਣ ਤਾਂ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ। ਲੱਗਦਾ ਹੈ ਜਿਵੇਂ ਸਾਡੀ ਤੇ ਮਨੁੱਖਾਂ ਦੀ ਦੁਸ਼ਮਣੀ ਖਤਮ ਹੋ ਗਈ ਹੋਵੇ। ਅਸੀਂ ਮੌਜ ਨਾਲ ਖੇਤਾਂ ਵਿੱਚ ਘੁੰਮਦੇ ਹਾਂ, ਬਿਨਾਂ ਕਿਸੇ ਰੋਕ ਟੋਕ ਤੋਂ। ਅੱਗੇ ਤਾਂ ਸਾਨੂੰ ਦੇਖਣ ਸਾਰ ਮਨੁੱਖ ਅੱਗ ਬਬੂਲਾ ਹੋ ਜਾਂਦਾ ਸੀ ਤੇ ਮਨੁੱਖ ਦਾ ਇਕਦਮ ਸੁਭਾਅ ਬਦਲਣਾ ਤੇ ਸਾਰੇ ਪਾਸੇ ਸੁੰਨਸਾਨ ਹੋਣੀ ਵੱਡੀ ਅਚੰਭੇ ਵਾਲੀ ਗੱਲ ਲੱਗਦੀ ਹੈ। ਬਾਂਦਰ ਨੇ ਇਹਨਾਂ ਸਾਰਿਆਂ ਦੀ ਗੱਲ ਸੁਣ ਕੇ ਕਿਹਾ ਕਿ ਅਸੀਂ ਹੀ ਇਹਨਾਂ ਦੇ ਵੱਡੇ-ਵਡੇਰੇ ਹਾਂ। ਮਨੁੱਖ ਬਹੁਤ...

ਮਤਲਬ ਪ੍ਰਸਤ ਹੈ। ਸਾਥੋਂ ਵਿਕਾਸ ਕਰਕੇ ਆਪ ਤਾਂ ਮਨੁੱਖ ਬਣ ਗਿਆ ਤੇ ਸਾਨੂੰ ਬਾਂਦਰ ਦਾ ਬਾਂਦਰ ਬਣਾ ਕੇ ਛੱਡ ਗਿਆ। ਅਸੀਂ ਤਾਂ ਰੁੱਖਾਂ ਦੀਆਂ ਟਾਹਣੀਆਂ ਨਾਲ ਲਟਕਦੇ ਫਿਰਦੇ ਹਾਂ ਤੇ ਆਪ ਗੱਡੀਆਂ ਤੇ ਕੋਠੀਆਂ ਦਾ ਮਾਲਕ ਬਣ ਗਿਆ। ਇਹ ਕਿਸੇ ਦਾ ਸਕਾ ਨਹੀਂ। ਇਹਨੇ ਸਾਰਾ ਵਾਤਾਵਰਨ ਦੂਸ਼ਿਤ ਕਰ ਕੇ ਰੱਖ ਦਿੱਤਾ ਹੈ। ਇਹ ਚਾਰ ਦਿਨ ਸ਼ਾਂਤੀ ਦੇ ਮਿਲੇ ਨੇ, ਨਹੀਂ ਤਾਂ ਪ੍ਰਦੂਸ਼ਣ ਨਾਲ ਇਸਨੇ ਜੀਣਾ ਹਰਾਮ ਕਰ ਛੱਡਿਆ ਸੀ। ਬਾਂਦਰ ਦੀ ਇਨਸਾਨ ਪ੍ਰਤੀ ਈਰਖਾ ਨੂੰ ਦੇਖਦੇ ਹੋਏ ਸ਼ੇਰ ਨੇ ਬਾਂਦਰ ਨੂੰ ਟੋਕਿਆ ਤੇ ਸਹੀ ਗੱਲ ਦੱਸਣ ਲਈ ਕਿਹਾ। ਬਾਂਦਰ ਕਹਿਣ ਲੱਗਾ ਕਿ ਹਜੂਰ ਸਾਹਿਬ, ਕਿਤੇ ਕੋਈ ਪਿੰਡਾਂ ਤੇ ਸ਼ਹਿਰਾਂ ਵਿੱਚ ਪੱਤਾ ਨਹੀਂ ਹਿਲਦਾ। ਚਾਰੇ ਪਾਸੇ ਚੁੱਪ ਵਰਤੀ ਹੋਈ ਹੈ। ਅਸੀਂ ਤਾਂ ਮਨੁੱਖ ਦੇ ਪੂਰਵਜ ਹੋਣ ਕਰਕੇ ਸਾਰੀ ਗੱਲ ਸਮਝਦੇ ਹਾਂ। ਅਸਲ ਵਿੱਚ ਜਨਾਬ, ਇਹਨਾਂ ਨੂੰ ਕੋਈ ਕਰੋਨਾ ਨਾਮਕ ਭਿਆਨਕ ਬਿਮਾਰੀ ਚਿੰਬੜ ਗਈ ਹੈ ਤਾਂ ਹੀ ਸੱਪਾਂ ਵਾਂਗ ਖੁੱਡਾਂ ਵਿੱਚ ਲੁੱਕਦੇ ਫਿਰਦੇ ਹਨ। ਚਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ। ਸੜਕਾਂ ਤੇ ਸਿਰਫ ਖਾਕੀ ਵਰਦੀ ਵਾਲੇ ਹੀ ਡੰਡੇ ਲਈ ਫਿਰਦੇ ਹਨ। ਬੜੀ ਭੈੜੀ ਕੁਟਾਈ ਕਰਦੇ ਹਨ। ਐਂਵੇਂ ਨਾ ਕਿਤੇ ਪਿੰਡ-ਸ਼ਹਿਰ ਵੱਲ ਨਿਕਲ ਜਾਇਓ। ਜਨਾਬ, ਐਨੇ ਬੰਦੇ ਹਰ ਰੋਜ ਮਰਦੇ ਹਨ,ਜਿੰਨੇ ਤੁਸੀਂ ਸਾਲ ਵਿੱਚ ਜਾਨਵਰ ਵੀ ਨਹੀਂ ਖਾਧੇ ਹੋਣਗੇ। ਮੈਨੂੰ ਤਾਂ ਜਨਾਬ, ਇਹ ਸ਼ੱਕ ਹੈ ਕਿ ਇਹ ਬਿਮਾਰੀ ਆਪਣ ਨੂੰ ਨਾ ਕਿਤੇ ਚਿੰਬੜ ਜਾਵੇ। ਤੁਸੀਂ ਤਾਂ ਭੁੱਖੇ ਮਰ ਜਾਵੋਗੇ। ਤੁਸੀਂ ਵੀ ਜਨਾਬ, ਸਾਰੇ ਜਾਨਵਰਾਂ ਤੇ ਪੰਛੀਆਂ ਨੂੰ ਦੂਰ-ਦੂਰ ਰਹਿਣ ਲਈ ਕਹੋ। ਇਹ ਬਿਮਾਰੀ ਮੈਂ ਸੁਣਿਆ ਇੱਕ ਦੂਜੇ ਤੋਂ ਫੈਲਦੀ ਹੈ। ਜੇ ਇੱਕ ਵਾਰੀ ਬਿਮਾਰੀ ਫੈਲੵ ਗਈ ਤਾਂ ਸਾਰਾ ਜੰਗਲ ਖਾਲੀ ਹੋ ਜਾਵੇਗਾ। ਬਾਂਦਰ ਦੀ ਦੱਸੀ ਸਾਰੀ ਗੱਲ ਦੀ ਗਵਾਹੀ ਸਾਰੇ ਪੰਛੀਆਂ ਨੇ ਵੀ ਭਰੀ। ਉਹਨਾਂ ਨੇ ਵੀ ਮਨੁੱਖ ਦੀ ਤਰਸਯੋਗ ਹਾਲਤ ਬਾਰੇ ਦੱਸਿਆ। ਸਾਰੇ ਜਾਨਵਰ ਤੇ ਪੰਛੀ ਮਨੁੱਖ ਦੀ ਬੁਰੀ ਹਾਲਤ ਤੇ ਦੁੱਖ ਪ੍ਰਗਟ ਕਰਨ ਲੱਗੇ ਤੇ ਭਵਿੱਖ ਵਿੱਚ ਇਸ ਬਿਮਾਰੀ ਦੇ ਜੰਗਲ ਵਿੱਚ ਫੈਲਣ ਤੋਂ ਘਬਰਾਉਣ ਲੱਗੇ। ਸ਼ੇਰ ਨੇ ਮੁਖੀ ਹੋਣ ਦੇ ਨਾਤੇ ਕਿਹਾ ਕਿ ਭਾਂਵੇਂ ਇਸ ਤਰ੍ਹਾਂ ਦਾ ਸੋਹਣਾ ਵਾਤਾਵਰਨ ਅਸੀਂ ਕਦੇ ਨਹੀਂ ਵੇਖਿਆ ਪਰ ਅਸੀਂ ਮਨੁੱਖ ਵਰਗੇ ਅਕ੍ਰਿਤਘਣ ਨਹੀਂ ਹਾਂ। ਸੋ, ਸਾਨੂੰ ਇਹ ਵੀ ਪਤਾ ਹੈ ਕਿ ਇਸ ਮੁਸੀਬਤ ਦੇ ਟਲਣ ਨਾਲ ਸਾਨੂੰ ਓਹੀ ਪ੍ਰਦੂਸ਼ਣ ਵਾਲਾ ਵਾਤਾਵਰਨ ਮਿਲਣਾ ਹੈ ਪਰ ਫਿਰ ਵੀ ਅਸੀਂ ਮਨੁੱਖ ਦੀ ਦੁਆ ਸਲਾਮਤੀ ਲਈ ਸਾਰੇ ਮਿਲ ਕੇ ਅਰਦਾਸ ਕਰਾਂਗੇ ਕਿ ਹੇ ਪਰਮਾਤਮਾ ! ਤੂੰ ਇਸ ਭਿਆਨਕ ਆਫ਼ਤ ਤੋਂ ਮਨੁੱਖ ਦਾ ਛੁਟਕਾਰਾ ਕਰਾ ਤੇ ਇਸਨੂੰ ਸੁੱਧ ਵਾਤਾਵਰਨ ਰੱਖਣ ਦੀ ਸੁਮੱਤ ਬਖਸ਼, ਆਮੀਨ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)