Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ
ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ, ‘ਚੰਗਾ ਨਹੀਂ ਹੁੰਦਾ’
ਉਹ ਓਵੇਂ ਹੀ ਉੱਠ ਕੇ ਅਪਣੇ ਪਤੀ ਨਾਲ ਤੁਰ ਪਈ। ਮਨ ਤਾਂ ਭਰਿਆ ਹੀ ਹੋਇਆ ਸੀ, ਆਖਰ ਜਾਣ ਵਾਲੀ ਮਾਂ ਸੀ ਓਦੀ। ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ,ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਅਪਣੇ ਕਿੱਥੇ ਲੰਘਣੀ ਸੀ ਓਦੇ ਬੁਰਕੀ ਅੰਦਰ…ਓਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾ ਨਿਕਲ ਗਈਆ।
ਅਚਾਨਕ ਪਤੀ ਦੀ ਗੱਲ ਨੇ ਸੁੰਨ ਕਰਤਾ ….’ਅਖੇ ਹੁਣ ਮੇਰੇ ਘਰ ਨਾਂ ਵਾਧੂ ਦਾ ਮਾਤਮ ਪਾ ਇਹ ਰੋਣਾ- ਧੋਣਾ ਅਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ…..’ ਹੁਣ ਕਦੇ ਓਦੇ ਕੰਨਾ ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ‘ਵਿਆਹੀਆਂ ਕੁੜੀਆਂ ਅਪਣੇ ਘਰ ਜਾਓ’ ਤੇ ਕਦੇ ਪਤੀ ਦੇ ਬੋਲ ਕਿ ‘ਅਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ-ਧੋਣਾ ਕਰਨਾ ਸੀ।’ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਹਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ (ਜੀਨੂੰ ਹੁਣ ਤਕ ਉਹ ਅਪਣਾ ਹੀ ਸਮਝਦੀ ਰਹੀ ਸੀ) ਪਰ ਉਹਦਾ ਅਪਣਾ ਘਰ ਕਿਹੜਾ….. ਜਿੱਥੇ ਹੋਰ ਕੁੱਝ ਨਹੀਂ ਕਮ ਸੇ ਕਮ ਉਹ ਅਪਣੀ ਮਰੀ ਹੋਈ ਮਾਂ ਨੂੰ ਤਾਂ ਦੋ ਘੜੀਆਂ ਰੋ ਸਕੇ… !

...
...

ਦੁਨੀਆ ਬਹੁਤ ਵੱਡੀ ਹੈ।ਇਸ ਵੱਡੀ ਦੁਨੀਆ ਵਿੱਚ ਬਹੁਤ ਵੱਡੀਆ ਚੀਜਾਂ ਜੋ ਕਿ ਬਹੁਤ ਮਹਿੰਗੀਆ ਹਨ ਅਤੇ ਇਨਸਾਨ ਖਰੀਦ ਕੇ ਬਹੁਤ ਖੁਸ਼ ਹੁੰਦਾ।ਮੈਂ ਵੈਸੇ ਤਾਂ ਮੱਧ ਵਰਗ ਵਿੱਚੋਂ ਹਾਂ ਪਰ ਮੇਰੇ ਜਿਆਦਾ ਰਿਸ਼ਤੇਦਾਰ ਅਮਰੀਕਾ ਕਨੇਡਾ ਹਨ।ਮੇਰੀ ਅਪਣਾ ਭਰਾ ਵੀ ਬਾਹਰ ਹੀ ਹੈ।ਤਾਂ ਕਰਕੇ ਜਿਆਦਾਤਰ ਚੀਜਾਂ ਮੇਰੇ ਕੋਲ ਬ੍ਰੈਂਡ ਦੀਆਂ ਹੀ ਹਨ।ਸੂਟ ਤੋਂ ਸੈਕੇ ਬੂਟ ਸਭ ਬ੍ਰੈਂਡ ,ਮੈਨੂੰ ਲੱਗਦਾ ਇੱਕ ਮੱਧ ਵਰਗ ਲਈ ਇਹ ਇੱਕ ਬਹੁਤ ਵੱਡੀ ਚੀਜ।ਫੋਨ ਵੀ ਐਪਲ ਦਾ ਲੇਟਸਟ ਤੇ ਹੁਣ ਹੋਰ ਕੀ ਬੰਦੇ ਨੂੰ ਰੱਬ ਚਾਹੀਦਾ।ਪਰ ਫੇਰ ਵੀ ਮੈਂ ਖੁਸ਼ ਨਹੀਂ ਸੀ।ਸ਼ਾਇਦ ਆਪਣੀ ਅਸਫਲਤਾ ਨੂੰ ਮੈਂ ਜਿਆਦਾ ਹੀ ਦਿਲ ਤੇ ਲਗਾ ਲਿਆ ਕਿ ਮੈਨੂੰ ਇਹ ਸਭ ਚੀਜਾਂ ਫਿੱਕੀਆ ਲੱਗਣ ਲੱਗੀਆ।ਮੈਂ ਸਭ ਹੁੰਦੇ ਹੋਏ ਵੀ ਖੁਸ਼ ਨਹੀਂ ਇਹ ਸਭ ਦਿਖਾਵੇ ਲਈ ਤਾਂ ਵਧੀਆ ਪਰ ਰੂਹ ਨੂੰ ਖੁਸ਼ ਕਰਨ ਲਈ ਨਹੀਂ । ਮੈਂ ਆਪਣੇ ਜਿੰਦਗੀ ਦੇ ਤਜਰਬੇ ਤੋਂ ਸਿਰਫ ਇਹਨਾ ਹੀ ਸਮਝ ਸਕੀ ਕਿ ਸਭ ਤੋਂ ਮਹਿੰਗੀ ਚੀਜ ਇਨਸਾਨ ਦੀ ਖੁਸ਼ੀ ਹੈ।
ਜੇ ਇਨਸਾਨ ਖੁਸ਼ ਹੈ ਤਾਂ ਉਹ ਬਹੁਤ ਅਮੀਰ ਹੈ।
ਖੁਸ਼ ਰਹੋ, ਅਬਾਦ ਰਹੋ।

Submitted By:- ਅਮਨਪ੍ਰੀਤ ਕੌਰ 7696109009

...
...

ਪੁਰਾਤਨ ਸਮਿਆਂ ਵਿੱਚ ਵੇਸਵਾਵਾਂ ਦੇ ਨਚਣ ਗਾਉਣ ਤੇ ਕੁਕਰਮ ਲਈ ਕੋਠੇ ਬਣੇ ਹੁੰਦੇ ਸਨ। ਜਿਥੇ ਉਹ ਬੈਠ ਕਿ ਪਾਪ ਕਮਾਉਦੀਆਂ ਸਨ। ਵਿਕਾਰੀ ਤੇ ਕੁਕਰਮੀ ਲੋਕ ਇਨ੍ਹਾਂ ਦੇ ਕੋਠਿਆਂ ਤੇ ਜਾਕੇ ਇਨ੍ਹਾਂ ਦਾ ਨਾਚ ਗਾਉਣ ਦੇਖਦੇ ਸਨ। ਜਦ ਕਿਸੇ ਵੀ ਕੰਜਰੀ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕੰਮ ਕਿਉਂ ਕਰਦੀ ਹੈਂ ਤਾਂ ਉਸਨੇ ਅੱਗੋਂ ਇਕ ਹੀ ਜਵਾਬ ਦੇਣਾ ਕਿ ਇਹ ਕੰਮ ਮੈਂ ਕੋਈ ਸ਼ੌਂਕ ਖਾਤਿਰ ਨਹੀਂ ਕਰਦੀ ਬਲਕਿ ਮੇਰੀ ਮਜ਼ਬੂਰੀ ਹੈ। ਤੈਹਾਂ ਫੋਲਣ ਤੋਂ ਪਤਾ ਲੱਗਦਾ ਕਿ ਕਿਸੇ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉਠਿਆ ਹੁੰਦਾ ਸੀ ਕਿਸੇ ਦਾ ਭਰਾ ਮਰਿਆ ਹੁੰਦਾ ਸੀ ਕਿਸੇ ਦੇ ਘਰ ਬੀਮਾਰੀ ਹੁੰਦੀ ਤੇ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ ਹੁੰਦਾ ਇਹੋ ਜਿਹੀਆਂ ਮਜ਼ਬੂਰੀਆਂ ਦੀਆਂ ਮਾਰੀਆਂ ਵੇਸਵਾਵਾਂ ਕੋਠਿਆਂ ਤੇ ਨੱਚਦੀਆਂ ਦੇ ਕੁਕਰਮੀ ਲੋਕਾਂ ਦਾ ਮਨ ਪਰਚਾਵਾ ਕਰਦੀਆਂ ਸਨ।

ਪਰ ਅੱਜ ਪੰਜਾਬ ਦੀਆਂ ਕੁੜੀਆਂ ਘਰ ਘਰ ਵਿੱਚ ਛੱਤਾਂ ਤੇ ਚੜ੍ਹਕੇ ਨੱਚ ਨੱਚ ਕੰਜਰੀਆਂ ਬਣ ਰਹੀਆਂ ਹਨ। ਇਨ੍ਹਾਂ ਦੀ ਕੋਈ ਮਜ਼ਬੂਰੀ ਨਹੀਂ ਬਲਕਿ ਸ਼ੌਂਕ ਹੈ ਜਿਥੇ ਵੇਸਵਾ ਪੁਣਾ ਇਕ ਮਜ਼ਬੂਰੀ ਸੀ ਉਥੇ ਇਕ ਸ਼ੌਂਕ ਬਣ ਗਿਆ ਹੈ। ਇਨ੍ਹਾਂ ਨੂੰ ਕੰਜਰਖਾਣਾ ਕਰਨ ਦਾ ਕੋਈ ਪੈਸਾ ਨਹੀਂ ਮਿਲਦਾ ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਹ ਆਪਣੇ ਪਰਿਵਾਰ ਦੀ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ। ਵੱਧ ਤੋਂ ਵੱਧ ਲਾਈਕ ਤੇ ਫੇਮਸ ਹੋਣ ਲਈ ਇਹ ਅੱਧ ਨੰਗੇ ਕਪੜੇ ਪਾਕੇ ਪਿਛਵਾੜਾ ਹਿਲਾ ਹਿਲਾ ਕੇ ਦਿਖਾਉਂਦੀਆਂ ਹਨ ਆਪਣੇ ਅੱਧ ਨੰਗੇ ਥਨਾਂ ਦਾ ਪ੍ਰਦਰਸ਼ਨ ਕਰਦੀਆਂ ਹਨ।

ਇਹੋ ਜਿਹੀਆਂ ਕੁੜੀਆਂ ਦੇ ਬਾਪ ਤੇ ਭਰਾਵਾਂ ਨੂੰ ਵੀ ਇਨ੍ਹਾਂ ਦੇ ਇਸ ਕੰਜਰ ਨਾਚ ਤੋਂ ਕੋਈ ਅਪੱਤੀ ਨਹੀਂ ਲੱਗਦੀ ਜਾਂ ਫਿਰ ਇਹਨਾਂ ਕੁੜੀਆਂ ਅੱਗੇ ਉਨ੍ਹਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ।

ਜੇ ਐਨਾ ਹੀ ਮਸ਼ਹੂਰ ਹੋਣ ਦਾ ਸ਼ੌਂਕ ਹੈ ਤਾਂ ਪੜ੍ਹ ਲਿਖਕੇ ਜਾਂ ਕਿਸੇ ਖੇਤਰ ਵਿੱਚ ਵਡੀਆਂ ਮੱਲਾਂ ਮਾਰਕੇ ਮਸ਼ਹੂਰ ਹੋਵੋ। ਕੋਈ ਧਰਮ ਲਈ ਕੁਰਬਾਨੀ ਜਾ ਸੇਵਾ ਦੀਆਂ ਪੁੰਜ ਬਣਕੇ ਮਸ਼ਹੂਰ ਹੋਵੇ ਅਜਿਹੀਆਂ ਹੋਈਆਂ ਮਸ਼ਹੂਰਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਪਰ ਇਸ ਤਰ੍ਹਾਂ ਵੇਸਵਾਵਂ ਤੇ ਕੰਜਰੀਆਂ ਵਾਂਗ ਠੁਮਕੇ ਲਗਾਕੇ ਹੋਈਆਂ ਮਸ਼ਹੂਰਾਂ ਨੂੰ ਜਵਾਨੀ ਦੇ ਚਾਰ ਦਿਨ ਹੀ ਲੋਕਾਂ ਨੇ ਯਾਦ ਰੱਖਣਾ।

ਨਾਲੇ ਇਹੀ ਜੇਹੀ ਸ਼ੋਹਰਤ ਤੋਂ ਲੈਣਾ ਵੀ ਕੀ ਹੈ ਜਿਸ ਨਾਲ ਜੰਮਣ ਵਾਲਾ ਪਿਉ ਹੀ ਪਿੰਡ ਵਿੱਚ ਨੀਵੀਂ ਪਾਕੇ ਚੱਲਣ ਲਈ ਮਜ਼ਬੂਰ ਹੋ ਜਾਵੇ ਤੇ ਭਰਾਵਾਂ ਨੂੰ ਥਾਂ ਥਾਂ ਤੋਂ ਮਿਹਣੇ ਵੱਜਣ। ਮਸ਼ਹੂਰ ਹੋਣਾ ਤਾਂ ਅਜਿਹਾ ਮਸ਼ਹੂਰ ਹੋਵੋ ਕਿ ਸਾਰਾ ਪਰਿਵਾਰ ਵੀ ਮਾਣ ਮਹਿਸੂਸ ਕਰੇ ਤੇ ਪਿਉ ਵੀ ਆਖੇ ਕਿ ਮੈਂ ਧੀ ਜੰਮਕੇ ਕੋਈ ਗਲਤੀ ਨਹੀਂ ਕੀਤੀ। ਇਹ ਨਾ ਹੋਵੇ ਕਿ ਜੰਮਣ ਵਾਲੇ ਤੁਹਾਡੇ ਜੰਮਣ ਤੇ ਹੀ ਲਾਹਣਤਾਂ ਪਾਈ ਜਾਣ ਤੇ ਜਿਸਮ ਦੇ ਵਪਾਰੀ ਤੁਹਾਡੀਆਂ ਝੂਠੀਆਂ ਤਰੀਫਾਂ ਦੇ ਪੁਲ ਬੰਨੀ ਜਾਣ।
——-ਮਾਨ ਬੇਈਮਾਨ। ਪੀਤਾ ਮਾਨ

...
...

ਇਹ ਗੱਲ ਥੋੜੇ ਦਿਨ ਪਹਿਲਾਂ ਦੀ ਹੈ।ਅਸੀਂ ਘਰ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤਾਂ ਦਿਹਾੜੀ ਤੇ ਇੱਕ ਮੁੰਡਾ ਆਇਆ,ਉਸ ਤੋਂ ਪੁਰਾ ਕੰਮ ਨਾ ਹੋਵੇ,ਇਕ ਤਸਲਾ ਚੱਕੇ ਤੇ ਥੱਕ ਕੇ ਬਹਿ ਜਾਵੇ।ਮੇਰੇ ਭਰਾ ਦੀ ਉਸ ਨਾਲ ਗੱਲ ਹੋਈ ਤਾਂ ਗੱਲਾਂ ਵਿੱਚ ਪਤਾ ਲਗਿਆ ਵੀ ਉਹ ਕਿਸੇ ਟਾਇਮ ਕਰੋੜਪਤੀ ਰਹਿ ਚੁਕਿਆ।ਜਵਾਨ ਹੋਇਆ ਤਾਂ ਅਮੀਰ ਬਣਨ ਦਾ ਚਾਅ ਸੀ ਤਾਂ ਪੈਸੇ ਦੇ ਲਾਲਚ ਵਿੱਚ ਉਹ ਨਸ਼ੇ ਵੇਚਣ ਲੱਗ ਗਿਆ।ਪਹਿਲਾ ਕੁੱਝ ਕ ਪੈਸੈ ਕਮਾਏ ਤੇ ਫੇਰ ਇੱਕ ਦਿਨ ਦਾ ਇੱਕ ਲੱਖ ਵੀ ਕਮਾਇਆ।ਪਰ ਕਿਸੇ ਦੀ ਜਿੰਦਗੀ ਬਰਬਾਦ ਕਰਕੇ ਕਮਾਇਆ ਪੈਸਾ ਉਸ ਦੀ ਜਿੰਦਗੀ ਵੀ ਕਿਵੇਂ ਅਬਾਦ ਕਰ ਸਕਦਾ ਸੀ।ਉਸਨੇ ਬਹੁਤ ਨਸ਼ਾ ਵੇਚਿਆ,ਤੇ ਉਸ ਪੈਸੇ ਨਾਲ ਇਨੋਵਾ,ਇੱਕ ਜੀਪ,ਕਰੇਟਾ ਗੱਡੀ,ਬੂਲਟ ਅਤੇ ਆਰ ਵਣ ਫਾਈਵ ਮੋਟਰ ਸਾਈਕਲ ਲੀਤਾ।ਪੂਰੀ ਐਸ਼ ਕੀਤੀ।ਪਰ ਪਤਾ ਨਹੀਂ ਕਿੰਨੇ ਘਰ ਖਰਾਬ ਕੀਤੇ।ਕਿਸੇ ਦੀ ਬਦ-ਦੂਆ ਤਾਂ ਲੱਗਣੀ ਹੀ ਸੀ।ਉਸਦੀ ਕਿਸੇ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਉਹ ਰੰਗੇ ਹੱਥੀ ਫੜਿਆ ਗਿਆ ਜੋ ਵੀ ਕਮਾਇਆ ਸੀ ਸਭ ਉਸਦੀ ਜਮਾਨਤ ਤੇ ਲੱਗ ਗਿਆ।ਹੁਣ ਉਸਦਾ ਸਮਾਂ ਕੁੱਝ ਇਸ ਤਰਾਂ ਸੀ ਵੀ ਦਿਹਾੜੀ ਲਈ ਮਜਬੂਰ।
ਚੰਗੇ ਬੁਰੇ ਦੀ ਹਿਸਾਬ ਸਭ ਇਸੇ ਜਨਮ ਦੇਣਾ ਪੈਂਦਾ।

Submitted By:- ਅਮਨਪ੍ਰੀਤ ਕੌਰ

...
...

ਜਿੰਦਗੀ ਵਿੱਚ ਕੰਮ ਆਉਣ ਵਾਲੀ ਗਿਆਨ ਦੀ ਗੱਲ।

ਕੇਰਾਂ ਚੰਡੀਗੜ੍ਹ ਤੋਂ ਬੁਢਲਾਡਾ ਦੇ ਬੱਸ ਸਫ਼ਰ ਦੌਰਾਨ ਦੋ ਬੰਦੇ ਉੱਚੀ-ਉੱਚੀ ਵਾਜ ਵਿੱਚ ਗੱਲਾਂ ਬਾਤਾਂ ਕਰਦੇ ਰਹੇ। ਗੱਲ ਕੀ,ਸਾਰੀ ਬੱਸ ਦਾ ਸਿਰ ਖਾ ਲਿਆ? ਕੁਝ ਸਵਾਰਿਆ ਨੇ ਉਹਨਾਂ ਵੱਲ ਬਹੁਤਾ ਧਿਆਨ ਨਾ ਦਿੱਤਾ।

ਘੰਟੇ ਕੁੰ ਦੇ ਸਫ਼ਰ ਤੋਂ ਬਾਅਦ ਉਹ ਦੋਵੇਂ ਗੱਲਾਂ ਵਿੱਚ ਲੀਨ।

ਇੱਕ ਕਹਿੰਦਾ ਬਾਈ ਆਪਾਂ ਗੱਲਾਂਬਾਤਾਂ ਵਿੱਚ ਹੀ ਭੁੱਲ ਗਏ?…. ਐਵੇਂ ਤਾਂ ਦੱਸਿਆ ਹੀ ਨਹੀਂ ਵੀ ਤੈ ਜਾਣਾ ਕਿੱਥੇ ਐਂ?…..
ਦੂਸਰਾ ਕਹਿੰਦਾ ਗੱਲ ਤਾਂ ਤੇਰੀ ਠੀਕ ਐਂ ਬਾਈ ਆਪਾਂ ਗੱਲਾਂ ਗੱਲਾਂ ਵਿੱਚ ਹੀ ਭੁੱਲ ਗਏ? ਮੇਰੇ ਵੀ ਚੇਤੇ ਨੀ ਆਈ ਗੱਲ….. ਮੈਂ ਜਾਣਾ ਬੁਲਾਡੇ?…

ਪਹਿਲਾਂ ਕਹਿੰਦਾ ਲ਼ੈ ਫੇਰ ਬਣ ਗਈ ਗੱਲ?? ਜਾਣਾ ਮੈਂ ਵੀ ਬੁਲਾਡੇ ਹੀ ਐਂ?

ਪਹਿਲੇ ਨੇ ਫੇਰ ਪੁੱਛਿਆ,ਅਖੇ ਬਾਈ ਬੁਲਾਡੇ ਰਹਿੰਦਾ ਕਿੱਥੇ ਐਂ?….

ਦੂਸਰਾ ਕਹਿੰਦਾ ਬਾਈ ਸਿਨੇਮਾ ਆਲੇ ਰੋਡ?…
ਪਹਿਲਾਂ ਹੱਸ ਕੇ, ਲ਼ੈ ਬਾਈ ਫੇਰ ਮੈਂ ਵੀ ਸਿਨੇਮਾ ਆਲੇ ਰੋਡ ਤੇ ਹੀ ਰਹਿੰਦਾ?….

ਪਹਿਲਾਂ ਕਹਿੰਦਾ ਬਾਈ ਕਿਹੜੀ ਗਲ਼ੀ ਵਿੱਚ ਘਰ ਐਂ?….
ਦੂਸਰਾ ……… ਗਲ਼ੀ ਨੰਬਰ ਪੰਜ ਵਿੱਚ ਐਂ ਪਿਆਰਿਓ?…

ਪਹਿਲਾਂ ਥੋੜ੍ਹਾ ਹੋਰ ਹੱਸ ਪਿਆ,ਅਖੇ ਬਾਈ ਪੰਜ ਨੰਬਰ ਵਿੱਚ ਹੀ ਮੈਂ ਰਹਿੰਦਾ ਹਾਂ?… ਕਦੇ ਮਿਲੇ ਹੀ ਨਹੀਂ?

ਪਹਿਲੇ ਨੇ ਫੇਰ ਸਵਾਲ ਕਰਤਾ?ਪੰਜ ਨੰਬਰ ਗਲ਼ੀ ਵਿੱਚ ਮਕਾਨ ਨੰਬਰ ਕਿੰਨਾ ਐਂ ਜੀ?
ਦੂਸਰਾ ਨੇ ਕਿਹਾ?…….. ਮਕਾਨ ਨੰਬਰ ਪੰਦਰਾਂ???

ਪਹਿਲਾਂ ਹੈਰਾਨ ਹੋ ਕੇ!……ਕੀ ਗੱਲ ਕਰਦੇ ਓ ਜੀ?…. ਪੰਦਰਾਂ ਨੰਬਰ ਕੋਠੀ ਵਿੱਚ ਤਾਂ ਮੈਂ ਵੀ ਰਹਿੰਦਾ ਹਾਂ?

ਪਹਿਲਾਂ ਕਹਿੰਦਾ ਮੈਂ ਹੇਠਾਂ ਰਹਿੰਦਾ ਹਾਂ ਜੀ?
ਦੂਸਰਾ ਕਹਿੰਦਾ ਮੈਂ ਉੱਪਰ????

ਪਿੱਛਲੀਆਂ ਸਵਾਰੀਆਂ ਗੱਲਾਂ ਸੁਣ ਰਹੀਆਂ ਸੀ। ਇੱਕ ਪੜ੍ਹਿਆ ਲਿਖਿਆ ਜਿਹਾ ਬੰਦਾ ਕਹਿੰਦਾ ਬਾਈ ਤੁਸੀਂ ਰਹਿੰਦੇ ਵੀ ਇੱਕ ਘਰ ਵਿੱਚ ਹੋ, ਇੱਕ ਹੀ ਸ਼ਹਿਰ ਦੇ ਹੋ?…. ਫੇਰ ਵੀ ਇੱਕ ਦੂਜੇ ਨੂੰ ਨਹੀਂ ਜਾਣਦੇ?

ਐਨੇ ਵਿੱਚ ਉਹ ਕਹਿੰਦੇ ਚੁੱਪ ਕਰ ਭਾਈ ਅਸੀਂ ਤਾਂ ਪਿਓ ਪੁੱਤ ਆ। ਅਸੀਂ ਤਾਂ ਟਾਇਮ ਪਾਸ ਕਰ ਰਹੇ ਆ।ਤੈ ਦੱਸ ਕੀ ਲੈਣਾ 😀

...
...

ਮੈਂ ਆਪਣੇ ਮਾਂ ਬਾਪ ਨੂੰ ਨਹੀਂ ਦੇਖਿਆ| ਦੱਸਦੇ ਹਨ ਕਿ ਮੈ ਤਕਰੀਬਨ ਬਾਰਾਂ ਮਹੀਨੇ ਦੀ ਸੀ ਜਦੋ ਐਕਸੀਡੈਂਟ ਵਿਚ ਦੋਹਾਂ ਦੀ ਮੌਤ ਹੋ ਗਈ| ਦੀਵਾਲੀ ਦਾ ਦਿਨ ਸੀ| ਤਿੰਨ ਕੁ ਵਜੇ ਸ਼ਹਿਰੋਂ ਆ ਰਹੇ ਸੀ, ਦੀਵਾਲੀ ਦਾ ਸਮਾਨ ਲੈ ਕੇ ਕਾਰ ਤੇ ਪਿਛੋਂ ਟਰੱਕ ਨੇ ਟੱਕਰ ਮਾਰੀ ਤੇ ਦੋਹਾਂ ਦੀ ਥਾਂਏ ਮੌਤ ਹੋ ਗਈ|
ਦਾਦੀ ਘਰ ਉਡੀਕਦੀ ਸੀ ਪਰ ਕਿਸੇ ਨੇ ਆ ਕੇ ਦੱਸਿਆ ਕਿ ਓਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਦੋਏਂ ਥਾਂਏ ਪੂਰੇ ਹੋ ਗਏ| ਇਕਲੌਤਾ ਪੁੱਤਰ ਜਿਸਦੇ ਵਿਆਹ ਨੂੰ ਹਜੇ ਮਸਾਂ ਦੋ ਸਾਲ ਹੋਏ ਸੀ| ਇਸ ਤੋਂ ਵੱਡੀ ਬੁਰੀ ਖ਼ਬਰ ਕੀ ਹੋ ਸਕਦੀ ਸੀ? ਭੂਆ ਨੂੰ ਪਤਾ ਦਿੱਤਾ ਉਹ ਆ ਗਈ ਤੇ ਸਿਵਾਏ ਰੋਂਣ ਕੁਰਲਾਓਣ ਦੇ ਕੋਈ ਚਾਰਾ ਵੀ ਤਾਂ ਨਹੀ ਸੀ| ਮੇਰੀ ਰਿਸ਼ਤੇਦਾਰੀ ਦੇ ਨਾਂ ਤੇ ਬੱਸ ਭੂਆ ਤੇ ਦਾਦੀ ਹੀ ਸੀ| ਨਾਨਕੇ ਕਲਕੱਤੇ ਰਹਿੰਦੇ ਸੀ, ਦੋ ਮਾਮੇ ਸੀ| ਓਹਨਾ ਦਾ ਕੰਮ ਕਲਕੱਤੇ ਸੀ| ਨਾਨੀ ਬਹੁਤ ਬੁੜੀ ਸੀ ਉਹ ਮੇਰੀ ਦੇਖ ਭਾਲ ਨਹੀ ਕਰ ਸਕਦੀ ਸੀ| ਸੋ ਮੇਰੀ ਸੰਭਾਲ ਮੇਰੀ ਦਾਦੀ ਨੂੰ ਹੀ ਕਰਨੀ ਪਈ|
ਭੂਆ ਦੇ ਸਹੁਰੇ ਬਹੁਤੇ ਵਧੀਆ ਨਹੀ ਸੀ| ਉਹ ਭੂਆ ਨੂੰ ਕਦੇ ਕਦੇ ਹੀ ਆਉਣ ਦਿੰਦੇ ਸਨ| ਭੂਆ ਦੇ ਦੋ ਮੁੰਡੇ ਸੀ| ਉਹ ਮੇਰੇ ਤੋਂ ਕਾਫੀ ਵੱਡੇ ਸੀ| ਨਾ ਉਹ ਬਹੁਤਾ ਆਏ ਨਾਨਕੇ ਤੇ ਨਾ ਈ ਸਾਡੀ ਨੇੜਤਾ ਵਧੀ| ਬੱਸ ਜਦੋਂ ਭੂਆ ਕਿਤੇ ਆ ਜਾਂਦੀ ਸੀ ਤਾਂ ਘਰ ਰੌਣਕ ਲੱਗ ਜਾਂਦੀ ਸੀ| ਮੈਂ ਭੂਆ ਨੂੰ ਬਹੁਤ ਰੋਕਦੀ ਕਿ ਭੂਆ ਸਾਡੇ ਕੋਲ ਰਹਿ ਜਾ ਪਰ ਭੂਆ ਬੇਬਸ ਮੇਰੇ ਵਲ ਦੇਖਦੀ ਤੇ ਕਹਿੰਦੀ ਕਿ ਪੁੱਤ ਮੈ ਫਿਰ ਛੇਤੀ ਆਊਂਗੀ| ਭੂਆ ਜਾਂਦੀ ਹੋਈ ਮੈਨੂੰ ੧੦੦ ਰੁਪਇਆ ਦੇ ਕੇ ਜਾਂਦੀ| ਬਸ ਇਹੀ ਸੀ ਮੇਰਾ ਪਰਿਵਾਰ| ਦਾਦੀ ਨੇ ਬਹੁਤ ਔਖ ਨਾਲ ਮੈਨੂੰ ਪਾਲਿਆ ਤੇ ਜਮੀਨ ਵੀ ਥੋੜੀ ਸੀ| ਮੈ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ| ਸ਼ੁਰੂ ਤੋਂ ਤੰਗੀਆਂ ਦੇਖ ਕੇ ਮੇਰਾ ਮਨ ਬਹੁਤ ਸੰਜਮੀ ਹੋ ਗਿਆ ਸੀ| ਪੜ੍ਹਨ ਵਿਚ ਮੈਂ ਬਹੁਤ ਹੁਸ਼ਿਆਰ ਸੀ|
ਦਾਦੀ ਹੀ ਮੇਰੀ ਦੁਨੀਆ ਸੀ| ਜਦੋ ਮੈਂ ਛੋਟੀ ਹੁੰਦੀ ਸਕੂਲੋ ਆਉਂਦੀ ਤਾਂ ਜੇ ਕਿਤੇ ਦਾਦੀ ਨਾ ਦਿਸਦੀ ਤਾਂ ਆਂਢ ਗੁਆਂਢ ਭਾਲਦੀ, ਦਾਦੀ ਦਾ ਪਤਾ ਲੱਗਣ ਤੇ ਜਿਥੇ ਦਾਦੀ ਹੁੰਦੀ ਮੈਂ ਓੱਥੇ ਹੀ ਪਹੁੰਚ ਜਾਂਦੀ ਚਾਹੇ ਉਹ ਕਿਸੇ ਮਰਗ ਵਾਲੇ ਘਰ ਈ ਕਿਉਂ ਨਾ ਹੋਵੇ, ਪਤਾ ਨਹੀ ਦਾਦੀ ਬਿਨਾਂ ਮੈਨੂੰ ਘਰ ਸੁੰਨਾ ਲਗਦਾ ਸੀ | ਦਾਦੀ ਆ ਕੇ ਝਿੜਕਦੀ ਵੀ ਘਰ ਬੈਠੀਦਾ ਹੁੰਦਾ ਘਰੋਂ ਜਾਈਦਾ ਨੀ ਹੁੰਦਾ ਮੈਂ ਓਥੇ ਥੋੜਾ ਰਹਿ ਪੈਣਾ ਸੀ ਤੈਨੂੰ ਛੱਡ ਕੇ|
ਇੱਕ ਵਾਰੀ ਭੂਆ ਬਹੁਤ ਬਿਮਾਰ ਹੋ ਗਈ ਤੇ ਦਾਦੀ ਨੌਂ ਕੁ ਵਜੇ ਪਤਾ ਲੈਣ ਚਲੀ ਗਈ ਕੇ ਮੇਰੇ ਸਕੂਲੋਂ ਘਰ ਆਉਣ ਤੱਕ ਆ ਜਾਊਗੀ ਪਰ ਮੈ ਸਕੂਲ ਦੀ ਕੰਧ ਛੋਟੀ ਸੀ ਤੇ ਦਾਦੀ ਟੈਂਪੂ ਚ ਬੈਠਣ ਈ ਲਗੀ ਸੀ ਕਿ ਸਕੂਲੋਂ ਚੋਰੀ ਭੱਜ ਕੇ ਦਾਦੀ ਦੇ ਨਾਲ ਟੈਂਪੂ ਚ ਜਾ ਬੈਠੀ ਦਾਦੀ ਗਾਲ਼ਾਂ ਕੱਢੇ| ਪਰ ਮੈਂ ਕਿਥੋਂ ਮੰਨਣ ਵਾਲੀ ਸੀ ਦਾਦੀ ਨਾਲ ਭੂਆ ਦਾ ਪਤਾ ਲੈ ਕੇ ਸ਼ਾਮ ਨੂੰ ਘਰ ਆਈਆਂ| ਸਵੇਰੇ ਸਕੂਲੋਂ ਕੁੱਟ ਵੀ ਪਈ| ਬਸ ਗੱਲ ਕਿ ਦਾਦੀ ਹੀ ਮੇਰਾ ਸਭ ਕੁਝ ਸੀ| ਕਰਦੇ ਕਰਦੇ ਮੈ ੧੦ਵੀਂ ਪਾਸ ਕਰ ਲਈ ਬਹੁਤ ਵਧੀਆ ਨੰਬਰਾਂ ਨਾਲ| ਟੀਚਰ ਨੇ ਦਾਦੀ ਨੂੰ ਸਕੂਲ ਸੱਦਿਆਂ ਕਿ ਕੁੜੀ ਪੜ੍ਹਨ ਨੂੰ ਹੁਸ਼ਿਆਰ ਹੈ ਇਹਨੂੰ ਅੱਗੇ ਜਰੂਰ ਪੜਾਇਓ| ਪਹਿਲਾਂ ਤਾਂ ਦਾਦੀ ਮੰਨਦੀ ਨਹੀਂ ਸੀ ਪਰ ਟੀਚਰ ਦੇ ਕਹਿਣ ਤੇ ਮੈਨੂੰ ਗਿਆਰਵੀਂ ਜਮਾਤ ਚ ਪੜ੍ਹਨ ਲਾ ਦਿੱਤਾ| ਬਾਰਵੀਂ ਪੂਰੇ ਵਧਿਆ ਨੰਬਰਾਂ ਚ ਪਾਸ ਕਰ ਲਈ|
ਸਾਡੇ ਪਿੰਡ ਦੇ ਬਹੁਤ ਮੁੰਡੇ ਕੁੜੀਆਂ ਐਈਲਟਸ ਕਰਦੇ ਸੀ| ਜਿੱਦ ਕਰਕੇ ਮੈ ਵੀ ਐਈਲਟਸ ਕਰਨ ਲਗ ਗਈ ਤੇ ਵਾਹਿਗੁਰੂ ਦੀ ਕਿਰਪਾ ਮੇਰੇ ੭ ਬੈਂਡ ਆ ਗਏ| ਇਹ ਮੇਰੇ ਲਈ ਫ਼ਖਰ ਦੀ ਗੱਲ ਸੀ| ਸਮਾਂ ਆਇਆ ਕੈਨੇਡਾ ਦੀ ਫਾਈਲ ਲਾਉਣ ਦਾ ਬਹੁਤ ਔਖਾ ਕੰਮ ਸੀ ਸਾਡੇ ਕੋਲ ਤਾਂ ਗੁਜਾਰੇ ਜੋਗੇ ਮਸਾਂ ਸੀ ਪੈਸੇ, ਇੰਨੇ ਕਿਥੋਂ ਲਾਉਂਦੇ ਹੁਣ | ਮੈ ਦਾਦੀ ਨੂੰ ਕਿਹਾ ਕੇ ਬੇਬੇ ਤੂੰ ਮੇਰੇ ਤੇ ਕਿਸੇ ਤਰਾਂ ਪੈਸੇ ਲਾ ਦੇ ਜਦੋਂ ਮੈ ਕੈਨੇਡਾ ਚਲੀ ਗਈ ਤੈਨੂੰ ਵੀ ਨਾਲ ਈ ਲੈ ਜਾਣਾ| ਤੇਰੇ ਤੋਂ ਬਗੈਰ ਮੇਰਾ ਓਥੇ ਦਿਲ ਨਹੀਂ ਲੱਗਣਾ| ਬੇਬੇ ਨੇ ੨ ਕਿਲੇ ਗਹਿਣੇ ਰੱਖ ਕੇ ਮੇਰੀ ਫੀਸ ਤੇ ਬਾਕੀ ਸਾਰੇ ਪੈਸੇ ਭਰ ਦਿੱਤੇ| ਬਹੁਤ ਜਲਦੀ ਮੇਰਾ ਵੀਜਾ ਆਗਿਆ| ਮੇਰੀ ਦਾਦੀ ਮੇਰੇ ਤੋਂ ਵੀ ਵੱਧ ਖੁਸ਼ ਸੀ ਕੇ ਮੇਰੀ ਪੋਤੀ ਦੇ ਦਿਨ ਫਿਰ ਗਏ|
ਮੇਰੀ ਟਿਕਟ ਵੀ ਆ ਗਈ| ਮੈਂ ਟਿਕਟ ਇੱਕ ਮਹੀਨਾ ਬਾਅਦ ਦੀ ਕਰਾਈ ਤਾਂ ਜੋ ਸਾਰੀ ਤਿਆਰੀ ਹੋ ਸਕੇ ਵੈਸੇ ਵੀ ਸਾਡੇ ਨਾਲ ਕੋਈ ਤੀਜਾ ਤਾਂ ਹੈ ਨੀ ਸੀ ਜਿਹੜਾ ਸਾਡੀ ਮਦਦ ਕਰਦਾ| ਜਦੋਂ ਮੈ ਸਮਾਨ ਪੈਕ ਕਰਨ ਲਗਦੀ ਤਾਂ ਦਾਦੀ ਅੰਦਰ ਚਲੀ ਜਾਂਦੀ ਓਹਦੇ ਕੋਲੋਂ ਦੇਖਿਆ ਨਾ ਜਾਂਦਾ ਮੈਂ ਵੀ ਬਹੁਤ ਉਦਾਸ ਹੋ ਜਾਂਦੀ ਜਿਹੜੀ ਦਾਦੀ ਤੋਂ ਬਿਨਾ ਇੱਕ ਰਾਤ ਵੀ ਨਹੀਂ ਕੱਟੀ, ਕਿਵੇਂ ਓਹਦੇ ਬਿਨਾ ਜੀ ਲੱਗੂਗਾ ਪਰ ਮੈ ਚਾਹੁੰਦੀ ਸੀ ਦਾਦੀ ਨੇ ਮੇਰੇ ਲਈ ਏਨਾ ਕੀਤਾ ਮੈ ਦਾਦੀ ਲਈ ਈ ਤਾਂ ਕਰ ਰਹੀ ਸੀ| ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਮੈ ਜਹਾਜ ਚੜਨਾ ਸੀ| ਦਾਦੀ ਨੇ ਸਾਰੇ ਸ਼ਗਨ ਅੱਖਾਂ ਗਿਲੀਆਂ ਕਰਨ ਤੋਂ ਬਿਨਾ ਕੀਤੇ| ਕਿਉਕਿ ਓਹਨੂੰ ਪਤਾ ਸੀ ਜੇ ਉਹ ਰੋਈ ਤਾਂ ਮੇਰਾ ਵੀ ਕੈਨੇਡਾ ਜਾ ਕੇ ਦਿਲ ਨੀ ਸੀ ਲੱਗਣਾ|
ਮੈ ਕੈਨੇਡਾ ਪਹੁੰਚ ਗਈ ਓਥੇ ਜਾ ਕੇ ਮੈਨੂੰ ਪਤਾ ਲੱਗਿਆ ਕੇ ਦਾਦੀ ਮੇਰੇ ਲਈ ਕਿੰਨੀ ਜਰੂਰੀ ਆ| ਆਈ ਨੂੰ ਹਜੇ ੧੦ ਕੁ ਦਿਨ ਹੋਏ ਸੀ ਇੱਕ ਦਿਨ ਦਾਦੀ ਨੂੰ ਫੋਨ ਲਾਇਆ ਕਿਉਕਿ ਮੈ ਦਿਨ ਚ ੨ ਵਾਰੀ ਦਾਦੀ ਨੂੰ ਫੋਨ ਲਾਉਂਦੀ ਸੀ ਪਰ ਫੋਨ ਦਾਦੀ ਨੇ ਨਾ ਚੁੱਕਿਆ| ਮੇਰਾ ਦਿਲ ਬੈਠਦਾ ਜਾ ਰਿਹਾ ਸੀ| ਮੈ ਕਾਹਲੀ ਨਾਲ ਕਿਹਾ ਭੂਆ ਮੇਰੀ ਦਾਦੀ ਨਾਲ ਗੱਲ ਕਰਵਾ ਦੇ, ਭੂਆ ਦਾ ਬੋਲ ਨਹੀ ਨਿਕਲਿਆ| ਮੈ ਸਮਝ ਗਈ ਕਿ ਦਾਦੀ ਨੂੰ ਕੋਈ ਗੱਲ ਜਰੂਰ ਹੋਈ ਹੈ| ਫਿਰ ਗਲਾ ਸਾਫ ਕਰਕੇ ਭੂਆ ਨੇ ਦੱਸਿਆ ਕਿ ਦਾਦੀ ਥੋੜੀ ਬਿਮਾਰ ਹੈ| ਫਿਰ ਗੱਲ ਕਰੂੰਗੀ| ਪਰ ਏਨਾ ਤਾਂ ਮੈ ਸਮਝ ਗਈ ਕਿ ਛੋਟੀ ਨਹੀਂ ਕੋਈ ਵੱਡੀ ਗੱਲ ਹੈ| ਮੈ ਓਸੇ ਵਕਤ ਵੀਡੀਓ ਕਾਲ ਲਗਾਈ ਤਾਂ ਜੋ ਦ੍ਰਿਸ਼ ਦਿਸਿਆ ਉਹ ਮੈਂ ਅੱਜ ਵੀ ਨੀ ਭੁੱਲੀ। ਦਾਦੀ ਚਿਟੇ ਕੱਪੜੇ ਚ ਲਿਪਟੀ ਹੋਈ ਸੀ ਤੇ ਬੁੜੀਆਂ ਦੁਆਲੇ ਬੈਠੀਆਂ ਸੀ| ਮੈਂ ਜਮੀਨ ਤੇ ਬੈਠ ਗਈ, ਮੇਰੀ ਦੁਨੀਆ ਮੇਰਾ ਰੱਬ ਮੇਰੇ ਤੋਂ ਹਮੇਸ਼ਾ ਲਈ ਵਿਛੜ ਗਈ| ਦੱਸਣ ਦੀ ਲੋੜ ਨਹੀਂ ਕਿ ਮੈਂ ਕਿੰਨਾ ਕੁ ਰੋਈ, ਪ੍ਰਦੇਸ਼ਾਂ ਚ ਕੌਣ ਪੁੱਛਦਾ ਕਿ ਤੁਸੀ ਦੁਖੀ ਹੋ ਜਾਂ ਸੁਖੀ ਆਪ ਈ ਆਪਣੀਆਂ ਬਣੀਆਂ ਕੱਟੀਆ|
ਗਵਾਂਢਣਾ ਦੱਸਦੀਆਂ ਕੇ ਤੇਰੇ ਜਾਣ ਪਿੱਛੋਂ ਦਾਦੀ ਹਰ ਰੋਜ ਤੇਰੇ ਕੱਪੜੇ ਧੋ ਕੇ ਤੈਹਾਂ ਲਾ ਦਿੰਦੀ ਸੀ| ਰੋਟੀ ਪਕਾ ਕੇ ਹਾਕ ਵੀ ਮਾਰਦੀ ਸੀ| ਇਹ ਸੀ ਸਾਡੀ ਦਾਦੀ ਪੋਤੀ ਦੀ ਦਾਸਤਾਨ| ਮੇਰੀ ਦਾਦੀ ਕਹਿੰਦੀ ਹੁੰਦੀ ਸੀ ਪੁੱਤ ਮੈਨੂੰ ਤਾਂ ਤੇਰੇ ਵਿਚ ਦੀ ਸਾਹ ਆਉਂਦੇ ਨੇ ਇਹ ਗੱਲ ਓਹਨੇ ਸੱਚ ਕਰਕੇ ਦਿਖਾ ਦਿੱਤੀ| ਕਿੱਥੇ ਤਾਂ ਮੈਂ ਸੋਚਿਆ ਸੀ ਕਿ ਦਾਦੀ ਨੂੰ ਆਪਦੇ ਕੋਲ ਲਿਆ ਕਿ ਓਹਦੀ ਸੇਵਾ ਕਰੂੰਗੀ, ਓਹਦੇ ਕੀਤੇ ਦਾ ਥੋੜ੍ਹਾ ਬਹੁਤਾ ਕਰਜਾ ਉਤਾਰੂੰਗੀ| ਉਲਟਾ ਦਾਦੀ ਤਾਂ ਮੇਰੇ ਸਿਰ ਵੱਡਾ ਕਰਜਾ ਚੜਾ ਗਈ|
ਅੱਜ ਮੈ ਪੂਰੀ ਤਰਾਂ ਸੈਟਲ ਆ ਬਹੁਤ ਵੱਡਾ ਘਰ ਹੈ| ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ| ਦਾਦੀ ਦੀ ਫੋਟੋ ਵੱਡੀ ਕਰਾ ਕੇ ਮੈਂ ਕਮਰੇ ਚ ਲਾ ਲਈ ਸੀ| ਕੋਈ ਵੀ ਕੰਮ ਕਰਨਾ ਹੋਵੇ ਘਰ ਵਿਚ ਨਵਾਂ ਆਵੇ ਜਾਂ ਹੋਰ ਕੋਈ ਖੁਸ਼ੀ ਆਵੇ ਪਹਿਲਾ ਦਾਦੀ ਨੂੰ ਜਾ ਕੇ ਦੱਸਦੀ ਆਂ ਤੇ ਰੱਬ ਨੂੰ ਉਲਾਂਬਾ ਵੀ ਦਿੰਦੀ ਆ ਕਿ ਮੇਰੇ ਵਰਗੇ ਅਨਾਥਾਂ ਤੋਂ ਉਮਰ ਤੋਂ ਪਹਿਲਾ ਓਹਨਾਂ ਦਾ ਰੱਬ ਨਾ ਖੋਈ।।

joker_deep

...
...

ਮੈਂ ਇਕ ਮੱਧ ਵਰਗ ਪਰਿਵਾਰ ਵਿਚੋਂ ਹਾ।ਸਾਡੇ ਘਰ ਨੇੜੇ ਹੀ ਇਕ ਲਾਲਿਆਂ ਦਾ ਘਰ ਹੈ।ਸਾਡਾ ਦੋਹਾਂ ਟਬਰਾਂ ਦਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ,ਸਾਡਾ ਬੱਚਿਆ ਦਾ ਵੀ ਬਹੁਤ ਪਿਆਰ ਆਪਸ ਵਿੱਚ।ਉਹਨਾਂ ਦੀ ਦੋਹਤਰੀ ਦਾ ਵੀ ਮੇਰੇ ਨਾਲ ਬਹੁਤ ਪਿਆਰ।ਗਰਮੀ ਦੀ ਛੂਟੀਆਂ ਹੋਣੀਆ,ਉਸਨੇ ਸਾਡੇ ਸ਼ਹਿਰ ਆਉਣਾ।ਅਸੀਂ ਸਾਰਾ ਦਿਨ ਇੱਕਠੇ ਖੇਡਣਾ। ਵੱਡੇ ਹੋਏ ਇੱਕਠੇ ਬੈਠ ਕੇ ਬਚਪਨ ਯਾਦ ਕਰਨਾ।ਫੇਰ ਮੇਰੀ ਸਹੇਲੀ ਦੀ ਆਸਟਰੈਲੀਆ ਦਾ ਵੀਜਾ ਆ ਗਿਆ।
ਮੈਂ ਸੋਚਿਆ ਇੱਕ ਵਾਰ ਮਿਲ ਆਵਾਂ ਫੇਰ ਪਤਾ ਨਹੀਂ ਕਦੋਂ ਮਿਲਣਾ।ਮੈਂ ਬਹੁਤ ਪਿਆਰ ਨਾਲ ਉਸਦੇ ਲਈ ਇੱਕ 3000 ਦੀ ਜੈਕਟ ਲਈ ਅਤੇ ਮਿਲਣ ਉਸਦੇ ਸ਼ਹਿਰ ਗਈ।ਬਹੁਤ ਸੇਵਾ ਕੀਤੀ ਮੇਰੀ,ਬਹੁਤ ਪਕਵਾਨ ਬਣਾਏ। ਰਾਤ ਹੋਈ ਅਸੀਂ ਸਾਰੇ ਬੈਠ ਕੇ ਗੱਲਾਂ ਕਰਨ ਲੱਗੇ। ਗੱਲਾਂ ਗੱਲਾਂ ਵਿੱਚ ਉਸਦੇ ਪਾਪਾ ਕਹਿਣ ਲੱਗੇ ਕਿ ਮੈਨੂੰ ਆ ਦੇਣ ਲੈਣ ਜਵਾਂ ਪਸੰਦ ਨਹੀਂ।ਕੋਈ ਲੈਕੇ ਆਉਂਦਾ ਤਾਂ ਉਸ ਨੂੰ ਦੇਣਾ ਵੀ ਪੈਂਦਾ।ਸਵੇਰੇ ਘਰ ਆਉਣਾ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਜੈਕਟ ਦਿੱਤੀ, ਮੈਨੂੰ ਏ ਵੱਟਾ ਲਗਿਆ ਦੋ ਮਿੰਟ ਲਈ ਏਦਾ ਲਗਿਆ ਕਿ ਰਾਤ ਅੰਕਲ ਨੇ ਮੇਰੇ ਲਈ ਹੀ ਕਿਹਾ ਸੀ ਕਿ ਦੇਣ ਲੈਣ ਨਹੀਂ ਪਸੰਦ।

Amanpreet kaur

...
...

ਅੱਜ ਦੇ ਸਮੇਂ ਵਿੱਚ ਇਕ ਗੱਲ ਬਹੁਤ ਪ੍ਰਚਲਿਤ ਹੈ ਕਿ ਜਿਹੜਾ ਮਨੁੱਖ ਅੰਗਰੇਜ਼ੀ ਵਿੱਚ ਗਿਟ-ਪਿਟ ਕਰੇ ਉਹਨੂੰ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਹੈ ਅਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਉਹਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਮੈਂ ਇਸ ਲੇਖ ਦੁਆਰਾ ਲੋਕਾਂ ਦੀ ਇਸ ਬੇਤੁਕੀ ਸੋਚ ਨੂੰ ਨੱਥ ਪਾਉਣੀ ਚਾਹੁੰਦਾ ਹਾਂ। ਨਾ ਤਾਂ ਪੰਜਾਬੀ ਅਨਪੜ੍ਹ ਹੁੰਦੇ ਨੇ ਅਤੇ ਨਾ ਪੰਜਾਬੀ ਅਨਪੜ੍ਹਾਂ ਦੀ ਬੋਲੀ ਹੈ। ਜੇਕਰ ਤੁਸੀ ਪੰਜਾਬੀ ਸਾਹਿਤ ਨੂੰ ਪੜ੍ਹੋ ਤਾਂ ਤੁਹਾਡਾ ਆਪਣੀ ਮਾਂ ਬੋਲੀ ਨਾਲ ਪਿਆਰ ਹੋਰ ਵੱਧ ਜਾਵੇਗਾ। ਮੈਂ ਅੰਗਰੇਜ਼ੀ ਬੋਲੀ ਜਾਂ ਹੋਰਾਂ ਬੋਲੀਆਂ ਦਾ ਵਿਰੋਧ ਨਹੀਂ ਕਰ ਰਿਹਾ ਪਰ ਜੇਕਰ ਕੋਈ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਤਾਂ ਇਸਤੋਂ ਨਿੰਦਾਜਨਕ ਹੋਰ ਕੁਝ ਨਹੀਂ। ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਆਪਣੀ ਮਾਂ ਨੂੰ ਭੁੱਲ ਜਾਣ ਦੇ ਸਮਾਣ ਹੈ।

” ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ ,
ਪੱਕੀ ਨੂੰ ਦੇਖਕੇ ਨਾ ਕਦੇ ਬਿਕਿਆਂ ਹਾਂ ।
ਹਰ ਵਿਸ਼ੇ ਹਰ ਭਾਸ਼ਾ ਦਾ ਗਿਆਨ ਹੈ ,
ਮਾਂ ਬੋਲੀ ਨੂੰ ਭੁੱਲਣਾ ਮਾਂ ਨੂੰ ਭੁੱਲਣ ਦੇ ਸਮਾਣ ਹੈ ।। ”

ਅੱਜ ਜੇਕਰ ਵਿਦਿਆ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਨਾਮੀਂ ਕਾਨਵੈਂਟ ਸਕੂਲ ਵਿੱਚ ਪੰਜਾਬੀ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੈ। ਹਰ ਪਾਠ ਤੋਂ ਬਾਅਦ ਸ਼ਬਦ-ਅਰਥ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਵਿੱਚ ਲਿਖੇ ਹੋਏ ਹਨ ਤਾਂ ਜੋ ਬੱਚੇ ਇਹ ਸ਼ਬਦ ਆਸਾਨੀ ਨਾਲ ਸਮਝ ਜਾਣ। ਪੰਜਾਬੀ ਅੱਜ ਪਿੰਡਾਂ ਦੀ ਭਾਸ਼ਾ ਬਣਕੇ ਰਹਿ ਗਈ ਅਤੇ ਸ਼ਹਿਰਾਂ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ ਆਖਿਆ ਜਾਂਦਾ ਹੈ। ਪਰ ਜਦੋਂ ਤੱਕ ਮੇਰੇ ਵਰਗੇ ਪੜ੍ਹੇ ਲਿਖੇ ਅਤੇ ਪੰਜਾਬੀ ਜਿਉਂਦੇ ਨੇ ਉਦੋਂ ਤੱਕ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ। ਜੋ ਇੰਟਰਨੈੱਟ ਤੇ ਦੁਖ ਦਰਸੋਂਦੇ ਨੇ ਪਰ ਉਹ ਕਰਦੇ ਕੁਝ ਨਹੀਂ।

‘ ਪੰਜਾਬੀ ਮਾਂ ਬੋਲੀ ਨੂੰ ਹੈ ਖਤਰਾ ਇਹ ਕਹਿ ਕੇ ਦੁਖ ਦਰਸੋਂਦੇ ਹੋ
ਸੱਚ ਦੱਸਿਓ ਆਪਣੇ ਬੱਚੇ ਕਿਹੜੇ ਸਕੂਲ ਪੜ੍ਹਾਂਦੇ ਹੋ ‘

ਮੈਨੂੰ ਆਪਣੇ ਪੰਜਾਬੀ ਹੋਣ ਦਾ ਬਹੁਤ ਮਾਣ ਹੈ। ਜਦੋ ਵੀ ਦੇਸ਼ ਦੀ ਗੱਲ ਆਂਦੀ ਹੈ ਤਾਂ ਕੁਰਬਾਨੀਆਂ ਚ’ ਸੱਭ ਤੋਂ ਪਹਿਲਾਂ ਨਾਮ ਪੰਜਾਬੀਆਂ ਦਾ ਆਉਂਦਾ ਹੈ। ਹਰ ਫ਼ਿਲਮ ਚ’ ਗੀਤ ਪੰਜਾਬੀ ਹਰ ਪ੍ਰਾਂਤ ਚ’ ਰੀਤ ਪੰਜਾਬੀ। ਅੱਜ ਪੰਜਾਬੀ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਤੇ ਹੋਂਦ ਰੱਖਦੇ ਨੇ। ਮੈਂ ਹਰ ਪੰਜਾਬੀ ਨੂੰ ਇਸ ਲੇਖ ਦੁਆਰਾ ਇਹ ਦਾਅਵਾ ਕਰਦਾ ਹਾਂ ਕਿ ਇਕ ਦਿਨ ਐਸਾ ਜਰੂਰ ਆਵੇਗਾ ਜਦੋ ਪੰਜਾਬੀ ਦੁਨੀਆਂ ਦੀ ਪਹਿਲੀ ਦਸ ਭਾਸ਼ਾਵਾਂ ਵਿੱਚ ਆਵੇਗੀ। ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਪੁੱਛੇ ਕਿ ਪੰਜਾਬੀ ਵਿੱਚ ਕੀ ਹੈ ਜੋ ਅੰਗਰੇਜ਼ੀ ਵਿੱਚ ਨਹੀਂ ਤਾਂ ਉਹਨੂੰ ਇਹ ਜਵਾਬ ਦੇਣਾ ਕਿ ਅੰਗਰੇਜ਼ੀ ਵਿੱਚ ਸਾਨੂੰ ‘ੜ ‘ ਲਿਖਕੇ ਦਿਖਾਓ ।

© ਅਨੁਜ ਬੈਂਸ
9876023112

...
...

ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ..
ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ..
ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ!
ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕੋਲ ਕਿੰਨੇ ਸਾਰੇ ਬੰਬੂ-ਕਾਟ ਲੈ ਲਏ..
ਮਗਰੋਂ ਜਦੋਂ ਕਾਰਾਂ ਮੋਟਰਾਂ ਆਮ ਹੋ ਗਈਆਂ ਤਾਂ ਦਿਮਾਗਾਂ ਵਿਚ ਵੱਧ ਕੀਮਤਾਂ ਵਾਲੀਆਂ ਦੀ ਦੌੜ ਜਿਹੀ ਲੱਗ ਗਈ..ਹਮੇਸ਼ਾਂ ਹੋਰਨਾਂ ਤੋਂ ਦੋ ਕਦਮ ਅੱਗੇ ਰਹਿਣ ਵਾਲੀ ਮਾਨਸਿਕਤਾ..!
ਬਾਕੀ ਟਾਂਗਿਆਂ ਬੱਸਾਂ ਵਿਚ ਆਇਆ ਕਰਦੇ ਤੇ ਇਹਨਾਂ ਦੇ ਵਰਦੀ ਵਾਲੇ ਡਰਾਈਵਰ ਕੋਲ ਦਸ ਲੱਖ ਵਾਲੀ ਹੁੰਦੀ..

ਆਮ ਲੋਕ ਸਾਰੀ ਦਿਹਾੜੀ ਰੋਜੀ ਰੋਟੀ ਦੇ ਚੱਕਰ ਵਿਚ ਕਮਲੇ ਹੋਏ ਫਿਰਦੇ ਰਹਿੰਦੇ ਤੇ ਇਹ ਸੋਨੇ ਦੀਆਂ ਪੰਡਾਂ ਨਾਲ ਲੱਦੇ ਹੋਏ ਹਮਾਤੜਾਂ ਦੇ ਚੇਹਰੇ ਪੜਨ ਵਿਚ ਮਗ਼ਨ ਹੁੰਦੇ..
ਕੋਈ ਇਹਨਾਂ ਦੇ ਅੰਬਾਰ ਵੇਖ ਕਿੰਨਾ ਪ੍ਰਭਾਵਿਤ ਹੋ ਰਿਹਾ..ਕਿਸਨੇ ਸਲਾਹੁਤਾਂ ਵਿਚ ਕਿੰਨੇ ਕਸੀਦੇ ਪੜੇ..ਕਿੰਨੇ ਕਿੰਨੀਆਂ ਵਧਾਈਆਂ ਦਿੱਤੀਆਂ..ਚੋਵੀ ਘੰਟੇ ਬੱਸ ਏਹੀ ਗਿਣਤੀਆਂ ਮਿਣਤੀਆਂ..
ਵਿਆਹਵਾਂ ਸ਼ਗਨ ਸਵਾਰਥਾਂ ਤੇ ਜੇ ਕਿਤੇ ਕੋਈ ਖਾਸ ਉਚੇਚ ਨਾ ਹੁੰਦੀ ਤਾਂ ਵੱਡਾ ਮਸਲਾ ਖੜਾ ਕਰ ਦਿਆ ਕਰਦੇ..
ਟਰੇਆਂ ਫੜ ਆਸ ਪਾਸ ਫਿਰਦੇ ਰਹਿੰਦੇ ਬਹਿਰੇ ਅਤੇ ਸਿਫਤਾਂ ਕਰਦੀ ਰਿਸ਼ਤੇਦਾਰੀ ਇਹਨਾਂ ਨੂੰ ਬੜਾ ਹੀ ਅਨੰਦ ਦਿਆ ਕਰਦੀ..
ਹਰ ਭੋਗ-ਇਕੱਠ ਤੇ ਧਾਰਮਿਕ ਸਮਾਗਮ ਵਿਚ ਬੱਸ ਹਰ ਪਾਸੇ ਮੁਰੱਬਿਆਂ ਵਾਲੇ ਮਾਸੀ ਮਾਸੜ ਦਾ ਹੀ ਜਿਕਰ ਹੋਣਾ ਜਰੂਰੀ ਹੋਇਆ ਕਰਦਾ ਸੀ!

ਬੱਲੇ-ਬੱਲੇ ਦੇ ਨਸ਼ੇ ਨਾਲ ਸੁਵੇਰ ਦਾ ਹਰ ਸੂਰਜ ਚੜਿਆ ਕਰਦਾ ਤੇ ਵਾਹ ਭਾਈ ਵਾਹ ਦੇ ਨਾਲ ਹੀ ਰਾਤ ਪੈ ਜਾਇਆ ਕਰਦੀ.!
ਰਿਸ਼ਤੇਦਾਰੀ ਵਿਚ ਬਹੁਤੇ ਪਰਵਾਰਿਕ ਮਸਲਿਆਂ ਵਿਚ ਇਸ ਮਾਸੀ ਮਾਸੜ ਦੀ ਹਾਮੀਂ ਜਿਸ ਧਿਰ ਵੱਲ ਉੱਲਰ ਜਾਇਆ ਕਰਦੀ ਸਮਝੋ ਉਸਨੂੰ ਕੋਰਟ ਕਚਹਿਰੀ ਵਿਚ ਮੁਕੱਦਮਾਂ ਜਿੱਤਣ ਤੋਂ ਵੀ ਵੱਧ ਦਾ ਚਾਅ ਚੜ ਜਾਇਆ ਕਰਦਾ!

ਕਈ ਜਾਗਦੀ ਜਮੀਰ ਵਾਲੇ ਮੂੰਹ ਤੇ ਗੱਲ ਕਰਨ ਦੀ ਜੁੱਰਤ ਵੀ ਰਖਿਆ ਕਰਦੇ..
ਪਰ ਪਰਿਵਾਰਿਕ ਪਾਲੀਟਿਕਸ ਦਾ ਮਾਹਿਰ ਮਾਸੜ ਹਮੇਸ਼ਾਂ ਇਸ ਤਰਾਂ ਦੇ ਵਿਰੋਧੀਆਂ ਨੂੰ ਪਹਿਲਾਂ ਦੂਜਿਆਂ ਨਾਲੋਂ ਤੋੜ-ਵਿਛੋੜ ਕੇ ਕੱਲਾ ਕਾਰਾ ਪਾ ਦਿਆ ਕਰਦਾ..
ਫੇਰ ਉਸ ਤੋਂ ਗਿਣ ਗਿਣ ਕੇ ਬਦਲੇ ਲਏ ਜਾਂਦੇ..ਹਰ ਪਾਸੇ ਅਤੇ ਹਰ ਕੰਮ ਵਿਚ ਬਸ ਚੰਮ ਦੀਆਂ ਹੀ ਚੱਲਿਆ ਕਰਦੀਆਂ!

ਫੇਰ ਅਖੀਰ ਇੱਕ ਦਿਨ ਓਹੀ ਗੱਲ ਹੋ ਗਈ..
ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ..ਬੱਲੇ-ਬੱਲੇ ਵਾਲੀ ਦੁਪਹਿਰ ਹੌਲੀ-ਹੌਲੀ ਢਲਣ ਤੇ ਆ ਗਈ..ਫਿਕਰਾਂ ਵਾਲੇ ਪਰਛਾਵੇਂ ਲੰਮੇ ਹੋਣੇ ਸ਼ੁਰੂ ਹੋ ਗਏ ਤੇ ਮੁਰੱਬਿਆਂ ਵਾਲਾ ਮਾਸੜ ਆਪਣੇ ਧੌਲੇ ਵੇਖ ਉਦਾਸ ਰਹਿਣ ਲੱਗ ਪਿਆ..
ਫੇਰ ਡਿਪ੍ਰੈਸ਼ਨ ਦੀ ਮਾਰ ਹੇਠ ਆਇਆ ਵਕਤ ਨੂੰ ਧੱਕੇ ਜਿਹੇ ਦੇਣ ਲਈ ਮਜਬੂਰ ਹੋ ਗਿਆ..ਨਾਲਦੀ ਕੈਂਸਰ ਨਾਲ ਦਿਨਾਂ ਵਿਚ ਹੀ ਅਹੁ ਗਈ ਅਹੁ ਗਈ ਹੋ ਗਈ..ਉਚੇ ਢੇਰ ਅਤੇ ਅਮਰੀਕਾ ਦੇ ਵਧੀਆ ਹਸਪਤਾਲ..ਸਾਰਾ ਕੁਝ ਬੱਸ ਧਰਿਆ ਧਰਾਇਆ ਹੀ ਰਹਿ ਗਿਆ..ਅਖੀਰ ਨੂੰ ਨੂਹਾਂ ਵੀ ਗੱਲ ਸੁਣਨੋਂ ਹਟ ਜਿਹੀਆਂ ਗਈਆਂ..ਇੱਕ ਦੀਆਂ ਅੱਗੋਂ ਚਾਰ ਸੁਣਾਇਆ ਕਰਦੀਆਂ..ਪਰ ਸੜ ਗਈ ਰੱਸੀ ਦੇ ਪੂਰਾਣੇ ਵੱਟ ਅਜੇ ਵੀ ਓਦਾਂ ਦੇ ਓਦਾਂ ਹੀ ਸਨ..!

ਅਖੀਰ ਨੂੰ ਮੁੰਡਿਆਂ ਦਾ ਆਪਸ ਵਿਚ ਬੋਲਚਾਲ ਬੰਦ ਹੋ ਗਈ..
ਮਾਸੜ ਨਾਲ ਓਹਨਾ ਦੀ ਅਕਸਰ ਹੀ ਇਸ ਗੱਲੋਂ ਕਾਟੋ-ਕਲੇਸ਼ ਰਹਿੰਦੀ ਕੇ ਜਾਇਦਾਤ ਦੀ ਵੰਡ ਕਿਓਂ ਨਹੀਂ ਕਰਦਾ..
ਆਖ ਦਿਆ ਕਰਦੇ ਜੇ ਸਾਡੇ ਕੋਲ ਬਾਹਰ ਆਉਣਾ ਏ ਤਾਂ ਮੁੱਰਬੇ ਵੇਚ ਕੇ ਵੰਡ ਵਡਾਈ ਕਰ ਕੇ ਫੇਰ ਹੀ ਆਉਣਾ ਪੈਣਾ..
ਲੇਖਾਂ ਮਾਵਾਂ ਧੀਆਂ ਦਾ..ਅਗਲਾ ਔਲਾਦ ਦਾ ਬਦਲਿਆ ਹੋਇਆ ਰੂਪ ਵੇਖ ਅੰਦਰੋਂ ਅੰਦਰੀ ਇਸ ਗਲੋਂ ਵੀ ਡਰਿਆ ਕਰਦਾ ਬੀ ਵੰਡ ਵੰਡਾਈ ਦੇ ਚੱਕਰ ਵਿਚ ਮਾੜੀ ਮੋਟੀ ਹੁੰਦੀ ਪੁੱਛਗਿੱਛ ਤੋਂ ਵੀ ਨਾ ਜਾਂਦਾ ਰਹਾਂ!

ਅਖੀਰ ਕਿੰਨੀਆਂ ਸਾਰੀਆਂ ਬਿਮਾਰੀਆਂ ਦੇ ਮੱਕੜ ਜਾਲ ਵਿਚ ਫਸਿਆ ਹੋਇਆ ਡੰਗੋਰੀ ਫੜ ਕੇ ਤੁਰਨ ਲਈ ਮਜਬੂਰ ਹੋ ਗਿਆ..
ਮੁਰੱਬਿਆਂ ਦਾ ਗੇੜਾ ਮਾਰਨ ਗਿਆ ਜਦੋਂ ਥੱਕ-ਹਾਰ ਕੇ ਕਿਸੇ ਰੁੱਖ ਹੇਠ ਬੈਠ ਜਾਂਦਾ ਏ ਤਾਂ ਓਹੀ ਮੁਰੱਬੇ ਹੱਸਦੇ ਹੋਏ ਏਨੀ ਗੱਲ ਆਖਦੇ ਹੋਏ ਮਹਿਸੂਸ ਹੁੰਦੇ ਕੇ ਬਾਬਾ ਜੀ ਸਾਨੂੰ ਸਦੀਵੀਂ ਕਬਜੇ ਹੇਠਾਂ ਕਰਨ ਨੂੰ ਫਿਰਦੇ ਸੋ..ਪਰ ਕਈ ਤੁਹਾਥੋਂ ਕਿੰਨੇ ਵੱਡੇ ਸਿਕੰਦਰ ਇਥੋਂ ਖਾਲੀ ਹੱਥ ਚਲੇ ਗਏ..ਤੁਸੀਂ ਕਿਹੜੇ ਬਾਗ ਦੀ ਮੂਲੀ ਹੋ..ਫੇਰ ਅੱਗੋਂ ਕੋਈ ਜੁਆਬ ਨਾ ਅਹੁੜਦਾ..ਏਨੀ ਦਿਲ ਵਿਚ ਜਰੂਰ ਆਉਂਦੀ ਕੇ ਜਿਸਨੂੰ ਸਾਰਾ ਕੁਝ ਸਮਝ ਲਿਆ ਸੀ ਉਹ ਤੇ ਨਿੱਰੀ ਪੂਰੀ ਮਿੱਟੀ ਦਾ ਢੇਰ ਹੀ ਨਿੱਕਲੀ..!

ਕਈ ਮੌਕਿਆਂ ਤੇ ਕਿਸੇ ਵੇਲੇ ਵੰਡ ਵੰਡਾਈ ਦੇ ਡਰੋਂ ਘਰੇ ਜੰਮਦੀਆਂ ਹੀ ਫੀਮ ਚਟਾ ਕੇ ਮੁਕਾ ਦਿੱਤੀਆਂ ਬੜੀਆਂ ਚੇਤੇ ਆਇਆ ਕਰਦੀਆਂ..ਅੱਖਾਂ ਵਿਚ ਗਲੇਡੂ ਭਰ ਅਕਸਰ ਹੀ ਸੋਚਦਾ ਹੁੰਦਾ ਕੇ ਜੇ ਇੱਕ ਵੀ ਬਚਾਅ ਕੇ ਰੱਖ ਲਈ ਹੁੰਦੀ ਤਾਂ ਸ਼ਾਇਦ ਅੱਜ ਓਦੇ ਨਾਲ ਹੀ ਦਿਲ ਹੌਲਾ ਕਰ ਲਿਆ ਕਰਦਾ..ਪਰ ਜਵਾਨੀ ਅਤੇ ਦੌਲਤ ਦੀ ਸਿਖਰ ਦੁਪਹਿਰ ਵੇਲੇ ਏਨੀ ਗੱਲ ਦੀ ਹੋਸ਼ ਹੀ ਕਿਸਨੂੰ ਰਹਿੰਦੀ ਏ ਕੇ ਆਥਣ ਵੇਲੇ ਦੇ ਢਲਦੇ ਹੋਏ ਪਰਛਾਵੇਂ ਅਕਸਰ ਹੀ ਆਪਣੇ ਵਜੂਦ ਤੋਂ ਵੀ ਲੰਮੇ ਹੋ ਜਾਇਆ ਕਰਦੇ ਨੇ..!

ਦੋਸਤੋ ਨਾਨੀ ਨਿੱਕੇ ਹੁੰਦਿਆਂ ਸਾਨੂੰ ਅਕਸਰ ਹੀ ਵਰਜਦੀ ਹੁੰਦੀ ਸੀ ਕੇ ਪੁੱਤ ਭੋਏਂ ਤੇ ਹੀ ਖੇਡਿਆ ਕਰੋ..ਬਿਨ ਬਨੇਰੇ ਵਾਲੇ ਚੁਬਾਰਿਆਂ ਤੇ ਨਾ ਜਾ ਚੜ ਜਾਇਆ ਕਰੋ..ਜੇ ਖੇਡਦਿਆਂ-ਮੱਲਦਿਆਂ ਕਿਸੇ ਦਿਨ ਹੇਠਾਂ ਆਣ ਪਏ ਤਾਂ ਧਰਮ ਨਾਲ ਸੱਟ-ਪੇਟ ਬੜੀ ਭੈੜੀ ਲੱਗੂ..
ਹੁਣ ਅਮਝ ਆਈ ਕੇ ਬਿਲਕੁਲ ਸਹੀ ਆਖਿਆ ਕਰਦੀ ਸੀ..ਉਚਾਈ ਤੋਂ ਡਿੱਗਿਆਂ ਵਾਕਿਆ ਹੀ ਸੱਟ ਬੜੀ ਭੈੜੀ ਲੱਗਦੀ ਏ..ਕਈ ਵਾਰ ਤੇ ਪਾਣੀ ਮੰਗਣ ਦੀ ਮੋਹਲਤ ਤੱਕ ਵੀ ਨਹੀਂ ਮਿਲਦੀ..

ਬੇਸ਼ੱਕ ਜਹਾਨੋ ਗਈ ਨੂੰ ਤਕਰੀਬਨ ਪੂਰੇ ਬੱਤੀ ਵਰੇ ਹੋਣ ਨੂੰ ਹਨ ਪਰ ਅੱਜ ਵੀ ਜਦੋਂ ਕਦੀ ਸੁਫਨਿਆਂ ਦੀ ਦੁਨੀਆਂ ਵਿਚ ਦਰਸ਼ਨ ਮੇਲੇ ਹੋ ਜਾਂਦੇ ਨੇ ਤਾਂ ਪਤਾ ਨੀ ਕਿਓਂ ਨਾਲ ਹੀ ਉਤਲੀ ਹਵਾਏ ਪਈ ਇੱਕ ਇੱਲ ਦਿਨ ਢਲੇ ਵਾਪਿਸ ਜਮੀਨ ਵੱਲ ਨੂੰ ਮੁੜਦੀ ਹੋਈ ਨਜ਼ਰੀਂ ਕਿਓਂ ਪੈ ਜਾਂਦੀ ਏ..!

ਹਰਪ੍ਰੀਤ ਸਿੰਘ ਜਵੰਦਾ

...
...

ਇਹ ਕਹਾਣੀ ਇਕ ਪਰਦੇ ਉਹਲੇ ਛੁਪੇ ਹੋਏ ਮੁਖੜੇ ਨੂੰ ਜੀ ਭਰ ਤੱਕਣ ਦੀ ਉਡੀਕਣਾ ਪਿੱਛੇ ਹੈ। ਜੋ ਸਬਦਾਂ ਰਾਹੀਂ ਕਿਸੇ ਦੀ ਪਹਿਚਾਣ ਤੇ ਸੂਰਤ ਨੂੰ ਪਹਿਚਾਣਨ ਦੀ ਕਲਾ ਨੂੰ ਬਿਆਨਦੀ ਹੈ। ਜੋ ਅੱਖਰਾਂ ਚ ਵਾਹੇ ਹੋਏ ਨਕਸ਼ੇ ਨੂੰ ਮੰਜਿਲ ਮੰਨਦੀ ਹੈ।
ਕੰਮ ਤੋਂ ਘਰ ਤੇ ਘਰ ਤੋਂ ਕੰਮ , ਬਸ ਹੁਣ ਇਹੀ ਕੁਝ ਰਹਿ ਗਿਆ ਸੀ, ਮੇਰੀ ਜ਼ਿੰਦਗੀ ਦੇ ਵਿੱਚ, ਏਵੇਂ ਜਿਹੇ ਜਾਪਦਾ ਹੁੰਦਾ ਸੀ। ਪਹਿਲਾਂ ਕਿ ਜਿਹੜੇ ਲੋਕ ਨੌਕਰੀ ਕਰਦੇ ਨੇ ਵਧਿਆ ਉਹਨਾਂ ਦੀ ਜ਼ਿੰਦਗੀ ਨਜਾਰਿਆ ਨਾਲ ਲੰਘਦੀ ਹੋਊ, ਪਰ ਹੁਣ ਪਤਾ ਲੱਗਾ, ਕਿ ਨੌਕਰੀ ਲੱਗ ਜਾਣ ਪਿੱਛੋਂ ਏਵੇਂ ਜਿਹੇ ਲੱਗਦਾ ,ਜਿਵੇਂ ਇਨਸਾਨ ਕੋਈ ਗੂੜੀ ਜਿਹੀ ਤਸਵੀਰ ਚ ਫਿੱਕੇ ਜਿਹੇ ਰੰਗ ਭਰ ਰਿਹਾ ਹੋਵੇ। ਸਹੀ ਦੱਸਾਂ ਤਾਂ ਮੇਰਾ ਇਸ ਬੇਗਾਨੇ ਸਹਿਰ ਵਿਚ ਬਿਲਕੁਲ ਵੀ ਚਿੱਤ ਨਹੀ ਸੀ ਲੱਗਿਆ, ਬੇਸ਼ੱਕ ਮੈਨੂੰ ਏਥੇ ਆਏ ਇਕ ਸਾਲ ਤੋਂ ਉਪਰ ਹੋ ਚੁੱਕਿਆ ਸੀ। ਦੋ ਵਾਰ ਉਂ ਤਾਂ ਮੈਂ ਪਿੰਡ ਵੀ ਗੇੜਾ ਲਾ ਆਇਆ ਸੀ, ਨਾਲੇ ਨਾਲ ਦੇ ਦੋਸਤ ਵੀ ਵਧਿਆ ਸਨ ਸਾਰੇ ਹੀ , ਹਾਂ ਸੱਚ ਪਰ ਉਹ ਤਾਂ ਆਪਣੇ ਆਪ ਵਿਚ ਹੀ ਉਲਝੇ ਰਹਿੰਦੇ ਸਨ, ਹਾਏ ਹੈਲੂ ਜਰੂਰ ਕਰ ਕੁਰ ਲੈਦੇਂ ਸੀ ਬਸ। ਜਾਂ ਕਦੇ ਬਾਹਿਰ ਤੋਂ ਕੁਝ ਖਾਣ ਨੂੰ ਮੰਗਾਉਣਾ ਹੋਵੇ, ਤਾਂ ਇਹ ਪੁੱਛ ਲੈਦੇਂ ਕਿ ਤੂੰ ਵੀ ਖਾਏਗਾ ਤਾਂ ਪੈਸੇ ਦੇ ਦੇ। ਹੋਰ ਕੋਈ ਕਦੇ ਉਹਨਾਂ ਨੇ ਕੋਈ ਗੱਲ ਸਾਝੀ ਨਹੀਂ ਕਰੀਂ, ਤੇ ਨਾਹੀ ਕਦੇ ਮੈਂ ਬਿਨਾਂ ਅੱਗਿਓਂ ਬੁਲਾਏ ਕਦੇ ਕਿਸੇ ਨੂੰ ਬੁਲਾਇਆ ਸੀ।
ਐਤਵਾਰ ਦਾ ਦਿਨ ਸੀ। ਬਾਹਿਰ ਮੌਸਮ ਕਾਫੀ ਸੁਹਾਵਣਾ ਸੀ। ਅਸੀਂ ਇਕ ਘਰ ਵਿਚ ਛੇ ਜਾਣੇ ਰਹਿੰਦੇ ਸਾਂ, ਉਸ ਘਰ ਵਿੱਚ ਤਿੰਨ ਕਮਰੇ ਸੀ,ਤੇ ਇੱਕ ਰਸੋਈ ਤੇ ਇਕ ਮਹਿਮਾਨਾਂ ਲਈ ਕਮਰਾ, ਅਸੀਂ ਇਕ ਕਮਰੇ ਵਿਚ ਦੋ ਜਾਣੇ ਹੁੰਦੇ ਸਾਂ, ਮੇਰੇ ਕਮਰੇ ਵਿਚ ਜੋ ਮੁੰਡਾ ਰਹਿੰਦਾ ਸੀ। ਉਹ ਹਰਿਆਣੇ ਤੋ ਹੋਣ ਕਰਕੇ ਹਿੰਦੀ ਬੋਲਦਾ ਸੀ। ਮੈਂ ਖਿੜਕੀ ਨੂੰ ਖੋਲ ਕੇ ਬਾਹਰੋ ਆ ਰਹੀ ਮੀਂਹ ਪਿੱਛੋਂ ਠੰਢੀ ਠੰਢੀ ਹਵਾ ਦਾ ਅਨੰਦ ਮਾਣ ਰਿਹਾ। ਹਰਿਆਣੇ ਵਾਲਾ ਬੋਲਿਆ : ਸਰਦਾਰ ਤਨੇ ਏਕ ਬਾਤ ਬੋਲੋ ।
ਮੈਂ : ਉਹਦੇ ਵੱਲ ਮੂੰਹ ਕਰਦੇ ਹੋਏ ਕਿਹਾ…ਹਾਂ ਦੱਸ
ਹਰਿਆਣੇ ਵਾਲਾ : ਬਾਹਿਰ ਸੈਰ ਕਰਨੇ ਕੋ ਨਾ ਚਲੇ।
ਮੈ : ਬੈਠਾ ਰਹਿ ਚੁੱਪ ਕਰਕੇ
ਹਰਿਆਣੇ ਵਾਲਾ : ਸਰਦਾਰ ਚਲਤੇ ਹੈਂ
ਮੈ : ਉਹਦੇ ਭੋਲੇ ਜਿਹੇ ਬਣਾਏ ਹੋਏ, ਮੂੰਹ ਵੱਲ ਵੇਖਦਿਆਂ ਕਿਹਾ
ਚੱਲ ਚੰਗਾ ਚਲਦਿਆਂ, ਜਾਂ ਉਹਨਾਂ ਨੂੰ ਵੀ ਹਾਕ ਮਾਰ ਲੈ…
ਉਸਨੇ ਉਹਨਾਂ ਨੂੰ ਹਾਕ ਮਾਰ ਲਈ ਤੇ ਮੈਂ ਅਲਮਾਰੀ ਵਿਚੋਂ ਛੱਤਰੀ ਚੁੱਕ ਕੇ ਉਹਨਾਂ ਦੇ ਮਗਰੀਂ ਤੁਰ ਪਿਆ, ਅਸੀ ਕਾਫੀ ਸਮਾਂ ਤੁਰਦੇ ਗਏ, ਲੱਗਭਗ ਅਸੀਂ ਘਰ ਤੋਂ ਦੋ ਢਾਈ ਮੀਲ ਦੂਰ ਆ ਗਏ ਸਾਂ, ਹਲਕੀ ਹਲਕੀ ਭੂਰ ਪੈਣੀ ਸੁਰੂ ਹੋ ਗਈ। ਛੱਤੇ ਖੋਲ ਅਸੀਂ ਕਾਹਲੀ ਕਾਹਲੀ ਘਰ ਨੂੰ ਵਾਪਿਸ ਪਰਤ ਰਹੇਂ ਸਾਂ। ਘਰ ਪਹੁੰਚਣ ਹੀ ਵਾਲੇ ਸਾਂ, ਮੈਨੂੰ ਅਣਜਾਣ ਜਿਹੇ ਕਿਸੇ ਅਕਾਉਂਟ ਜੋ ਕਿ ( clay tinted) ਦੇ ਨਾਮ ਉਪਰ ਸੀ। ਤੋ ਇਕ ਮੈਸਜ ਆਇਆ, ਜੋ ਪਿਛਲੇ ਦਿਨੀਂ ਪਾਈ, ਪੋਸਟ ਦੇ ਨਾਲ ਸੰਬੰਧਿਤ ਸੀ।
ਮੈਸਜ ਵਿਚ ਲਿਖਿਆ ਸੀ :–
ਕੋਈ ਵੱਲ ਅਸਾਂ ਦੇ ਆ ਰਿਹਾ,
ਅਸੀਂ ਹਾਂ ਜਿਸ ਤੋਂ ਅਨਜਾਣ,
ਉਹ ਸਾਨੂੰ ਹੈ ਕਿਦਾਂ ਜਾਣਦਾ,
ਜਿਸਦੀ ਸਾਡੇ ਨਾਮ ਨਾਲ ਪਹਿਚਾਣ…

ਤੁਹਾਨੂੰ ਨਹੀਂ ਪਤਾ
ਅਕਸਰ ਉਹੀ ਆਪਣੇ,
ਜਿਆਦਾ ਕੋਲ ਹੁੰਦੇ ਨੇ,
ਜਿਹਨਾਂ ਤੋਂ ਆਪਾਂ ਅਣਜਾਣ ਹੁੰਦੇ ਹਾਂ,
ਜਿਹਨਾਂ ਦੀ ਸੂਰਤ ਵੀ ਨਹੀਂ ਵੇਖੀ ਹੁੰਦੀ,
ਬਸ ਕਦੇ ਇਤਫ਼ਾਕ ਜਿਹੇ ਮੇਲ ਹੁੰਦਾ,
ਜਿਦਾਂ ਕਦੇ ਕਦੇ ਹਵਾ ਨਾਲ ,
ਅਣਪਟੱਕੇ ਕਿਸੇ ਖੂਸਬੂ ਦੀ ਮੁਲਾਕਾਤ
ਹੁੰਦੀ ਏ, ਬਿਲਕੁਲ ਅਣਜਾਣੇ ਚ ‘

{ ਸੁਖਦੀਪ }

ਮੈਂ ਅਕਸਰ ਹੀ ਇਕਾਂਤ ਵਿਚ ਬੈਠਾ, ਕੁਝ ਨਾ ਕੁਝ ਲਿਖ ਲੁਖ ਲਿਆ ਕਰਦਾ ਸੀ। ਮੈਂ ਪਹਿਲਾਂ ਵੀ ਕਈ ਵਾਰ ਕੁਝ ਨਾ ਕੁਝ ਆਪਣੇ ਵੱਲੋਂ ਲਿਖ ਕੇ ਪੋਸਟ ਕੀਤਾ ਸੀ। ਮੈਨੂੰ ਪਹਿਲਾ ਕਿਸੇ ਨੇ ਵੀ ਇਸ ਤਰ੍ਹਾਂ ਮੈਸਜ ਨਹੀਂ ਕਰਿਆ ਸੀ। ਮੈਂ ਮੈਸਜ ਨੂੰ ਵੇਖ ਕੇ ਛੱਡ ਦਿੱਤਾ , ਤੇ ਰਸਤੇ ਵਿਚ ਮੈਂ ਉਸ ਇਨਸਾਨ ਬਾਰੇ ਹੀ ਸੋਚਦਾ ਰਿਹਾ।
ਮੈਂ ਘਰ ਪਹੁੰਚਦੇ ਸਾਰ ਹੀ ਫੋਨ ਨੂੰ ਚਾਰਜਰ ਉੱਪਰ ਲਗਾ ਦਿੱਤਾ, ਖੁਦ ਮੇਜ਼ ਉਪਰ ਪਈ , ਡਾਇਰੀ ਨੂੰ ਚੁੱਕ ਲਿਆ ਤੇ ਉਸ ਨੂੰ ਫਰੋਲਣ ਲੱਗ ਪਿਆ, ਮੈਂ ਉਸ ਆਏ ਹੋਏ ਮੈਸਜ ਦਾ ਰਿਪਲਾਈ,ਜਵਾਬ (Reply) ਦੇਣਾ ਚਾਹੁੰਦਾ ਸੀ। ਮੈਂ ਦੋ ਵਾਰ ਚੰਗੀ ਤਰ੍ਹਾਂ ਡਾਇਰੀ ਦਾ ਇੱਕ ਇੱਕ ਪੰਨਾ ਫਰੋਲਿਆ , ਪਰ ਮੈਨੂੰ ਕੋਈ ਜਵਾਬੀ ਉੱਤਰ ਲਈ ਲਿਖਤ ਨਾ ਮਿਲੀ। ਮੈਂ ਕੋਲ ਹੀ ਪਏ, ਪੈੱਨ ਨੂੰ ਚੁੱਕਿਆ ਤੇ ਲਿਖਣਾ ਸੁਰੂ ਕੀਤਾ : —
ਮੈਂ ਦਰਦ ਜਿਹਨਾਂ ਨਾਲ ਵੰਡਿਆ,
ਉਹ ਸੀ ਮੇਰੇ ਤੋਂ ਅਨਜਾਣ ,
ਮੈਂ ਸਬਦਾਂ ਨਾਲ ਪਾਇਆ ਰਾਬਤਾ
ਜੋ ਬਣੇ ਮੇਰੀ ਪਹਿਚਾਣ,
ਕੋਈ ਤੁਰ ਕੇ ਰਾਹੇ ਏਸ ਨੂੰ,
ਗਿਆ ਹੈ ਸਾਨੂੰ ਜਾਣ…

ਅਸੀਂ ਜਿਹਨਾਂ ਦੇ ਨਜਦੀਕ ਹੋਏ,
ਉਹ ਸਾਨੂੰ ਅਣ ਪਹਿਚਾਣਿਆ,
ਆਖ ਕੇ ਦੂਰ ਕਿਤੇ ਚੱਲੇ ਗਏ
ਅਸੀਂ ਇਹਨਾਂ ਅੱਖਰਾਂ ਦਾ ਸਹਾਰਾ,
ਲੈਕੇ ਹੀ ਵੱਡੇ ਹੋਏ ਆਂ,
ਹੁਣ ਕੋਈ ਵੀ ਸਾਨੂੰ ਜਾਣਨ ਤੋਂ ਪਹਿਲਾਂ,
ਸਾਡੇ ਅੱਖਰਾਂ ਨਾਲ ਹੀ ਪਹਿਚਾਣ ਕਰਦਾ ਹੈ,
ਤੇ ਸਾਨੂੰ ਏ ਜਾਪਦਾ ਹੁਣ,
ਕੇ ਕੋਈ ਸਾਡੇ ਅੱਖਰਾਂ ਨੂੰ ਜਾਣ ਗਿਆ ਹੈ

{ ਸੁਖਦੀਪ }

ਮੈਂ ਲਿਖਦੇ ਸਾਰ ਹੀ, ਫੋਨ ਚੁੱਕਿਆ ਤੇ ਪੋਸਟ ਕਰ ਦਿੱਤਾ, ਮੁੜ ਉਸ ਦੇ ਜਵਾਬ’ ਰਿਪਲਾਈ ‘ਦੀ ਉਡੀਕ ਵਿੱਚ ਫੋਨ ਨੂੰ ਦੁਬਾਰਾ ਚਾਰਜਰ ਦੇ ਉੱਪਰ ਲਾ ਕੇ ਮੇਜ਼ ਉੱਪਰ ਧਰ ਦਿੱਤਾ। ਸ਼ਾਮ ਹੋ ਗਈ ਸੀ। ਅਸਮਾਨ ਵਿੱਚ ਅਜੇ ਵੀ ਵੱਡੇ ਵੱਡੇ ਬੱਦਲ ਛਾਏ ਹੋਏ ਸੀ। ਮੈਨੂੰ ਬਜਾਰ ਵਿਚ ਥੋੜਾ ਜਿਹਾ ਕੰਮ ਸੀ। ਮੈਂ ਬਜਾਰ ਚਲਾ ਗਿਆ ਤੇ ਰੋਟੀ ਵੀ ਬਾਹਰੋਂ ਹੀ ਖਾ ਆਇਆ। ਜਦੋਂ ਮੈਂ ਵਾਪਿਸ ਆਇਆ ਤਾਂ ਕਾਫ਼ੀ ਹਨੇਰਾ ਹੋ ਚੁੱਕਿਆ ਸੀ। ਮੈਂ ਕਮਰੇ ਵਿੱਚ ਪਹੁੰਚਦੇ ਸਾਰ ਹੀ ਫੋਨ ਨੂੰ ਚੁੱਕਿਆ। ਅਜੇ ਵੀ ਕੋਈ ਰਿਪਲਾਈ ਨਹੀ ਸੀ ਆਇਆ। ਮੈਂ ਸਵੇਰੇ ਜਲਦੀ ਕੰਮ ਉੱਪਰ ਜਾਣਾ ਸੀ। ਮੈਂ ਜਲਦੀ ਹੀ ਸੋ ਗਿਆ।
ਸਵੇਰੇ ਉੱਠਦੇ ਸਾਰ ਹੀ, ਮੈਂ ਕੰਮ ਉੱਪਰ ਚਲਾ ਗਿਆ , ਆਉਦੇਂ ਸਾਰ ਹੀ ਮੈਂ ਕੰਮ ਦੀ ਥਕਾਵਟ ਹੋਣ ਕਰਕੇ ਬਿਸਤਰ ਉੱਪਰ ਲੇਟ ਗਿਆ, ਅਜੇ ਮੈਨੂੰ ਨੀਂਦ ਆਉਣ ਹੀ ਲੱਗੀ ਸੀ। ਮੇਰੇ ਕੱਲ ਵਾਲੀ ਗੱਲ ਚੇਤੇ ਆਈ, ਕਿ ਉਸ ਪੋਸਟ ਦੇ ਉੱਪਰ ਕੋਈ ਆਇਆ ਰਿਪਲਾਈ ਕਿ ਨਹੀ…
ਮੈਂ ਕੰਮ ਉੱਪਰ ਫੋਨ ਨਹੀ ਸੀ ਲੈ ਕਿ ਜਾਦਾਂ,ਸਗੋਂ ਇਸ ਨੂੰ ਬੰਦ ਕਰਕੇ ਕੇ ਅਲਮਾਰੀ ਵਿਚ ਰੱਖ ਦਿੰਦਾ ਸੀ। ਮੇਰੇ ਫੋਨ ਖੋਲ੍ਹਦੇ ਸਾਰ ਹੀ, ਮੈਨੂੰ ਪਾਈ ਹੋਈ ਪੋਸਟ ਉੱਪਰ ਕੋਈ ਰਿਪਲਾਈ ਆਇਆ ਹੋਇਆ ਸੀ। ਜਿਸ ਵਿਚ ਲਿਖਿਆ ਹੋਇਆ ਸੀ :-

ਸਬਦਾਂ ਪਿਛਲੀ ਤਸਵੀਰ ਨੂੰ,
ਜਦ ਕੋਈ ਉਗਲਾਂ ਰਾਹੀਂ ਵਾਹ ਲੈਦਾਂ,
ਆਪਣਿਆਂ ਵਰਗਾ ਹੀ ਜਾਪਦਾ,
ਜਦ ਖ਼ਤ ਕੋਈ ਏ ਸਾਹ ਲੈਂਦਾ
ਵਕਤਾਂ ਦੇ ਹੱਥੋਂ ਹਾਰ ਕੇ,
ਮਹਿਲ ਖਬਾਬੀਂ ਢਾਹ ਲੈਦਾਂ
ਉਹਦੇ ਵਰਗਾ ਹੀ ਮੈਨੂੰ ਜਾਪਦਾ,
ਜੋ ਮੁੜ ਮੁੜ ਮੇਰਾ ਨਾਂ ਲੈਦਾਂ…

ਮੈਨੂੰ ਇਹ ਪੜਦੇ ਸਾਰ ਹੀ ਏਵੇਂ ਲੱਗਿਆ, ਜਿਵੇਂ ਕੋਈ ਮੇਰੇ ਨਜ਼ਦੀਕ ਦਾ ਮੇਰੇ ਹੀ ਬਾਰੇ ਲਿਖ ਰਿਹਾ ਹੋਵੇ। ਉਹ ਵੀ ਉਸ ਬਾਰੇ ਜਿਸ ਬਾਰੇ ਮੈਂ ਅੱਜ ਤੀਕ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਨੀ ਚਾਹੀ। ਮੈਂ ਕੋਈ ਜਵਾਬੀ ਲਿਖਤ ਨਾ ਲਿਖੀ। ਸਗੋਂ ਤੁਹਾਡਾ ਨਾਮ, ਤੁਸੀਂ ਕੌਣ ਹੋ, ਤੁਸੀਂ ਮੈਨੂੰ ਜਾਣਦੇ ਹੋ ਆਦਿ ਕਈ ਹੋਰ ਮੈਸਜ ਲਿਖ ਕੇ ਭੇਜ ਦਿੱਤੇ। ਉਸ ਸ਼ਾਮ ਜੋ ਖਿਆਲ ਮੇਰੇ ਦਿਮਾਗੀ ਦੌੜੇ ਮੈਨੂੰ ਹੁਣ ਵੀ ਯਾਦ ਕਰਕੇ ਕੋਈ ਖਤਰਨਾਕ ਘਟਨਾ ਵਰਗੇ ਲੱਗਦੇ ਨੇ,ਉਹ ਮੇਰਾ ਪਹਿਲਾ ਦਿਨ ਸੀ। ਜਿਸ ਦਿਨ ਮੈਂ ਬਿਨਾਂ ਕੁਝ ਲਿਖੇ,ਪੜ੍ਹੇ ਹੀ ਸੋਂ ਗਿਆ, ਸਵੇਰੇ ਰੋਜ਼ਾਨਾ ਦੇ ਵਾਂਗੂੰ ਜਲਦੀ ਉੱਠਿਆ ਤੇ ਕੰਮ ਤੇ ਚਲਾ ਗਿਆ। ਮੇਰੇ ਆੱਫਸ ਵਿੱਚ ਇੱਕ ਅੜਬ ਜਿਹੇ ਸੁਭਾਅ ਵਾਲਾ ਸੀਨੀਅਰ ਸੀ। ਜਿਸ ਦੀ ਅੱਜ ਬਦਲੀ ਹੋ ਗਈ। ਜਿਸ ਕਰਕੇ ਸਾਰੇ ਹੀ ਜਾਣੇ ਬਹੁਤ ਖੁਸ਼ ਸਾਂ। ਮੈਂ ਆ ਕਿ ਕੱਪੜੇ ਬਦਲਦੇ ਸਾਰ ਇੱਕ ਕੱਪ ਚਾਹ ਦਾ ਬਣਨ ਲਈ ਧਰ ਦਿੱਤਾ,ਮੇਰੇ ਪਰਨਾ ਬੰਨਦੇ ਬੰਨਦੇ ਚਾਹ ਬਣ ਗਈ, ਮੈ ਕੱਪ ਵਿਚ ਪਾ ਬੈੱਡ ਉਪਰ ਆ ਬੈਠਾ,ਨਾਲ ਹੀ ਅਲਮਾਰੀ ਵਿਚੋਂ ਫੋਨ ਵੀ ਚੁੱਕ ਲਿਆ, ਮੈਂ ਫੋਨ ਖੋਲਦੇ ਸਾਰ ਹੀ ਫੇਸਬੁੱਕ ਉਪਰ ਮੈਸਜ ਬੌਕਸ ਚੈੱਕ ਕਰਿਆ ਤਾਂ ਕੋਈ ਵੀ ਮੈਸਜ ਨਹੀ ਸੀ ਆਇਆ ਮੈਂ ਅਜੇ ਪੁਰਾਣੇ ਮੈਸਜਾਂ ਨੂੰ ਪੜ ਹੀ ਰਿਹਾ ਸੀ। ਤੁਰੰਤ ਹੀ ਇਕ ਮੈਸਜ ਆਇਆ ਜਿਸ ਵਿਚ ਲਿਖਿਆ ਸੀ…

ਉਹ ਤਾਂ ਮੈਂ ਕਦੋਂ ਤਾ ਭੁੱਲਾ ਦਿੱਤਾ,
ਚੁੱਬਣ ਲੱਗ ਗਿਆ ਸੀ,
ਮੇਰੇ ਸੀਨੇ ਦੇ ਵਿਚਕਾਰ,
ਹੁਣ ਤਾਂ ਜਦ ਵੀ ਕੋਈ ਕਿਸੇ ਨੂੰ,
ਹਾਕ ਮਾਰਦਾ ਕੋਈ ਨਾਮ ਲੈ ਕੇ,
ਮੈਂ ਮੰਨ ਲੈਂਦੀ ਹਾਂ,
ਕਿ ਉਹ ਮੈਨੂੰ ਹੀ ਮਾਰ ਰਿਹਾ ਏ
ਹਾਕ…..
ਮੈਨੂੰ ਆਪਣਾ ਹੀ ਲੱਗਦਾ ਹੈ ਹਰਕੋਈ
ਤੇ ਇਹ ਸਵਾਲ ਕਦੇ ਕਦੇ,
ਮੈਂ ਖੁਦ ਨੂੰ ਵੀ ਪੁੱਛ ਬਹਿੰਦੀ ਹਾਂ,
ਕਿ ਕੌਣ ਹਾਂ ਮੈਂ..???
ਫੇਰ ਜਦੋਂ ਉਡਦਾ ਹੋਇਆ ਰੇਤਾ,
ਘੱਟਾ ਬਣ ਮੇਰੀਆਂ ਅੱਖਾਂ ਚ ਚੁੱਬਦਾ,
ਤਾਂ ਮੈਨੂੰ ਮੇਰੇ ਮਹਿਬੂਬ ਵਰਗਾ ਲੱਗਦਾ,
ਮੈਨੂੰ ਲੱਗਦਾ ਮੈਂ ਇਸ ਰੇਤੇ ਦਾ ਹੀ ਅੰਸ਼ ਹਾਂ,
ਜੋ ਵੀ ਮੇਰੇ ਕੋਲੋਂ ਦੀ ਲੰਘਦਾ ਏ,
ਮੈਂ ਆਪਣਾ ਮੰਨ ਲੈਂਦੀ ਹਾਂ ਉਸਨੂੰ,
ਫੇਰ ਕਿਤੇ ਮਿਲੇ ਤਾਂ ਪਹਿਚਾਣ ਆ ਜਾਂਦੀ ਏ
ਏਸੇ ਤਰ੍ਹਾਂ ਹੀ ਜਾਣਨ ਜਾਣ ਲੱਗਦੀ ਹਾਂ
ਅਨਜਾਣਾਂ ਨੂੰ ਵੀ…..
ਹਾਂ ਸੱਚ ਮੈਨੂੰ ਅੱਜ ਤੀਕ ਕੋਈ,
ਅਜਿਹਾ ਕੋਈ ਨਹੀ ਮਿਲਿਆ
ਜਿਸ ਨੇ ਮੈਨੂੰ ਜਾਣ ਲਿਆ ਹੋਵੇ
ਜੇ ਕੋਈ ਜਾਣ ਵੀ ਲਵੇ
ਤਾਂ ਦੂਰ ਚਲਾ ਜਾਂਦਾ,
ਐਨੀ ਦੂਰ ਜਿੰਨਾ,
ਦੂਰ ਚੰਦ ਧਰਤੀ ਤੋਂ….

ਸੁਣ ਤੂੰ ਮੈਨੂੰ ਜਾਣਨ ਦੀ ਕੋਸ਼ਿਸ਼ ਨਾ ਕਰੀਂ
ਕਿਉਂਕਿ ਮੈਂ ਨਹੀਂ ਚਾਹੁੰਦੀ
ਕੋਈ ਸਾਲਾਂ ਪਿੱਛੋਂ,
ਮੁੜ ਬਣਿਆ ਹੋਇਆ ਦੋਸਤ
ਮੇਰੇ ਕੋਲੋਂ ਫੇਰ ਦੂਰ ਹੋਵੇ

~
ਮੇਰੇ ਪੁਛੇ ਹੋਏ ਸਵਾਲਾਂ ਦਾ ਉੱਤਰ ਉਸਨੇ ਬੜੀ ਸਿੱਦਤ ਨਾਲ ਬਿਆਨ ਕਰਕੇ ਲਿਖਿਆ ਸੀ। ਮੈਨੂੰ ਉਹ ਕੋਈ ਚੰਗੀ ਲੇਖਕਾ ਜਾਪੀ। ਮੈਂ ਚਾਹੁੰਦਾ ਸੀ ਕਿ ਮੈਂ ਉਸਨੂੰ ਮੁੜ ਸਵਾਲ ਕਰਾਂ ਤੇ ਪੁੱਛਾਂ ਕਿ ਤੁਸੀਂ ਲੇਖਕਾ ਹੋ, ਪਰ ਮੈਨੂੰ ਹੁਣ ਤੀਕ ਐਨਾ ਕੂ ਪਤਾ ਲੱਗ ਗਿਆ ਸੀ। ਕਿ ਉਸਨੇ ਮੇਰੇ ਕਿਸੇ ਵੀ ਗੱਲ ਦਾ ਜੇਕਰ ਜਵਾਬ ਦੇਣਾ ਹੋਊ, ਤਾਂ ਉਹ ਕਵਿਤਾ ਵਿਚ ਹੀ ਦੇਵੇਗੀ। ਉਹ ਅਕਾਉਂਟ ਅਜੇ ਵੀ ਆੱਨਲਾਈਨ ਦਿੱਖ ਰਿਹਾ ਸੀ। ਮੈਂ ਲਿਖਿਆ
ਮੈਂ ਬੂਹਾ ਖੜਕਿਆ ਆਪਣਾ,
ਅੰਦਰ ਦੇਖਿਆ ਕੌਣ!!!
ਸੁਪਨੇ,ਖਬਾਬ ਤੇ ਚਾਅ ਕਈ,
ਪਏ ਗੂੜੀ ਨੀਦੇਂ ਸੌਣ
ਨਾ ਹਵਾ ਵਗੇ,ਨਾਹੀ ਏਥੇ ਪਾਣੀ
ਫੇਰ ਕਿਸਦੇ ਆਸਰੇ ਜਿਉਣ,
ਲਾਗੇ ਖਾਮੋਸ਼ੀ ਬੈਠੀ ਹੋਈ ਬੇਜਾਨ ਜਿਹੀ
ਉਪਰੋਂ ਡਾਢੀ ਉਹਨੇ ਧਾਰੀ ਮੌਨ,
ਅਸਾਂ ਬੂਹਾ ਬੈਠੇ ਹਾਂ ਖੋਲ੍ਹ ਕੇ,
ਕੋਈ ਰਾਹੀ ਲੰਘਦੇ ਟੱਪਦੇ ਆ ਜਗਾਉਣ…

ਮੈਂ ਲਿਖਦੇ ਸਾਰ ਹੀ ਮੈਸਜ ਨੂੰ ਭੇਜ ਦਿੱਤਾ, ਬਿਨਾਂ ਕਿਸੇ ਸਬਦੰ ਦੀ ਗਲਤੀ ਵੇਖੇ, ਆਗੋਂ ਵੀ ਨਾਲ ਦੇ ਨਾਲ ਹੀ ਜਵਾਬ ਵੇਖ ਲਿਆ ਗਿਆ। ਮੈਂ ਕਈ ਸਮਾਂ ਜਵਾਬ ਉਡੀਕਿਆ ਕੋਈ ਉੱਤਰ ਨਾ ਆਇਆ। ਇੱਕ ਉੱਤਰ ਆਇਆ ‘ ਘਰ ਕੈਦ ਹੈ ‘ ਬੂਹਾ ਬੇਸ਼ੱਕ ਖੁੱਲਾ ਹੈ।
ਮੈਂਨੂੰ ਉੱਤਰ ਸਮਝ ਨਾ ਲੱਗਿਆ
ਮੈਂ : ਸਮਝਿਆ ਨਹੀਂ
Clay tinted : ਜਰੂਰੀ ਨਹੀ ਹਰ ਚੀਜ਼ ਸਮਝੀ ਜਾਵੈ।
ਤੁਹਾਡਾ ਨਾਮ …??
ਮੈਂ : ਗਾਲਿਬ, ਤੁਹਾਡਾ
Clay tinted : ……( ਹਰਫ਼ ) , ਤੁਸੀਂ ਜਦ ਵੀ ਕੁਝ ਲਿਖਦੇ ਹੋ, ਤਾਂ ਮੈਨੂੰ ਇਉਂ ਜਾਪਦਾ ਜਿਵੇਂ ਕੋਈ ਕੁਝ ਕਿ ਮੇਰੇ ਬਾਰੇ ਹੀ ਲਿਖ ਰਿਹਾ ਹੋਵੇ। ਤੁਹਾਡੀਆਂ ਲਿਖਤਾਂ ਪੜ ਬੜਾ ਸਕੂਨ ਜਿਹਾ ਮਿਲਦਾ।
ਮੈਂ : ਮੈਂ ਇੱਕਲਤਾ ਨੂੰ ਦੂਰ ਕਰਨ ਲਈ ਲਿਖਦਾ ਹਾਂ , ਮੈਂ ਕੋਈ ਲੇਖਕ ਨਹੀ ਹਾਂ,ਵੈਸੇ ਤੁਹਾਡੀ ਲਿਖਤ ਮੈਨੂੰ ਵੀ ਕੁਝ ਏਸੇ ਤਰ੍ਹਾਂ ਦਾ ਨਿੱਘ ਦੇਦੀਂ ਹੈ। ਹਰਫ਼ ਮਤਲਬ..??
Clay tinted : ਮੈਂ ਸਿਰਫ਼ ਲਿਖਦੀ ਹਾਂ, ਕਵਿਤਾ ਬਾਰੇ ਤਾਂ ਮੈਂ ਜਾਣਦੀ ਵੀ ਨਹੀਂ, ਕਿਤਾਬਾਂ ਤੋਂ ਬਹੁਤ ਦੂਰ ਹਾਂ ਮੈਂ, ਮੈਂ ਸਿਰਫ਼ ਸਬਦਾਂ ਨੂੰ ਇੱਕਠੇ ਕਰਦੀ ਹਾਂ। ਕਵਿਤਾ ਲਿਖਣਾ ਕੋਈ ਹਰਇੱਕ ਦੀ ਵੱਸ ਦੀ ਗੱਲ ਥੋੜਾਂ ਹੁੰਦੀ ਹੈ ਨਾਲੇ।
ਹਰਫ਼ ਮਤਲਬ ਹਰਫ਼ ਮੇਰੇ ਪਰਿਵਾਰ ਦੁਬਾਰਾ ਦਿੱਤਾ ਗਿਆ ਨਾਮ।ਮੈਨੂੰ ਬਹੁਤ ਵਧਿਆ ਲੱਗਦਾ ਸੀ ਪਰ ਹੁਣ ਨਹੀਂ
ਮੈਂ : ਕਿਉਂ
Clay tinted : ਆਪਣੀ ਜ਼ਿੰਦਗੀ ਵਿਚ ਬਹੁਤਾ ਉਹ ਹੀ ਹੁੰਦਾ ਹੈ। ਜੋ ਆਪਣੀ ਮਰਜ਼ੀ ਦੇ ਖਿਲਾਫ਼ ਹੋਵੇ।
ਮੈਂ : ਮਤਲਬ, ਮੈਂ ਜਾਣ ਸਕਦਾ
Clay tinted : ਮੈਂ ਤੁਹਾਥੋਂ ਅਣਜਾਣ ਹਾਂ

ਇਹ ਮੈਸਜ ਕਰਨ ਤੋਂ ਬਾਅਦ ਹੋਰ ਕੋਈ ਮੈਸਜ ਨਾ ਆਇਆ। ਅਕਸਰ ਹਾਂ ਆਪਾਂ ਨੂੰ ਜੇਕਰ ਕੋਈ ਬੁਝਾਰਤ ਪਾਵੈ ਤਾਂ ਆਪਾਂ ਉਸਦਾ ਉੱਤਰ ਲੱਭਣ ਲਈ ਉਤਸਕ ਹੁੰਦੇ ਹਾਂ, ਇਸੇ ਤਰ੍ਹਾਂ ਮੈਂ ਉਸ ਲੇਖਕਾ ( Clay tinted) ਬਾਰੇ ਜਾਣਨਾ ਚਾਹੁੰਦਾ ਸੀ। ਇਸੇ ਤਰ੍ਹਾਂ ਮੈਂ ਉਸਦਾ ਸਾਰਾ ਅਕਾਉਂਟ ਵੇਖਿਆ। ਉਸਦੀਆਂ ਲਿਖੀਆਂ ਲਿਖਤਾਂ ਨੂੰ ਪੜ ਏਵੇ ਲੱਗਦਾ ਸੀ। ਜਿਦਾਂ ਉਸਦੀ ਜ਼ਿੰਦਗੀ ਵਿਚ ਉਸ ਕੋਲੋਂ ਕਾਫ਼ੀ ਵੱਡੀ ਗਲਤੀ ਹੋਈ ਹੋਵੇ। ਕਿਉਂਕਿ ਉਸਦੀ ਹਰ ਲਿਖਤ ਪਿਛੇ ਇਕ ਪਿਛਤਾਵਾ ਝਲਕਦਾ ਸੀ।
ਮੈਂ ਫੋਨ ਨੂੰ ਚਾਰਜਰ ਉਪਰ ਲਗਾਉਣ ਹੀ ਲੱਗਿਆ ਸੀ। ਕਿ ਛੋਟੇ ਵੀਰ ਦਾ ਪਿੰਡ ਤੋਂ ਫੋਨ ਆ ਗਿਆ। ਉਸਨੇ ਦੱਸਿਆ ਕਿ ਮਾਂ ਥੋੜੀ ਜਿਹੀ ਬਿਮਾਰ ਹੈ । ਤੈਨੂੰ ਪਿੰਡ ਆ ਕੇ ਮਿਲ ਜਾਣਾ ਚਾਹੀਦਾ ਹੈ। ਮੈਂ ਡਾਇਰੀ ਨੂੰ ਉਥੇ ਹੀ ਵਾਪਿਸ ਰੱਖ ਦਿੱਤਾ। ਤੇ ਫੋਨ ਨੂੰ ਚਾਰਚਰ ਲਗਾ ਕੇ ,ਰੋਟੀ ਬਣਾਉਂਣ ਲੱਗ ਪਿਆ।ਮੈਂ ਨਾਲ ਦੇ ਮੁੰਡੇ ਨੂੰ ਆਖ ਕੇ ਅਗਲੇ ਹੀ ਦਿਨ ਸਾਮ ਦੀ ਫਲਾਇਟ ਬੁੱਕ ਕਰਵਾਉਣ ਲਈ ਆਖ ਦਿੱਤਾ, ਉਸ ਨੇ ਦੱਸਿਆ ਕੇ ਸਾਮ ਸਾਢੇ ਛੇ ਦੀ ਫਲਾਇਟ ਹੈ। ਮੈਨੂੰ ਕੰਮ ਤੋਂ ਪੰਜ ਵਜੇ ਛੁੱਟੀ ਮਿਲਦੀ ਸੀ। ਏਅਰਪੋਰਟ ਜਾਣ ਲਈ ਘਰ ਤੋਂ ਵੀਹ ਕੂ ਮਿੰਟਾਂ ਦਾ ਰਸਤਾ ਸੀ। ਮੈਂ ਆਪਣਾ ਸਾਰਾ ਸਮਾਨ ਪੈਕਿੰਗ ਕਰ ਕੇ ਸਾਮ ਨੂੰ ਹੀ ਰੱਖ ਲਿਆ,ਤੇ ਆੱਫਸ ਵਿਚੋਂ ਆਕੇ ਖਾਣਾ ਕੇ ਫਲਾਇਟ ਲੈ ਕਿ ਦੂਸਰੀ ਸਵੇਰ ਤੀਕ ਪਿੰਡ ਆ ਪਹੁੰਚਿਆ।
ਅਸਲ ਵਿਚ ਗੱਲ ਕੋਈ ਹੋਰ ਹੀ ਵਧੀ ਪਈ ਸੀ। ਪਿੰਡ ਆ ਕਿ ਪਤਾ ਲੱਗਿਆ ਕਿ ਸਰੀਕਾਂ ਨਾਲ, ਜੋ ਵੱਟ ਪਿਛੇ ਕਈ ਸਾਲਾਂ ਤੋਂ ਰੌਲਾ ਚਲਦਾ ਸੀ। ਉਸ ਕਰਕੇ ਦੁਬਾਰਾ ਡਾਂਗ ਖੜਕ ਗਈ ਤੇ ਬਾਪੂ ਦੀ ਲੱਤ ਟੁੱਟ ਗਈ। ਜਾ ਕਿ ਵੇਖਿਆ ਤਾਂ ਹਲੇ ਬੱਚਤ ਸੀ, ਲੱਤ ਨੂੰ ਜਿਆਦਾ ਨੁਕਸਾਨ ਨਹੀਂ ਸੀ ਪਹੁੰਚਿਆ। ਮੈਂ ਬਾਪੂ ਨਾਲ ਰੈ-ਸਲਾਹ ਕਰ ਕੇ,ਤੇ ਪੰਚਾਇਤ ਨਾਲ ਗੱਲ ਕਰ ਕੇ, ਜਮੀਨ ਉਪਰ ਦੁਬਾਰਾ ਫੀਤੀ ਮਾਰਨ ਲਈ ਮਨਾਂ ਲਿਆ, ਮੰਨ ਤਾਂ ਬਾਪੂ ਵੀ ਨਹੀ ਸੀ ਰਿਹਾ, ਫੇਰ ਤਾਇਆ ਤਾਂ ਕਿੱਥੋਂ ਮੰਨਣਾ ਸੀ। ਪਰ ਪੰਚਾਇਤ ਦੇ ਆਖਣ ਤੇ ਫੀਤੀ ਮਾਰੀ ਗਈ। ਤਾਂ ਉਨੀ ਇੱਕੀ ਦਾ ਹੀ ਫਰਕ ਨਿਕਲਿਆ। ਉਸਤੋਂ ਬਾਅਦ ਨਾਲੇ ਤਾਏ ਦਾ ਗੁੱਸਾ ਟਿਕ ਗਿਆ। ਨਾਲੇ ਬਾਪੂ ਠੰਢਾ ਹੋ ਗਿਆ, ਨਾਲੇ ਜੇ ਮੈਂ ਹੁਣ ਪਿੰਡ ਵਿਚੋਂ ਦੀ ਲੰਘਦਾ ਟੱਪਦਾ,ਤਾਏ ਨੂੰ ਟੱਕਰ ਜਾਦਾ ਤਾਂ ਬੁਲਾ ਲੈਦਾ ਸੀ। ਨਾਲੇ ਕੰਮ ਕਾਰ ਬਾਰੇ ਪੁਛ ਲੈਦਾਂ ਸੀ, ਪਰ ਹਾਸੇ ਜਿਹੇ ਪਾ ਕਿ ਗੱਲ ਕਰਦਾ, ਮੈਂ ਇਸ ਦਾ ਰਾਜ ਨਾ ਜਾਣ ਸਕਿਆ, ਵੈਸੇ ਤਾਏ ਦਾ ਵੱਡਾ ਮੁੰਡਾ ਫੌਜੀ ਸੀ। ਨਾਲੇ ਛੋਟੇ ਨੂੰ ਵੀ ਬਾਹਿਰ ਗਏ ਹੋਏ ਕਈ ਮਹੀਨੇ ਹੋ ਗਏ ਸੀ। ਮੈਂ ਸਾਰੇ ਮਸਲੇ ਨੂੰ ਉਲਝਾ ਕੇ, ਇੱਕ ਹਫਤੇ ਵਾਧ ਵਾਪਿਸ ਪਰਤ ਆਇਆ ਕੰਮ ਉਪਰ।
ਮੈਂ ਫੋਨ ਉਪਰ ਪਿੰਡ ਜਿਆਦਾ ਧਿਆਨ ਨਾ ਦਿੱਤਾ, ਉਹਦੇ ਵੱਲੋਂ ਕਈ ਮੈਸਜ ਆਏ, ਪਰ ਮੈਂ ਉਹਨਾਂ ਦਾ ਰਿਪਲਾਈ ਨਾ ਕਰ ਸਕਿਆ। ਮੈਂ ਇੱਕੋ ਮੈਸਜ ਪੜਿਆ, ਜੋ ਅਖੀਰ ਤੇ ਸੀ।ਜਿਸ ਵਿੱਚ ਲਿਖਿਆ ਸੀ,

ਤੁਹਮਤ ਵੀ ਤੇ ਕੋਈ ਨਹੀਂ,
ਇੱਕ ਉਡੀਕ ਤੋਂ ਇਲਾਵਾ,
ਉਡੀਕ ਅਜੇ ਬਾਕੀ ਏ

ਭਾਗ = ਦੁਸਰਾ
ਮਿੱਟੀ ਰੰਗੇ

ਅਚਾਨਕ ਯਾਦ ਆਉਂਦੀ ਏ
ਮਿੱਟੀ ਚ ਦੱਬੀਆਂ ਹੋਈਆਂ
ਕੁੱਜੀ ਚ ਪਾਕੇ ‘ਦਸੀਆਂ’ ਦੀ
ਜੋ ਦਾਦੀ ਦੀ ਤਾਂਘਣਾ ਸੀ
ਭੂਆ ਨੂੰ ਵਿਆਹ ਦੇ ਦਾਜ਼ ਚ ਦੇਣ ਦੀ
ਪਰ ਅਜੇ ਤੀਕ ਦੱਬੀਆਂ ਹੀ ਪਈਆਂ ਨੇ
ਪਤਾ ਨਹੀ ਹੈ ਵੀ ਹਨ,ਕਿ ਨਹੀ
ਕਿ ਮਿੱਟੀ ਹੀ ਹੋ ਗਈਆਂ
ਬਿਲਕੁਲ ਉਵੇਂ ਹੀ….
ਜਿਦਾਂ ਉਹਦੇ ਜਵਾਬਾਂ ਦੇ ਜਵਾਬ
ਚੱਲੋ ਛੱਡੋ….
ਮੈਂ ਹੀ ਝੱਲੀ ਹਾਂ
ਜੋ ਉਸਨੂੰ ਆਪਣਾ ਮੰਨ ਬੈਠੀ
ਉਹ ਵੀ ਬਿਨਾ ਸੋਚੇ ਸਮਝੇ
ਇੱਕ ਬੱਚੇ ਦੀ ਝਾਤੀ ਵਾਗੂੰ
ਪਲ ਵਿੱਚ ਹੀ
ਸਾਰਾ ਕੁਝ ਨਾਮ ਕਰ ਬੈਠੀ
ਜਿਦਾਂ ਧਰਤੀ
ਅੰਬਰ ਨੂੰ ਕਰ ਬੈਠਦੀ ਏ
ਹੁਣ ਬਰਦਾਸ਼ਤ ਕਰ ਰਹੀਂ ਆਂ
ਸੂਲਾਂ ਵਰਗੀਆਂ ਕਣੀਆਂ ਨੂੰ
ਜੋ ਪਿਛਲੇ ਕਈ ਦਿਨਾਂ ਤੋਂ
ਬੇਰੋਕ ਹੀ ਵਰੀ ਜਾਦੀਆਂ ਨੇ

ਕਦੇ ਕਦੇ ਸੋਚ ਦੀ ਆਂ
ਹਰ ਕੋਈ ਇੱਕੋ ਵਰਗਾ ਵੀ ਤੇ ਨਹੀ ਹੁੰਦਾ
ਕੀ ਪਤਾ ਜੋ ਮੈਂ ਸੋਚਦੀ ਆਂ
ਉਸਨੂੰ ਕਦੇ ਉਹ ਖਿਆਲ ਵੀ ਨਾ ਆਇਆ ਹੋਵੇ
ਕੀ ਪਤਾ ਉਹ ਅਨਜਾਣ ਹੋਵੇ
ਉਹਨਾਂ ਭੱਖੜੇ ਦੇਆਂ ਬੂਟਿਆਂ ਤੋਂ
ਜੋ ਟਿੱਬਿਆਂ ਤੇ ਤੁਰਨਾ ਸਿਖਾਉਂਦੇ ਨੇ
ਕੀ ਪਤਾ ਉਸਨੂੰ ਨਾ ਪਤਾ ਹੋਵੇ
ਕਿ ਸੂਰਜ ਹੀ ਧਰਤੀ ਦਾ ਪਿਤਾ ਏ
ਜਾਂ ਉਲਝਿਆ ਪਿਆ ਹੋਵੇ
ਉਹਨਾਂ ਅਖਬਾਰਾਂ ਦੀਆਂ ਖਬਰਾਂ ਚ
ਜੋ ਪਿਛਲੇ ਦਿਨੀਂ ਕਸ਼ਮੀਰ ਨੂੰ ਲੈ ਕੇ
ਹਰਇੱਕ ਟੀ.ਵੀ ਚੈਨਲ ਤੇ ਚੱਲ ਰਹੀਆਂ ਨੇ
ਜਾਂ ਫੇਰ ਦੌੜ ਲਾ ਰਿਹਾ ਹੋਣਾ
ਬੇਰੁਜ਼ਗਾਰੀ ਦੇ ਚੱਕਰ ਨੂੰ ਸਰ ਕਰਨ ਲਈ
ਫੜ ਰੱਖਿਆ ਹੋਣਾ
ਘਰ ਦੀਆਂ ਜਿੰਮੇਵਾਰੀਆਂ ਨੇ
ਘੁੱਟ ਕੇ ਉਸ ਦਾ ਵੀ ਖੱਬਾ ਹੱਥ
ਜਿਸ ਤੇ ਉੱਨਤੀਆਂ ਸਾਲਾਂ ਦੀ ਭੈਣ
ਘਰ ਬੈਠੀ ਆਏ ਸਾਲ ਬੰਨਦੀ ਏ ਰੱਖੜੀ

ਚੱਲ ਛੱਡ ਏਹ ਵੀ ਤਾਂ ਸੱਚ ਏ
ਕੋਈ ਕੋਈ ਹੀ ਵੇਖਦਾ
ਉਹ ਚਮਕਦੇ ਹੋਏ
ਇਕਲੋਤੇ ਗੂੜੇ ਤਾਰੇ ਨੂੰ
ਜੋ ਹਰ ਰੋਜ਼ ਬਿਨਾਂ ਵਜਾਹ
ਚਮਕਦਾ ਰਹਿੰਦਾ ਹੈ
ਸੁਣ ਏਹੀ ਸੱਚ ਆ
ਮੇਰੇ ਕੋਲ ਜਿੰਨੇ ਵੀ ਸ਼ਬਦ ਸੀ
ਮੈਂ ਸਾਰੇ ਸੁੱਟ ਦਿੱਤੇ
ਉਤਾਹ ਨੂੰ ਵੇਖ
ਅੰਬਰ ਵੀ ਤਾਂ ਨੀਲੇ ਤੋਂ ਲਾਲ ਹੋ ਗਿਆ
ਜੇ ਤੈਨੂੰ ਵੀ ਕੋਈ ਚੁੱਬਿਆਂ
ਤਾਂ ਮਾਰ ਦੇਵੇਂ ਚਾਰ ਝਿੜਕਾਂ
ਵੈਸੇ ਵੀ ਕਈ ਸਾਲਾਂ ਤੋਂ
ਇਹੀ ਸੁਣਦੀ ਆ ਰਹੀ ਹਾਂ
ਪਰ ਹਾਂ ਐਨੇ ਨਾਲ ਤੇਰੇ
ਨਾਲ ਕੋਈ ਗੱਲ ਤਾਂ ਹੋਊ
ਜਿਸ ਲਈ ਕਰ ਰਹੀ ਹਾਂ
ਕਈ ਦਿਨਾਂ ਤੋਂ ਉਡੀਕ
ਜਿਸ ਲਈ ਕੀਤੀ ਆ
ਕਈ ਜਨਮਾਂ ਦੀ ਤਪੱਸਿਆ ਭੰਗ
ਏਥੇ ਆ ਕੇ ਵੇਖ
ਕਿਸੇ ਜਿੱਦੀ ਜਵਾਕ ਦੀ ਤਰ੍ਹਾਂ
ਬਣ ਬੈਠੀ ਆ ਹੁਣ ਮੈਂ
ਜੇ ਤੂੰ ਸਾਲਾਂ ਵੱਧੀ ਵੀ
ਉਡੀਕ ਕਰਨ ਲਈ ਕਹੇਗਾਂ
ਤਾਂ ਬੈਠ ਜਾਵਾਂਗੀ
ਕਿਸੇ ਖਾਮੋਸ਼ ਸਾਧ ਦੀ ਤਰ੍ਹਾਂ
ਪਰ ਮੈਨੂੰ ਪਤਾ
ਤੂੰ ਆਪਣੇ ਅੰਦਰ ਇੱਕ
ਦਿਲ ਨੂੰ ਪਾਲਿਆ ਹੋਇਆ
ਜੋ ਸਮਝ ਲੈਦਾਂ
ਸੁਣ ਲੈਦਾਂ
ਹਰ ਇੱਕ ਦੀ
ਅਣਕਿਹੀ ਗੱਲ…
ਜਿਦਾਂ ਇਹ ਸ਼ਬਦ

ਇਹ ਉਸ ਦੁਬਾਰਾ ਲਿਖਿਆ ਅੱਜ ਸਵੇਰੇ ਦਾ ਆਖਰੀ ਮੈਸਜ ਸੀ। ਲਿਖਤ ਬਹੁਤ ਹੀ ਸੁੰਦਰ ਜਾਪੀ,ਇਸ ਤੋਂ ਬਾਅਦ ਹੁਣ ਸ਼ਾਮ ਤੀਕ ਉਸਨੇ ਕੋਈ ਮੈਸਜ ਨਹੀ ਸੀ ਕਰਿਆ
ਮੈਨੂੰ ਮੈਸਜ ਪੜਦੇ ਸਾਰ ਏਨਾ ਕੂ ਤਾਂ ਪਤਾ ਚੱਲ ਗਿਆ, ਕੋਈ ਇੱਕਲਤਾ ਦੇ ਰੇਗਿਸਤਾਨ ਵਿਚ ਭਟਕਦਾ ਹੋਇਆ, ਪਾਣੀ ਨੂੰ ਲੱਭ ਰਿਹਾ ਏ, ਪਰ ਇਸ ਪਿਛੇ ਇਹ ਨਹੀ ਪਤਾ ਚੱਲਿਆ ਕਿ, ਉਸਨੇ ਮੈਨੂੰ ਹੀ ਕਿਉਂ ਚੁਣਿਆ…..
ਮੈਂ ਡਾਇਰੀ ਨੂੰ ਚੁੱਕਿਆ ਤੇ ਲਿਖਣਾ ਸੁਰੂ ਕਰਿਆ ਹੀ ਸੀ। ਮੈਂ ਉਸਦਾ ਇੱਕ ਹੋਰ ਮੈਸਜ ਪੜਨਾ ਸੁਰੂ ਹੀ ਕਰਿਆ ਸੀ,ਕਿ ਇੱਕ ਮੈਸਜ ਹੋਰ ਆਇਆ, ਜਿਸ ਵਿਚ ਲਿਖਿਆ ਸੀ।

ਅਸੀਂ ਬੇਦਿਲ ਹਾਂ ਜਨਾਬ ਜੀ
ਡਰ ਡਰ ਕੇ ਰਾਤਾਂ ਲੰਘਾਉਣੇ ਹਾਂ…
ਸੂਰਤ,ਸੀਰਤ ਨਾਲ ਮੋਹ ਨਹੀਂ
ਅਸੀਂ ਸ਼ਬਦੀਂ ਦੀਦਾਰ ਹੀ ਚਾਹੁੰਦੇ ਹਾਂ

ਮੈਂਨੂੰ ਬਹੁਤ ਹੀ ਸੋਹਣਾ ਲੱਗਿਆ ,ਮੈਂ ਨਾਲ ਦੇ ਨਾਲ ਹੀ ਲਿਖਿਆ ਬਹੁਤ ਸੋਹਣਾ ਜਨਾਬ ਜੀ। ਅੱਗੋਂ ਨਾਲ ਦੇ ਨਾਲ ਹੀ ਲਿਖ ਰਿਹਾ ਹੈ ਆਉਣਾ ਸੁਰੂ ਹੋ ਗਿਆ..
Clay tinted : ਈਦ ਦਾ ਚੰਦ ਸੁਨੱਖਣਾ ਹੀ ਲੱਗਦਾ
ਮੈਂ : ਇਹ ਤਾਂ ਹੈ ਜੀ
Clay tinted : ਐਨੀ ਜਿਆਦਾ ਉਡੀਕ ਕਰਾਉਣ ਦਾ ਰਾਜ…???
ਮੈਂ : ( ਪਹਿਲਾਂ ਹਲਕਾ ਜਿਹਾ ਮੁਸਕਰਾਇਆ) ਅਸੀਂ ਕੰਮ ਵਿੱਚ ਸਮੱਰਥ ਸੀ।
Clay tinted : ਸਾਨੂੰ ਪਤਾ ਹੈ।
ਮੈਂ : ਤੁਹਾਨੂੰ ਕਿਵੇਂ ਪਤਾ……???
Clay tinted : ਐਨੇ ਦਿਨ ਮੈਸਜ ਨਹੀ ਕਰਿਆ, ਤਾਂ ਕਰਕੇ ਪਹਿਲਾਂ ਹੀ ਸੋਚ ਲਿਆ ਸੀ। ਤੁਸੀਂ ਕਿਤੇ ਵਿਅਸਤ ਹੋਵੋਂਗੇ।
ਮੈਂ : ਜੀ, ਤੁਹਾਨੂੰ ਐਨੀ ਉਡੀਕ ਕਿਦਾਂ ( ਵੈਸੇ ਗੱਲ ਤਾਂ ਥੋੜੀ ਜਿਹੀ ਸਮਝ ਆ ਗਈ ਸੀ)
Clay tinted : ਤੁਸੀਂ ਬੜੇ ਦਿਨਾਂ ਤੋਂ ਕੁਝ ਲਿਖ ਕੇ ਪੋਸਟ ਨਹੀ ਕਰਿਆ। ਉਸੇ ਦੀ ਉਡੀਕ ਸੀ।
ਮੈਂ : ਥੋੜਾ ਵਿਅਸਤ ਹੋਣ ਕਰਕੇ ਨਹੀ ਸਮਾਂ ਲੱਗਿਆ ਜੀ, ਆਪਾਂ ਜਲਦੀ ਹੀ ਕੁਝ ਪੋਸਟ ਕਰਾਂਗੇ, ਓਕੇ ਬਾਏ ਜੀ
Clay tinted : ਓਕੇ ਬਾਏ ਜੀ ।

ਮੋਬਾਈਲ ਚਾਰਜਰ ਉੱਪਰ ਲਗਾ ਦਿੱਤਾ, ਤੇ ਖੁਦ ਸਾਮ ਦੀ ਰੋਟੀ ਬਨਾਉਣ ਲਈ ਰਸੋਈ ਵਿਚ ਚਲਾ ਗਿਆ, ਚਾਹੇ ਸਮਾਂ ਅਜੇ ਕੁਝ ਖਾਸ ਨਹੀ ਸੀ ਹੋਇਆ, ਸੱਤ ਹੀ ਵੱਜੇ ਸਨ, ਪਰ ਮੈਂਨੂੰ ਏਵੇਂ ਸੀ ਪਿੰਡੋਂ ਆਉਦਾ ਹੋਇਆ, ਇੱਕ ਨਵੀਂ ਕਿਤਾਬ ਲੈ ਕਿ ਆਇਆ ਸੀ, ਕਿ ਉਹ ਪੜਨੀ ਸੁਰੂ ਕਰ ਦੇਵਾਂ, ਮੈਂ ਰੋਟੀ ਬਣਾ ਕੇ ਖਾ ਕੇ ਅੱਠ ਵਜੇ ਦੇ ਲੱਗਭੱਗ ਬਿਲਕੁਲ ਵੇਹਲਾ ਹੋ ਗਿਆ, ਮੈਂ ਪਿੰਡੋ ਲਿਆਂਦੇ ਬੈਗ ਵਿਚੋਂ ਕਿਤਾਬ ਨੂੰ ਬਾਹਿਰ ਕੱਢ ਕੇ ਖੋਲਣ ਹੀ ਲੱਗਾ ਸਾਂ , ਕਿ ਮੇਰੇ ਯਾਦ ਆ ਗਿਆ ਕਿ ਹਾਂ ਉਹਨਾਂ ਨੇ ਵੀ ਕਿਹਾ ਸੀ ਤੇ ਵੈਸੇ ਵੀ ਬੜੇ ਦਿਨ ਹੋ ਗਏ, ਮੈਂ ਕੁਝ ਲਿਖ ਕੇ ਪੋਸਟ ਨਹੀ ਕਰਿਆ, ਮੈਂ ਡਾਇਰੀ ਚੁੱਕੀ ਤੇ ਲਿਖਣਾ ਸ਼ੁਰੂ ਕਰਿਆ, ਪਰ ਮੇਰਾ ਖਿਆਲ ਮੁੜ ਧੁਰ ਉਸ ਅਣਜਾਣ ਵੱਲੋਂ ਕਰੇ, ਅਜੀਬ ਜਿਹੀਆਂ ਲਿਖ ਕੇ ਲਿਖਤਾਂ ਵਿਚ ਹੀ ਰਿਹਾ,ਪਰ ਮੇਰਾ ਖਿਆਲ ਕਈ ਸਾਲ ਪਹਿਲਾਂ ਸਵਰਗਵਾਸ ਹੋਈ ਦਾਦੀ ਕੰਨੀ ਚਲਾ ਗਿਆ, ਮੈਂ ਪਹਿਲਾਂ ਵੀ ਬਹੁਤ ਵਾਰ ਸੋਚਿਆ ਸੀ ਅਖੀਰ ਲਿਖਣਾ ਸੁਰੂ ਕਰਿਆ….

ਕੋਈ ਓਸ ਪਾਰ ਬਾਰੇ ਵੀ ਤਾਂ ਜਾਣਦਾ ਹੋਊ
ਜਿੱਥੇ ਸਾਰੇ ਲੋਕ ਮਰ ਕੇ ਚਲੇ ਜਾਂਦੇ ਨੇ
ਕੇਹੋ ਜਿਹੀ ਹੋਣੀ ਉਹ ਥੋਂ
ਕੀ ਉੱਥੇ ਵੀ ਆਪਣੇ ਵਰਗਾ ਹੀ ਦੇਸ਼ ਹੋਊ
ਕੀ ਉਹ ਵੀ ਕਰਦੇ ਹੋਣਗੇ ਯਾਦ
ਜਿਦਾਂ ਅਸੀਂ ਕਰਦੇ ਹਾਂ
ਸੱਚਮੁੱਚ ਬੜਾ ਦਿਲ ਕਰਦਾ
ਉਥੇ ਚਲੇ ਜਾਣ ਦਾ
ਰਸਤਾ ਨਹੀ ਆ ਨਾ ਕੋਈ
ਹਾਂ ਸੱਚ, ਹੈ ਇੱਕ ਮੌਤ
ਪਰ ਵਾਪਿਸ ਨਹੀ ਨਾ
ਆ ਹੋਣਾ ਮੁੜ
ਕੌਣ ਦੱਸੇਗਾ ਕੀ ਹਾਲ ਚ ਹਾਂ
ਕਿ ਮੈਂ ਕਰਦਾ ਹਾਂ ਯਾਦ
ਜਾਂ ਘੱਲ ਹੋਵੇ ਕੋਈ ਖ਼ਤ
ਜਿਸ ਦੇ ਅਖੀਰ ਵਿਚ ਲਿਖ ਸਕਾਂ
ਉੱਥੋਂ ਦਾ ਸੁਹੱਪਣ
ਉਥੋਂ ਦੀ ਸੁੰਦਰਤਾ ਤੇ ਹੋਰ
ਤੇ ਬਾਕੀ ਸਭ ਸੁੱਖ ਸਾਂਦ
ਮੰਗ ਕਰ ਸਕਾਂ
ਕਿਤਾਬਾਂ ਲਿਆਉਣ ਲਈ
ਥੋੜੇ ਹੋਰ ਪੈਸੇ
ਫੇਰ ਸੋਚੀਦਾ ਕੀ ਪਤਾ
ਪਾਉਦੇ ਹੋਣ ਕੋਈ ਚਿੱਠੀ ਉਹ ਤਾਂ
ਪਰ ਸਾਡੇ ਤੀਕ ਉੱਪੜਨ ਤੋਂ
ਪਹਿਲਾਂ ਹੀ ਰੋਕ ਲੈਦੀਂ ਹੋਏ
ਉੱਥੋਂ ਦੀ ਸਰਕਾਰ
ਜਿੱਦਾਂ ਰੋਕ ਲੈਦੀ ਏ ਸਾਡੀ ਸਰਕਾਰ
ਸਾਡਿਆਂ ਹੀ ਹੱਕਾਂ ਨੂੰ ਸਾਡੇ ਕੋਲੋਂ

ਕੀ ਐਦਾਂ ਹੀ ਚੱਲਦਾ ਰਹੂ
ਇਹ ਸਾਰਾ ਚੱਕਰ – ਖੇਲ
ਨਹੀ ਹੋਵੇਗਾ ਇਨਸਾਫ਼
ਐਦਾਂ ਹੀ ਖੇਡੀਆਂ ਜਾਣਗੀਆਂ
ਸਿਆਸਤੀ ਲੋਕਾਂ ਵੱਲੋਂ ਖੇਡਾਂ
ਕੀ ਐਦਾਂ ਹੀ ਹੁੰਦੇ ਰਹਿਣਗੇ
ਲੋਕਾਂ ਘਰਾਂ ਤੋ ਬੇਘਰ
ਕੀ ਨਹੀਂ ਰੋਕਿਆ ਜਾਵੇਗਾ
ਟੁੱਟਿਆ ਹੋਇਆ ,
ਨਸ਼ੇ ਦੇ ਦਰਿਆ ਦਾ ਪਾਣੀ
ਕੀ ਜਵਾਨੀ
ਕੋਈ ਕੰਮ ਕਿੱਤੇ ਕਰਨ ਦੀ ਥਾਂ
ਲੰਘਾਵੇਗੀ ਸੱਥਾਂ ਚ ਖੜ ਸਮਾਂ
ਕੀ ਏਹੋ ਪੜਾਈਆਂ ਪੜੀ ਜਾਣਗੇ ਲੋਕ
ਨਹੀਂ ਜੇਕਰ ਏਦਾਂ ਹੀ ਹੁੰਦਾ ਰਿਹਾ
ਬਹੁਤਾ ਸਮਾਂ ਨਹੀ ਲੰਘੇਗਾ
ਏਸ ਧਰਤੀ ਦੇ ਹਰਾਮਖੋਰ
ਪੁੱਤਰ ਮਨੁੱਖ ਦਾ
ਸਾਰੇ ਚੱਲੇ ਜਾਣਗੇ ਫੇਰ
ਮੌਤ ਦੇ ਦੇਸ਼
ਫੇਰ ਤਾਂ ਚਿੱਠੀਆਂ ਲਿਖਣ ਦੀ
ਵੀ ਨਹੀ ਪੈਣੀ ਲੋੜ
ਨਾਹੀ ਸਿਆਸਤਦਾਨ
ਕਰ ਸਕਣ ਸਿਆਸਤਦਾਨੀ
ਮੰਨਿਆ ਜੇ ਸਾਰੇ
ਮੌਤ ਦੇ ਦੇਸ਼ ਚੱਲੇ ਜਾਣਗੇ
ਪਰ ਜੇ ਉੱਥੇ ਵੀ ਨਾ ਵਕਤ
ਵਿਚਾਰਿਆ ਏਸ ਹਰਾਮਖੋਰ ਨੇ
ਫੇਰ ਕਿਥੇ ਜਾਵੇਗਾ
ਸ਼ਾਇਦ ਇੱਕ ਦਿਨ
ਐਸਾ ਵੀ ਆ ਸਕਦਾ
ਕਿ ਮਨੁੱਖ ਕੋਲ ਰਹਿਣ ਲਈ
ਏਸ ਘੜਤ ਵਿੱਚ ਕੋਈ ਵੀ
ਥਾਂ ਨਹੀਂ ਬਚੇਗੀ
ਅੰਤ ਮਨੁੱਖ ਹੀ ਮਨੁੱਖ ਦੇ
ਅੰਤ ਦਾ ਸਭ ਤੋਂ ਵੱਡਾ ਕਾਰਨ
ਹੋਵੇਗਾ…..
ਤੇ ਬੈਠਾ ਦੇਖ ਰਿਹਾ ਹੋਣਾ
ਇਹ ਸਭ
ਉਹੀ ਸਭ ਤੋਂ ਗੂੜਾ ਤਾਰਾ

ਮੈਂ ਲਿਖ ਤਾਂ ਦਿੱਤਾ,ਸ਼ਾਇਦ ਏ ਮੇਰੇ ਵੱਲੋਂ ਲਿਖਿਆ ਇਹ ਉਹ ਪਹਿਲਾ ਸਬਦਾਂ ਦਾ ਕਾਫ਼ਲਾ ਸੀ। ਜਿਸ ਦਾ ਕੁਝ ਭਾਗ ਮੈਂ ਡਾਇਰੀ ਵਿੱਚ ਸਾਂਭ ਕੇ ਰੱਖ ਲਿਆ,ਮੇਰੇ ਖੁਦ ਦੇ ਅੰਦਰ ਹੀ ਕਈ ਤਰ੍ਹਾਂ ਦੇ ਬਹੁਤ ਹੀ ਜਿਆਦਾ ਖਤਰਨਾਕ ਸਵਾਲ ਬਣਨੇ ਸੁਰੂ ਹੋ ਗਏ, ਪਰ ਮੈਂ ਫਿਰ ਵੀ ਇਸ ਨੂੰ ਪੋਸਟ ਕਰ ਹੀ ਦਿੱਤਾ,ਇਸੇ ਤਰ੍ਹਾਂ ਮੇਰਾ ਹਰ ਰੋਜ਼ ਕੁਝ ਨਾ ਕੁਝ ਲਿਖ ਕੇ ਪੋਸਟ ਕਰਨਾ ਇੱਕ ਆਦਤ ਬਣ ਗਿਆ,ਮੈਨੂੰ ਲੱਗਪਗ ਉਸ ਅਕਾਉਂਟ ਤੋਂ ਹਰ ਰੋਜ਼ ਮੈਸਜ ਆਉਂਦਾ,ਹੁਣ ਉਹ ਅਨਜਾਣ ਨਹੀਂ ਸੀ ਰਿਹਾ ,ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣ ਚੁੱਕਿਆ ਸਾਂ, ਇੱਕ ਉਹਨਾਂ ਦੀ ਸ਼ਕਲ ਤੋਂ ਇਲਾਵਾ ਮੈਂ ਸਭ ਕੁਝ ਜਾਣ ਗਿਆ ਸੀ, ਉਹ ਵੀ ਮੇਰੇ ਬਾਰੇ ਸਭ ਕੁਝ ਜਾਣ ਚੁੱਕੇ ਸੀ,ਅਸਲ ਵਿੱਚ ਉਸਦਾ ਸਹਿਰ ਮੇਰੇ ਪਿੰਡ ਤੋਂ ਥੋੜਾ ਹੀ ਦੂਰ ਸੀ। ਮੈਂ ਬਹੁਤੀ ਵਾਰ ਉਹਨਾਂ ਨੂੰ ਇਹ ਵੀ ਕਿਹਾ ਸੀ। ਕਿ ਮੈਂ ਤੁਹਾਨੂੰ ਵੇਖਣਾ ਚਾਹੁਣਾ,ਪਰ ਉਹ ਅੱਗੋਂ ਇੱਕ ਹੀ ਜਵਾਬ ਲਿਖਦੇ, ਜਿਸ ਦਿਨ ਮਿਲੇ,ਉਹ ਦਿਨ ਖਾਸ ਹੋਵੇ, ਪਤਾ ਨਹੀਂ ਉਹ ਕਿਹੜੇ ਖਾਸ ਦੀ ਗੱਲ ਕਰਦੇ ਸਨ।
ਮੈਨੂੰ ਇੱਕ ਹਫਤੇ ਦੀਆਂ ਛੁੱਟੀਆਂ ਦੁਬਾਰਾ ਜਲਦੀ ਹੀ ਮਿਲ ਗਈਆਂ,ਮੈਂ ਪਿੰਡ ਚਲਾ ਗਿਆ,ਮੈਂ ਘਰ ਵਿੱਚ ਸਭ ਤੋਂ ਵੱਡਾ ਸੀ। ਮੇਰੇ ਤੋਂ ਛੋਟਾ ਮੇਰਾ ਭਰਾ ਜੋ ਅਜੇ ਪੜ ਰਿਹਾ ਸੀ। ਮਾਂ ਦੇ ਹੁਣ ਗੋਡਿਆਂ ਵਿਚ ਦਰਦ ਹੋਣਾ ਸੁਰੂ ਹੋ ਗਿਆ ਸੀ। ਇਸੇ ਕਰਕੇ ਘਰ ਦੇ ਸਾਰੇ ਤੇ ਰਿਸ਼ਤੇਦਾਰ ਵੀ ਵਿਆਹ ਲਈ ਜੋਰ ਪਾ ਰਹੇ ਸਨ, ਅਖੀਰ ਮੈਂ ਮਾਂ ਨੂੰ ਤੇ ਬਾਪੂ ਨੂੰ ਬਹੁਤ ਸਮਝਾਇਆ,ਪਰ ਉਹਨਾਂ ਨੇ ਮੇਰੀ ਇੱਕ ਨਾ ਮੰਨੀ ਤੇ ਮੇਰਾ ਨਾਲ ਦੇ ਸ਼ਹਿਰ ਕੋਲ ਇੱਕ ਨਿੱਕੇ ਪਿੰਡ ਦੀ ਪੜੀ ਲਿਖੀ ਤੇ ਇੱਕ ਨੌਕਰੀ ਲੱਗੀ ਹੋਈ, ਕੁੜੀ ਨਾਲ ਮੰਗਣਾ ਕਰ ਦਿੱਤਾ,ਵੈਸੇ ਉਹ ਵੇਖਣ ਵਿੱਚ ਬਹੁਤ ਸੋਹਣੀ ਲੱਗਦੀ ਸੀ,ਬਿਲਕੁਲ ਉਵੇਂ ਹੀ ਜਿਦਾਂ ਹਰਫ਼ਨੂਰ ਵੀ ਉਹੀ ਹੋਵੇ,ਮੋਟੀ ਅੱਖ, ਲੰਮੀ ਗਰਦਨ, ਕਾਲੇ ਲੰਮੇ ਲੰਮੇ ਵਾਲ, ਤਿੱਖਾ ਨੱਕ,ਪਤਲੇ ਜਿਹੇ ਬੁੱਲ ਤੇ ਥੋਡੀ ਉਪਰ ਨਿੱਕਾ ਜਿਹਾ ਕਾਲੇ ਰੰਗ ਦਾ ਤਿੱਲ,ਮਿੱਠੀ ਜਿਹੀ ਆਵਾਜ਼ ਇਉਂ ਲੱਗਦਾ ਸੀ ਜਿਵੇਂ ਸਵਰਗ ਵਿੱਚੋਂ ਕੋਈ ਪਰੀ ਧਰਤੀ ਤੇ ਆ ਗਈ ਹੋਵੇ,ਹਾਂ ਸੱਚ ਇਸਦਾ ਨਾਮ ਵੀ ਹਰਫ਼ਨੂਰ ਹੀ ਸੀ।
ਮਾਂ ਬਹੁਤ ਖੁਸ਼ ਤੇ ਬਾਪੂ ਵੀ ਤੇ ਮੈਨੂੰ ਤਾਂ ਖੁਸ਼ੀ ਬੇਬੇ ਬਾਪੂ ਨੂੰ ਵੇਖ ਕੇ ਹੀ ਬਹੁਤ ਹੋ ਜਾਂਦੀ ਆ, ਤੇ ਫਿਰ ਖੁਸ਼ ਵੇਖ ਕੇ ਤਾਂ ਹੋਰ ਵੀ ਵੱਧ ਗਈ। ਜਿਸਨੇ ਮੇਰਾ ਰਿਸਤਾ ਕਰਵਾਇਆ ਸੀ।ਉਹ ਮੇਰੇ ਭਾਬੀ ਹੀ ਸੀ। ਮੈਂ ਉਹਨੂੰ ਆਖ ਕੇ ਉਹਨਾਂ ਦਾ ਨੰਬਰ ਲੈ ਲਿਆ, ਵੈਸੇ ਉਸਨੂੰ ਮੈਂ ਵੇਖਿਆ ਤਾਂ ਪਹਿਲਾਂ ਵੀ ਸੀ। ਕਿਉਂਕਿ ਉਹ ਮੇਰੇ ਭੂਆ ਦੇ ਮੁੰਡੇ ਦੇ ਵਿਆਹ ਉਪਰ ਆਈ ਸੀ। ਉਹ ਭਾਬੀ ਦੇ ਭਾਈ ਦੇ ਦੋਸਤ ਦੀ ਕੁੜੀ ਦੀ। ਜਾਣ ਪਛਾਣ ਤਾਂ ਸਾਡੀ ਪਹਿਲਾਂ ਤੋਂ ਹੀ ਸੀ।ਪਰ ਕਦੇ ਏਵੇਂ ਨਹੀ ਸੀ ਸੋਚਿਆ।
ਮੈਂ ਪਿੰਡ ਉਸਨੂੰ ਫੋਨ ਨਾ ਕਰਿਆ
ਮੈਂ ਜਦ ਸਹਿਰ ਚਲਾ ਆਇਆ ਤਾਂ ਮੈਂ ਇਹ ਵੇਖ ਕਿ ਹੈਰਾਨ ਰਹਿ ਗਿਆ ਕਿ ਮੈਨੂੰ ਇੱਕ ਹਫਤੇ ਤੋਂ ਉਸ ਅਕਾਉਂਟ ਤੋਂ ਕੋਈ ਵੀ ਮੈਸਜ ਨਹੀ ਸੀ ਆਇਆ…
ਪਹਿਲਾਂ ਮੇਰਾ ਚਿੱਤ ਕਰਿਆ, ਕਿ ਮੈਂ ਆਪਣੀ ਮੰਗੇਤਰ ਹਰਫ਼ਨੂਰ ਨੂੰ ਫੋਨ ਲਗਾਵਾਂ,ਫਿਰ ਇੱਕ ਦਿਲ ਮੌਸਮ ਨੂੰ ਵੇਖ ਤੇ ਉਸ ਵੱਲੋਂ ਨਾ ਮੈਸਜ ਕਰਨ ਬਾਰੇ ਕੁਝ ਲਿਖਣ ਦਾ ਕਰ ਰਿਹਾ ਸੀ।ਮੈਂਨੂੰ ਐਨੇ ਵਿਚ ਇੱਕ ਅਣਜਾਣ ਜਿਹੇ ਨੰਬਰ ਤੋਂ ਫੋਨ ਆਇਆ,ਮੈਂ ਚੁੱਕਿਆ ਤਾਂ ਪਤਾ ਲੱਗਾ ਕਿ ਇਹ ਤਾਂ ਮੇਰੀ ਮੰਗੇਤਰ ਹੀ ਸੀ। ਮੈਂ ਕਾਫੀ ਵਕਤ ਉਸਨਾਲ ਗੱਲਬਾਤ ਕਰਦੇ ਬਿਤਾ ਦਿੱਤਾ,ਅਖੀਰ ਮੈਂ ਉਸ ਦਿਨ ਕੁਝ ਨਾ ਲਿਖ ਸਕਿਆ,ਦੂਸਰੇ ਦਿਨ ਜਦ ਆਇਆ ਤਾਂ ਉਸ ਵੱਲੋਂ ਇੱਕ ਮੈਸਜ ਆਇਆ ਹੋਇਆ ਸੀ।ਜਿਸ ਵਿੱਚ ਲਿਖਿਆ ਹੋਇਆ ਸੀ।

ਹਰ ਰੋਜ਼ ਦੂਰ ਬੈਠ ਕੇ
ਵੇਖ ਲਈਦਾ ਉਸ ਚੰਨ ਨੂੰ
ਕਦੇ ਕਦਾਈਂ ਤਾਂ ਲੁੱਕ ਹੀ ਜਾਂਦਾ ਏ
ਬੜਾ ਨਰਦੇਈ ਏ
ਪਤਾ ਕਿਉਂ
ਮੈਂ ਉਸ ਨੂੰ ਹਰ ਗੱਲ ਦੱਸ ਦੇਣੀ ਆਂ
ਤੇ ਆਪ ਉਹ ਝੱਲਾ ਜਿਹਾ
ਹੁੰਗਾਰਾ ਤੀਕ ਨਹੀ ਭਰਦਾ
ਮੇਰੀ ਕਿਸੇ ਗੱਲ ਦਾ
ਜਵੀਂ ਹੀ ਪੱਥਰ ਵਰਗਾ
ਉਸੇ ਪੱਥਰ ਵਰਗਾ
ਜਿਸ ਤੇ ਬੈਠ ਕੇ
ਮੈਂ ਤੇ ਉਹ ਗੱਲਾਂ ਕਰਦੇ ਸੀ
ਤੇ ਉਸ ਦੇ ਚੱਲੇ ਜਾਣ ਪਿੱਛੋਂ
ਮੇਰਾ ਕਦੇ ਹਾਲ ਤੀਕ ਨਹੀਂ ਪੁੱਛਿਆ
ਉਹਨਾਂ ਦਿਨਾਂ ਚ ਇਉਂ ਲੱਗਦਾ ਸੀ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)