ਇਹ ਕਹਾਣੀ ਇਕ ਪਰਦੇ ਉਹਲੇ ਛੁਪੇ ਹੋਏ ਮੁਖੜੇ ਨੂੰ ਜੀ ਭਰ ਤੱਕਣ ਦੀ ਉਡੀਕਣਾ ਪਿੱਛੇ ਹੈ। ਜੋ ਸਬਦਾਂ ਰਾਹੀਂ ਕਿਸੇ ਦੀ ਪਹਿਚਾਣ ਤੇ ਸੂਰਤ ਨੂੰ ਪਹਿਚਾਣਨ ਦੀ ਕਲਾ ਨੂੰ ਬਿਆਨਦੀ ਹੈ। ਜੋ ਅੱਖਰਾਂ ਚ ਵਾਹੇ ਹੋਏ ਨਕਸ਼ੇ ਨੂੰ ਮੰਜਿਲ ਮੰਨਦੀ ਹੈ।
ਕੰਮ ਤੋਂ ਘਰ ਤੇ ਘਰ ਤੋਂ ਕੰਮ , ਬਸ ਹੁਣ ਇਹੀ ਕੁਝ ਰਹਿ ਗਿਆ ਸੀ, ਮੇਰੀ ਜ਼ਿੰਦਗੀ ਦੇ ਵਿੱਚ, ਏਵੇਂ ਜਿਹੇ ਜਾਪਦਾ ਹੁੰਦਾ ਸੀ। ਪਹਿਲਾਂ ਕਿ ਜਿਹੜੇ ਲੋਕ ਨੌਕਰੀ ਕਰਦੇ ਨੇ ਵਧਿਆ ਉਹਨਾਂ ਦੀ ਜ਼ਿੰਦਗੀ ਨਜਾਰਿਆ ਨਾਲ ਲੰਘਦੀ ਹੋਊ, ਪਰ ਹੁਣ ਪਤਾ ਲੱਗਾ, ਕਿ ਨੌਕਰੀ ਲੱਗ ਜਾਣ ਪਿੱਛੋਂ ਏਵੇਂ ਜਿਹੇ ਲੱਗਦਾ ,ਜਿਵੇਂ ਇਨਸਾਨ ਕੋਈ ਗੂੜੀ ਜਿਹੀ ਤਸਵੀਰ ਚ ਫਿੱਕੇ ਜਿਹੇ ਰੰਗ ਭਰ ਰਿਹਾ ਹੋਵੇ। ਸਹੀ ਦੱਸਾਂ ਤਾਂ ਮੇਰਾ ਇਸ ਬੇਗਾਨੇ ਸਹਿਰ ਵਿਚ ਬਿਲਕੁਲ ਵੀ ਚਿੱਤ ਨਹੀ ਸੀ ਲੱਗਿਆ, ਬੇਸ਼ੱਕ ਮੈਨੂੰ ਏਥੇ ਆਏ ਇਕ ਸਾਲ ਤੋਂ ਉਪਰ ਹੋ ਚੁੱਕਿਆ ਸੀ। ਦੋ ਵਾਰ ਉਂ ਤਾਂ ਮੈਂ ਪਿੰਡ ਵੀ ਗੇੜਾ ਲਾ ਆਇਆ ਸੀ, ਨਾਲੇ ਨਾਲ ਦੇ ਦੋਸਤ ਵੀ ਵਧਿਆ ਸਨ ਸਾਰੇ ਹੀ , ਹਾਂ ਸੱਚ ਪਰ ਉਹ ਤਾਂ ਆਪਣੇ ਆਪ ਵਿਚ ਹੀ ਉਲਝੇ ਰਹਿੰਦੇ ਸਨ, ਹਾਏ ਹੈਲੂ ਜਰੂਰ ਕਰ ਕੁਰ ਲੈਦੇਂ ਸੀ ਬਸ। ਜਾਂ ਕਦੇ ਬਾਹਿਰ ਤੋਂ ਕੁਝ ਖਾਣ ਨੂੰ ਮੰਗਾਉਣਾ ਹੋਵੇ, ਤਾਂ ਇਹ ਪੁੱਛ ਲੈਦੇਂ ਕਿ ਤੂੰ ਵੀ ਖਾਏਗਾ ਤਾਂ ਪੈਸੇ ਦੇ ਦੇ। ਹੋਰ ਕੋਈ ਕਦੇ ਉਹਨਾਂ ਨੇ ਕੋਈ ਗੱਲ ਸਾਝੀ ਨਹੀਂ ਕਰੀਂ, ਤੇ ਨਾਹੀ ਕਦੇ ਮੈਂ ਬਿਨਾਂ ਅੱਗਿਓਂ ਬੁਲਾਏ ਕਦੇ ਕਿਸੇ ਨੂੰ ਬੁਲਾਇਆ ਸੀ।
ਐਤਵਾਰ ਦਾ ਦਿਨ ਸੀ। ਬਾਹਿਰ ਮੌਸਮ ਕਾਫੀ ਸੁਹਾਵਣਾ ਸੀ। ਅਸੀਂ ਇਕ ਘਰ ਵਿਚ ਛੇ ਜਾਣੇ ਰਹਿੰਦੇ ਸਾਂ, ਉਸ ਘਰ ਵਿੱਚ ਤਿੰਨ ਕਮਰੇ ਸੀ,ਤੇ ਇੱਕ ਰਸੋਈ ਤੇ ਇਕ ਮਹਿਮਾਨਾਂ ਲਈ ਕਮਰਾ, ਅਸੀਂ ਇਕ ਕਮਰੇ ਵਿਚ ਦੋ ਜਾਣੇ ਹੁੰਦੇ ਸਾਂ, ਮੇਰੇ ਕਮਰੇ ਵਿਚ ਜੋ ਮੁੰਡਾ ਰਹਿੰਦਾ ਸੀ। ਉਹ ਹਰਿਆਣੇ ਤੋ ਹੋਣ ਕਰਕੇ ਹਿੰਦੀ ਬੋਲਦਾ ਸੀ। ਮੈਂ ਖਿੜਕੀ ਨੂੰ ਖੋਲ ਕੇ ਬਾਹਰੋ ਆ ਰਹੀ ਮੀਂਹ ਪਿੱਛੋਂ ਠੰਢੀ ਠੰਢੀ ਹਵਾ ਦਾ ਅਨੰਦ ਮਾਣ ਰਿਹਾ। ਹਰਿਆਣੇ ਵਾਲਾ ਬੋਲਿਆ : ਸਰਦਾਰ ਤਨੇ ਏਕ ਬਾਤ ਬੋਲੋ ।
ਮੈਂ : ਉਹਦੇ ਵੱਲ ਮੂੰਹ ਕਰਦੇ ਹੋਏ ਕਿਹਾ…ਹਾਂ ਦੱਸ
ਹਰਿਆਣੇ ਵਾਲਾ : ਬਾਹਿਰ ਸੈਰ ਕਰਨੇ ਕੋ ਨਾ ਚਲੇ।
ਮੈ : ਬੈਠਾ ਰਹਿ ਚੁੱਪ ਕਰਕੇ
ਹਰਿਆਣੇ ਵਾਲਾ : ਸਰਦਾਰ ਚਲਤੇ ਹੈਂ
ਮੈ : ਉਹਦੇ ਭੋਲੇ ਜਿਹੇ ਬਣਾਏ ਹੋਏ, ਮੂੰਹ ਵੱਲ ਵੇਖਦਿਆਂ ਕਿਹਾ
ਚੱਲ ਚੰਗਾ ਚਲਦਿਆਂ, ਜਾਂ ਉਹਨਾਂ ਨੂੰ ਵੀ ਹਾਕ ਮਾਰ ਲੈ…
ਉਸਨੇ ਉਹਨਾਂ ਨੂੰ ਹਾਕ ਮਾਰ ਲਈ ਤੇ ਮੈਂ ਅਲਮਾਰੀ ਵਿਚੋਂ ਛੱਤਰੀ ਚੁੱਕ ਕੇ ਉਹਨਾਂ ਦੇ ਮਗਰੀਂ ਤੁਰ ਪਿਆ, ਅਸੀ ਕਾਫੀ ਸਮਾਂ ਤੁਰਦੇ ਗਏ, ਲੱਗਭਗ ਅਸੀਂ ਘਰ ਤੋਂ ਦੋ ਢਾਈ ਮੀਲ ਦੂਰ ਆ ਗਏ ਸਾਂ, ਹਲਕੀ ਹਲਕੀ ਭੂਰ ਪੈਣੀ ਸੁਰੂ ਹੋ ਗਈ। ਛੱਤੇ ਖੋਲ ਅਸੀਂ ਕਾਹਲੀ ਕਾਹਲੀ ਘਰ ਨੂੰ ਵਾਪਿਸ ਪਰਤ ਰਹੇਂ ਸਾਂ। ਘਰ ਪਹੁੰਚਣ ਹੀ ਵਾਲੇ ਸਾਂ, ਮੈਨੂੰ ਅਣਜਾਣ ਜਿਹੇ ਕਿਸੇ ਅਕਾਉਂਟ ਜੋ ਕਿ ( clay tinted) ਦੇ ਨਾਮ ਉਪਰ ਸੀ। ਤੋ ਇਕ ਮੈਸਜ ਆਇਆ, ਜੋ ਪਿਛਲੇ ਦਿਨੀਂ ਪਾਈ, ਪੋਸਟ ਦੇ ਨਾਲ ਸੰਬੰਧਿਤ ਸੀ।
ਮੈਸਜ ਵਿਚ ਲਿਖਿਆ ਸੀ :–
ਕੋਈ ਵੱਲ ਅਸਾਂ ਦੇ ਆ ਰਿਹਾ,
ਅਸੀਂ ਹਾਂ ਜਿਸ ਤੋਂ ਅਨਜਾਣ,
ਉਹ ਸਾਨੂੰ ਹੈ ਕਿਦਾਂ ਜਾਣਦਾ,
ਜਿਸਦੀ ਸਾਡੇ ਨਾਮ ਨਾਲ ਪਹਿਚਾਣ…
ਤੁਹਾਨੂੰ ਨਹੀਂ ਪਤਾ
ਅਕਸਰ ਉਹੀ ਆਪਣੇ,
ਜਿਆਦਾ ਕੋਲ ਹੁੰਦੇ ਨੇ,
ਜਿਹਨਾਂ ਤੋਂ ਆਪਾਂ ਅਣਜਾਣ ਹੁੰਦੇ ਹਾਂ,
ਜਿਹਨਾਂ ਦੀ ਸੂਰਤ ਵੀ ਨਹੀਂ ਵੇਖੀ ਹੁੰਦੀ,
ਬਸ ਕਦੇ ਇਤਫ਼ਾਕ ਜਿਹੇ ਮੇਲ ਹੁੰਦਾ,
ਜਿਦਾਂ ਕਦੇ ਕਦੇ ਹਵਾ ਨਾਲ ,
ਅਣਪਟੱਕੇ ਕਿਸੇ ਖੂਸਬੂ ਦੀ ਮੁਲਾਕਾਤ
ਹੁੰਦੀ ਏ, ਬਿਲਕੁਲ ਅਣਜਾਣੇ ਚ ‘
{ ਸੁਖਦੀਪ }
ਮੈਂ ਅਕਸਰ ਹੀ ਇਕਾਂਤ ਵਿਚ ਬੈਠਾ, ਕੁਝ ਨਾ ਕੁਝ ਲਿਖ ਲੁਖ ਲਿਆ ਕਰਦਾ ਸੀ। ਮੈਂ ਪਹਿਲਾਂ ਵੀ ਕਈ ਵਾਰ ਕੁਝ ਨਾ ਕੁਝ ਆਪਣੇ ਵੱਲੋਂ ਲਿਖ ਕੇ ਪੋਸਟ ਕੀਤਾ ਸੀ। ਮੈਨੂੰ ਪਹਿਲਾ ਕਿਸੇ ਨੇ ਵੀ ਇਸ ਤਰ੍ਹਾਂ ਮੈਸਜ ਨਹੀਂ ਕਰਿਆ ਸੀ। ਮੈਂ ਮੈਸਜ ਨੂੰ ਵੇਖ ਕੇ ਛੱਡ ਦਿੱਤਾ , ਤੇ ਰਸਤੇ ਵਿਚ ਮੈਂ ਉਸ ਇਨਸਾਨ ਬਾਰੇ ਹੀ ਸੋਚਦਾ ਰਿਹਾ।
ਮੈਂ ਘਰ ਪਹੁੰਚਦੇ ਸਾਰ ਹੀ ਫੋਨ ਨੂੰ ਚਾਰਜਰ ਉੱਪਰ ਲਗਾ ਦਿੱਤਾ, ਖੁਦ ਮੇਜ਼ ਉਪਰ ਪਈ , ਡਾਇਰੀ ਨੂੰ ਚੁੱਕ ਲਿਆ ਤੇ ਉਸ ਨੂੰ ਫਰੋਲਣ ਲੱਗ ਪਿਆ, ਮੈਂ ਉਸ ਆਏ ਹੋਏ ਮੈਸਜ ਦਾ ਰਿਪਲਾਈ,ਜਵਾਬ (Reply) ਦੇਣਾ ਚਾਹੁੰਦਾ ਸੀ। ਮੈਂ ਦੋ ਵਾਰ ਚੰਗੀ ਤਰ੍ਹਾਂ ਡਾਇਰੀ ਦਾ ਇੱਕ ਇੱਕ ਪੰਨਾ ਫਰੋਲਿਆ , ਪਰ ਮੈਨੂੰ ਕੋਈ ਜਵਾਬੀ ਉੱਤਰ ਲਈ ਲਿਖਤ ਨਾ ਮਿਲੀ। ਮੈਂ ਕੋਲ ਹੀ ਪਏ, ਪੈੱਨ ਨੂੰ ਚੁੱਕਿਆ ਤੇ ਲਿਖਣਾ ਸੁਰੂ ਕੀਤਾ : —
ਮੈਂ ਦਰਦ ਜਿਹਨਾਂ ਨਾਲ ਵੰਡਿਆ,
ਉਹ ਸੀ ਮੇਰੇ ਤੋਂ ਅਨਜਾਣ ,
ਮੈਂ ਸਬਦਾਂ ਨਾਲ ਪਾਇਆ ਰਾਬਤਾ
ਜੋ ਬਣੇ ਮੇਰੀ ਪਹਿਚਾਣ,
ਕੋਈ ਤੁਰ ਕੇ ਰਾਹੇ ਏਸ ਨੂੰ,
ਗਿਆ ਹੈ ਸਾਨੂੰ ਜਾਣ…
ਅਸੀਂ ਜਿਹਨਾਂ ਦੇ ਨਜਦੀਕ ਹੋਏ,
ਉਹ ਸਾਨੂੰ ਅਣ ਪਹਿਚਾਣਿਆ,
ਆਖ ਕੇ ਦੂਰ ਕਿਤੇ ਚੱਲੇ ਗਏ
ਅਸੀਂ ਇਹਨਾਂ ਅੱਖਰਾਂ ਦਾ ਸਹਾਰਾ,
ਲੈਕੇ ਹੀ ਵੱਡੇ ਹੋਏ ਆਂ,
ਹੁਣ ਕੋਈ ਵੀ ਸਾਨੂੰ ਜਾਣਨ ਤੋਂ ਪਹਿਲਾਂ,
ਸਾਡੇ ਅੱਖਰਾਂ ਨਾਲ ਹੀ ਪਹਿਚਾਣ ਕਰਦਾ ਹੈ,
ਤੇ ਸਾਨੂੰ ਏ ਜਾਪਦਾ ਹੁਣ,
ਕੇ ਕੋਈ ਸਾਡੇ ਅੱਖਰਾਂ ਨੂੰ ਜਾਣ ਗਿਆ ਹੈ
{ ਸੁਖਦੀਪ }
ਮੈਂ ਲਿਖਦੇ ਸਾਰ ਹੀ, ਫੋਨ ਚੁੱਕਿਆ ਤੇ ਪੋਸਟ ਕਰ ਦਿੱਤਾ, ਮੁੜ ਉਸ ਦੇ ਜਵਾਬ’ ਰਿਪਲਾਈ ‘ਦੀ ਉਡੀਕ ਵਿੱਚ ਫੋਨ ਨੂੰ ਦੁਬਾਰਾ ਚਾਰਜਰ ਦੇ ਉੱਪਰ ਲਾ ਕੇ ਮੇਜ਼ ਉੱਪਰ ਧਰ ਦਿੱਤਾ। ਸ਼ਾਮ ਹੋ ਗਈ ਸੀ। ਅਸਮਾਨ ਵਿੱਚ ਅਜੇ ਵੀ ਵੱਡੇ ਵੱਡੇ ਬੱਦਲ ਛਾਏ ਹੋਏ ਸੀ। ਮੈਨੂੰ ਬਜਾਰ ਵਿਚ ਥੋੜਾ ਜਿਹਾ ਕੰਮ ਸੀ। ਮੈਂ ਬਜਾਰ ਚਲਾ ਗਿਆ ਤੇ ਰੋਟੀ ਵੀ ਬਾਹਰੋਂ ਹੀ ਖਾ ਆਇਆ। ਜਦੋਂ ਮੈਂ ਵਾਪਿਸ ਆਇਆ ਤਾਂ ਕਾਫ਼ੀ ਹਨੇਰਾ ਹੋ ਚੁੱਕਿਆ ਸੀ। ਮੈਂ ਕਮਰੇ ਵਿੱਚ ਪਹੁੰਚਦੇ ਸਾਰ ਹੀ ਫੋਨ ਨੂੰ ਚੁੱਕਿਆ। ਅਜੇ ਵੀ ਕੋਈ ਰਿਪਲਾਈ ਨਹੀ ਸੀ ਆਇਆ। ਮੈਂ ਸਵੇਰੇ ਜਲਦੀ ਕੰਮ ਉੱਪਰ ਜਾਣਾ ਸੀ। ਮੈਂ ਜਲਦੀ ਹੀ ਸੋ ਗਿਆ।
ਸਵੇਰੇ ਉੱਠਦੇ ਸਾਰ ਹੀ, ਮੈਂ ਕੰਮ ਉੱਪਰ ਚਲਾ ਗਿਆ , ਆਉਦੇਂ ਸਾਰ ਹੀ ਮੈਂ ਕੰਮ ਦੀ ਥਕਾਵਟ ਹੋਣ ਕਰਕੇ ਬਿਸਤਰ ਉੱਪਰ ਲੇਟ ਗਿਆ, ਅਜੇ ਮੈਨੂੰ ਨੀਂਦ ਆਉਣ ਹੀ ਲੱਗੀ ਸੀ। ਮੇਰੇ ਕੱਲ ਵਾਲੀ ਗੱਲ ਚੇਤੇ ਆਈ, ਕਿ ਉਸ ਪੋਸਟ ਦੇ ਉੱਪਰ ਕੋਈ ਆਇਆ ਰਿਪਲਾਈ ਕਿ ਨਹੀ…
ਮੈਂ ਕੰਮ ਉੱਪਰ ਫੋਨ ਨਹੀ ਸੀ ਲੈ ਕਿ ਜਾਦਾਂ,ਸਗੋਂ ਇਸ ਨੂੰ ਬੰਦ ਕਰਕੇ ਕੇ ਅਲਮਾਰੀ ਵਿਚ ਰੱਖ ਦਿੰਦਾ ਸੀ। ਮੇਰੇ ਫੋਨ ਖੋਲ੍ਹਦੇ ਸਾਰ ਹੀ, ਮੈਨੂੰ ਪਾਈ ਹੋਈ ਪੋਸਟ ਉੱਪਰ ਕੋਈ ਰਿਪਲਾਈ ਆਇਆ ਹੋਇਆ ਸੀ। ਜਿਸ ਵਿਚ ਲਿਖਿਆ ਹੋਇਆ ਸੀ :-
ਸਬਦਾਂ ਪਿਛਲੀ ਤਸਵੀਰ ਨੂੰ,
ਜਦ ਕੋਈ ਉਗਲਾਂ ਰਾਹੀਂ ਵਾਹ ਲੈਦਾਂ,
ਆਪਣਿਆਂ ਵਰਗਾ ਹੀ ਜਾਪਦਾ,
ਜਦ ਖ਼ਤ ਕੋਈ ਏ ਸਾਹ ਲੈਂਦਾ
ਵਕਤਾਂ ਦੇ ਹੱਥੋਂ ਹਾਰ ਕੇ,
ਮਹਿਲ ਖਬਾਬੀਂ ਢਾਹ ਲੈਦਾਂ
ਉਹਦੇ ਵਰਗਾ ਹੀ ਮੈਨੂੰ ਜਾਪਦਾ,
ਜੋ ਮੁੜ ਮੁੜ ਮੇਰਾ ਨਾਂ ਲੈਦਾਂ…
ਮੈਨੂੰ ਇਹ ਪੜਦੇ ਸਾਰ ਹੀ ਏਵੇਂ ਲੱਗਿਆ, ਜਿਵੇਂ ਕੋਈ ਮੇਰੇ ਨਜ਼ਦੀਕ ਦਾ ਮੇਰੇ ਹੀ ਬਾਰੇ ਲਿਖ ਰਿਹਾ ਹੋਵੇ। ਉਹ ਵੀ ਉਸ ਬਾਰੇ ਜਿਸ ਬਾਰੇ ਮੈਂ ਅੱਜ ਤੀਕ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਨੀ ਚਾਹੀ। ਮੈਂ ਕੋਈ ਜਵਾਬੀ ਲਿਖਤ ਨਾ ਲਿਖੀ। ਸਗੋਂ ਤੁਹਾਡਾ ਨਾਮ, ਤੁਸੀਂ ਕੌਣ ਹੋ, ਤੁਸੀਂ ਮੈਨੂੰ ਜਾਣਦੇ ਹੋ ਆਦਿ ਕਈ ਹੋਰ ਮੈਸਜ ਲਿਖ ਕੇ ਭੇਜ ਦਿੱਤੇ। ਉਸ ਸ਼ਾਮ ਜੋ ਖਿਆਲ ਮੇਰੇ ਦਿਮਾਗੀ ਦੌੜੇ ਮੈਨੂੰ ਹੁਣ ਵੀ ਯਾਦ ਕਰਕੇ ਕੋਈ ਖਤਰਨਾਕ ਘਟਨਾ ਵਰਗੇ ਲੱਗਦੇ ਨੇ,ਉਹ ਮੇਰਾ ਪਹਿਲਾ ਦਿਨ ਸੀ। ਜਿਸ ਦਿਨ ਮੈਂ ਬਿਨਾਂ ਕੁਝ ਲਿਖੇ,ਪੜ੍ਹੇ ਹੀ ਸੋਂ ਗਿਆ, ਸਵੇਰੇ ਰੋਜ਼ਾਨਾ ਦੇ ਵਾਂਗੂੰ ਜਲਦੀ ਉੱਠਿਆ ਤੇ ਕੰਮ ਤੇ ਚਲਾ ਗਿਆ। ਮੇਰੇ ਆੱਫਸ ਵਿੱਚ ਇੱਕ ਅੜਬ ਜਿਹੇ ਸੁਭਾਅ ਵਾਲਾ ਸੀਨੀਅਰ ਸੀ। ਜਿਸ ਦੀ ਅੱਜ ਬਦਲੀ ਹੋ ਗਈ। ਜਿਸ ਕਰਕੇ ਸਾਰੇ ਹੀ ਜਾਣੇ ਬਹੁਤ ਖੁਸ਼ ਸਾਂ। ਮੈਂ ਆ ਕਿ ਕੱਪੜੇ ਬਦਲਦੇ ਸਾਰ ਇੱਕ ਕੱਪ ਚਾਹ ਦਾ ਬਣਨ ਲਈ ਧਰ ਦਿੱਤਾ,ਮੇਰੇ ਪਰਨਾ ਬੰਨਦੇ ਬੰਨਦੇ ਚਾਹ ਬਣ ਗਈ, ਮੈ ਕੱਪ ਵਿਚ ਪਾ ਬੈੱਡ ਉਪਰ ਆ ਬੈਠਾ,ਨਾਲ ਹੀ ਅਲਮਾਰੀ ਵਿਚੋਂ ਫੋਨ ਵੀ ਚੁੱਕ ਲਿਆ, ਮੈਂ ਫੋਨ ਖੋਲਦੇ ਸਾਰ ਹੀ ਫੇਸਬੁੱਕ ਉਪਰ ਮੈਸਜ ਬੌਕਸ ਚੈੱਕ ਕਰਿਆ ਤਾਂ ਕੋਈ ਵੀ ਮੈਸਜ ਨਹੀ ਸੀ ਆਇਆ ਮੈਂ ਅਜੇ ਪੁਰਾਣੇ ਮੈਸਜਾਂ ਨੂੰ ਪੜ ਹੀ ਰਿਹਾ ਸੀ। ਤੁਰੰਤ ਹੀ ਇਕ ਮੈਸਜ ਆਇਆ ਜਿਸ ਵਿਚ ਲਿਖਿਆ ਸੀ…
ਉਹ ਤਾਂ ਮੈਂ ਕਦੋਂ ਤਾ ਭੁੱਲਾ ਦਿੱਤਾ,
ਚੁੱਬਣ ਲੱਗ ਗਿਆ ਸੀ,
ਮੇਰੇ ਸੀਨੇ ਦੇ ਵਿਚਕਾਰ,
ਹੁਣ ਤਾਂ ਜਦ ਵੀ ਕੋਈ ਕਿਸੇ ਨੂੰ,
ਹਾਕ ਮਾਰਦਾ ਕੋਈ ਨਾਮ ਲੈ ਕੇ,
ਮੈਂ ਮੰਨ ਲੈਂਦੀ ਹਾਂ,
ਕਿ ਉਹ ਮੈਨੂੰ ਹੀ ਮਾਰ ਰਿਹਾ ਏ
ਹਾਕ…..
ਮੈਨੂੰ ਆਪਣਾ ਹੀ ਲੱਗਦਾ ਹੈ ਹਰਕੋਈ
ਤੇ ਇਹ ਸਵਾਲ ਕਦੇ ਕਦੇ,
ਮੈਂ ਖੁਦ ਨੂੰ ਵੀ ਪੁੱਛ ਬਹਿੰਦੀ ਹਾਂ,
ਕਿ ਕੌਣ ਹਾਂ ਮੈਂ..???
ਫੇਰ ਜਦੋਂ ਉਡਦਾ ਹੋਇਆ ਰੇਤਾ,
ਘੱਟਾ ਬਣ ਮੇਰੀਆਂ ਅੱਖਾਂ ਚ ਚੁੱਬਦਾ,
ਤਾਂ ਮੈਨੂੰ ਮੇਰੇ ਮਹਿਬੂਬ ਵਰਗਾ ਲੱਗਦਾ,
ਮੈਨੂੰ ਲੱਗਦਾ ਮੈਂ ਇਸ ਰੇਤੇ ਦਾ ਹੀ ਅੰਸ਼ ਹਾਂ,
ਜੋ ਵੀ ਮੇਰੇ ਕੋਲੋਂ ਦੀ ਲੰਘਦਾ ਏ,
ਮੈਂ ਆਪਣਾ ਮੰਨ ਲੈਂਦੀ ਹਾਂ ਉਸਨੂੰ,
ਫੇਰ ਕਿਤੇ ਮਿਲੇ ਤਾਂ ਪਹਿਚਾਣ ਆ ਜਾਂਦੀ ਏ
ਏਸੇ ਤਰ੍ਹਾਂ ਹੀ ਜਾਣਨ ਜਾਣ ਲੱਗਦੀ ਹਾਂ
ਅਨਜਾਣਾਂ ਨੂੰ ਵੀ…..
ਹਾਂ ਸੱਚ ਮੈਨੂੰ ਅੱਜ ਤੀਕ ਕੋਈ,
ਅਜਿਹਾ ਕੋਈ ਨਹੀ ਮਿਲਿਆ
ਜਿਸ ਨੇ ਮੈਨੂੰ ਜਾਣ ਲਿਆ ਹੋਵੇ
ਜੇ ਕੋਈ ਜਾਣ ਵੀ ਲਵੇ
ਤਾਂ ਦੂਰ ਚਲਾ ਜਾਂਦਾ,
ਐਨੀ ਦੂਰ ਜਿੰਨਾ,
ਦੂਰ ਚੰਦ ਧਰਤੀ ਤੋਂ….
ਸੁਣ ਤੂੰ ਮੈਨੂੰ ਜਾਣਨ ਦੀ ਕੋਸ਼ਿਸ਼ ਨਾ ਕਰੀਂ
ਕਿਉਂਕਿ ਮੈਂ ਨਹੀਂ ਚਾਹੁੰਦੀ
ਕੋਈ ਸਾਲਾਂ ਪਿੱਛੋਂ,
ਮੁੜ ਬਣਿਆ ਹੋਇਆ ਦੋਸਤ
ਮੇਰੇ ਕੋਲੋਂ ਫੇਰ ਦੂਰ ਹੋਵੇ
~
ਮੇਰੇ ਪੁਛੇ ਹੋਏ ਸਵਾਲਾਂ ਦਾ ਉੱਤਰ ਉਸਨੇ ਬੜੀ ਸਿੱਦਤ ਨਾਲ ਬਿਆਨ ਕਰਕੇ ਲਿਖਿਆ ਸੀ। ਮੈਨੂੰ ਉਹ ਕੋਈ ਚੰਗੀ ਲੇਖਕਾ ਜਾਪੀ। ਮੈਂ ਚਾਹੁੰਦਾ ਸੀ ਕਿ ਮੈਂ ਉਸਨੂੰ ਮੁੜ ਸਵਾਲ ਕਰਾਂ ਤੇ ਪੁੱਛਾਂ ਕਿ ਤੁਸੀਂ ਲੇਖਕਾ ਹੋ, ਪਰ ਮੈਨੂੰ ਹੁਣ ਤੀਕ ਐਨਾ ਕੂ ਪਤਾ ਲੱਗ ਗਿਆ ਸੀ। ਕਿ ਉਸਨੇ ਮੇਰੇ ਕਿਸੇ ਵੀ ਗੱਲ ਦਾ ਜੇਕਰ ਜਵਾਬ ਦੇਣਾ ਹੋਊ, ਤਾਂ ਉਹ ਕਵਿਤਾ ਵਿਚ ਹੀ ਦੇਵੇਗੀ। ਉਹ ਅਕਾਉਂਟ ਅਜੇ ਵੀ ਆੱਨਲਾਈਨ ਦਿੱਖ ਰਿਹਾ ਸੀ। ਮੈਂ ਲਿਖਿਆ
ਮੈਂ ਬੂਹਾ ਖੜਕਿਆ ਆਪਣਾ,
ਅੰਦਰ ਦੇਖਿਆ ਕੌਣ!!!
ਸੁਪਨੇ,ਖਬਾਬ ਤੇ ਚਾਅ ਕਈ,
ਪਏ ਗੂੜੀ ਨੀਦੇਂ ਸੌਣ
ਨਾ ਹਵਾ ਵਗੇ,ਨਾਹੀ ਏਥੇ ਪਾਣੀ
ਫੇਰ ਕਿਸਦੇ ਆਸਰੇ ਜਿਉਣ,
ਲਾਗੇ ਖਾਮੋਸ਼ੀ ਬੈਠੀ ਹੋਈ ਬੇਜਾਨ ਜਿਹੀ
ਉਪਰੋਂ ਡਾਢੀ ਉਹਨੇ ਧਾਰੀ ਮੌਨ,
ਅਸਾਂ ਬੂਹਾ ਬੈਠੇ ਹਾਂ ਖੋਲ੍ਹ ਕੇ,
ਕੋਈ ਰਾਹੀ ਲੰਘਦੇ ਟੱਪਦੇ ਆ ਜਗਾਉਣ…
ਮੈਂ ਲਿਖਦੇ ਸਾਰ ਹੀ ਮੈਸਜ ਨੂੰ ਭੇਜ ਦਿੱਤਾ, ਬਿਨਾਂ ਕਿਸੇ ਸਬਦੰ ਦੀ ਗਲਤੀ ਵੇਖੇ, ਆਗੋਂ ਵੀ ਨਾਲ ਦੇ ਨਾਲ ਹੀ ਜਵਾਬ ਵੇਖ ਲਿਆ ਗਿਆ। ਮੈਂ ਕਈ ਸਮਾਂ ਜਵਾਬ ਉਡੀਕਿਆ ਕੋਈ ਉੱਤਰ ਨਾ ਆਇਆ। ਇੱਕ ਉੱਤਰ ਆਇਆ ‘ ਘਰ ਕੈਦ ਹੈ ‘ ਬੂਹਾ ਬੇਸ਼ੱਕ ਖੁੱਲਾ ਹੈ।
ਮੈਂਨੂੰ ਉੱਤਰ ਸਮਝ ਨਾ ਲੱਗਿਆ
ਮੈਂ : ਸਮਝਿਆ ਨਹੀਂ
Clay tinted : ਜਰੂਰੀ ਨਹੀ ਹਰ ਚੀਜ਼ ਸਮਝੀ ਜਾਵੈ।
ਤੁਹਾਡਾ ਨਾਮ …??
ਮੈਂ : ਗਾਲਿਬ, ਤੁਹਾਡਾ
Clay tinted : ……( ਹਰਫ਼ ) , ਤੁਸੀਂ ਜਦ ਵੀ ਕੁਝ ਲਿਖਦੇ ਹੋ, ਤਾਂ ਮੈਨੂੰ ਇਉਂ ਜਾਪਦਾ ਜਿਵੇਂ ਕੋਈ ਕੁਝ ਕਿ ਮੇਰੇ ਬਾਰੇ ਹੀ ਲਿਖ ਰਿਹਾ ਹੋਵੇ। ਤੁਹਾਡੀਆਂ ਲਿਖਤਾਂ ਪੜ ਬੜਾ ਸਕੂਨ ਜਿਹਾ ਮਿਲਦਾ।
ਮੈਂ : ਮੈਂ ਇੱਕਲਤਾ ਨੂੰ ਦੂਰ ਕਰਨ ਲਈ ਲਿਖਦਾ ਹਾਂ , ਮੈਂ ਕੋਈ ਲੇਖਕ ਨਹੀ ਹਾਂ,ਵੈਸੇ ਤੁਹਾਡੀ ਲਿਖਤ ਮੈਨੂੰ ਵੀ ਕੁਝ ਏਸੇ ਤਰ੍ਹਾਂ ਦਾ ਨਿੱਘ ਦੇਦੀਂ ਹੈ। ਹਰਫ਼ ਮਤਲਬ..??
Clay tinted : ਮੈਂ ਸਿਰਫ਼ ਲਿਖਦੀ ਹਾਂ, ਕਵਿਤਾ ਬਾਰੇ ਤਾਂ ਮੈਂ ਜਾਣਦੀ ਵੀ ਨਹੀਂ, ਕਿਤਾਬਾਂ ਤੋਂ ਬਹੁਤ ਦੂਰ ਹਾਂ ਮੈਂ, ਮੈਂ ਸਿਰਫ਼ ਸਬਦਾਂ ਨੂੰ ਇੱਕਠੇ ਕਰਦੀ ਹਾਂ। ਕਵਿਤਾ ਲਿਖਣਾ ਕੋਈ ਹਰਇੱਕ ਦੀ ਵੱਸ ਦੀ ਗੱਲ ਥੋੜਾਂ ਹੁੰਦੀ ਹੈ ਨਾਲੇ।
ਹਰਫ਼ ਮਤਲਬ ਹਰਫ਼ ਮੇਰੇ ਪਰਿਵਾਰ ਦੁਬਾਰਾ ਦਿੱਤਾ ਗਿਆ ਨਾਮ।ਮੈਨੂੰ ਬਹੁਤ ਵਧਿਆ ਲੱਗਦਾ ਸੀ ਪਰ ਹੁਣ ਨਹੀਂ
ਮੈਂ : ਕਿਉਂ
Clay tinted : ਆਪਣੀ ਜ਼ਿੰਦਗੀ ਵਿਚ ਬਹੁਤਾ ਉਹ ਹੀ ਹੁੰਦਾ ਹੈ। ਜੋ ਆਪਣੀ ਮਰਜ਼ੀ ਦੇ ਖਿਲਾਫ਼ ਹੋਵੇ।
ਮੈਂ : ਮਤਲਬ, ਮੈਂ ਜਾਣ ਸਕਦਾ
Clay tinted : ਮੈਂ ਤੁਹਾਥੋਂ ਅਣਜਾਣ ਹਾਂ
ਇਹ ਮੈਸਜ ਕਰਨ ਤੋਂ ਬਾਅਦ ਹੋਰ ਕੋਈ ਮੈਸਜ ਨਾ ਆਇਆ। ਅਕਸਰ ਹਾਂ ਆਪਾਂ ਨੂੰ ਜੇਕਰ ਕੋਈ ਬੁਝਾਰਤ ਪਾਵੈ ਤਾਂ ਆਪਾਂ ਉਸਦਾ ਉੱਤਰ ਲੱਭਣ ਲਈ ਉਤਸਕ ਹੁੰਦੇ ਹਾਂ, ਇਸੇ ਤਰ੍ਹਾਂ ਮੈਂ ਉਸ ਲੇਖਕਾ ( Clay tinted) ਬਾਰੇ ਜਾਣਨਾ ਚਾਹੁੰਦਾ ਸੀ। ਇਸੇ ਤਰ੍ਹਾਂ ਮੈਂ ਉਸਦਾ ਸਾਰਾ ਅਕਾਉਂਟ ਵੇਖਿਆ। ਉਸਦੀਆਂ ਲਿਖੀਆਂ ਲਿਖਤਾਂ ਨੂੰ ਪੜ ਏਵੇ ਲੱਗਦਾ ਸੀ। ਜਿਦਾਂ ਉਸਦੀ ਜ਼ਿੰਦਗੀ ਵਿਚ ਉਸ ਕੋਲੋਂ ਕਾਫ਼ੀ ਵੱਡੀ ਗਲਤੀ ਹੋਈ ਹੋਵੇ। ਕਿਉਂਕਿ ਉਸਦੀ ਹਰ ਲਿਖਤ ਪਿਛੇ ਇਕ ਪਿਛਤਾਵਾ ਝਲਕਦਾ ਸੀ।
ਮੈਂ ਫੋਨ ਨੂੰ ਚਾਰਜਰ ਉਪਰ ਲਗਾਉਣ ਹੀ ਲੱਗਿਆ ਸੀ। ਕਿ ਛੋਟੇ ਵੀਰ ਦਾ ਪਿੰਡ ਤੋਂ ਫੋਨ ਆ ਗਿਆ। ਉਸਨੇ ਦੱਸਿਆ ਕਿ ਮਾਂ ਥੋੜੀ ਜਿਹੀ ਬਿਮਾਰ ਹੈ । ਤੈਨੂੰ ਪਿੰਡ ਆ ਕੇ ਮਿਲ ਜਾਣਾ ਚਾਹੀਦਾ ਹੈ। ਮੈਂ ਡਾਇਰੀ ਨੂੰ ਉਥੇ ਹੀ ਵਾਪਿਸ ਰੱਖ ਦਿੱਤਾ। ਤੇ ਫੋਨ ਨੂੰ ਚਾਰਚਰ ਲਗਾ ਕੇ ,ਰੋਟੀ ਬਣਾਉਂਣ...
ਲੱਗ ਪਿਆ।ਮੈਂ ਨਾਲ ਦੇ ਮੁੰਡੇ ਨੂੰ ਆਖ ਕੇ ਅਗਲੇ ਹੀ ਦਿਨ ਸਾਮ ਦੀ ਫਲਾਇਟ ਬੁੱਕ ਕਰਵਾਉਣ ਲਈ ਆਖ ਦਿੱਤਾ, ਉਸ ਨੇ ਦੱਸਿਆ ਕੇ ਸਾਮ ਸਾਢੇ ਛੇ ਦੀ ਫਲਾਇਟ ਹੈ। ਮੈਨੂੰ ਕੰਮ ਤੋਂ ਪੰਜ ਵਜੇ ਛੁੱਟੀ ਮਿਲਦੀ ਸੀ। ਏਅਰਪੋਰਟ ਜਾਣ ਲਈ ਘਰ ਤੋਂ ਵੀਹ ਕੂ ਮਿੰਟਾਂ ਦਾ ਰਸਤਾ ਸੀ। ਮੈਂ ਆਪਣਾ ਸਾਰਾ ਸਮਾਨ ਪੈਕਿੰਗ ਕਰ ਕੇ ਸਾਮ ਨੂੰ ਹੀ ਰੱਖ ਲਿਆ,ਤੇ ਆੱਫਸ ਵਿਚੋਂ ਆਕੇ ਖਾਣਾ ਕੇ ਫਲਾਇਟ ਲੈ ਕਿ ਦੂਸਰੀ ਸਵੇਰ ਤੀਕ ਪਿੰਡ ਆ ਪਹੁੰਚਿਆ।
ਅਸਲ ਵਿਚ ਗੱਲ ਕੋਈ ਹੋਰ ਹੀ ਵਧੀ ਪਈ ਸੀ। ਪਿੰਡ ਆ ਕਿ ਪਤਾ ਲੱਗਿਆ ਕਿ ਸਰੀਕਾਂ ਨਾਲ, ਜੋ ਵੱਟ ਪਿਛੇ ਕਈ ਸਾਲਾਂ ਤੋਂ ਰੌਲਾ ਚਲਦਾ ਸੀ। ਉਸ ਕਰਕੇ ਦੁਬਾਰਾ ਡਾਂਗ ਖੜਕ ਗਈ ਤੇ ਬਾਪੂ ਦੀ ਲੱਤ ਟੁੱਟ ਗਈ। ਜਾ ਕਿ ਵੇਖਿਆ ਤਾਂ ਹਲੇ ਬੱਚਤ ਸੀ, ਲੱਤ ਨੂੰ ਜਿਆਦਾ ਨੁਕਸਾਨ ਨਹੀਂ ਸੀ ਪਹੁੰਚਿਆ। ਮੈਂ ਬਾਪੂ ਨਾਲ ਰੈ-ਸਲਾਹ ਕਰ ਕੇ,ਤੇ ਪੰਚਾਇਤ ਨਾਲ ਗੱਲ ਕਰ ਕੇ, ਜਮੀਨ ਉਪਰ ਦੁਬਾਰਾ ਫੀਤੀ ਮਾਰਨ ਲਈ ਮਨਾਂ ਲਿਆ, ਮੰਨ ਤਾਂ ਬਾਪੂ ਵੀ ਨਹੀ ਸੀ ਰਿਹਾ, ਫੇਰ ਤਾਇਆ ਤਾਂ ਕਿੱਥੋਂ ਮੰਨਣਾ ਸੀ। ਪਰ ਪੰਚਾਇਤ ਦੇ ਆਖਣ ਤੇ ਫੀਤੀ ਮਾਰੀ ਗਈ। ਤਾਂ ਉਨੀ ਇੱਕੀ ਦਾ ਹੀ ਫਰਕ ਨਿਕਲਿਆ। ਉਸਤੋਂ ਬਾਅਦ ਨਾਲੇ ਤਾਏ ਦਾ ਗੁੱਸਾ ਟਿਕ ਗਿਆ। ਨਾਲੇ ਬਾਪੂ ਠੰਢਾ ਹੋ ਗਿਆ, ਨਾਲੇ ਜੇ ਮੈਂ ਹੁਣ ਪਿੰਡ ਵਿਚੋਂ ਦੀ ਲੰਘਦਾ ਟੱਪਦਾ,ਤਾਏ ਨੂੰ ਟੱਕਰ ਜਾਦਾ ਤਾਂ ਬੁਲਾ ਲੈਦਾ ਸੀ। ਨਾਲੇ ਕੰਮ ਕਾਰ ਬਾਰੇ ਪੁਛ ਲੈਦਾਂ ਸੀ, ਪਰ ਹਾਸੇ ਜਿਹੇ ਪਾ ਕਿ ਗੱਲ ਕਰਦਾ, ਮੈਂ ਇਸ ਦਾ ਰਾਜ ਨਾ ਜਾਣ ਸਕਿਆ, ਵੈਸੇ ਤਾਏ ਦਾ ਵੱਡਾ ਮੁੰਡਾ ਫੌਜੀ ਸੀ। ਨਾਲੇ ਛੋਟੇ ਨੂੰ ਵੀ ਬਾਹਿਰ ਗਏ ਹੋਏ ਕਈ ਮਹੀਨੇ ਹੋ ਗਏ ਸੀ। ਮੈਂ ਸਾਰੇ ਮਸਲੇ ਨੂੰ ਉਲਝਾ ਕੇ, ਇੱਕ ਹਫਤੇ ਵਾਧ ਵਾਪਿਸ ਪਰਤ ਆਇਆ ਕੰਮ ਉਪਰ।
ਮੈਂ ਫੋਨ ਉਪਰ ਪਿੰਡ ਜਿਆਦਾ ਧਿਆਨ ਨਾ ਦਿੱਤਾ, ਉਹਦੇ ਵੱਲੋਂ ਕਈ ਮੈਸਜ ਆਏ, ਪਰ ਮੈਂ ਉਹਨਾਂ ਦਾ ਰਿਪਲਾਈ ਨਾ ਕਰ ਸਕਿਆ। ਮੈਂ ਇੱਕੋ ਮੈਸਜ ਪੜਿਆ, ਜੋ ਅਖੀਰ ਤੇ ਸੀ।ਜਿਸ ਵਿੱਚ ਲਿਖਿਆ ਸੀ,
ਤੁਹਮਤ ਵੀ ਤੇ ਕੋਈ ਨਹੀਂ,
ਇੱਕ ਉਡੀਕ ਤੋਂ ਇਲਾਵਾ,
ਉਡੀਕ ਅਜੇ ਬਾਕੀ ਏ
ਭਾਗ = ਦੁਸਰਾ
ਮਿੱਟੀ ਰੰਗੇ
ਅਚਾਨਕ ਯਾਦ ਆਉਂਦੀ ਏ
ਮਿੱਟੀ ਚ ਦੱਬੀਆਂ ਹੋਈਆਂ
ਕੁੱਜੀ ਚ ਪਾਕੇ ‘ਦਸੀਆਂ’ ਦੀ
ਜੋ ਦਾਦੀ ਦੀ ਤਾਂਘਣਾ ਸੀ
ਭੂਆ ਨੂੰ ਵਿਆਹ ਦੇ ਦਾਜ਼ ਚ ਦੇਣ ਦੀ
ਪਰ ਅਜੇ ਤੀਕ ਦੱਬੀਆਂ ਹੀ ਪਈਆਂ ਨੇ
ਪਤਾ ਨਹੀ ਹੈ ਵੀ ਹਨ,ਕਿ ਨਹੀ
ਕਿ ਮਿੱਟੀ ਹੀ ਹੋ ਗਈਆਂ
ਬਿਲਕੁਲ ਉਵੇਂ ਹੀ….
ਜਿਦਾਂ ਉਹਦੇ ਜਵਾਬਾਂ ਦੇ ਜਵਾਬ
ਚੱਲੋ ਛੱਡੋ….
ਮੈਂ ਹੀ ਝੱਲੀ ਹਾਂ
ਜੋ ਉਸਨੂੰ ਆਪਣਾ ਮੰਨ ਬੈਠੀ
ਉਹ ਵੀ ਬਿਨਾ ਸੋਚੇ ਸਮਝੇ
ਇੱਕ ਬੱਚੇ ਦੀ ਝਾਤੀ ਵਾਗੂੰ
ਪਲ ਵਿੱਚ ਹੀ
ਸਾਰਾ ਕੁਝ ਨਾਮ ਕਰ ਬੈਠੀ
ਜਿਦਾਂ ਧਰਤੀ
ਅੰਬਰ ਨੂੰ ਕਰ ਬੈਠਦੀ ਏ
ਹੁਣ ਬਰਦਾਸ਼ਤ ਕਰ ਰਹੀਂ ਆਂ
ਸੂਲਾਂ ਵਰਗੀਆਂ ਕਣੀਆਂ ਨੂੰ
ਜੋ ਪਿਛਲੇ ਕਈ ਦਿਨਾਂ ਤੋਂ
ਬੇਰੋਕ ਹੀ ਵਰੀ ਜਾਦੀਆਂ ਨੇ
ਕਦੇ ਕਦੇ ਸੋਚ ਦੀ ਆਂ
ਹਰ ਕੋਈ ਇੱਕੋ ਵਰਗਾ ਵੀ ਤੇ ਨਹੀ ਹੁੰਦਾ
ਕੀ ਪਤਾ ਜੋ ਮੈਂ ਸੋਚਦੀ ਆਂ
ਉਸਨੂੰ ਕਦੇ ਉਹ ਖਿਆਲ ਵੀ ਨਾ ਆਇਆ ਹੋਵੇ
ਕੀ ਪਤਾ ਉਹ ਅਨਜਾਣ ਹੋਵੇ
ਉਹਨਾਂ ਭੱਖੜੇ ਦੇਆਂ ਬੂਟਿਆਂ ਤੋਂ
ਜੋ ਟਿੱਬਿਆਂ ਤੇ ਤੁਰਨਾ ਸਿਖਾਉਂਦੇ ਨੇ
ਕੀ ਪਤਾ ਉਸਨੂੰ ਨਾ ਪਤਾ ਹੋਵੇ
ਕਿ ਸੂਰਜ ਹੀ ਧਰਤੀ ਦਾ ਪਿਤਾ ਏ
ਜਾਂ ਉਲਝਿਆ ਪਿਆ ਹੋਵੇ
ਉਹਨਾਂ ਅਖਬਾਰਾਂ ਦੀਆਂ ਖਬਰਾਂ ਚ
ਜੋ ਪਿਛਲੇ ਦਿਨੀਂ ਕਸ਼ਮੀਰ ਨੂੰ ਲੈ ਕੇ
ਹਰਇੱਕ ਟੀ.ਵੀ ਚੈਨਲ ਤੇ ਚੱਲ ਰਹੀਆਂ ਨੇ
ਜਾਂ ਫੇਰ ਦੌੜ ਲਾ ਰਿਹਾ ਹੋਣਾ
ਬੇਰੁਜ਼ਗਾਰੀ ਦੇ ਚੱਕਰ ਨੂੰ ਸਰ ਕਰਨ ਲਈ
ਫੜ ਰੱਖਿਆ ਹੋਣਾ
ਘਰ ਦੀਆਂ ਜਿੰਮੇਵਾਰੀਆਂ ਨੇ
ਘੁੱਟ ਕੇ ਉਸ ਦਾ ਵੀ ਖੱਬਾ ਹੱਥ
ਜਿਸ ਤੇ ਉੱਨਤੀਆਂ ਸਾਲਾਂ ਦੀ ਭੈਣ
ਘਰ ਬੈਠੀ ਆਏ ਸਾਲ ਬੰਨਦੀ ਏ ਰੱਖੜੀ
ਚੱਲ ਛੱਡ ਏਹ ਵੀ ਤਾਂ ਸੱਚ ਏ
ਕੋਈ ਕੋਈ ਹੀ ਵੇਖਦਾ
ਉਹ ਚਮਕਦੇ ਹੋਏ
ਇਕਲੋਤੇ ਗੂੜੇ ਤਾਰੇ ਨੂੰ
ਜੋ ਹਰ ਰੋਜ਼ ਬਿਨਾਂ ਵਜਾਹ
ਚਮਕਦਾ ਰਹਿੰਦਾ ਹੈ
ਸੁਣ ਏਹੀ ਸੱਚ ਆ
ਮੇਰੇ ਕੋਲ ਜਿੰਨੇ ਵੀ ਸ਼ਬਦ ਸੀ
ਮੈਂ ਸਾਰੇ ਸੁੱਟ ਦਿੱਤੇ
ਉਤਾਹ ਨੂੰ ਵੇਖ
ਅੰਬਰ ਵੀ ਤਾਂ ਨੀਲੇ ਤੋਂ ਲਾਲ ਹੋ ਗਿਆ
ਜੇ ਤੈਨੂੰ ਵੀ ਕੋਈ ਚੁੱਬਿਆਂ
ਤਾਂ ਮਾਰ ਦੇਵੇਂ ਚਾਰ ਝਿੜਕਾਂ
ਵੈਸੇ ਵੀ ਕਈ ਸਾਲਾਂ ਤੋਂ
ਇਹੀ ਸੁਣਦੀ ਆ ਰਹੀ ਹਾਂ
ਪਰ ਹਾਂ ਐਨੇ ਨਾਲ ਤੇਰੇ
ਨਾਲ ਕੋਈ ਗੱਲ ਤਾਂ ਹੋਊ
ਜਿਸ ਲਈ ਕਰ ਰਹੀ ਹਾਂ
ਕਈ ਦਿਨਾਂ ਤੋਂ ਉਡੀਕ
ਜਿਸ ਲਈ ਕੀਤੀ ਆ
ਕਈ ਜਨਮਾਂ ਦੀ ਤਪੱਸਿਆ ਭੰਗ
ਏਥੇ ਆ ਕੇ ਵੇਖ
ਕਿਸੇ ਜਿੱਦੀ ਜਵਾਕ ਦੀ ਤਰ੍ਹਾਂ
ਬਣ ਬੈਠੀ ਆ ਹੁਣ ਮੈਂ
ਜੇ ਤੂੰ ਸਾਲਾਂ ਵੱਧੀ ਵੀ
ਉਡੀਕ ਕਰਨ ਲਈ ਕਹੇਗਾਂ
ਤਾਂ ਬੈਠ ਜਾਵਾਂਗੀ
ਕਿਸੇ ਖਾਮੋਸ਼ ਸਾਧ ਦੀ ਤਰ੍ਹਾਂ
ਪਰ ਮੈਨੂੰ ਪਤਾ
ਤੂੰ ਆਪਣੇ ਅੰਦਰ ਇੱਕ
ਦਿਲ ਨੂੰ ਪਾਲਿਆ ਹੋਇਆ
ਜੋ ਸਮਝ ਲੈਦਾਂ
ਸੁਣ ਲੈਦਾਂ
ਹਰ ਇੱਕ ਦੀ
ਅਣਕਿਹੀ ਗੱਲ…
ਜਿਦਾਂ ਇਹ ਸ਼ਬਦ
ਇਹ ਉਸ ਦੁਬਾਰਾ ਲਿਖਿਆ ਅੱਜ ਸਵੇਰੇ ਦਾ ਆਖਰੀ ਮੈਸਜ ਸੀ। ਲਿਖਤ ਬਹੁਤ ਹੀ ਸੁੰਦਰ ਜਾਪੀ,ਇਸ ਤੋਂ ਬਾਅਦ ਹੁਣ ਸ਼ਾਮ ਤੀਕ ਉਸਨੇ ਕੋਈ ਮੈਸਜ ਨਹੀ ਸੀ ਕਰਿਆ
ਮੈਨੂੰ ਮੈਸਜ ਪੜਦੇ ਸਾਰ ਏਨਾ ਕੂ ਤਾਂ ਪਤਾ ਚੱਲ ਗਿਆ, ਕੋਈ ਇੱਕਲਤਾ ਦੇ ਰੇਗਿਸਤਾਨ ਵਿਚ ਭਟਕਦਾ ਹੋਇਆ, ਪਾਣੀ ਨੂੰ ਲੱਭ ਰਿਹਾ ਏ, ਪਰ ਇਸ ਪਿਛੇ ਇਹ ਨਹੀ ਪਤਾ ਚੱਲਿਆ ਕਿ, ਉਸਨੇ ਮੈਨੂੰ ਹੀ ਕਿਉਂ ਚੁਣਿਆ…..
ਮੈਂ ਡਾਇਰੀ ਨੂੰ ਚੁੱਕਿਆ ਤੇ ਲਿਖਣਾ ਸੁਰੂ ਕਰਿਆ ਹੀ ਸੀ। ਮੈਂ ਉਸਦਾ ਇੱਕ ਹੋਰ ਮੈਸਜ ਪੜਨਾ ਸੁਰੂ ਹੀ ਕਰਿਆ ਸੀ,ਕਿ ਇੱਕ ਮੈਸਜ ਹੋਰ ਆਇਆ, ਜਿਸ ਵਿਚ ਲਿਖਿਆ ਸੀ।
ਅਸੀਂ ਬੇਦਿਲ ਹਾਂ ਜਨਾਬ ਜੀ
ਡਰ ਡਰ ਕੇ ਰਾਤਾਂ ਲੰਘਾਉਣੇ ਹਾਂ…
ਸੂਰਤ,ਸੀਰਤ ਨਾਲ ਮੋਹ ਨਹੀਂ
ਅਸੀਂ ਸ਼ਬਦੀਂ ਦੀਦਾਰ ਹੀ ਚਾਹੁੰਦੇ ਹਾਂ
ਮੈਂਨੂੰ ਬਹੁਤ ਹੀ ਸੋਹਣਾ ਲੱਗਿਆ ,ਮੈਂ ਨਾਲ ਦੇ ਨਾਲ ਹੀ ਲਿਖਿਆ ਬਹੁਤ ਸੋਹਣਾ ਜਨਾਬ ਜੀ। ਅੱਗੋਂ ਨਾਲ ਦੇ ਨਾਲ ਹੀ ਲਿਖ ਰਿਹਾ ਹੈ ਆਉਣਾ ਸੁਰੂ ਹੋ ਗਿਆ..
Clay tinted : ਈਦ ਦਾ ਚੰਦ ਸੁਨੱਖਣਾ ਹੀ ਲੱਗਦਾ
ਮੈਂ : ਇਹ ਤਾਂ ਹੈ ਜੀ
Clay tinted : ਐਨੀ ਜਿਆਦਾ ਉਡੀਕ ਕਰਾਉਣ ਦਾ ਰਾਜ…???
ਮੈਂ : ( ਪਹਿਲਾਂ ਹਲਕਾ ਜਿਹਾ ਮੁਸਕਰਾਇਆ) ਅਸੀਂ ਕੰਮ ਵਿੱਚ ਸਮੱਰਥ ਸੀ।
Clay tinted : ਸਾਨੂੰ ਪਤਾ ਹੈ।
ਮੈਂ : ਤੁਹਾਨੂੰ ਕਿਵੇਂ ਪਤਾ……???
Clay tinted : ਐਨੇ ਦਿਨ ਮੈਸਜ ਨਹੀ ਕਰਿਆ, ਤਾਂ ਕਰਕੇ ਪਹਿਲਾਂ ਹੀ ਸੋਚ ਲਿਆ ਸੀ। ਤੁਸੀਂ ਕਿਤੇ ਵਿਅਸਤ ਹੋਵੋਂਗੇ।
ਮੈਂ : ਜੀ, ਤੁਹਾਨੂੰ ਐਨੀ ਉਡੀਕ ਕਿਦਾਂ ( ਵੈਸੇ ਗੱਲ ਤਾਂ ਥੋੜੀ ਜਿਹੀ ਸਮਝ ਆ ਗਈ ਸੀ)
Clay tinted : ਤੁਸੀਂ ਬੜੇ ਦਿਨਾਂ ਤੋਂ ਕੁਝ ਲਿਖ ਕੇ ਪੋਸਟ ਨਹੀ ਕਰਿਆ। ਉਸੇ ਦੀ ਉਡੀਕ ਸੀ।
ਮੈਂ : ਥੋੜਾ ਵਿਅਸਤ ਹੋਣ ਕਰਕੇ ਨਹੀ ਸਮਾਂ ਲੱਗਿਆ ਜੀ, ਆਪਾਂ ਜਲਦੀ ਹੀ ਕੁਝ ਪੋਸਟ ਕਰਾਂਗੇ, ਓਕੇ ਬਾਏ ਜੀ
Clay tinted : ਓਕੇ ਬਾਏ ਜੀ ।
ਮੋਬਾਈਲ ਚਾਰਜਰ ਉੱਪਰ ਲਗਾ ਦਿੱਤਾ, ਤੇ ਖੁਦ ਸਾਮ ਦੀ ਰੋਟੀ ਬਨਾਉਣ ਲਈ ਰਸੋਈ ਵਿਚ ਚਲਾ ਗਿਆ, ਚਾਹੇ ਸਮਾਂ ਅਜੇ ਕੁਝ ਖਾਸ ਨਹੀ ਸੀ ਹੋਇਆ, ਸੱਤ ਹੀ ਵੱਜੇ ਸਨ, ਪਰ ਮੈਂਨੂੰ ਏਵੇਂ ਸੀ ਪਿੰਡੋਂ ਆਉਦਾ ਹੋਇਆ, ਇੱਕ ਨਵੀਂ ਕਿਤਾਬ ਲੈ ਕਿ ਆਇਆ ਸੀ, ਕਿ ਉਹ ਪੜਨੀ ਸੁਰੂ ਕਰ ਦੇਵਾਂ, ਮੈਂ ਰੋਟੀ ਬਣਾ ਕੇ ਖਾ ਕੇ ਅੱਠ ਵਜੇ ਦੇ ਲੱਗਭੱਗ ਬਿਲਕੁਲ ਵੇਹਲਾ ਹੋ ਗਿਆ, ਮੈਂ ਪਿੰਡੋ ਲਿਆਂਦੇ ਬੈਗ ਵਿਚੋਂ ਕਿਤਾਬ ਨੂੰ ਬਾਹਿਰ ਕੱਢ ਕੇ ਖੋਲਣ ਹੀ ਲੱਗਾ ਸਾਂ , ਕਿ ਮੇਰੇ ਯਾਦ ਆ ਗਿਆ ਕਿ ਹਾਂ ਉਹਨਾਂ ਨੇ ਵੀ ਕਿਹਾ ਸੀ ਤੇ ਵੈਸੇ ਵੀ ਬੜੇ ਦਿਨ ਹੋ ਗਏ, ਮੈਂ ਕੁਝ ਲਿਖ ਕੇ ਪੋਸਟ ਨਹੀ ਕਰਿਆ, ਮੈਂ ਡਾਇਰੀ ਚੁੱਕੀ ਤੇ ਲਿਖਣਾ ਸ਼ੁਰੂ ਕਰਿਆ, ਪਰ ਮੇਰਾ ਖਿਆਲ ਮੁੜ ਧੁਰ ਉਸ ਅਣਜਾਣ ਵੱਲੋਂ ਕਰੇ, ਅਜੀਬ ਜਿਹੀਆਂ ਲਿਖ ਕੇ ਲਿਖਤਾਂ ਵਿਚ ਹੀ ਰਿਹਾ,ਪਰ ਮੇਰਾ ਖਿਆਲ ਕਈ ਸਾਲ ਪਹਿਲਾਂ ਸਵਰਗਵਾਸ ਹੋਈ ਦਾਦੀ ਕੰਨੀ ਚਲਾ ਗਿਆ, ਮੈਂ ਪਹਿਲਾਂ ਵੀ ਬਹੁਤ ਵਾਰ ਸੋਚਿਆ ਸੀ ਅਖੀਰ ਲਿਖਣਾ ਸੁਰੂ ਕਰਿਆ….
ਕੋਈ ਓਸ ਪਾਰ ਬਾਰੇ ਵੀ ਤਾਂ ਜਾਣਦਾ ਹੋਊ
ਜਿੱਥੇ ਸਾਰੇ ਲੋਕ ਮਰ ਕੇ ਚਲੇ ਜਾਂਦੇ ਨੇ
ਕੇਹੋ ਜਿਹੀ ਹੋਣੀ ਉਹ ਥੋਂ
ਕੀ ਉੱਥੇ ਵੀ ਆਪਣੇ ਵਰਗਾ ਹੀ ਦੇਸ਼ ਹੋਊ
ਕੀ ਉਹ ਵੀ ਕਰਦੇ ਹੋਣਗੇ ਯਾਦ
ਜਿਦਾਂ ਅਸੀਂ ਕਰਦੇ ਹਾਂ
ਸੱਚਮੁੱਚ ਬੜਾ ਦਿਲ ਕਰਦਾ
ਉਥੇ ਚਲੇ ਜਾਣ ਦਾ
ਰਸਤਾ ਨਹੀ ਆ ਨਾ ਕੋਈ
ਹਾਂ ਸੱਚ, ਹੈ ਇੱਕ ਮੌਤ
ਪਰ ਵਾਪਿਸ ਨਹੀ ਨਾ
ਆ ਹੋਣਾ ਮੁੜ
ਕੌਣ ਦੱਸੇਗਾ ਕੀ ਹਾਲ ਚ ਹਾਂ
ਕਿ ਮੈਂ ਕਰਦਾ ਹਾਂ ਯਾਦ
ਜਾਂ ਘੱਲ ਹੋਵੇ ਕੋਈ ਖ਼ਤ
ਜਿਸ ਦੇ ਅਖੀਰ ਵਿਚ ਲਿਖ ਸਕਾਂ
ਉੱਥੋਂ ਦਾ ਸੁਹੱਪਣ
ਉਥੋਂ ਦੀ ਸੁੰਦਰਤਾ ਤੇ ਹੋਰ
ਤੇ ਬਾਕੀ ਸਭ ਸੁੱਖ ਸਾਂਦ
ਮੰਗ ਕਰ ਸਕਾਂ
ਕਿਤਾਬਾਂ ਲਿਆਉਣ ਲਈ
ਥੋੜੇ ਹੋਰ ਪੈਸੇ
ਫੇਰ ਸੋਚੀਦਾ ਕੀ ਪਤਾ
ਪਾਉਦੇ ਹੋਣ ਕੋਈ ਚਿੱਠੀ ਉਹ ਤਾਂ
ਪਰ ਸਾਡੇ ਤੀਕ ਉੱਪੜਨ ਤੋਂ
ਪਹਿਲਾਂ ਹੀ ਰੋਕ ਲੈਦੀਂ ਹੋਏ
ਉੱਥੋਂ ਦੀ ਸਰਕਾਰ
ਜਿੱਦਾਂ ਰੋਕ ਲੈਦੀ ਏ ਸਾਡੀ ਸਰਕਾਰ
ਸਾਡਿਆਂ ਹੀ ਹੱਕਾਂ ਨੂੰ ਸਾਡੇ ਕੋਲੋਂ
ਕੀ ਐਦਾਂ ਹੀ ਚੱਲਦਾ ਰਹੂ
ਇਹ ਸਾਰਾ ਚੱਕਰ – ਖੇਲ
ਨਹੀ ਹੋਵੇਗਾ ਇਨਸਾਫ਼
ਐਦਾਂ ਹੀ ਖੇਡੀਆਂ ਜਾਣਗੀਆਂ
ਸਿਆਸਤੀ ਲੋਕਾਂ ਵੱਲੋਂ ਖੇਡਾਂ
ਕੀ ਐਦਾਂ ਹੀ ਹੁੰਦੇ ਰਹਿਣਗੇ
ਲੋਕਾਂ ਘਰਾਂ ਤੋ ਬੇਘਰ
ਕੀ ਨਹੀਂ ਰੋਕਿਆ ਜਾਵੇਗਾ
ਟੁੱਟਿਆ ਹੋਇਆ ,
ਨਸ਼ੇ ਦੇ ਦਰਿਆ ਦਾ ਪਾਣੀ
ਕੀ ਜਵਾਨੀ
ਕੋਈ ਕੰਮ ਕਿੱਤੇ ਕਰਨ ਦੀ ਥਾਂ
ਲੰਘਾਵੇਗੀ ਸੱਥਾਂ ਚ ਖੜ ਸਮਾਂ
ਕੀ ਏਹੋ ਪੜਾਈਆਂ ਪੜੀ ਜਾਣਗੇ ਲੋਕ
ਨਹੀਂ ਜੇਕਰ ਏਦਾਂ ਹੀ ਹੁੰਦਾ ਰਿਹਾ
ਬਹੁਤਾ ਸਮਾਂ ਨਹੀ ਲੰਘੇਗਾ
ਏਸ ਧਰਤੀ ਦੇ ਹਰਾਮਖੋਰ
ਪੁੱਤਰ ਮਨੁੱਖ ਦਾ
ਸਾਰੇ ਚੱਲੇ ਜਾਣਗੇ ਫੇਰ
ਮੌਤ ਦੇ ਦੇਸ਼
ਫੇਰ ਤਾਂ ਚਿੱਠੀਆਂ ਲਿਖਣ ਦੀ
ਵੀ ਨਹੀ ਪੈਣੀ ਲੋੜ
ਨਾਹੀ ਸਿਆਸਤਦਾਨ
ਕਰ ਸਕਣ ਸਿਆਸਤਦਾਨੀ
ਮੰਨਿਆ ਜੇ ਸਾਰੇ
ਮੌਤ ਦੇ ਦੇਸ਼ ਚੱਲੇ ਜਾਣਗੇ
ਪਰ ਜੇ ਉੱਥੇ ਵੀ ਨਾ ਵਕਤ
ਵਿਚਾਰਿਆ ਏਸ ਹਰਾਮਖੋਰ ਨੇ
ਫੇਰ ਕਿਥੇ ਜਾਵੇਗਾ
ਸ਼ਾਇਦ ਇੱਕ ਦਿਨ
ਐਸਾ ਵੀ ਆ ਸਕਦਾ
ਕਿ ਮਨੁੱਖ ਕੋਲ ਰਹਿਣ ਲਈ
ਏਸ ਘੜਤ ਵਿੱਚ ਕੋਈ ਵੀ
ਥਾਂ ਨਹੀਂ ਬਚੇਗੀ
ਅੰਤ ਮਨੁੱਖ ਹੀ ਮਨੁੱਖ ਦੇ
ਅੰਤ ਦਾ ਸਭ ਤੋਂ ਵੱਡਾ ਕਾਰਨ
ਹੋਵੇਗਾ…..
ਤੇ ਬੈਠਾ ਦੇਖ ਰਿਹਾ ਹੋਣਾ
ਇਹ ਸਭ
ਉਹੀ ਸਭ ਤੋਂ ਗੂੜਾ ਤਾਰਾ
ਮੈਂ ਲਿਖ ਤਾਂ ਦਿੱਤਾ,ਸ਼ਾਇਦ ਏ ਮੇਰੇ ਵੱਲੋਂ ਲਿਖਿਆ ਇਹ ਉਹ ਪਹਿਲਾ ਸਬਦਾਂ ਦਾ ਕਾਫ਼ਲਾ ਸੀ। ਜਿਸ ਦਾ ਕੁਝ ਭਾਗ ਮੈਂ ਡਾਇਰੀ ਵਿੱਚ ਸਾਂਭ ਕੇ ਰੱਖ ਲਿਆ,ਮੇਰੇ ਖੁਦ ਦੇ ਅੰਦਰ ਹੀ ਕਈ ਤਰ੍ਹਾਂ ਦੇ ਬਹੁਤ ਹੀ ਜਿਆਦਾ ਖਤਰਨਾਕ ਸਵਾਲ ਬਣਨੇ ਸੁਰੂ ਹੋ ਗਏ, ਪਰ ਮੈਂ ਫਿਰ ਵੀ ਇਸ ਨੂੰ ਪੋਸਟ ਕਰ ਹੀ ਦਿੱਤਾ,ਇਸੇ ਤਰ੍ਹਾਂ ਮੇਰਾ ਹਰ ਰੋਜ਼ ਕੁਝ ਨਾ ਕੁਝ ਲਿਖ ਕੇ ਪੋਸਟ ਕਰਨਾ ਇੱਕ ਆਦਤ ਬਣ ਗਿਆ,ਮੈਨੂੰ ਲੱਗਪਗ ਉਸ ਅਕਾਉਂਟ ਤੋਂ ਹਰ ਰੋਜ਼ ਮੈਸਜ ਆਉਂਦਾ,ਹੁਣ ਉਹ ਅਨਜਾਣ ਨਹੀਂ ਸੀ ਰਿਹਾ ,ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣ ਚੁੱਕਿਆ ਸਾਂ, ਇੱਕ ਉਹਨਾਂ ਦੀ ਸ਼ਕਲ ਤੋਂ ਇਲਾਵਾ ਮੈਂ ਸਭ ਕੁਝ ਜਾਣ ਗਿਆ ਸੀ, ਉਹ ਵੀ ਮੇਰੇ ਬਾਰੇ ਸਭ ਕੁਝ ਜਾਣ ਚੁੱਕੇ ਸੀ,ਅਸਲ ਵਿੱਚ ਉਸਦਾ ਸਹਿਰ ਮੇਰੇ ਪਿੰਡ ਤੋਂ ਥੋੜਾ ਹੀ ਦੂਰ ਸੀ। ਮੈਂ ਬਹੁਤੀ ਵਾਰ ਉਹਨਾਂ ਨੂੰ ਇਹ ਵੀ ਕਿਹਾ ਸੀ। ਕਿ ਮੈਂ ਤੁਹਾਨੂੰ ਵੇਖਣਾ ਚਾਹੁਣਾ,ਪਰ ਉਹ ਅੱਗੋਂ ਇੱਕ ਹੀ ਜਵਾਬ ਲਿਖਦੇ, ਜਿਸ ਦਿਨ ਮਿਲੇ,ਉਹ ਦਿਨ ਖਾਸ ਹੋਵੇ, ਪਤਾ ਨਹੀਂ ਉਹ ਕਿਹੜੇ ਖਾਸ ਦੀ ਗੱਲ ਕਰਦੇ ਸਨ।
ਮੈਨੂੰ ਇੱਕ ਹਫਤੇ ਦੀਆਂ ਛੁੱਟੀਆਂ ਦੁਬਾਰਾ ਜਲਦੀ ਹੀ ਮਿਲ ਗਈਆਂ,ਮੈਂ ਪਿੰਡ ਚਲਾ ਗਿਆ,ਮੈਂ ਘਰ ਵਿੱਚ ਸਭ ਤੋਂ ਵੱਡਾ ਸੀ। ਮੇਰੇ ਤੋਂ ਛੋਟਾ ਮੇਰਾ ਭਰਾ ਜੋ ਅਜੇ ਪੜ ਰਿਹਾ ਸੀ। ਮਾਂ ਦੇ ਹੁਣ ਗੋਡਿਆਂ ਵਿਚ ਦਰਦ ਹੋਣਾ ਸੁਰੂ ਹੋ ਗਿਆ ਸੀ। ਇਸੇ ਕਰਕੇ ਘਰ ਦੇ ਸਾਰੇ ਤੇ ਰਿਸ਼ਤੇਦਾਰ ਵੀ ਵਿਆਹ ਲਈ ਜੋਰ ਪਾ ਰਹੇ ਸਨ, ਅਖੀਰ ਮੈਂ ਮਾਂ ਨੂੰ ਤੇ ਬਾਪੂ ਨੂੰ ਬਹੁਤ ਸਮਝਾਇਆ,ਪਰ ਉਹਨਾਂ ਨੇ ਮੇਰੀ ਇੱਕ ਨਾ ਮੰਨੀ ਤੇ ਮੇਰਾ ਨਾਲ ਦੇ ਸ਼ਹਿਰ ਕੋਲ ਇੱਕ ਨਿੱਕੇ ਪਿੰਡ ਦੀ ਪੜੀ ਲਿਖੀ ਤੇ ਇੱਕ ਨੌਕਰੀ ਲੱਗੀ ਹੋਈ, ਕੁੜੀ ਨਾਲ ਮੰਗਣਾ ਕਰ ਦਿੱਤਾ,ਵੈਸੇ ਉਹ ਵੇਖਣ ਵਿੱਚ ਬਹੁਤ ਸੋਹਣੀ ਲੱਗਦੀ ਸੀ,ਬਿਲਕੁਲ ਉਵੇਂ ਹੀ ਜਿਦਾਂ ਹਰਫ਼ਨੂਰ ਵੀ ਉਹੀ ਹੋਵੇ,ਮੋਟੀ ਅੱਖ, ਲੰਮੀ ਗਰਦਨ, ਕਾਲੇ ਲੰਮੇ ਲੰਮੇ ਵਾਲ, ਤਿੱਖਾ ਨੱਕ,ਪਤਲੇ ਜਿਹੇ ਬੁੱਲ ਤੇ ਥੋਡੀ ਉਪਰ ਨਿੱਕਾ ਜਿਹਾ ਕਾਲੇ ਰੰਗ ਦਾ ਤਿੱਲ,ਮਿੱਠੀ ਜਿਹੀ ਆਵਾਜ਼ ਇਉਂ ਲੱਗਦਾ ਸੀ ਜਿਵੇਂ ਸਵਰਗ ਵਿੱਚੋਂ ਕੋਈ ਪਰੀ ਧਰਤੀ ਤੇ ਆ ਗਈ ਹੋਵੇ,ਹਾਂ ਸੱਚ ਇਸਦਾ ਨਾਮ ਵੀ ਹਰਫ਼ਨੂਰ ਹੀ ਸੀ।
ਮਾਂ ਬਹੁਤ ਖੁਸ਼ ਤੇ ਬਾਪੂ ਵੀ ਤੇ ਮੈਨੂੰ ਤਾਂ ਖੁਸ਼ੀ ਬੇਬੇ ਬਾਪੂ ਨੂੰ ਵੇਖ ਕੇ ਹੀ ਬਹੁਤ ਹੋ ਜਾਂਦੀ ਆ, ਤੇ ਫਿਰ ਖੁਸ਼ ਵੇਖ ਕੇ ਤਾਂ ਹੋਰ ਵੀ ਵੱਧ ਗਈ। ਜਿਸਨੇ ਮੇਰਾ ਰਿਸਤਾ ਕਰਵਾਇਆ ਸੀ।ਉਹ ਮੇਰੇ ਭਾਬੀ ਹੀ ਸੀ। ਮੈਂ ਉਹਨੂੰ ਆਖ ਕੇ ਉਹਨਾਂ ਦਾ ਨੰਬਰ ਲੈ ਲਿਆ, ਵੈਸੇ ਉਸਨੂੰ ਮੈਂ ਵੇਖਿਆ ਤਾਂ ਪਹਿਲਾਂ ਵੀ ਸੀ। ਕਿਉਂਕਿ ਉਹ ਮੇਰੇ ਭੂਆ ਦੇ ਮੁੰਡੇ ਦੇ ਵਿਆਹ ਉਪਰ ਆਈ ਸੀ। ਉਹ ਭਾਬੀ ਦੇ ਭਾਈ ਦੇ ਦੋਸਤ ਦੀ ਕੁੜੀ ਦੀ। ਜਾਣ ਪਛਾਣ ਤਾਂ ਸਾਡੀ ਪਹਿਲਾਂ ਤੋਂ ਹੀ ਸੀ।ਪਰ ਕਦੇ ਏਵੇਂ ਨਹੀ ਸੀ ਸੋਚਿਆ।
ਮੈਂ ਪਿੰਡ ਉਸਨੂੰ ਫੋਨ ਨਾ ਕਰਿਆ
ਮੈਂ ਜਦ ਸਹਿਰ ਚਲਾ ਆਇਆ ਤਾਂ ਮੈਂ ਇਹ ਵੇਖ ਕਿ ਹੈਰਾਨ ਰਹਿ ਗਿਆ ਕਿ ਮੈਨੂੰ ਇੱਕ ਹਫਤੇ ਤੋਂ ਉਸ ਅਕਾਉਂਟ ਤੋਂ ਕੋਈ ਵੀ ਮੈਸਜ ਨਹੀ ਸੀ ਆਇਆ…
ਪਹਿਲਾਂ ਮੇਰਾ ਚਿੱਤ ਕਰਿਆ, ਕਿ ਮੈਂ ਆਪਣੀ ਮੰਗੇਤਰ ਹਰਫ਼ਨੂਰ ਨੂੰ ਫੋਨ ਲਗਾਵਾਂ,ਫਿਰ ਇੱਕ ਦਿਲ ਮੌਸਮ ਨੂੰ ਵੇਖ ਤੇ ਉਸ ਵੱਲੋਂ ਨਾ ਮੈਸਜ ਕਰਨ ਬਾਰੇ ਕੁਝ ਲਿਖਣ ਦਾ ਕਰ ਰਿਹਾ ਸੀ।ਮੈਂਨੂੰ ਐਨੇ ਵਿਚ ਇੱਕ ਅਣਜਾਣ ਜਿਹੇ ਨੰਬਰ ਤੋਂ ਫੋਨ ਆਇਆ,ਮੈਂ ਚੁੱਕਿਆ ਤਾਂ ਪਤਾ ਲੱਗਾ ਕਿ ਇਹ ਤਾਂ ਮੇਰੀ ਮੰਗੇਤਰ ਹੀ ਸੀ। ਮੈਂ ਕਾਫੀ ਵਕਤ ਉਸਨਾਲ ਗੱਲਬਾਤ ਕਰਦੇ ਬਿਤਾ ਦਿੱਤਾ,ਅਖੀਰ ਮੈਂ ਉਸ ਦਿਨ ਕੁਝ ਨਾ ਲਿਖ ਸਕਿਆ,ਦੂਸਰੇ ਦਿਨ ਜਦ ਆਇਆ ਤਾਂ ਉਸ ਵੱਲੋਂ ਇੱਕ ਮੈਸਜ ਆਇਆ ਹੋਇਆ ਸੀ।ਜਿਸ ਵਿੱਚ ਲਿਖਿਆ ਹੋਇਆ ਸੀ।
ਹਰ ਰੋਜ਼ ਦੂਰ ਬੈਠ ਕੇ
ਵੇਖ ਲਈਦਾ ਉਸ ਚੰਨ ਨੂੰ
ਕਦੇ ਕਦਾਈਂ ਤਾਂ ਲੁੱਕ ਹੀ ਜਾਂਦਾ ਏ
ਬੜਾ ਨਰਦੇਈ ਏ
ਪਤਾ ਕਿਉਂ
ਮੈਂ ਉਸ ਨੂੰ ਹਰ ਗੱਲ ਦੱਸ ਦੇਣੀ ਆਂ
ਤੇ ਆਪ ਉਹ ਝੱਲਾ ਜਿਹਾ
ਹੁੰਗਾਰਾ ਤੀਕ ਨਹੀ ਭਰਦਾ
ਮੇਰੀ ਕਿਸੇ ਗੱਲ ਦਾ
ਜਵੀਂ ਹੀ ਪੱਥਰ ਵਰਗਾ
ਉਸੇ ਪੱਥਰ ਵਰਗਾ
ਜਿਸ ਤੇ ਬੈਠ ਕੇ
ਮੈਂ ਤੇ ਉਹ ਗੱਲਾਂ ਕਰਦੇ ਸੀ
ਤੇ ਉਸ ਦੇ ਚੱਲੇ ਜਾਣ ਪਿੱਛੋਂ
ਮੇਰਾ ਕਦੇ ਹਾਲ ਤੀਕ ਨਹੀਂ ਪੁੱਛਿਆ
ਉਹਨਾਂ ਦਿਨਾਂ ਚ ਇਉਂ ਲੱਗਦਾ ਸੀ
ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।
ਸੁਖਦੀਪ ਸਿੰਘ ਰਾਏਪੁਰ ( 8699633924 )
Related Posts
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories