ਸਾਲ 2003 ਦੀ ਗੱਲ ਹੈ। ਅਸੀਂ ਸੁਲਤਾਨਪੁਰ ਸ਼ਹਿਰ `ਚ ਕਿਸੇ ਰਿਸ਼ਤੇਦਾਰ ਦੇ ਵਿਆਹ `ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਸਾਡੀ ਜੀਪ ਮਸਾਂ 25/30 ਕਿਲੋਮੀਟਰ ਦੀ ਸਪੀਡ `ਤੇ ਸੁਲਤਾਨਪੁਰ ਦੇ ਬਜ਼ਾਰ `ਚ ਜਾ ਰਹੀ ਸੀ। ਅੱਗੋਂ ਇੱਕ 40 ਕੁ ਸਾਲ ਦਾ ਸਰਦਾਰ ਸਾਈਕਲ `ਤੇ ਆ ਰਿਹਾ ਸੀ। ਜਦੋਂ ਸਾਡੇ ਵਿਚਕਾਰ ਸਿਰਫ 15 ਕੁ ਫੁੱਟ ਦਾ ਹੀ ਫ਼ਾਸਲਾ ਰਹਿ ਗਿਆ ਤਾਂ
ਸਰਦਾਰ ਨੂੰ ਪਤਾ ਨਹੀਂ ਕੀ ਸੁੱਝੀ ਉਸਨੇ ਇਕ-ਦਮ ਸਾਡੀ ਜੀਪ ਅੱਗੋਂ ਦੀ ਸਾਈਕਲ ਨੂੰ ਪਿਛਾਂਹ ਮੋੜ ਲਿਆ। ਜੀਪ ਚਲਾਉਂਦੇ ਮੇਰੇ ਰਿਸ਼ਤੇਦਾਰ ਨੇ ਬੜੀ ਫੁਰਤੀ ਨਾਲ਼ ਬਰੇਕ ਮਾਰ ਕੇ ਜੀਪ ਰੋਕੀ। ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਜਾਂ ਮੌਤ ਸਿਰ `ਤੇ ਚੜ੍ਹ ਆਈ ਵੇਖ ਕੇ ਸਰਦਾਰ ਵੀ ਇਕ-ਦਮ...
ਸਾਈਕਲ `ਤੇ ਦੂਸਰੇ ਪਾਸੇ ਨੂੰ ਉਲਟ ਕੇ ਜੀਪ `ਚ ਵੱਜਣੋਂ ਬਚਿਆ। ਬੁਰੀ ਤਰ੍ਹਾਂ ਕੰਬ ਗਏ ਦਿਲਾਂ ਨੂੰ ਕੁਝ ਕਾਬੂ ਕਰਕੇ ਮੇਰੇ ਰਿਸ਼ਤੇਦਾਰ ਨੇ ਜੀਪ ਪਾਸੇ ਨੂੰ ਘੁੰਮਾ ਕੇ ਸਰਦਾਰ ਦੇ ਬਰਾਬਰ ਆ ਕੇ ਰੁਕਦਿਆਂ ਉੱਚੀ ਆਵਾਜ਼ ਵਿੱਚ ਕਿਹਾ, “ਘਰੇ ਦੱਸ ਕੇ ਆਇਆ ਲੱਗਦਾਂ?”
ਆਪਣੇ ਘਬਰਾਏ ਹੋਏ ਚਿਹਰੇ ‘ਤੇ ਪਹਿਲਾਂ ਮੁਸਕਰਾਹਟ ਲਿਆਉਂਦਾ ਤੇ ਫਿਰ ਕੁਝ ਹੱਸ ਕੇ ਸਰਦਾਰ ਬੋਲਿਆ, “ਨਹੀਂ ਭਾਜੀ, ਦੱਸਣਾ ਭੁੱਲ ਗਿਆ ਸੀ, ਤਾਂਹੀ ਮੁੜ ਕੇ ਚੱਲਿਆ ਸੀ।”
ਕੁਲਵਿੰਦਰ ਸਿੰਘ ਖਹਿਰਾ
jass
nyc g