ਹਿਮਾਚਲ ਸ਼ੁਰੂ ਤੋਂ ਹੀ ਮੇਰਾ ਪਸੰਦੀਦਾ ਖਿੱਤਾ ਰਿਹਾ, ਗੁਆਂਡੀ ਹੋਣ ਦੇ ਨਾਲ ਨਾਲ ਲਗਭਗ ਮੁਫ਼ਤ ਵਾਂਗ ਜਦੋਂ ਵੀ ਚਾਹਿਆ ਓਥੇ ਸਮਾਂ ਗੁਜਾਰਿਆ | ਬਹੁਤ ਸਾਰੇ ਕਰੀਬੀ ਦੋਸਤ ਵੀ ਦਿੱਤੇ ਨੇ ਮੈਨੂੰ ਹਿਮਾਚਲ ਨੇ ਜੋ ਕਿ ਪਰਿਵਾਰਕ ਸਾਂਝ ਵੀ ਕਾਇਮ ਰੱਖ ਰਹੇ ਨੇ ਹੁਣ ਤੱਕ | ਇੱਕ ਵਾਰ ਪਾਲਮਪੁਰ ਵਿੱਚ ਇੱਕ ਯੂਰਪੀਅਨ ਬੀਬੀ ਮਿਲੀ, ਉਮਰ ਹੋਊ ਕੋਈ 65 ਕੁ ਸਾਲ, ਮੇਰੇ ਹੱਥ ਵਿੱਚ ਫੜਿਆ ਕੈਮਰਾ ਵੇਖਕੇ ਉਸਨੇ ਮਿੱਠੀ ਜਿਹੀ ਸਮਾਈਲ ਨਾਲ ਹੈਲੋ ਕਿਹਾ | ਮੈਂ ਮੁਸਕੁਰਾਇਆ ਤੇ ਉਸਦਾ ਹਾਲ-ਚਾਲ ਪੁੱਛਣ ਲੱਗਾ, ਫੋਟੋਗ੍ਰਾਫ਼ੀ ਦੀਆਂ ਗੱਲਾਂ ਕਰਦੇ ਅਸੀਂ ਹੋਰ ਬਹੁਤ ਵਿਚਾਰ ਸਾਂਝੇ ਕੀਤੇ , ਮੈਂ ਉਸਦਾ ਦੇਸ਼ ਨਹੀਂ ਪੁੱਛਿਆ | ਪਰ ਉਸਦਾ ਇੱਕ ਵਿਚਾਰ ਮੇਰੇ ਧੁਰ ਅੰਦਰ ਲਹਿ ਗਿਆ, ਉਹ ਆਖਣ ਲੱਗੀ ਕਿ ਹੁਣ ਸਾਰੀ ਦੁਨੀਆ ਮੇਰਾ ਦੇਸ਼ ਹੈ, ਮੈਂ ਕਿਵੇਂ ਪੁੱਛ ਸਕਦਾ ਸੀ ਕਿ ਤੇਰਾ ਦੇਸ਼ ਕਿਹੜਾ ਹੈ | ਉਸਨੇ ਆਪਣੇ ਇਸ ਤਰਕ ਦੀ ਪ੍ਰੋੜਤਾ ਲਈ ਦੱਸਿਆ ਕਿ ਹੁਣ ਮੈਂ ਆਪਣਾ ਸਭ ਕੁਝ ਵੇਚ ਕੇ ਵਿਸ਼ਵ ਭ੍ਰਮਣ ਲਈ ਨਿਕਲੀ ਹਾਂ | ਮੈਂ ਕਿਹਾ ਕਿ ਤੁਸੀਂ ਪੈਸੇ ਜੋੜਦੇ ਨਹੀਂ, ਉਸਨੇ ਆਖਿਆ ਜੋੜਦੇ ਹਾਂ ਜ਼ਰੂਰਤ ਮੁਤਾਬਿਕ, ਹੁਣ ਜਦੋਂ ਕੰਮ ਤੋਂ ਰਿਟਾਇਰ ਹੋ ਗਈ ਹਾਂ ਤਾਂ ਖ਼ੁਦ ਲਈ ਜਿਊਣ ਦਾ ਸਮਾਂ ਹੈ ਪਹਿਲਾਂ ਕੰਮ ਲਈ ਸਮਰਪਿਤ ਸਾਂ ਹੁਣ ਵੱਖੋ ਵੱਖ ਦੇਸ਼ਾਂ ਦਾ ਸੱਭਿਆਚਾਰ ਵੇਖਣ ਤੁਰੀ ਹਾਂ, ਤੇ ਏਨਾ ਕੁ ਪੈਸਾ ਜੋੜਿਆ ਕਿ ਇਹ ਸੁਕੂਨ ਭਰਿਆ ਕੰਮ ਕਰ ਸਕਾਂ | ਤੇ ਹੁਣ ਬਹੁਤਾ ਮੋਹ ਵੀ ਨਹੀਂ ਪੈਸੇ ਦਾ, ਮੇਰੀ ਸਰਕਾਰ ਵੈਸੇ ਵੀ ਮੈਨੂੰ ਏਸ ਉਮਰ ਵਿੱਚ ਕੰਮ ਦੀ ਇਜਾਜ਼ਤ ਨਹੀਂ ਦਿੰਦੀ | ਮੇਰੇ ਕੋਲ ਉਸ ਵੇਲੇ ਨਿਕੋਨ 801 ਫ਼ਿਲਮ ਵਾਲਾ ਕੈਮਰਾ ਸੀ, ਮੈਂ ਆਪਣੇ ਕੈਮਰੇ ਵਿੱਚ ਉਸ ਪਿਆਰੀ ਸ਼ਖਸੀਅਤ ਦੀਆਂ ਕੁਝ ਤਸਵੀਰਾਂ ਖਿੱਚੀਆਂ, ਉਸਦੇ ਸਾਥੀਆਂ ਵਿੱਚੋਂ ਇੱਕ ਨੇ ਸਾਡੀ ਦੋਹਾਂ ਦੀ ਵੀ, ਜਿਲੀਅਨ ਨਾਮ ਸੀ ਉਸ ਪਿਆਰੀ ਰੂਹ ਦਾ | ਖ਼ੈਰ ਜ਼ਿੰਦਗੀ ਜਿਊਣ ਦਾ ਵੱਖਰਾ ਅੰਦਾਜ਼, ਉਹ ਮਸਤ ਮੌਲਾ ਹੀ ਜਿਊਂਦੇ ਨੇ | ਸਮਾਂ ਬੀਤਦਾ ਰਿਹਾ ਤੇ ਯਾਦਾਂ ਧੁੰਦਲੀਆਂ ਹੋਣ ਲੱਗ ਪਈਆਂ ਸ਼ਾਇਦ, ਪਰ ਇੱਕ ਘਟਨਾ ਜੋ ਕਿ ਪੰਝੀ ਜੂਨ 2021 ਨੂੰ ਮੇਰੇ ਨਾਲ ਘਟੀ ਉਸਨੇ ਜਿਲੀਅਨ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ |
ਹੋਇਆ ਇੰਝ ਕਿ ਸਰੋਕਾਰ ਲਈ ਮੈਂ ਜਲੰਧਰ ਦੇ ਇੱਕ ਵੱਡੇ ਕਹਾਣੀਕਾਰ ਦੇ ਨਾਲ ਵਾਰਤਾਲਾਪ ਕੈਮਰੇ ਵਿੱਚ ਕੈਦ ਕਰਨਾ ਸੀ, ਮੇਰੀ ਸੂਚੀ ਵਿੱਚ ਤਾਂ ਨਹੀਂ ਸੀ ਕਿਉਂਕਿ ਮੈਂ ਸ਼ਾਇਰਾਂ ਦੀ ਜ਼ਿੰਦਗੀ ‘ਤੇ ਕੰਮ ਕਰ ਰਿਹਾ ਹਾਂ | ਫ਼ੇਰ ਵੀ ਮੇਰੀ ਮਿੱਤਰ ਹੈ ਬਲਵੀਰ ਰਾਏਕੋਟੀ, ਉਸਦੇ ਕਹਿਣ ‘ਤੇ ਮੈਂ ਕਿਹਾ ਕਰ ਲੈਂਦੇ ਹਾਂ | ਦੋ ਵਾਰ ਬਲਵੀਰ ਨੇ ਫ਼ੋਨ ਕੀਤਾ ਉਹਨਾਂ ਚੁੱਕਿਆ ਨਾ, ਫ਼ੇਰ ਮੈਂ ਫ਼ੋਨ ਕੀਤਾ ਤਾਂ ਉਹਨਾਂ ਪੁੱਛਿਆ …
ਨੱ – ਨਮਸਕਾਰ ਜੀ
ਪ ਪ – ਨਮਸਕਾਰ ਜੀ
ਨੱ – ਸਰ ਆਪਣੀ ਗੱਲ ਹੋਈ ਸੀ ਵਾਰਤਾ ਲਈ
ਪ ਪ – ਹਾਂ ਜੀ
ਨੱ – ਸਰ ਜੀ ਭਲ਼ਕੇ ਕਰ ਸਕਦੇ ਹਾਂ ?
ਪ ਪ – ਹਾਂ ਜੀ ਆ ਜਾਉ
ਨੱ – ਸਰ ਕਿੰਨੇ ਵਜੇ ਜੀ
ਪ ਪ – 9 ਵਜੇ ਆ ਜਾਉ, ਅੱਛਾ ਤੁਸੀਂ ਕਿੱਦਾਂ ਕਰਦੇ ਹੋ
ਨੱ – ਸਰ ਗੱਲਾਂ...
ਕਰਾਂਗੇ, ਨਾਲ ਹੀ ਕੈਮਰੇ ਨਾਲ ਰਿਕਾਰਡ ਕਰਾਂਗੇ
ਪ ਪ – ਤੁਹਾਡਾ ਪਰੋਫ਼ੈਸ਼ਨ ਕੀ ਹੈ
ਨੱ – ਸਰ ਮੈਂ ਇੱਕ ਫ਼ੋਟੋਗ੍ਰਾਫ਼ਰ ਹਾਂ, ਲਘੂ ਫ਼ਿਲਮਾਂ ਬਣਾਉਂਦਾ ਹਾਂ ਬਤੌਰ ਕੈਮਰਾਮੈਨ ਜਾਂ ਨਿਰਦੇਸ਼ਕ, ਥੋੜੀ ਬਹੁਤੀ ਕਵਿਤਾ, ਗ਼ਜ਼ਲ ਲਿਖਦਾ ਹਾਂ ਇਸ ਕਰਕੇ ਸਾਹਿਤ ਦੀ ਸੇਵਾ ਲਈ ਲੇਖਕਾਂ ਦੇ ਜ਼ਿੰਦਗੀ ਦੇ ਤਜਰਬਾਤ ਸਾਂਭਣ ਦਾ ਇੱਕ ਜ਼ਰੀਆ ਸ਼ੁਰੂ ਕੀਤਾ ਹੈ
ਪ ਪ – ਮੈਨੂੰ ਕੀ ਦੇਵੋਗੇ
ਨੱ – ਸਰ ਮੈਂ ਸਮਝਿਆ ਨਹੀਂ
ਪ ਪ – ਮਤਲਬ ਤੁਸੀਂ ਮੇਰਾ ਸਮਾਂ ਲਵੋਗੇ, ਮੁਫ਼ਤ ਥੋੜੋਂ ਲਵੋਗੇ, ਤੁਸੀਂ ਏਦਾਂ ਕਰਿਉ, ਜਦੋਂ ਤੁਹਾਡਾ ਅੱਧਾ ਘੰਟਾ ਹੋ ਗਿਆ ਤਾਂ ਇੱਕ ਹਜ਼ਾਰ ਦੇ ਦਿਉ |
ਨੱ – ਸਰ ਮੈਂ ਨਾ ਕੁਝ ਲੈਂਦਾ ਹਾਂ ਤੇ ਨਾ ਕੁਝ ਦਿੰਦਾ ਹਾਂ, ਇਹ ਸੇਵਾ ਹੀ ਹੈ |
ਪ ਪ – ਨਹੀਂ ਤੁਸੀਂ ਮੇਰਾ ਸਮਾਂ ਏਦਾਂ ਹੀ ਥੋੜੋਂ ਲਵੋਗੇ
ਨੱ – ਸਰ ਤੁਸੀਂ ਵੱਡੀ ਗੱਲ ਕਹੀ, ਖ਼ੈਰ ਆਪਾਂ ਜੇ ਕਦੇ ਮਿਲੇ ਤਾਂ ਦੁਆ ਸਲਾਮ ਕਰਾਂਗੇ, ਓਦਾਂ ਹੁਣ ਤੁਹਾਡੇ ਨਾਲ ਵਾਰਤਾ ਜਾਂ ਰਿਕਾਰਡਿੰਗ ਵਾਲਾ ਵਿਚਾਰ ਮੈਂ ਤਿਆਗ ਰਿਹਾ ਹਾਂ, ਜ਼ਿੰਦਗੀ ਵਿੱਚ ਕਦੇ ਵੀ ਇਸ ਲਈ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ, ਤੁਹਾਡੇ ਨਾਲ ਹੀ ਕਿਉਂ ਆਪਣੇ ਆਪ ਨਾਲ ਵੀ ਨਹੀਂ, ਤੁਹਾਡਾ ਏਨਾ ਸਮਾਂ ਦੇਣ ਲਈ ਸ਼ੁਕਰੀਆ |
ਮਨ ਵਿੱਚ ਗੱਲ ਸੀ ਕਿ ਪੁੱਛ ਲਵਾਂ ਕਿ ਭਾਈ ਫ਼ੋਨ ‘ਤੇ ਗੱਲ ਕਰਨ ਦੇ ਜੇਕਰ ਕੋਈ ਪੈਸੇ ਬਣਦੇ ਤਾਂ ਉਹ ਵੀ ਦੱਸ ਦੇਵੋ ਆੱਨਲਾਈਨ ਭੇਜ ਦੇਵਾਂ, ਇੱਕ ਗੱਲ ਦਾ ਸ਼ੁਕਰ ਵੀ ਕੀਤਾ ਕਿ ਚੰਗਾ ਹੋਇਆ ਕਿ ਹੁਣੇ ਗੱਲ ਨਿੱਬੜ ਗਈ ਕਿਤੇ ਭਲ਼ਕੇ ਗਿਆਂ ਨੂੰ ਨਹੀਂ ਕਿਹਾ ਉਹਨਾਂ ਨੇ ਕਿ ਦੋ ਕੱਪ ਚਾਹ ਦੇ ਵੀਹ ਰੁਪਏ ਤੇ ਬਿਸਕੁਟ ਤੁਹਾਡੇ ਆਪਣੇ |
ਜਲੰਧਰ ਬੱਸ ਅੱਡੇ ਦੇ ਗੁਆਂਡ ਮੋਤਾ ਸਿੰਘ ਨਗਰ ਵਿੱਚ ਵੱਸਦੇ ਇਸ ਮਹਾਨ ਸਮਾਜ ਸੁਧਾਰਕ ਕਹਾਣੀਕਾਰ ਦੀ ਉਮਰ ਅੰਤਲੇ ਪੜਾਅ ਵਿੱਚ ਹੈ, ਉਮਰ ਦੇ ਇਸ ਦੌਰ ਵਿੱਚ ਜਦੋਂ ਜਿਲੀਅਨ ਸਭ ਤਿਆਗ ਕੇ ਵਿਸ਼ਵ ਭ੍ਰਮਣ ਕਰ ਰਹੀ ਹੈ ਤਾਂ ਸਾਡੇ ਅਖੌਤੀ ਰਹਿਬਰ ਖੁੱਡਾਂ ਵਿੱਚ ਤੜੇ ਹੋਏ ਨੇ | ਜੇ ‘ਕੱਲੀ ਕੋਠੀ ਦੀ ਹੀ ਗੱਲ ਕਰੀਏ ਤਾਂ ਮੋਤਾ ਸਿੰਘ ਨਗਰ ਵਿੱਚ ਉਸਦਾ ਮੁੱਲ ਕਰੋੜ ਦੇ ਕਰੀਬ ਤਾਂ ਹੋਊ, ਮੇਰੇ ਵਾਲਾ ਹਜ਼ਾਰ ਕਰਨਾ ਵੀ ਕੀ ਹੈ ਉਸਨੇ, ਮੇਰਾ ਮਨ ਕਰੇ ਤਾਂ ਕਿਸੇ ਲੋੜਵੰਦ ਸ਼ਾਇਰ ਨੂੰ ਵੱਧ ਵੀ ਦੇ ਆਵਾਂ ਪਰ ਇਸਨੂੰ ਕੋਈ ਲੋੜ ਹੀ ਨਹੀਂ | ਇਹ ਵੀ ਕਿਸੇ ਦਾ ਹੱਕ ਖਾਣ ਦੇ ਤੁੱਲ ਹੀ ਹੈ |
ਪ੍ਰੇਮ ਦਾ ਪ੍ਰਕਾਸ਼ ਧੁੰਦਲਾ ਹੋ ਗਿਆ, ਸਮੇਂ ਦੀ ਅੱਖ ਕਾਣੀ ਹੋਈ ਤੇ ਮੇਰੇ ਜ਼ਿਹਨ ‘ਤੋਂ ਕਈ ਪਰਦੇ ਲਹਿ ਗਏ, ਮੈਂ ਹੌਲ਼ਾ ਫੁੱਲ ਹੋਇਆ ਭਾਰੇ ਮਨ ਨਾਲ ਇਸ ਅਸਿਹ ਤੇ ਅਕਿਹ ਪੀੜ ਨੂੰ ਵਰਕੇ ‘ਤੇ ਝਰੀਟਣ ਲੱਗਾ ਵਾਰ ਵਾਰ ਜਿਲੀਅਨ ਦੇ ਨਾਲ ਪ ਪ ਦਾ ਮੁੱਲਾਂਕਣ ਕਰਦਾ ਹਾਂ|
ਜਿਲੀਅਨ ਜ਼ਿਆਦਾ ਚਮਕਦਾਰ ਹੈ | ਜ਼ਿਆਦਾ ਸਹਿਜ ਹੈ, ਜ਼ਿਆਦਾ ਸੁਭਾਵਿਕ ਹੈ | ਜਿਲੀਅਨ ਨੇ ਸਮਾਜ ਨੂੰ ਬਦਲਣ ਦਾ ਪ੍ਰਣ ਖ਼ੁਦ ਨੂੰ ਬਦਲ ਕੇ ਲਿਆ ਹੈ |
ਨੱਕਾਸ਼
9815751529